ਏਸ਼ਿਆਈ ਖੇਡਾਂ 'ਚ ਭਾਰਤੀ ਹਾਕੀ ਟੀਮਾਂ ਦਾ ਧਮਾਕਾ : ਮਹਿਲਾਵਾਂ ਨੇ ਉਜ਼ਬੇਕਿਸਤਾਨ ਨੂੰ 19-0 ਤੇ ਮਰਦਾਂ ਨੇ ਇੰਡੋਨੇਸ਼ੀਆ ਨੂੰ 13-1 ਨਾਲ ਹਰਾਇਆ
ਦੀਪਿਕਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅੱਠ ਗੋਲ ਕੀਤੇ, ਜਿਸ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਏਸ਼ਿਆਈ ਖੇਡਾਂ ਦੇ ਪੂਲ ਬੀ ’ਚ ਆਪਣੇ ਪਹਿਲੇ ਮੈਚ ’ਚ ਕਮਜ਼ੋਰ ਉਜ਼ਬੇਕਿਸਤਾਨ ਨੂੰ 19-0 ਨਾਲ ਕਰਾਰੀ ਮਾਤ ਦਿੱਤੀ
Publish Date: Mon, 21 Sep 2026 11:51 AM (IST)
Updated Date: Mon, 21 Sep 2026 11:55 AM (IST)
ਕਾਕਾਮਿਲਗਹਾਰਾ (ਜਾਪਾਨ), ਪੀਟੀਆਈ : ਦੀਪਿਕਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅੱਠ ਗੋਲ ਕੀਤੇ, ਜਿਸ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਏਸ਼ਿਆਈ ਖੇਡਾਂ ਦੇ ਪੂਲ ਬੀ ’ਚ ਆਪਣੇ ਪਹਿਲੇ ਮੈਚ ’ਚ ਕਮਜ਼ੋਰ ਉਜ਼ਬੇਕਿਸਤਾਨ ਨੂੰ 19-0 ਨਾਲ ਕਰਾਰੀ ਮਾਤ ਦਿੱਤੀ। ਇਹ ਮੈਚ ਇਕਪਾਸੜ ਮੁਕਾਬਲਾ ਹੋਣ ਦੀ ਉਮੀਦ ਸੀ ਤੇ ਠੀਕ ਉਹੀ ਹੋਇਆ ਕਿਉਂਕਿ ਉਜ਼ਬੇਕਿਸਤਾਨ ਦੀ ਡਿਫੈਂਡਿੰਗ ਕਤਾਰ ਭਾਰਤ ਦੇ ਲਗਾਤਾਰ ਹਮਲਿਆਂ ਦਾ ਕੋਈ ਜਵਾਬ ਨਾ ਦੇ ਸਕੀ। ਦੋਵਾਂ ਟੀਮਾਂ ਵਿਚਾਲੇ ਅੰਤਰ ਮੈਦਾਨ ’ਤੇ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਸੀ ਕਿਉਂਕਿ ਸ਼ੁਰੂਆਤ ਤੋਂ ਹੀ ਭਾਰਤ ਨੇ ਗੋਲਾਂ ਦਾ ਮੀਂਹ ਵਰ੍ਹਾ ਦਿੱਤਾ ਸੀ। ਭਾਰਤ ਲਈ ਦੀਪਿਕਾ (8ਵੇਂ, 22ਵੇਂ, 25ਵੇਂ, 33ਵੇਂ, 36ਵੇਂ, 38ਵੇਂ, 41ਵੇਂ, 54ਵੇਂ ਮਿੰਟ) ਨੇ ਗੋਲਾਂ ਦੀ ਝੜੀ ਲਗਾਈ, ਜਦਕਿ ਲਾਲਰੇਮਸਿਆਮੀ (7ਵੇਂ), ਇਸ਼ਿਕਾ (11ਵੇਂ, 42ਵੇਂ, 54ਵੇਂ), ਬਲਜੀਤ ਕੌਰ (12ਵੇਂ), ਨੇਹਾ (18ਵੇਂ), ਨਵਨੀਤ ਕੌਰ (23ਵੇਂ, 45ਵੇਂ), ਲਥੰਤਲੁਆਂਗੀ (43ਵੇਂ, 51ਵੇਂ) ਤੇ ਸਾਕਸ਼ੀ ਰਾਣਾ (43ਵੇਂ) ਨੇ ਵੀ ਗੋਲ ਕੀਤੇ।
