ਜਾਪਾਨ 'ਚ ਭਾਰਤੀ ਕ੍ਰਿਕਟ ਟੀਮ ਨੇ ਜਿੱਤਿਆ ਗੋਲਡ ਮੈਡਲ, ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ 'ਚ ਰਚਿਆ ਇਤਿਹਾਸ
ਪਾਕਿਸਤਾਨ ਵੱਲੋਂ ਹਸਨ ਨਵਾਜ਼ ਨੇ 51 ਗੇਂਦਾਂ 'ਤੇ 96 ਦੌੜਾਂ ਦੀ ਪਾਰੀ ਖੇਡੀ ਪਰ ਇਹ ਜਿੱਤ ਲਈ ਕਾਫੀ ਨਹੀਂ ਸੀ। ਪਾਕਿਸਤਾਨ 20 ਓਵਰਾਂ ’ਚ ਛੇ ਵਿਕਟਾਂ ਗੁਆ ਕੇ ਸਿਰਫ 192 ਦੌੜਾਂ ਹੀ ਬਣਾ ਸਕਿਆ ਅਤੇ ਭਾਰਤ ਨੇ ਮੈਚ ਜਿੱਤ ਲਿਆ। ਭਾਰਤ ਲਈ ਅਕਸ਼ਰ, ਵਾਸ਼ਿੰਗਟਨ ਸੁੰਦਰ ਤੇ ਸ਼ਿਵਮ ਦੁਬੇ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
Publish Date: Sun, 04 Oct 2026 11:09 AM (IST)
Updated Date: Sun, 04 Oct 2026 11:14 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਅਭਿਸ਼ੇਕ ਸ਼ਰਮਾ ਤੇ ਤਿਲਕ ਵਰਮਾ ਦੇ ਧਮਾਕੇਦਾਰ ਪ੍ਰਦਰਸ਼ਨ ਨਾਲ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਆਪਣੇ ਨਾਂਅ ਕਰ ਲਿਆ ਹੈ। ਪਿਛਲੀਆਂ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਭਾਰਤੀ ਟੀਮ ਨੇ ਇਸ ਵਾਰ ਵੀ ਆਪਣਾ ਦਬਦਬਾ ਕਾਇਮ ਰੱਖਿਆ।
ਕਠਿਨ ਪਿਚ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਦੁਨੀਆ ਦੇ ਨੰਬਰ ਇਕ ਟੀ-20 ਬੱਲੇਬਾਜ਼ ਅਭਿਸ਼ੇਕ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਸਿਰਫ 28 ਗੇਂਦਾਂ 'ਤੇ 61 ਦੌੜਾਂ ਬਣਾਉਣ ਵਾਲੇ ਅਭਿਸ਼ੇਕ ਨੇ ਜਾਪਾਨ ਦੀ ਧਰਤੀ 'ਤੇ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਮੈਚ ’ਚ ਸੱਤ ਛੱਕੇ ਮਾਰੇ। ਆਖ਼ਰੀ ਪਲਾਂ ’ਚ ਉਪ-ਕਪਤਾਨ ਤਿਲਕ ਵਰਮਾ ਨੇ ਵੀ 22 ਗੇਂਦਾਂ 'ਤੇ 51 ਦੌੜਾਂ ਦੀ ਪਾਰੀ ਖੇਡ ਕੇ ਆਲੋਚਕਾਂ ਨੂੰ ਵਧੀਆ ਜਵਾਬ ਦਿੱਤਾ। ਸ਼ਿਵਮ ਦੁਬੇ ਨੇ 15 ਗੇਂਦਾਂ 'ਤੇ 27 ਦੌੜਾਂ ਜੋੜੀਆਂ ਤੇ ਭਾਰਤ ਨੇ ਆਪਣੇ 20 ਓਵਰਾਂ ’ਚ ਛੇ ਵਿਕਟਾਂ ਗੁਆ ਕੇ 211 ਦੌੜਾਂ ਬਣਾਈਆਂ।
