'ਭਾਰਤ ਨੂੰ ਉਨ੍ਹਾਂ ਦੀ ਲੋੜ ਪਵੇਗੀ', ਚਾਰ ਸਾਲ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਗੇਂਦਬਾਜ਼ ਨੂੰ ਲੈ ਕੇ ਅਸ਼ਵਿਨ ਨੇ ਕਿਉਂ ਕਹੀ ਇੰਨੀ ਵੱਡੀ ਗੱਲ?
ਭਾਰਤ ਦੇ ਸਾਬਕਾ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਦਾ ਮੰਨਣਾ ਹੈ ਕਿ ਅਗਲੇ ਸਾਲ ਸਾਊਥ ਅਫ਼ਰੀਕਾ ’ਚ ਹੋਣ ਵਾਲੇ ਵਨ ਡੇ ਵਰਲਡ ਕੱਪ ਵਿੱਚ ਟੀਮ ਇੰਡੀਆ ਨੂੰ ਭੁਵਨੇਸ਼ਵਰ ਕੁਮਾਰ ਦੀ ਲੋੜ ਪਵੇਗੀ ਅਤੇ ਇਸ ਲਈ ਉਨ੍ਹਾਂ ਦੀ ਚੋਣ ਟੀਮ ’ਚ ਹੋਣੀ ਚਾਹੀਦੀ ਹੈ। ਭੁਵਨੇਸ਼ਵਰ 2022 ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ।
Publish Date: Fri, 31 Jul 2026 12:37 PM (IST)
Updated Date: Fri, 31 Jul 2026 12:39 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤ ਦੇ ਸਾਬਕਾ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਦਾ ਮੰਨਣਾ ਹੈ ਕਿ ਅਗਲੇ ਸਾਲ ਸਾਊਥ ਅਫ਼ਰੀਕਾ ’ਚ ਹੋਣ ਵਾਲੇ ਵਨ ਡੇ ਵਰਲਡ ਕੱਪ ਵਿੱਚ ਟੀਮ ਇੰਡੀਆ ਨੂੰ ਭੁਵਨੇਸ਼ਵਰ ਕੁਮਾਰ ਦੀ ਲੋੜ ਪਵੇਗੀ ਅਤੇ ਇਸ ਲਈ ਉਨ੍ਹਾਂ ਦੀ ਚੋਣ ਟੀਮ ’ਚ ਹੋਣੀ ਚਾਹੀਦੀ ਹੈ। ਭੁਵਨੇਸ਼ਵਰ 2022 ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ।
ਸੱਜੇ ਹੱਥ ਦੇ ਇਸ ਖਿਡਾਰੀ ਨੇ ਘਰੇਲੂ ਕ੍ਰਿਕਟ ਅਤੇ ਆਈ.ਪੀ.ਐੱਲ. (IPL) ’ਚ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਇਸੇ ਕਾਰਨ ਉਨ੍ਹਾਂ ਦੀ ਟੀਮ ਇੰਡੀਆ ਵਿੱਚ ਵਾਪਸੀ ਦੀ ਆਵਾਜ਼ ਉੱਠ ਰਹੀ ਹੈ। ਰਵੀਚੰਦਰਨ ਅਸ਼ਵਿਨ ਇਸ ਲੜੀ ਵਿੱਚ ਨਵਾਂ ਨਾਮ ਹਨ।
