ਭਾਰਤ-ਵੈਸਟ ਇੰਡੀਜ਼ ਟੀ-20 : ਰਾਂਚੀ ’ਚ ਟੀਮ ਇੰਡੀਆ ਦਾ ਦਬਦਬਾ, ਕੀ ਕੈਰੇਬੀਅਨ ਟੀਮ ਤੋੜ ਸਕੇਗੀ ਕਿਲਾ?
ਰਾਂਚੀ ਦੀ ਪਿੱਚ ਆਪਣੇ ਸੰਤੁਲਿਤ ਤੇ ਸਪਿੰਨ-ਅਨੁਕੂਲ ਸੁਭਾਵ ਲਈ ਜਾਣੀ ਜਾਂਦੀ ਹੈ। ਪਿੱਚ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਇੱਥੇ ਉੱਚ ਸਕੋਰ ਵਾਲਾ ਮੈਚ ਹੋਵੇਗਾ। ਤੇਜ਼ ਗੇਂਦਬਾਜ਼ਾਂ ਨੂੰ ਪਿੱਚ ਤੋਂ ਕੋਈ ਮਦਦ ਨਹੀਂ ਮਿਲੇਗੀ।
Publish Date: Thu, 08 Oct 2026 12:36 PM (IST)
Updated Date: Thu, 08 Oct 2026 12:41 PM (IST)
ਸੰਜੀਵ ਰੰਜਨ, ਜਾਗਰਣ, ਰਾਂਚੀ : ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਟੀ-20 ਸੀਰੀਜ਼ ਦਾ ਦੂਜਾ ਮੁਕਾਬਲਾ ਰਾਂਚੀ ਦੇ ਜੇਐੱਸਸੀਏ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾਣਾ ਹੈ। ਕੈਰੇਬੀਅਨ ਟੀਮ ਪਹਿਲੀ ਵਾਰ ਰਾਂਚੀ ਦੇ ਮੈਦਾਨ 'ਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਆ ਰਹੀ ਹੈ। ਰਾਂਚੀ ਦੀ ਪਿੱਚ ਆਪਣੇ ਸੰਤੁਲਿਤ ਤੇ ਸਪਿੰਨ-ਅਨੁਕੂਲ ਸੁਭਾਵ ਲਈ ਜਾਣੀ ਜਾਂਦੀ ਹੈ। ਪਿੱਚ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਇੱਥੇ ਉੱਚ ਸਕੋਰ ਵਾਲਾ ਮੈਚ ਹੋਵੇਗਾ। ਤੇਜ਼ ਗੇਂਦਬਾਜ਼ਾਂ ਨੂੰ ਪਿੱਚ ਤੋਂ ਕੋਈ ਮਦਦ ਨਹੀਂ ਮਿਲੇਗੀ।
ਸ਼ੁਰੂਆਤੀ ਓਵਰਾਂ 'ਚ ਬੱਲੇਬਾਜ਼ੀ ਆਸਾਨ ਨਵੀਂ ਗੇਂਦ ਨਾਲ ਪਾਵਰਪਲੇ (1-6 ਓਵਰ) ’ਚ ਗੇਂਦ ਬੱਲੇ ’ਤੇ ਚੰਗੀ ਤਰ੍ਹਾਂ ਆਉਂਦੀ ਹੈ। ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ ਅਤੇ ਪੁਰਾਣੀ ਗੇਂਦ ਨਾਲ ਪਿੱਚ ਦੀ ਸਤਹ ਥੋੜ੍ਹੀ ਸੁੱਕੀ ਤੇ ਧੀਮੀ ਹੋਣ ਲੱਗਦੀ ਹੈ, ਸਪਿੰਨ ਗੇਂਦਬਾਜ਼ਾਂ ਨੂੰ ਗ੍ਰਿਪ ਤੇ ਟਰਨ ਮਿਲਣਾ ਸ਼ੁਰੂ ਹੋ ਜਾਂਦਾ ਹੈ। ਪਿੱਚ ਦੇ ਧੀਮੇ ਹੋਣ ਕਾਰਨ ਕੱਟਰ, ਸਲੋਅਰ ਬਾਲਾਂ ਤੇ ਸਟੀਕ ਯਾਰਕਰ ਸੁੱਟਣ ਵਾਲੇ ਤੇਜ਼ ਗੇਂਦਬਾਜ਼ ਇੱਥੇ ਵੱਧ ਸਫਲ ਸਾਬਤ ਹੁੰਦੇ ਹਨ। ਅਕਤੂਬਰ ਦੇ ਮਹੀਨੇ ’ਚ ਸ਼ਾਮ ਦੇ ਮੁਕਾਬਲੇ ਦੌਰਾਨ ਤ੍ਰੇਲ ਦਾ ਪ੍ਰਭਾਵ ਪੈਣਾ ਲਗਪਗ ਨਿਸ਼ਚਿਤ ਰਹਿੰਦਾ ਹੈ। ਦੂਜੀ ਪਾਰੀ ’ਚ ਤ੍ਰੇਲ ਪੈਣ ਨਾਲ ਮੈਦਾਨ ਗਿੱਲਾ ਹੋ ਜਾਂਦਾ ਹੈ, ਜਿਸ ਨਾਲ ਸਪਿੰਨਰਾਂ ਨੂੰ ਗੇਂਦ 'ਤੇ ਗ੍ਰਿਪ ਬਣਾਉਣ ’ਚ ਮੁਸ਼ਕਲ ਆਉਂਦੀ ਹੈ ਅਤੇ ਗੇਂਦ ਬੱਲੇ 'ਤੇ ਤੇਜ਼ੀ ਨਾਲ ਆਉਣ ਲੱਗਦੀ ਹੈ।
ਔਸਤ ਪਹਿਲੀ ਪਾਰੀ ਦਾ ਸਕੋਰ ਇਸ ਮੈਦਾਨ 'ਤੇ ਔਸਤ ਪਹਿਲੀ ਪਾਰੀ ਦਾ ਸਕੋਰ 160 ਤੋਂ 170 ਦੌੜਾਂ ਦੇ ਆਸ-ਪਾਸ ਰਹਿੰਦਾ ਹੈ। ਜੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 175-180+ ਦਾ ਸਕੋਰ ਬਣਾਉਂਦੀ ਹੈ ਤਾਂ ਧੀਮੀ ਹੋ ਰਹੀ ਪਿੱਚ 'ਤੇ ਉਸ ਨੂੰ ਡਿਫੈਂਡ ਕਰਨਾ ਕਾਫੀ ਆਸਾਨ ਹੋ ਜਾਵੇਗਾ। ਹਾਲਾਂਕਿ ਇਸ ਮੈਚ ਲਈ ਹੈਵੀ ਰੋਲਿੰਗ ਕੀਤੀ ਜਾ ਰਹੀ ਹੈ ਅਤੇ ਪਿੱਚ ਸਮਤਲ ਦਿਖਾਈ ਦੇ ਰਹੀ ਹੈ। ਇਸ ਨਾਲ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਸਕੋਰ ਦੋ ਸੌ ਤੱਕ ਪਹੁੰਚਦਾ ਹੈ, ਤਾਂ ਇਹ ਕੋਈ ਵੱਡੀ ਗੱਲ ਨਹੀਂ ਹੋਵੇਗੀ।
ਰਾਂਚੀ ’ਚ ਟੀਮ ਇੰਡੀਆ ਦਾ ਦਬਦਬਾ ਭਾਰਤੀ ਟੀਮ ਲਈ ਇਹ ਮੈਦਾਨ ਇਕ ਮਜ਼ਬੂਤ ਕਿਲੇ ਵਾਂਗ ਸਾਬਤ ਹੋਇਆ ਹੈ। ਜੇਐੱਸਸੀਏ ਸਟੇਡੀਅਮ ’ਚ ਭਾਰਤ ਦਾ ਟੀ-20 ਰਿਕਾਰਡ ਬਹੁਤ ਸ਼ਾਨਦਾਰ ਰਿਹਾ ਹੈ। ਭਾਰਤੀ ਟੀਮ ਨੇ ਇਸ ਮੈਦਾਨ 'ਤੇ ਹੁਣ ਤੱਕ ਖੇਡੇ ਗਏ ਚਾਰ ਮੁਕਾਬਲਿਆਂ ਵਿਚੋਂ ਤਿੰਨ ’ਚ ਜਿੱਤ ਦਰਜ ਕੀਤੀ ਹੈ, ਜਦਕਿ ਸਿਰਫ ਇਕ ਮੈਚ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਵੈਸਟ ਇੰਡੀਜ਼ ਲਈ ਨਵੀਂ ਚੁਣੌਤੀ ਵੈਸਟ ਇੰਡੀਜ਼ ਦੀ ਟੀਮ ਪਹਿਲੀ ਵਾਰ ਜੇਐੱਸਸੀਏ ਸਟੇਡੀਅਮ ’ਚ ਕਦਮ ਰੱਖ ਰਹੀ ਹੈ। ਇਸ ਮੈਦਾਨ ਦੇ ਧੀਮੇ ਸੁਭਾਅ ਤੇ ਸਪਿੰਨ-ਫਰੈਂਡਲੀ ਹਾਲਾਤ ਦਾ ਸਾਹਮਣਾ ਕਰਨਾ ਕੈਰੇਬੀਅਨ ਬੱਲੇਬਾਜ਼ਾਂ ਲਈ ਆਸਾਨ ਨਹੀਂ ਹੋਵੇਗਾ। ਭਾਰਤ ਦੇ ਮਜ਼ਬੂਤ ਹਾਲੀਆ ਰਿਕਾਰਡ ਤੇ ਸਥਾਨਕ ਹਾਲਾਤ ਦੇ ਅਨੁਭਵ ਨੂੰ ਦੇਖਦੇ ਹੋਏ ਰਾਂਚੀ ’ਚ ਭਾਰਤੀ ਟੀਮ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ।