
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਲਗਾਤਾਰ ਖ਼ਰਾਬ ਨਤੀਜਿਆਂ ਦੇ ਬਾਅਦ ਹੋ ਰਹੀਆਂ ਅਲੋਚਨਾਵਾਂ ਤੇ ਬਾਹਰੀ ਰੌਲੇ ਤੋਂ ਪਰੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਭਾਰਤ ਲਈ ਟਰਾਫੀਆਂ ਜਿੱਤਣ 'ਤੇ ਹੈ।

ਜਾਗਰਣ ਨਿਊਜ਼ ਨੈਟਵਰਕ, ਕੋਲੰਬੋ : ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਲਗਾਤਾਰ ਖ਼ਰਾਬ ਨਤੀਜਿਆਂ ਦੇ ਬਾਅਦ ਹੋ ਰਹੀਆਂ ਅਲੋਚਨਾਵਾਂ ਤੇ ਬਾਹਰੀ ਰੌਲੇ ਤੋਂ ਪਰੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਭਾਰਤ ਲਈ ਟਰਾਫੀਆਂ ਜਿੱਤਣ 'ਤੇ ਹੈ। ਜੁਲਾਈ 2024 ’ਚ ਮੁੱਖ ਕੋਚ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਨੇ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਖ਼ਿਲਾਫ਼ ਘਰੇਲੂ ਟੈਸਟ ਸੀਰੀਜ਼ ਗੁਆਈਆਂ ਹਨ ਅਤੇ ਆਸਟ੍ਰੇਲੀਆ ਦੇ ਦੌਰੇ 'ਤੇ ਵੀ ਕਰਾਰੀ ਹਾਰ ਦਾ ਸਾਹਮਣਾ ਕੀਤਾ ਹੈ। ਹਾਲਾਂਕਿ, ਉਨ੍ਹਾਂ ਦੇ ਕਾਰਜਕਾਲ ’ਚ ਟੈਸਟ ਕ੍ਰਿਕਟ ’ਚ ਇਕਮਾਤਰ ਸਕਾਰਾਤਮਕ ਪਹਿਲੂ ਇੰਗਲੈਂਡ ਖ਼ਿਲਾਫ਼ ਉਨ੍ਹਾਂ ਦੀ ਧਰਤੀ 'ਤੇ ਮਿਲੀ 2-2 ਦੀ ਸੀਰੀਜ਼ ਬਰਾਬਰੀ ਰਹੀ ਹੈ।
ਅਲੋਚਨਾ ਬਾਰੇ ਪੁੱਛੇ ਜਾਣ 'ਤੇ ਗੰਭੀਰ ਨੇ ਆਪਣੇ ਅੰਦਾਜ਼ ’ਚ ਜਵਾਬ ਦਿੱਤਾ। ਸ਼ਨਿੱਚਰਵਾਰ ਨੂੰ ਇੱਥੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਕਿਹਾ, "ਅਲੋਚਨਾ? ਮੇਰਾ ਕੰਮ ਟਰਾਫੀਆਂ ਜਿੱਤਣਾ ਹੈ। ਮੈਂ ਸਿਰਫ ਇਸ ’ਚ ਵਿਸ਼ਵਾਸ ਕਰਦਾ ਹਾਂ। ਇਹ ਮੇਰੇ ਤੇ ਹੋਰਾਂ ਵਿਚਕਾਰ ਫਰਕ ਹੈ। ਮੈਨੂੰ ਵਿਚਾਰਾਂ ਜਾਂ ਲਾਈਕਾਂ ਦੀ ਪਰਵਾਹ ਨਹੀਂ ਹੈ।"
ਗੰਭੀਰ ਨੂੰ ਚੋਣ ਕਮੇਟੀ ਦੇ ਪ੍ਰਧਾਨ ਅਜੀਤ ਅਗਰਕਰ ਨਾਲ ਉਨ੍ਹਾਂ ਦੀ ਗੱਲਬਾਤ ਬਾਰੇ ਵੀ ਪੁੱਛਿਆ ਗਿਆ। ਉਨ੍ਹਾਂ ਕਿਹਾ, "ਕਾਸ਼ ਮੈਂ ਤੁਹਾਨੂੰ ਮੁੱਖ ਕੋਚ ਤੇ ਮੁੱਖ ਚੋਣਕਰਤਾ ਵਿਚਾਲੇ ਹੋਈ ਗੱਲਬਾਤ ਬਾਰੇ ਦੱਸ ਸਕਦਾ। ਇਹ ਸਿਰਫ ਇਸ ਬਾਰੇ ਹੈ ਕਿ ਅਸੀਂ ਕ੍ਰਿਕਟ ’ਚ ਅੱਗੇ ਕਿਵੇਂ ਵਧਣਾ ਚਾਹੁੰਦੇ ਹਾਂ, ਕੀ ਮਹੱਤਵਪੂਰਨ ਹੈ ਤੇ ਕ੍ਰਿਕਟ ਦੀ ਭਲਾਈ ਲਈ ਸਹੀ ਫੈਸਲੇ ਕੀ ਹੋਣੇ ਚਾਹੀਦੇ ਹਨ। ਇਸ ਲਈ, ਹੁਣ ਗੱਲਬਾਤ ਪੂਰੀ ਤਰ੍ਹਾਂ ਕ੍ਰਿਕਟ 'ਤੇ ਕੇਂਦਰਿਤ ਹੈ ਅਤੇ ਇਸ ਬਾਰੇ ਹੈ ਕਿ ਅਸੀਂ ਖੇਡ ਨੂੰ ਅੱਗੇ ਕਿਵੇਂ ਦੇਖਦੇ ਹਾਂ।" ਹਾਲਾਂਕਿ, ਗੰਭੀਰ ਨੇ ਮੰਨਿਆ ਕਿ ਲਗਾਤਾਰ ਖਿਡਾਰੀਆਂ ਦੇ ਜ਼ਖ਼ਮੀ ਹੋਣ ਦੇ ਮਾਮਲੇ 'ਤੇ ਟੀਮ ਦੇ ਉੱਚ ਪੱਧਰ 'ਤੇ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ, "ਇਸ ਸੀਰੀਜ਼ ’ਚ ਵੀ ਅਸੀਂ ਕਈ ਖਿਡਾਰੀਆਂ ਦੇ ਬਿਨਾਂ ਖੇਡ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰਬੋਤਮ ਖਿਡਾਰੀ ਵੱਧ ਤੋਂ ਵੱਧ ਕ੍ਰਿਕਟ ਖੇਡਣ। ਇਸ ਨਾਲ ਨਿਰੰਤਰਤਾ ਬਣੀ ਰਹੇਗੀ ਤੇ ਅਸੀਂ ਆਪਣੇ ਸਰਬੋਤਮ ਖਿਡਾਰੀਆਂ ਨੂੰ ਨਿਯਮਿਤ ਤੌਰ 'ਤੇ ਸਹੀ ਦਿਸ਼ਾ ’ਚ ਅੱਗੇ ਵਧਾ ਸਕਾਂਗੇ।"
ਭਾਰਤ ਇਸ ਸਮੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਤਾਲਿਕਾ ’ਚ ਆਸਟ੍ਰੇਲੀਆ, ਦੱਖਣੀ ਅਫਰੀਕਾ, ਨਿਊਜ਼ੀਲੈਂਡ ਤੇ ਬੰਗਲਾਦੇਸ਼ ਦੇ ਬਾਅਦ ਪੰਜਵੇਂ ਸਥਾਨ 'ਤੇ ਹੈ ਪਰ ਗੰਭੀਰ ਲਈ ਇਹ ਸਥਿਤੀ ਮਹੱਤਵ ਨਹੀਂ ਰੱਖਦੀ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਭਾਰਤ ਦੇ ਟੈਸਟ ਕ੍ਰਿਕਟ ’ਚ ਪ੍ਰਦਰਸ਼ਨ ਦੀ ਸਹੀ ਤਸਵੀਰ ਨਹੀਂ ਦਿਖਾਉਂਦੀ। ਉਨ੍ਹਾਂ ਕਿਹਾ, "ਰੈਂਕਿੰਗ ਮਹੱਤਵ ਨਹੀਂ ਰੱਖਦੀ। ਅਸੀਂ ਸੰਘਰਸ਼ ਨਹੀਂ ਕਰ ਰਹੇ। ਇੰਗਲੈਂਡ ਦੇ ਦੌਰੇ ਤੋਂ ਬਾਅਦ ਅਸੀਂ ਚੰਗਾ ਟੈਸਟ ਕ੍ਰਿਕਟ ਖੇਡਿਆ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਬਦਲਾਅ ਦੇ ਦੌਰ ’ਚੋਂ ਗੁਜ਼ਰ ਰਹੇ ਹਾਂ।" ਉਨ੍ਹਾਂ ਕਿਹਾ, "ਮੈਨੂੰ ਯਕੀਨ ਹੈ ਕਿ ਪ੍ਰੈੱਸ ਤੇ ਕੁਮੈਂਟਰੀ ਬਾਕਸ ’ਚ ਬੈਠੇ ਲੋਕ ਵੀ ਜਾਣਦੇ ਹਨ ਕਿ ਅਸੀਂ ਬਦਲਾਅ ਦੇ ਦੌਰ ’ਚੋਂ ਗੁਜ਼ਰ ਰਹੇ ਹਾਂ। ਉਤਾਰ-ਚੜ੍ਹਾਵ ਆਉਣਗੇ, ਪਰ ਸਾਨੂੰ ਪਤਾ ਹੈ ਕਿ ਅਸੀਂ ਕਿਹੜੇ ਖੇਤਰਾਂ ’ਚ ਸਹੀ ਦਿਸ਼ਾ ਵਿਚ ਅੱਗੇ ਵਧ ਰਹੇ ਹਾਂ।"
ਗੰਭੀਰ ਨੇ ਦੂਜੇ ਟੈਸਟ ’ਚ ਭਾਰਤ ਦੇ ਪਿਛਲੇ ਮੈਚ ਦੇ ਜੇਤੂ ਤਾਲਮੇਲ ਨੂੰ ਬਰਕਰਾਰ ਰੱਖਣ ਬਾਰੇ ਸਾਫ਼ ਸੰਕੇਤ ਨਹੀਂ ਦਿੱਤੇ, ਪਰ ਉਨ੍ਹਾਂ ਦਬਾਅ ’ਚ ਚੱਲ ਰਹੇ ਖੱਬੇ ਹੱਥ ਦੇ ਗੁੱਟ ਦੇ ਸਪਿੰਨਰ ਕੁਲਦੀਪ ਯਾਦਵ ਦਾ ਸਮਰਥਨ ਕੀਤਾ। ਪਹਿਲੇ ਟੈਸਟ ’ਚ ਕੁਲਦੀਪ ਨੇ ਕੁੱਲ 25 ਓਵਰਾਂ ’ਚ 100 ਤੋਂ ਵੱਧ ਦੌੜਾਂ ਦਿੱਤੀਆਂ ਸਨ ਅਤੇ ਉਨ੍ਹਾਂ ਨੂੰ ਸਿਰਫ ਇਕ ਵਿਕਟ ਮਿਲੀ ਸੀ। ਗੰਭੀਰ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਕੁਲਦੀਪ ਕਿੰਨੇ ਚੰਗੇ ਗੇਂਦਬਾਜ਼ ਹਨ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਕਈ ਵਾਰੀ ਇਹ ਕਪਤਾਨ 'ਤੇ ਵੀ ਨਿਰਭਰ ਕਰਦਾ ਹੈ ਕਿ ਟੀਮ ’ਚ ਕਿਸ ਨੂੰ ਚੁਣਿਆ ਜਾਵੇ। ਇਹ ਘੱਟ ਗੇਂਦਬਾਜ਼ੀ ਕਰਵਾਉਣ ਦੀ ਗੱਲ ਨਹੀਂ ਹੈ। ਮਹੱਤਵਪੂਰਨ ਇਹ ਹੈ ਕਿ ਨਤੀਜਾ ਕੀ ਆਉਂਦਾ ਹੈ।"
