ਕਬੱਡੀ 'ਚ ਭਾਰਤੀ ਧੀਆਂ ਦਾ ਸੁਨਹਿਰੀ ਕਬਜ਼ਾ : ਈਰਾਨ ਨਾਲ ਫਸਵੇਂ ਮੁਕਾਬਲੇ 'ਚ ਜਿੱਤਿਆ ਗੋਲਡ, ਕਪਤਾਨ ਪੁਸ਼ਪਾ ਰਾਣਾ ਨੇ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਤਮਗਾ
ਪੁਸ਼ਪਾ ਨੇ ਕਿਹਾ ਕਿ ਟੀਮ ਦੇ ਰੇਡਰ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹਨ। ਉਸ ਦਾ ਮੁੱਖ ਟੀਚਾ ਇਹ ਸੀ ਕਿ ਭਾਵੇਂ ਡਿਫੈਂਡਰ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰਦੇ, ਰੇਡਰਾਂ ਨੂੰ ਅੰਕ ਪ੍ਰਾਪਤ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਉਸ ਨੇ ਮੰਨਿਆ ਕਿ ਟੀਮ ’ਤੇ ਸੋਨ ਤਮਗਾ ਜਿੱਤਣ ਦਾ ਦਬਾਅ ਸੀ
Publish Date: Sun, 27 Sep 2026 12:23 PM (IST)
Updated Date: Sun, 27 Sep 2026 12:29 PM (IST)
ਜਾਗਰਣ ਟੀਮ, ਧਰਮਸ਼ਾਲਾ : ਭਾਰਤੀ ਮਹਿਲਾ ਕਬੱਡੀ ਟੀਮ ਦੀ ਕਪਤਾਨ ਪੁਸ਼ਪਾ ਰਾਣਾ ਨੇ ਸ਼ਨੀਵਾਰ ਨੂੰ ਕਿਹਾ ਕਿ ਏਸ਼ਿਆਈ ਖੇਡਾਂ ਦੇ ਫਾਈਨਲ ’ਚ ਈਰਾਨ ਖਿਲਾਫ ਜਿੱਤ ’ਚ ਟੀਮ ਦੇ ਰੇਡਰਾਂ ਨੇ ਫੈਸਲਾਕੁੰਨ ਭੂਮਿਕਾ ਨਿਭਾਈ। ਭਾਰਤ ਨੇ ਮਹਿਲਾ ਕਬੱਡੀ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਈਰਾਨ ਨੂੰ ਸਖ਼ਤ ਮੁਕਾਬਲੇ ’ਚ 37-34 ਨਾਲ ਹਰਾ ਦਿੱਤਾ।
ਪੁਸ਼ਪਾ ਨੇ ਕਿਹਾ ਕਿ ਟੀਮ ਦੇ ਰੇਡਰ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹਨ। ਉਸ ਦਾ ਮੁੱਖ ਟੀਚਾ ਇਹ ਸੀ ਕਿ ਭਾਵੇਂ ਡਿਫੈਂਡਰ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰਦੇ, ਰੇਡਰਾਂ ਨੂੰ ਅੰਕ ਪ੍ਰਾਪਤ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਉਸ ਨੇ ਮੰਨਿਆ ਕਿ ਟੀਮ ’ਤੇ ਸੋਨ ਤਮਗਾ ਜਿੱਤਣ ਦਾ ਦਬਾਅ ਸੀ, ਕਿਉਂਕਿ ਜਦੋਂ ਵੀ ਭਾਰਤੀ ਮਹਿਲਾ ਟੀਮ ਏਸ਼ਿਆਈ ਖੇਡਾਂ 'ਚ ਉਤਰੀ ਹੈ, ਉਸ ਨੇ ਸੋਨ ਤਮਗਾ ਜਿੱਤਿਆ ਹੈ। ਕਪਤਾਨ ਨੇ ਕਿਹਾ ਕਿ ਪੂਰੇ ਦੇਸ਼ ਤੇ ਟੀਮ ਨੂੰ ਭਰੋਸਾ ਹੈ ਕਿ ਭਾਰਤ ਖਿਤਾਬ ਦਾ ਬਚਾਅ ਕਰਨ 'ਚ ਸਫਲ ਰਹੇਗਾ। ਇਸ ਦੇ ਲਈ ਖਿਡਾਰੀਆਂ ਨੇ ਕਾਫੀ ਮਿਹਨਤ ਕੀਤੀ ਸੀ ਤੇ ਕੋਚ ਤੇ ਫੈੱਡਰੇਸ਼ਨ ਦਾ ਪੂਰਾ ਸਹਿਯੋਗ ਮਿਲਿਆ ਸੀ। ਉਨ੍ਹਾਂ ਸੋਨ ਤਮਗਾ ਦੇਸ਼ ਵਾਸੀਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਹ ਸਫਲਤਾ ਪੂਰੇ ਦੇਸ਼ ਵਾਸੀਆਂ ਦੇ ਆਸ਼ੀਰਵਾਦ ਨਾਲ ਮਿਲੀ ਹੈ।
ਪੁਸ਼ਪਾ ਨੇ ਪਿਤਾ ਤੋਂ ਸਿੱਖੀਆਂ ਕਬੱਡੀ ਦੀਆਂ ਬਾਰੀਕੀਆਂ ਪੁਸ਼ਪਾ ਰਾਣਾ ਦਾ ਜਨਮ 11 ਜਨਵਰੀ 1998 ਨੂੰ ਸਿਰਮੌਰ ਜ਼ਿਲ੍ਹੇ ਦੇ ਸ਼ਿਲਈ ਖੇਤਰ ਦੇ ਪਿੰਡ ਮੱਲ੍ਹਾ ਵਿੱਚ ਹੋਇਆ। ਉਸ ਦੇ ਪਿਤਾ ਜੈਪਾਲ ਰਾਣਾ ਇੱਕ ਅਧਿਆਪਕ ਤੇ ਸਾਬਕਾ ਕਬੱਡੀ ਖਿਡਾਰੀ ਹਨ। ਪੁਸ਼ਪਾ ਨੇ ਆਪਣੇ ਪਿਤਾ ਤੇ ਭਰਾ ਸੰਜੀਵ ਤੋਂ ਕਬੱਡੀ ਦੀਆਂ ਬਾਰੀਕੀਆਂ ਸਿੱਖੀਆਂ। ਉਸ ਦੇ ਭਰਾ ਰਵਿੰਦਰ ਰਾਣਾ ਨੇ ਦੱਸਿਆ ਕਿ ਪੁਸ਼ਪਾ ਦੀ ਕਾਮਯਾਬੀ ਕਾਰਨ ਪਰਿਵਾਰ ਤੇ ਪਿੰਡ ’ਚ ਖੁਸ਼ੀ ਦਾ ਮਾਹੌਲ ਹੈ।
ਅੰਤਰਰਾਸ਼ਟਰੀ ਪੱਧਰ 'ਤੇ ਚਮਕੀ ਰਿਤੂ ਵਿਧਾਨ ਸਭਾ ਹਲਕਾ ਸਿਰਮੌਰ ਦੇ ਸ਼ਾਰੋਗ ਪਿੰਡ ਦੀ ਰਿਤੂ ਨੇਗੀ ਨੇ ਪੇਂਡੂ ਮਾਹੌਲ ’ਚੋਂ ਉੱਭਰ ਕੇ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਰਿਤੂ ਨੇ ਸ਼ਿਲਈ ਸਕੂਲ ’ਚ ਅੱਠਵੀਂ ਜਮਾਤ ਤੋਂ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਸੀ। 2006 ’ਚ ਰਿਤੂ ਨੇਗੀ ਨੂੰ ਰਾਜ ਪੱਧਰੀ ਖੇਡ ਟਰਾਇਲਾਂ ’ਚ ਸਪੋਰਟਸ ਹੋਸਟਲ ਬਿਲਾਸਪੁਰ ਲਈ ਚੁਣਿਆ ਗਿਆ, ਜਦੋਂ ਉਸ ਨੇ ਅੱਠ ਸਾਲ ਖੇਡ ਹੋਸਟਲ ’ਚ ਸਿਖਲਾਈ ਪ੍ਰਾਪਤ ਕੀਤੀ। ਉਸ ਨੇ ਰਾਸ਼ਟਰੀ ਪੱਧਰ ਤੱਕ ਕਬੱਡੀ ਖੇਡੀ। 2025 ’ਚ ਮਹਿਲਾ ਕਬੱਡੀ ਵਿਸ਼ਵ ਕੱਪ ’ਚ ਦੇਸ਼ ਨੂੰ ਸੋਨ ਤਮਗਾ ਜਿੱਤਿਆ। ਮਲੇਸ਼ੀਆ ’ਚ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ ਕੀਤੀ। ਏਸ਼ਿਆਈ ਖੇਡਾਂ-2023 ’ਚ ਭਾਰਤੀ ਟੀਮ ਦੇ ਕਪਤਾਨ ਸਨ। ਰਿਤੂ ਨੇਗੀ ਹੈਦਰਾਬਾਦ ’ਚ ਭਾਰਤੀ ਰੇਲਵੇ ’ਚ ਦਫ਼ਤਰ ਸੁਪਰਡੈਂਟ ਵਜੋਂ ਤਾਇਨਾਤ ਹੈ।
