ਸ਼੍ਰੀਲੰਕਾ ਦੌਰੇ ਤੋਂ 48 ਘੰਟਿਆਂ ਬਾਅਦ ਹੀ ਮੈਦਾਨ 'ਚ ਉੱਤਰੇ ਭਾਰਤੀ ਖਿਡਾਰੀ, ਫਿਟਨੈੱਸ ਪਰਖਣ ਲਈ ਲਾਜ਼ਮੀ ਟੈਸਟਾਂ 'ਚ ਹਿੱਸਾ
ਸ੍ਰੀਲੰਕਾ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਖਤਮ ਹੋਣ ਦੇ 48 ਘੰਟਿਆਂ ਦੇ ਅੰਦਰ ਭਾਰਤੀ ਟੀਮ ਦੇ ਚੋਟੀ ਦੇ ਕੇਂਦਰੀ ਕਰਾਰ ਵਾਲੇ ਖਿਡਾਰੀ ਸ਼ਨੀਵਾਰ ਨੂੰ ਨਵੇਂ ਘਰੇਲੂ ਸੈਸ਼ਨ ਤੋਂ ਪਹਿਲਾਂ ਫਿਟਨੈੱਸ ਟੈਸਟ ਲਈ ਬੈਂਗਲੁਰੂ ਦੇ ਸੈਂਟਰ ਆਫ ਐਕਸੀਲੈਂਸ ਪਹੁੰਚੇ
Publish Date: Sun, 30 Aug 2026 11:27 AM (IST)
Updated Date: Sun, 30 Aug 2026 11:35 AM (IST)
ਨਵੀਂ ਦਿੱਲੀ, ਪੀਟੀਆਈ : ਸ੍ਰੀਲੰਕਾ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਖਤਮ ਹੋਣ ਦੇ 48 ਘੰਟਿਆਂ ਦੇ ਅੰਦਰ ਭਾਰਤੀ ਟੀਮ ਦੇ ਚੋਟੀ ਦੇ ਕੇਂਦਰੀ ਕਰਾਰ ਵਾਲੇ ਖਿਡਾਰੀ ਸ਼ਨੀਵਾਰ ਨੂੰ ਨਵੇਂ ਘਰੇਲੂ ਸੈਸ਼ਨ ਤੋਂ ਪਹਿਲਾਂ ਫਿਟਨੈੱਸ ਟੈਸਟ ਲਈ ਬੈਂਗਲੁਰੂ ਦੇ ਸੈਂਟਰ ਆਫ ਐਕਸੀਲੈਂਸ ਪਹੁੰਚੇ। ਲਗਾਤਾਰ 3 ਦਿਨ ਮੈਦਾਨ ’ਤੇ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਟੈਸਟ ਟੀਮ ਦੇ ਕਈ ਨਿਯਮਤ ਖਿਡਾਰੀਆਂ ਨੇ ਆਉਣ ਵਾਲੇ 8 ਮਹੀਨਿਆਂ ਦੇ ਰੁਝੇਵੇਂ ਵਾਲੇ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਫਿਟਨੈੱਸ ਦੇ ਮਾਪਦੰਡਾਂ ਦੀ ਜਾਂਚ 'ਚ ਹਿੱਸਾ ਲਿਆ। ਇਹ ਸੀਜ਼ਨ 2027 ਇੰਡੀਅਨ ਪ੍ਰੀਮੀਅਰ ਲੀਗ ਤੱਕ ਚੱਲੇਗਾ। ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ, ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ, ਬੱਲੇਬਾਜ਼ ਯਸ਼ਸਵੀ ਜੈਸਵਾਲ ਤੋਂ ਇਲਾਵਾ ਟੀ-20 ਕਪਤਾਨ ਸ਼੍ਰੇਅਸ ਅਈਅਰ, ਰਿੰਕੂ ਸਿੰਘ, ਸੰਜੂ ਸੈਮਸਨ ਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰੁਤੁਰਾਜ ਗਾਇਕਵਾੜ ਸਮੇਤ ਕਈ ਖਿਡਾਰੀ ਫਿਟਨੈੱਸ ਟੈਸਟ 'ਚ ਪਸੀਨਾ ਵਹਾਉਂਦੇ ਨਜ਼ਰ ਆਏ। ਲਾਜ਼ਮੀ ਫਿਟਨੈੱਸ ਟੈਸਟ ’ਚ ਬ੍ਰੋਂਕੋ ਟੈਸਟ, ਦੋ ਕਿਲੋਮੀਟਰ ਦੌੜ, ਯੋ-ਯੋ ਟੈਸਟ ਤੇ ਵਿਕਟਾਂ ਦੇ ਵਿਚਕਾਰ ਦੌੜਨ ਵਰਗੇ ਕ੍ਰਿਕਟ ਨਾਲ ਸਬੰਧਤ ਅਭਿਆਸ ਸ਼ਾਮਲ ਹਨ।
ਬ੍ਰੋਂਕੋ ਟੈਸਟ ’ਚ ਸ਼ੁਰੂਆਤੀ ਬਿੰਦੂ (0 ਮੀਟਰ), 20 ਮੀਟਰ, 40 ਮੀਟਰ ਤੇ 60 ਮੀਟਰ ’ਤੇ ਰੱਖਿਆ ਜਾਂਦਾ ਹੈ। ਖਿਡਾਰੀਆਂ ਨੂੰ 0 ਤੋਂ 20 ਮੀਟਰ ਤੇ ਪਿੱਛੇ, ਫਿਰ 40 ਮੀਟਰ ਤੇ 60 ਮੀਟਰ ਤੱਕ ਰੁਕੇ ਬਿਨਾਂ ਪੰਜ ਸੈੱਟ ਪੂਰੇ ਕਰਨੇ ਪੈਂਦੇ ਹਨ। ਇਸ ’ਚ ਕੁੱਲ 1200 ਮੀਟਰ ਦੀ ਦੂਰੀ ਪੰਜ ਮਿੰਟ 30 ਸੈਕਿੰਡ ’ਚ ਤੈਅ ਕਰਨੀ ਹੁੰਦੀ ਹੈ। ਯੋ-ਯੋ ਟੈਸਟ ਲਈ ਸਟੈਂਡਰਡ 16.5 ਲੰਬਾ ਹੈ, ਜਦਕਿ ਦੋ ਕਿਲੋਮੀਟਰ ਦੀ ਦੌੜ (2000 ਮੀਟਰ) ਨੂੰ 10 ਮਿੰਟਾਂ ’ਚ ਪੂਰਾ ਕਰਨਾ ਹੁੰਦਾ ਹੈ। ਹਾਲਾਂਕਿ ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਤੇ ਨਿਤੀਸ਼ ਕੁਮਾਰ ਰੈੱਡੀ ਪੂਰੀ ਤਰ੍ਹਾਂ ਫਿੱਟ ਐਲਾਨ ਹੋਣ ਤੋਂ ਬਾਅਦ ਹੀ ਇਨ੍ਹਾਂ ਫਿਟਨੈੱਸ ਟੈਸਟਾਂ 'ਚ ਹਿੱਸਾ ਲੈਣਗੇ। ਇਹ ਖਿਡਾਰੀ ਫਿਲਹਾਲ ਸੱਟ ਤੋਂ ਉਭਰਨ ਲਈ 'ਪੁਨਰਵਾਸ' ਪ੍ਰਕਿਰਿਆ 'ਚੋਂ ਲੰਘ ਰਹੇ ਹਨ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਾ ਨੂੰ ਫਿਲਹਾਲ ਇਸ ਜਾਂਚ ਤੋਂ ਛੋਟ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ ਨੇ ਸ੍ਰੀਲੰਕਾ ਖਿਲਾਫ ਲਗਾਤਾਰ 2 ਟੈਸਟ ਮੈਚਾਂ 'ਚ ਕਾਫੀ ਗੇਂਦਬਾਜ਼ੀ ਕੀਤੀ ਸੀ।
ਇਸ ਦੌਰਾਨ ਇੰਗਲੈਂਡ ਦੌਰੇ ਦੌਰਾਨ ਮਾਸਪੇਸ਼ੀਆਂ ’ਚ ਖਿਚਾਅ ਦਾ ਸ਼ਿਕਾਰ ਹੋਏ ਪ੍ਰਿੰਸ ਯਾਦਵ ਹੁਣ ਫਿੱਟ ਹਨ ਤੇ ਚੋਣ ਲਈ ਉਪਲਬਧ ਹਨ। ਬੀਸੀਸੀਆਈ ਇੰਡੀਆ ਕ੍ਰਿਕਟ ਦਾ ਘਰੇਲੂ ਸੀਜ਼ਨ ਹਰ ਸਾਲ ਸਤੰਬਰ ’ਚ ਸ਼ੁਰੂ ਹੁੰਦਾ ਹੈ। ਇਸ ਵਾਰ ਇਸ ਦੀ ਸ਼ੁਰੂਆਤ ਅਫਗਾਨਿਸਤਾਨ ਖਿਲਾਫ ਨਵੀਂ ਦਿੱਲੀ 'ਚ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਨਾਲ ਹੋਵੇਗੀ। ਇਸ ਤੋਂ ਬਾਅਦ ਟੀ-20 ਟੀਮ ਏਸ਼ੀਆਈ ਖੇਡਾਂ ਲਈ ਜਾਪਾਨ ਜਾਵੇਗੀ ਜਦਕਿ ਇਸ ਦੇ ਨਾਲ ਹੀ ਸੀਮਤ ਓਵਰਾਂ ਦੇ ਮਾਹਿਰਾਂ ਦੀ ਇਕ ਹੋਰ ਟੀਮ ਵੈਸਟਇੰਡੀਜ਼ ਖਿਲਾਫ ਘਰੇਲੂ ਸੀਰੀਜ਼ ਖੇਡੇਗੀ।