ਭਾਰਤ ਅੱਜ ਆਪਣੇ ਅਗਲੇ ਮੈਚ ’ਚ ਇੰਡੋਨੇਸ਼ੀਆ ਨਾਲ ਮੁਕਾਬਲਾ ਕਰੇਗਾ। ਇਸ ਮੁਕਾਬਲੇ ’ਚ ਦੂਜੀ ਸਭ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਉਂਦੇ ਹੋਏ ਪਹਿਲੇ ਹਾਫ ’ਚ ਹੀ ਅੱਠ ਗੋਲ ਕਰ ਦਿੱਤੇ। ਇਹ ਮੈਚ ਪੂਰੀ ਤਰ੍ਹਾਂ ਇਕਪਾਸੜ ਸੀ, ਜਿਥੇ ਦੋਹਾਂ ਟੀਮਾਂ ਦੇ ਵਿਚਕਾਰ ਦੇ ਹੁਨਰ ਦਾ ਪੱਧਰ ਸਾਫ਼ ਦਿਖਾਈ ਦੇ ਰਿਹਾ ਸੀ। ਮੈਚ ਦੀ ਸ਼ੁਰੂਆਤ ਲਾਲਰੇਮਸਿਆਮੀ ਦੇ ਨੇੜਿਓਂ ਕੀਤੇ ਗਏ ਫੀਲਡ ਗੋਲ ਨਾਲ ਹੋਈ। ਇਕ ਮਿੰਟ ਬਾਅਦ, ਦੀਪਿਕਾ ਨੇ ਲੀਡ ਨੂੰ ਦੁੱਗਣਾ ਕਰ ਦਿੱਤਾ। ਇਸ ਤੋਂ ਬਾਅਦ, ਸੁਨੇਲਿਤਾ ਟੋਪੋ ਦੇ ਪਾਸ 'ਤੇ ਇਸ਼ਿਕਾ ਨੇ ਸਰਕਲ ਦੇ ਖੱਬੇ ਪਾਸਿਓਂ ਸ਼ਾਨਦਾਰ ਗੋਲ ਕੀਤਾ। ਇਕ ਮਿੰਟ ਬਾਅਦ, ਬਲਜੀਤ ਨੇ ਸਕੋਰ 4-0 ਕਰ ਦਿੱਤਾ, ਜਿਸ ਤੋਂ ਬਾਅਦ ਨੇਹਾ ਨੇ ਇਕ ਹੋਰ ਫੀਲਡ ਗੋਲ ਕਰ ਕੇ ਆਪਣੇ ਨਾਮ ਨੂੰ ਸਕੋਰਸ਼ੀਟ 'ਤੇ ਦਰਜ ਕਰਵਾਇਆ।
ਦੀਪਿਕਾ ਨੇ ਪੈਨਲਟੀ ਕਾਰਨਰ ਤੋਂ ਮਿਲੇ ਮੌਕੇ 'ਤੇ ਜ਼ੋਰਦਾਰ ਡ੍ਰੈਗਫਲਿਕ ਸ਼ਾਟ ਲਗਾ ਕੇ ਆਪਣਾ ਦੂਜਾ ਗੋਲ ਕੀਤਾ ਤੇ ਸਕੋਰ 6-0 ਕਰ ਦਿੱਤਾ। ਨਵਨੀਤ ਨੇ ਵੀ ਫੀਲਡ ਗੋਲ ਕਰ ਕੇ ਆਪਣੇ ਨਾਮ ਨੂੰ ਸਕੋਰਸ਼ੀਟ 'ਤੇ ਦਰਜ ਕਰਵਾਇਆ, ਜਿਸ ਤੋਂ ਬਾਅਦ ਦੀਪਿਕਾ ਨੇ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਭਾਰਤ ਨੂੰ ਪਹਿਲੇ ਹਾਫ ’ਚ 8-0 ਦੀ ਲੀਡ ਦਿਵਾਈ। ਉਜ਼ਬੇਕਿਸਤਾਨ ਲਈ ਸਥਿਤੀ ਬਦ ਤੋਂ ਬਦਤਰ ਹੋ ਗਈ, ਕਿਉਂਕਿ ਭਾਰਤੀ ਟੀਮ ਨੇ ਆਖਰੀ ਦੋ ਕੁਆਰਟਰਾਂ ’ਚ 11 ਗੋਲ ਕੀਤੇ। ਗੋਲਕੀਪਰ ਸਵਿਤਾ ਪੂਨੀਆ ਨੂੰ ਖੇਡ ’ਚ ਦਖਲ ਦੇਣ ਦੀ ਖਾਸ ਲੋੜ ਨਹੀਂ ਪਈ, ਕਿਉਂਕਿ ਉਜ਼ਬੇਕਿਸਤਾਨ ਦੀ ਟੀਮ ਗੇਂਦ 'ਤੇ ਕਬਜ਼ਾ ਰੱਖਣ ਲਈ ਸੰਘਰਸ਼ ਕਰਦੀ ਰਹੀ।