ਭਾਰਤ ਦੇ ਜਿੱਤਦਿਆਂ ਹੀ ਖੇਤਾਂ 'ਚ ਨੱਚੇ ਭਾਵਨਾ ਦੇ ਪਿਤਾ ਭਾਰਤ ਨੇ ਜਿਵੇਂ ਹੀ ਫਾਈਨਲ ਮੈਚ ’ਚ ਇਰਾਨ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਤਾਂ ਮੰਡੀ ਜ਼ਿਲੇ ਦੇ ਪੰਡੋਹ ਨਾਲ ਲੱਗਦੇ ਪਿੰਡ ਬੈਲਾ ਦਾ ਕਿਸਾਨ ਪ੍ਰੇਮ ਸਿੰਘ ਆਪਣੇ ਖੇਤਾਂ 'ਚ ਖੁਸ਼ੀ ਨਾਲ ਨੱਚਣ ਲੱਗਾ, ਜਿਸ ਸਮੇਂ ਦੇਸ਼ ਦੀਆਂ ਧੀਆਂ ਮੈਦਾਨ ’ਚ ਪਸੀਨਾ ਵਹਾ ਰਹੀਆਂ ਸਨ, ਉਸੇ ਸਮੇਂ ਭਾਵਨਾ ਦਾ ਪੂਰਾ ਪਰਿਵਾਰ ਸਵੇਰ ਤੋਂ ਹੀ ਖੇਤਾਂ 'ਚ ਲਸਣ ਬੀਜਣ 'ਚ ਰੁੱਝਿਆ ਹੋਇਆ ਸੀ। ਸਖ਼ਤ ਸਰੀਰਕ ਮਿਹਨਤ ਦੇ ਬਾਵਜੂਦ ਪਰਿਵਾਰਕ ਮੈਂਬਰਾਂ ਨੇ ਆਪਣਾ ਕੰਮ ਬੰਦ ਨਹੀਂ ਕੀਤਾ ਸਗੋਂ ਖੇਤਾਂ ’ਚ ਹੀ ਮੋਬਾਈਲ ਫ਼ੋਨ ਰਾਹੀਂ ਮੈਚ ਦਾ ਸਿੱਧਾ ਪ੍ਰਸਾਰਣ ਦੇਖਣਾ ਸ਼ੁਰੂ ਕਰ ਦਿੱਤਾ।
ਮਜ਼ਦੂਰੀ ਤੋਂ ਕਬੱਡੀ ਦੇ ਅਖਾੜੇ ’ਚ ਪਹੁੰਚੀ ਸੰਜੂ ਦੇਵੀ ਨਈਂ ਦੁਨੀਆ ਪ੍ਰਤੀਨਿਧ, ਰਾਏਪੁਰ : ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਕੇਰਕਚਰ ਦੀ ਸੰਜੂ ਦੇਵੀ ਦੀ ਕਹਾਣੀ ਗਰੀਬੀ ਤੋਂ ਉੱਪਰ ਉੱਠ ਕੇ ਅੰਤਰਰਾਸ਼ਟਰੀ ਖੇਡ ਮੰਚ ਤੱਕ ਪਹੁੰਚਣ ਦੀ ਮਿਸਾਲ ਹੈ। ਕਿਸੇ ਸਮੇਂ ਪਰਿਵਾਰ ਦੀਆਂ ਆਰਥਿਕ ਲੋੜਾਂ ਲਈ ਆਪਣੇ ਮਾਤਾ-ਪਿਤਾ ਨਾਲ ਮਜ਼ਦੂਰੀ ਤੇ ਖੇਤੀ ਕਰ ਕੇ ਜੀਵਨ ਬਤੀਤ ਕਰਨ ਵਾਲੀ ਸੰਜੂ ਨੇ ਕਬੱਡੀ ਨੂੰ ਆਪਣਾ ਕੈਰੀਅਰ ਬਣਾਇਆ ਤੇ ਅੱਜ ਸ਼ਨੀਵਾਰ ਨੂੰ ਏਸ਼ਿਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਕਬੱਡੀ ਟੀਮ ਦੀ ਲੀਡ ਰੇਡਰ ਵਜੋਂ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ। 2025 ਮਹਿਲਾ ਕਬੱਡੀ ਵਿਸ਼ਵ ਕੱਪ ’ਚ ਭਾਰਤ ਦੇ ਖਿਤਾਬ ਜਿੱਤਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਤੋਂ ਬਾਅਦ ਉਸ ਨੂੰ ਟੂਰਨਾਮੈਂਟ ਦੀ ਸਭ ਤੋਂ ਕੀਮਤੀ ਖਿਡਾਰਨ (ਐੱਮਵੀਪੀ) ਵੀ ਚੁਣਿਆ ਗਿਆ ਸੀ। ਸੰਜੂ ਦੀ ਇਹ ਪ੍ਰਾਪਤੀ ਛੱਤੀਸਗੜ੍ਹ ਲਈ ਵੀ ਖਾਸ ਹੈ ਕਿਉਂਕਿ ਉਹ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੀ ਸੂਬੇ ਦੀ ਪਹਿਲੀ ਮਹਿਲਾ ਕਬੱਡੀ ਖਿਡਾਰਨ ਹੈ। ਇੱਕ ਇੰਟਰਵਿਊ ’ਚ ਸੰਜੂ ਨੇ ਦੱਸਿਆ ਸੀ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਟੂਰਨਾਮੈਂਟ ਲਈ ਬੰਗਲਾਦੇਸ਼ ਜਾ ਸਕਣ। ਅਜਿਹੇ ਸਮੇਂ ਉਸ ਦੇ ਕੋਚ ਨੇ ਉਸ ਨੂੰ 5 ਹਜ਼ਾਰ ਰੁਪਏ ਉਧਾਰ ਦਿੱਤੇ।