ਪਾਕਿਸਤਾਨ ਵੱਲੋਂ ਹਸਨ ਨਵਾਜ਼ ਨੇ 51 ਗੇਂਦਾਂ 'ਤੇ 96 ਦੌੜਾਂ ਦੀ ਪਾਰੀ ਖੇਡੀ ਪਰ ਇਹ ਜਿੱਤ ਲਈ ਕਾਫੀ ਨਹੀਂ ਸੀ। ਪਾਕਿਸਤਾਨ 20 ਓਵਰਾਂ ’ਚ ਛੇ ਵਿਕਟਾਂ ਗੁਆ ਕੇ ਸਿਰਫ 192 ਦੌੜਾਂ ਹੀ ਬਣਾ ਸਕਿਆ ਅਤੇ ਭਾਰਤ ਨੇ ਮੈਚ ਜਿੱਤ ਲਿਆ। ਭਾਰਤ ਲਈ ਅਕਸ਼ਰ, ਵਾਸ਼ਿੰਗਟਨ ਸੁੰਦਰ ਤੇ ਸ਼ਿਵਮ ਦੁਬੇ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਸਾਲ 2024 ਦੇ ਟੀ-20 ਵਿਸ਼ਵ ਕੱਪ ਤੋਂ ਹੁਣ ਤੱਕ ਭਾਰਤ-ਪਾਕਿਸਤਾਨ ਛੇ ਵਾਰੀ ਭਿੜ ਚੁੱਕੇ ਹਨ ਤੇ ਹਰ ਵਾਰੀ ਭਾਰਤ ਨੇ ਮੈਚ ਆਪਣੇ ਨਾਮ ਕੀਤਾ ਹੈ। ਜਸਪ੍ਰੀਤ ਬੁਮਰਾਹ ਨੂੰ ਇਸ ਮੈਚ ’ਚ ਕੋਈ ਵਿਕਟ ਤਾਂ ਨਹੀਂ ਮਿਲੀ ਪਰ ਉਨ੍ਹਾਂ ਆਪਣੀ ਰਫ਼ਤਾਰ ਨਾਲ ਸਾਹਿਬਜ਼ਾਦਾ ਫਰਹਾਨ ਦੀ ਡਾਕਿਯੂਮੈਂਟਰੀ ਦਾ ਜਵਾਬ ਜ਼ਰੂਰ ਦਿੱਤਾ। ਮੈਚ ਦੌਰਾਨ ਉਨ੍ਹਾਂ ਦੀ ਇਕ ਗੇਂਦ ਫਰਹਾਨ ਦੇ ਹੱਥਾਂ 'ਤੇ ਲੱਗੀ ਅਤੇ ਉਨ੍ਹਾਂ ਨੂੰ ਬੈਟ ਸੁੱਟਣ ਲਈ ਮਜਬੂਰ ਹੋਣਾ ਪਿਆ।
ਦੋ ਮੈਚ ਇਕੱਠੇ ਸ਼ਨੀਵਾਰ, 3 ਅਕਤੂਬਰ ਨੂੰ ਭਾਰਤੀ ਕ੍ਰਿਕਟ ਦੇ ਇਤਿਹਾਸ ’ਚ ਇਕ ਦਿਲਚਸਪ ਘਟਨਾ ਵਾਪਰੀ। ਸਾਲ 1998 ਦੇ ਬਾਅਦ ਪਹਿਲੀ ਵਾਰ ਇਕ ਹੀ ਦਿਨ ਦੋ ਵੱਖ-ਵੱਖ ਸੀਨੀਅਰ ਪੁਰਸ਼ ਕ੍ਰਿਕਟ ਟੀਮਾਂ ਭਾਰਤ ਦਾ ਪ੍ਰਤੀਨਿਧਿਤਵ ਕਰ ਰਹੀਆਂ ਸਨ। 12 ਸਤੰਬਰ 1998 ਨੂੰ ਅਜੈ ਜਡੇਜਾ ਦੀ ਕਪਤਾਨੀ ’ਚ ਇਕ ਟੀਮ ਮਲੇਸ਼ੀਆ ’ਚ ਰਾਸ਼ਟਰਮੰਡਲ ਖੇਡਾਂ ਵਿਚ ਕੈਨੇਡਾ ਖ਼ਿਲਾਫ਼ ਮੈਚ ’ਚ ਹਿੱਸਾ ਲੈ ਰਹੀ ਸੀ, ਜਦਕਿ ਦੂਜੀ ਪਾਸੇ ਅਜ਼ਹਰੁਦੀਨ ਦੀ ਕਪਤਾਨੀ ਵਾਲੀ ਟੀਮ ਟੋਰਾਂਟੋ ’ਚ ਪਾਕਿਸਤਾਨ ਖ਼ਿਲਾਫ਼ ਸਹਾਰਾ ਕੱਪ ’ਚ ਖੇਡਣ ਉਤਰੀ ਸੀ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ ਮੈਚ ’ਚ ਕੈਨੇਡਾ ਨੂੰ 112 ਦੌੜਾਂ ਨਾਲ ਹਰਾਇਆ ਸੀ, ਜਦਕਿ ਸਹਾਰਾ ਕੱਪ ’ਚ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਮਾਤ ਦਿੱਤੀ ਸੀ।
ਪਾਸਪੋਰਟ ਵਾਲੇ ਨਾਮ ਏਸ਼ਿਆਈ ਖੇਡਾਂ ਦੌਰਾਨ ਕ੍ਰਿਕਟ ਦੇ ਦਰਸ਼ਕਾਂ ਦੇ ਮਨ ’ਚ ਆਪਣੇ ਕ੍ਰਿਕਟਰਾਂ ਦੇ ਨਾਂਅ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਜਿਗਿਆਸਾ ਜਾਗੀ। ਫਿਰ ਚਾਹੇ ਉਹ ਐਸ ਵਿਸ਼ਵਨਾਥ ਹੋਣ, ਡਬਲਯੂ ਐੱਸ ਮਨੀ ਸੁੰਦਰ ਜਾਂ ਟੀ ਟੀ ਵੀ ਨੰਬੂਰੀ। ਇਨ੍ਹਾਂ ਨਾਮਾਂ 'ਤੇ ਬਹੁਤ ਚਰਚਾ ਹੋਈ, ਦਰਅਸਲ ਏਸ਼ਿਆਈ ਖੇਡਾਂ ’ਚ ਕ੍ਰਿਕਟਰਾਂ ਦੇ ਓਹੀ ਨਾਮ ਵਰਤੇ ਜਾ ਰਹੇ ਸਨ ਜੋ ਉਨ੍ਹਾਂ ਦੇ ਪਾਸਪੋਰਟ 'ਤੇ ਹਨ। ਇਸ ਲਈ ਵਾਸ਼ਿੰਗਟਨ ਸੁੰਦਰ, ਸੰਜੂ ਸੈਮਸਨ ਤੇ ਤਿਲਕ ਵਰਮਾ ਨੂੰ ਲੜੀਵਾਰ ਸੰਜੂ ਵਿਸ਼ਵਨਾਥ, ਵਾਸ਼ਿੰਗਟਨ ਸੁੰਦਰ ਮਨੀ ਸੁੰਦਰ, ਨੰਬੂਰੀ ਠਾਕੁਰ ਤਿਲਕ ਵਰਮਾ ਲਿਖਿਆ ਗਿਆ।
ਬੱਚਾ ਸੈਲੀਬ੍ਰੇਸ਼ਨ ਪਾਕਿਸਤਾਨੀ ਗੇਂਦਬਾਜ਼ ਸੈਮ ਅਯੂਬ ਨੇ ਇਸ ਮੈਚ ’ਚ ਵੈਭਵ ਸੂਰਿਆਵੰਸ਼ੀ ਨੂੰ ਆਊਟ ਕਰਨ ਮਗਰੋਂ ਦੋਹਾਂ ਹੱਥਾਂ ਨਾਲ ਝੂਲੇ ਵਰਗੀ ਆਕ੍ਰਿਤੀ ਬਣਾ ਕੇ ਉਨ੍ਹਾਂ ਨੂੰ ਇੱਧਰ-ਉੱਧਰ ਕਰ ਕਿਸੇ ਬੱਚੇ ਨੂੰ ਗੋਦ ’ਚ ਝੁਲਾਉਣ ਵਰਗਾ ਸੈਲੀਬ੍ਰੇਸ਼ਨ ਕੀਤਾ। ਇਸ ਨੂੰ ਰਾਕਿੰਗ ਦ ਬੇਬੀ ਸੈਲੀਬ੍ਰੇਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਖੇਡਾਂ ਦੀ ਦੁਨੀਆ ’ਚ ਇਸਨੂੰ ਪ੍ਰਸਿੱਧ ਕਰਨ ਦਾ ਸ਼੍ਰੇਯ ਬ੍ਰਾਜ਼ੀਲ ਦੇ ਸਟ੍ਰਾਈਕਰ ਬੇਬੇਟੋ ਨੂੰ ਜਾਂਦਾ ਹੈ, ਜਿਸ ਨੇ ਨੀਦਰਲੈਂਡਸ ਖ਼ਿਲਾਫ਼ 1994 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਗੋਲ ਕਰਨ ਮਗਰੋਂ ਇਹ ਸੈਲੀਬ੍ਰੇਸ਼ਨ ਕੀਤਾ ਸੀ। ਉਹ ਇਸ ਰਾਹੀਂ ਆਪਣੇ ਪੁੱਤਰ ਮਤੇਉਸ ਦੇ ਜਨਮ ਦਾ ਜਸ਼ਨ ਮਨਾ ਰਹੇ ਸਨ।
ਜੈ ਸ਼ਾਹ ਦਾ ਦਾਅ ਪੁਰਸ਼ ਤੇ ਮਹਿਲਾ ਏਸ਼ੀਆ ਕੱਪ ਦੇ ਟਰਾਫੀ ਵਿਵਾਦ ਨੂੰ ਏਸ਼ਿਆਈ ਖੇਡਾਂ ’ਚ ਨਾ ਦੁਹਰਾਇਆ ਜਾਵੇ, ਇਸ ਲਈ ਆਈਸੀਸੀ ਚੇਅਰਮੈਨ ਜੈ ਸ਼ਾਹ ਨੇ ਸ਼ਾਨਦਾਰ ਦਾਅ ਖੇਡਿਆ। ਜੈ ਸ਼ਾਹ ਫਾਈਨਲ ਮੈਚ ਲਈ ਖ਼ੁਦ ਨਾਗੋਯਾ ਪਹੁੰਚ ਗਏ ਤੇ ਭਾਰਤੀ ਟੀਮ ਦੇ ਜਿੱਤਣ ਮਗਰੋਂ ਉਨ੍ਹਾਂ ਆਪਣੇ ਹੱਥਾਂ ਨਾਲ ਗੋਲਡ ਮੈਡਲ ਸੌਂਪੇ। ਦਰਅਸਲ ਨਿਯਮਾਂ ਮੁਤਾਬਕ ਏਸ਼ਿਆਈ ਖੇਡਾਂ ’ਚ ਕਿਸੇ ਵੀ ਖੇਡ ਦੀ ਏਸ਼ਿਆਈ ਸੰਸਥਾ (ਇਸ ਮਾਮਲੇ ’ਚ ਏਸ਼ਿਆਈ ਕ੍ਰਿਕਟ ਕੌਂਸਲ) ਦਾ ਮੁਖੀ ਮੈਡਲ ਦੇਣ ਲਈ ਅਧਿਕਾਰਿਤ ਰਹਿੰਦਾ ਹੈ, ਪਰ ਜੇਕਰ ਉਸ ਸੰਸਥਾ ਦਾ ਅੰਤਰਰਾਸ਼ਟਰੀ ਮੁਖੀ ਉੱਥੇ ਰਹੇ, ਤਾਂ ਮੈਡਲ ਓਹੀ ਦੇਵੇਗਾ। ਇਸ ਤਰ੍ਹਾਂ ਜੈ ਸ਼ਾਹ ਨੇ ਉੱਥੇ ਪਹੁੰਚ ਕੇ ਏਸੀਸੀ ਮੁਖੀ ਮੋਹਸਿਨ ਨਕਵੀ ਨੂੰ ਫਿਰ ਵਿਵਾਦ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਮੈਡਲ ਸਮਾਰੋਹ ਮਗਰੋਂ ਜੈ ਸ਼ਾਹ ਨੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ, "ਨਾਗੋਯਾ ਤੇ ਜਾਪਾਨ ਨੇ ਕ੍ਰਿਕਟ ਦੇ ਇਤਿਹਾਸ ’ਚ ਇਕ ਨਵਾਂ ਗੌਰਵਸ਼ਾਲੀ ਅਧਿਆਏ ਲਿਖਿਆ ਹੈ। ਇਸ ਯਾਦਗਾਰ ਮੁਹਿੰਮ ਲਈ ਟੀਮ ਇੰਡੀਆ ਨੂੰ ਵਧਾਈ ਅਤੇ ਨਾਲ ਹੀ ਹਰ ਉਸ ਦੇਸ਼ ਦਾ ਦਿਲੋਂ ਧੰਨਵਾਦ, ਜਿਸ ਨੇ ਇਸ ’ਚ ਹਿੱਸਾ ਲਿਆ। ਓਲੰਪਿਕ ਕੌਂਸਲ ਆਫ ਏਸ਼ੀਆ ਤੇ ਉਨ੍ਹਾਂ ਆਯੋਜਕਾਂ ਦਾ ਵੀ ਧੰਨਵਾਦ, ਜਿਨ੍ਹਾਂ ਦੀ ਸੋਚ ਕਾਰਨ ਅਸੀਂ ਇੱਥੇ ਤੱਕ ਪਹੁੰਚੇ ਤੇ ਉਨ੍ਹਾਂ ਹਜ਼ਾਰਾਂ ਪ੍ਰਸ਼ੰਸਕਾਂ ਦਾ ਵੀ ਧੰਨਵਾਦ, ਜਿਨ੍ਹਾਂ ਦੀ ਮੌਜੂਦਗੀ ਨੇ ਸਾਨੂੰ ਯਾਦ ਦਿਵਾਇਆ ਕਿ ਦੁਨੀਆ ’ਚ ਕਿਤੇ ਵੀ ਕ੍ਰਿਕਟ ਇੰਨਾ ਖਾਸ ਕਿਉਂ ਹੈ।"