ਭਾਰਤੀ ਮਰਦ ਹਾਕੀ ਟੀਮ ਨੇ ਇੰਡੋਨੇਸ਼ੀਆ ’ਤੇ 13-1 ਨਾਲ ਆਸਾਨ ਜਿੱਤ ਹਾਸਲ ਕੀਤੀ ਕਾਕਾਮਿਗਾਹਾਰਾ (ਜਾਪਾਨ), ਪੀਟੀਆਈ : ਸਟ੍ਰਾਈਕਰ ਦਿਲਪ੍ਰੀਤ ਸਿੰਘ ਨੇ ਚਾਰ ਗੋਲ ਕਰ ਕੇ ਆਪਣੀ ਪ੍ਰਤਿਭਾ ਦਾ ਨਮੂਨਾ ਪੇਸ਼ ਕੀਤਾ, ਜਿਸ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਏਸ਼ਿਆਈ ਖੇਡਾਂ ਦੀ ਮਰਦ ਹਾਕੀ ਮੁਕਾਬਲੇ ਦੇ ਪੂਲ-ਏ ’ਚ ਆਪਣੇ ਪਹਿਲੇ ਮੈਚ ’ਚ ਇੰਡੋਨੇਸ਼ੀਆ ਨੂੰ 13-1 ਨਾਲ ਹਰਾਇਆ।
ਦਿਲਪ੍ਰੀਤ (18ਵੇਂ, 19ਵੇਂ, 37ਵੇਂ ਤੇ 49ਵੇਂ ਮਿੰਟ) ਨੇ ਚਾਰ ਫੀਲਡ ਗੋਲ ਕੀਤੇ, ਜਦਕਿ ਸ਼ਿਲਾਨੰਦ ਲਾਕੜਾ (6ਵੇਂ ਤੇ 35ਵੇਂ ਮਿੰਟ) ਤੇ ਸੁਖਜੀਤ ਸਿੰਘ (38ਵੇਂ ਤੇ 48ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ। ਗੋਲ ਕਰਨ ਵਾਲੇ ਹੋਰ ਭਾਰਤੀ ਖਿਡਾਰੀਆਂ ’ਚ ਅਭਿਸ਼ੇਕ (12ਵੇਂ ਮਿੰਟ), ਰਾਜਿੰਦਰ ਸਿੰਘ (19ਵੇਂ ਮਿੰਟ), ਮਨਦੀਪ ਸਿੰਘ (21ਵੇਂ ਮਿੰਟ), ਕੈਪਟਨ ਹਰਮਨਪ੍ਰੀਤ ਸਿੰਘ (28ਵੇਂ ਮਿੰਟ) ਤੇ ਜੁਗਰਾਜ ਸਿੰਘ (47ਵੇਂ ਮਿੰਟ) ਸ਼ਾਮਲ ਹਨ। ਇੰਡੋਨੇਸ਼ੀਆ ਵਾਸਤੇ ਇੱਕਮਾਤਰ ਗੋਲ ਔਲੀਆ ਅਲ ਅਰਧ ਨੇ 33ਵੇਂ ਮਿੰਟ ’ਚ ਕੀਤਾ। ਭਾਰਤ ਮੰਗਲਵਾਰ ਨੂੰ ਸ੍ਰੀਲੰਕਾ ਖ਼ਿਲਾਫ਼ ਆਪਣਾ ਅਗਲਾ ਮੈਚ ਖੇਡੇਗਾ।
ਹਾਕੀ ਇੰਡੀਆ ਦੇ ਚੇਅਰਮੈਨ ਦਿਲੀਪ ਟਿਰਕੀ ਨੇ ਕਿਹਾ ਸੀ ਕਿ ਭਾਰਤੀ ਟੀਮਾਂ ਏਸ਼ਿਆਈ ਖੇਡਾਂ ’ਚ ਆਪਣੀ ਰਵਾਇਤੀ ਨੀਲੀ ਜਰਸੀ ਪਹਿਨਣਗੀਆਂ, ਪਰ ਮਰਦ ਤੇ ਮਹਿਲਾ ਦੋਹਾਂ ਟੀਮਾਂ ਨੇ ਕੇਸਰੀ ਰੰਗ ਦੀ ਜਰਸੀ ਪਹਿਨੀ, ਜਿਸ ਨੂੰ ਉਨ੍ਹਾਂ ਨੇ ਹਾਲ ਹੀ ’ਚ ਨੀਦਰਲੈਂਡਸ ਤੇ ਬੈਲਜੀਅਮ ’ਚ ਹੋਏ ਵਿਸ਼ਵ ਕੱਪ ਦੌਰਾਨ ਪਹਿਲੀ ਵਾਰ ਪਹਿਨਿਆ ਸੀ।