ਪਹਿਲਾ ਮੁਕਾਬਲਾ ਹਾਰਨ ਵਾਲੀ ਟੀਮ 'ਤੇ ਦਬਾਅ ਪੈਂਦਾ ਹੈ : ਗੰਭੀਰ
ਕੋਲੰਬੋ : ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਸ਼ਨਿੱਚਰਵਾਰ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੀ ਵਕਾਲਤ ਕਰਦਿਆਂ ਕਿਹਾ ਕਿ ਦੋ ਮੈਚਾਂ ਦੀ ਸੀਰੀਜ਼ ’ਚ ਪਹਿਲਾ ਮੁਕਾਬਲਾ ਹਾਰਨ ਵਾਲੀ ਟੀਮ 'ਤੇ ਬੇਕਾਰ ਦਾ ਦਬਾਅ ਪੈਂਦਾ ਹੈ ਤੇ ਉਸਦੇ ਕੋਲ ਵਾਪਸੀ ਦਾ ਯੋਗ ਮੌਕਾ ਨਹੀਂ ਰਹਿੰਦਾ। ਗੰਭੀਰ ਨੇ ਕਿਹਾ, "ਆਦਰਸ਼ ਤੌਰ 'ਤੇ ਮੈਂ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਚਾਹੁੰਦਾ ਹਾਂ। ਮੇਰਾ ਹਮੇਸ਼ਾ ਤੋਂ ਇਹ ਮੰਨਣਾ ਹੈ ਕਿ ਜੋ ਟੀਮ ਪਹਿਲਾ ਟੈਸਟ ਹਾਰਦੀ ਹੈ, ਉਸ ਦੇ ਕੋਲ ਵਾਪਸੀ ਕਰ ਕੇ ਸੀਰੀਜ਼ ਜਿੱਤਣ ਦਾ ਮੌਕਾ ਹੋਣਾ ਚਾਹੀਦਾ ਹੈ।" ਉਨ੍ਹਾਂ ਕਿਹਾ, "ਜੇ ਤੁਸੀਂ ਦੋ ਟੈਸਟਾਂ ਦੀ ਸੀਰੀਜ਼ ’ਚ ਪਹਿਲਾ ਮੈਚ ਹਾਰ ਜਾਂਦੇ ਹੋ, ਤਾਂ ਦੂਜੀ ਟੀਮ ਕੋਲ ਵਾਪਸੀ ਕਰ ਕੇ ਸੀਰੀਜ਼ ਜਿੱਤਣ ਦਾ ਕੋਈ ਮੌਕਾ ਨਹੀਂ ਰਹਿੰਦਾ। ਵੱਧ ਤੋਂ ਵੱਧ ਤੁਸੀਂ ਸੀਰੀਜ਼ ਡਰਾਅ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ।" ਗੰਭੀਰ ਨੇ 2001 ਦੀ ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਨੂੰ ਯਾਦ ਕਰਦਿਆਂ ਕਿਹਾ, "ਮੈਨੂੰ ਅੱਜ ਵੀ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਉਹ ਸੀਰੀਜ਼ ਯਾਦ ਹੈ, ਜਿਸ ’ਚ ਭਾਰਤ 0-1 ਤੋਂ ਪਿਛੜ ਗਿਆ ਸੀ, ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਸੀਰੀਜ਼ 2-1 ਨਾਲ ਜਿੱਤ ਲਈ ਸੀ’।