ਭੁਵਨੇਸ਼ਵਰ ਨੂੰ ਰੱਖਣਾ ਚਾਹੀਦਾ ਹੈ ਤਿਆਰ
ਅਸ਼ਵਿਨ ਨੇ ਕਿਹਾ ਕਿ ਸਾਊਥ ਅਫ਼ਰੀਕਾ ਵਿੱਚ ਟੀਮ ਇੰਡੀਆ ਨੂੰ ਭੁਵਨੇਸ਼ਵਰ ਕੁਮਾਰ ਵਰਗੇ ਗੇਂਦਬਾਜ਼ ਦੀ ਲੋੜ ਪਵੇਗੀ ਅਤੇ ਇਸ ਲਈ ਸਿਲੈਕਟਰਾਂ ਨੂੰ ਉਨ੍ਹਾਂ ਨੂੰ ਤਿਆਰ ਰੱਖਣਾ ਚਾਹੀਦਾ ਹੈ। ਅਸ਼ਵਿਨ ਤੋਂ ਜਦੋਂ ਵਨ ਡੇ ਵਰਲਡ ਕੱਪ ਲਈ ਖਿਡਾਰੀਆਂ ਦੇ ਨਾਵਾਂ 'ਤੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਭੁਵਨੇਸ਼ਵਰ ਕੁਮਾਰ ਦੇ ਨਾਮ 'ਤੇ ਹਾਂ ਕਿਹਾ।
ਇਸ ਸਾਬਕਾ ਆਫ਼ ਸਪਿਨਰ ਨੇ ਕਿਹਾ, "ਭੁਵਨੇਸ਼ਵਰ ਕੁਮਾਰ ਲਈ ਹਾਂ। ਮੈਂ ਉਨ੍ਹਾਂ ਨਾਲ ਗੱਲ ਕਰਾਂਗਾ, ਮੈਂ ਉਨ੍ਹਾਂ ਨੂੰ ਸਾਰੇ ਟੂਰਨਾਮੈਂਟ ਖੇਡਣ ਲਈ ਕਹਾਂਗਾ—ਫਸਟ ਕਲਾਸ, ਵਿਜੇ ਹਜ਼ਾਰੇ ਟਰਾਫੀ, ਸਭ ਕੁਝ। ਸਾਊਥ ਅਫ਼ਰੀਕਾ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਾਈਮ ਵਿੱਚ ਲੈ ਕੇ ਜਾਣਾ ਚਾਹਵਾਂਗਾ। ਮੈਨੂੰ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਦੀ ਲੋੜ ਪਵੇਗੀ।"
ਆਰ.ਸੀ.ਬੀ. ਦੀ ਜਿੱਤ ਵਿੱਚ ਨਿਭਾਈ ਅਹਿਮ ਭੂਮਿਕਾ
ਭੁਵਨੇਸ਼ਵਰ ਕੁਮਾਰ ਆਈ.ਪੀ.ਐੱਲ. ਵਿੱਚ ਆਰ.ਸੀ.ਬੀ. (RCB) ਲਈ ਖੇਡਦੇ ਹਨ। ਉਨ੍ਹਾਂ ਨੇ ਆਪਣੀ ਤਿੱਖੀ ਗੇਂਦਬਾਜ਼ੀ ਨਾਲ ਇਸ ਟੀਮ ਨੂੰ ਲਗਾਤਾਰ ਦੋ ਖ਼ਿਤਾਬ ਦਿਵਾਉਣ ’ਚ ਅਹਿਮ ਰੋਲ ਨਿਭਾਇਆ ਹੈ। ਸਾਲ 2025 ’ਚ ਆਰ.ਸੀ.ਬੀ. ਨੇ ਆਪਣਾ ਪਹਿਲਾ ਆਈ.ਪੀ.ਐੱਲ. ਜਿੱਤਿਆ ਸੀ। ਇਸ ਸੀਜ਼ਨ ਭੁਵਨੇਸ਼ਵਰ ਕੁਮਾਰ ਨੇ 14 ਮੈਚਾਂ ਵਿੱਚ 17 ਵਿਕਟਾਂ ਲਈਆਂ ਸਨ। ਉੱਥੇ ਹੀ 2026 ਦੇ ਸੀਜ਼ਨ ਵਿੱਚ ਭੁਵਨੇਸ਼ਵਰ ਨੇ 16 ਮੈਚਾਂ ਵਿੱਚ 28 ਵਿਕਟਾਂ ਲਈਆਂ ਸਨ।