ਭਾਰਤ-ਵੈਸਟਇੰਡੀਜ਼ ਤੀਜਾ ਟੀ-20 : ਇੰਦੌਰ ਦੀ ਸਪਾਟ ਪਿੱਚ ’ਤੇ ਹੋਵੇਗਾ ਚੌਕਿਆਂ-ਛੱਕਿਆਂ ਦਾ ਮੀਂਹ, ਛੋਟੀਆਂ ਬਾਊਂਡਰੀਆਂ ਕਾਰਨ ਬਣੇਗਾ ਵੱਡਾ ਸਕੋਰ ਕੈਰੇਬੀਅਨ ਟੀਮ ਇਸ ਤੋਂ ਪਹਿਲਾਂ ਸਿਰਫ਼ ਇੱਕ ਵਾਰ ਦਸੰਬਰ 2011 ਵਿੱਚ ਇੱਕ ਰੋਜ਼ਾ ਮੈਚ ਲਈ ਹੋਲਕਰ ਸਟੇਡੀਅਮ ਆਈ ਸੀ। ਉਸ ਮੈਚ ’ਚ ਉਨ੍ਹਾਂ ਨੂੰ 153 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਮੈਚ ਦੌਰਾਨ ਵਰਿੰਦਰ ਸਹਿਵਾਗ ਨੇ 219 ਦੌੜਾਂ ਦੀ ਰਿਕਾਰਡ-ਤੋੜ ਪਾਰੀ ਖੇਡੀ ਸੀ
Publish Date: Sun, 11 Oct 2026 11:19 AM (IST)
Updated Date: Sun, 11 Oct 2026 11:28 AM (IST)
ਕਪੀਸ਼ ਦੁਬੇ, ਨਈਦੁਨੀਆ,ਇੰਦੌਰ : ਭਾਰਤ ਤੇ ਵੈਸਟਇੰਡੀਜ਼ ਦੇ ਵਿਚਾਲੇ ਟੀ-20 ਲੜੀ ’ਚ ਕ੍ਰਿਕਟ ਦਾ ਆਨੰਦ ਲੈਣ ਦੀ ਆਸ ਰੱਖਣ ਵਾਲੇ ਪ੍ਰਸੰਸਕਾ ਨੂੰ ਸਿਰਫ਼ ਬੱਲੇਬਾਜ਼ੀ ਦੇਖਣ ਤੱਕ ਸੀਮਤ ਕਰ ਦਿੱਤਾ ਗਿਆ ਹੈ। ਲੜੀ ਦਾ ਸਫ਼ਰ ਤੀਜੇ ਮੁਕਾਬਲੇ ਤੱਕ ਪਹੁੰਚ ਚੁੱਕਿਆ ਹੈ, ਪ੍ਰੰਤੂ ਕਹਾਣੀ ਇੱਥੇ ਵੀ ਉਹ ਹੀ ਹੋਣ ਵਾਲੀ ਹੈ ਜੋ ਪਹਿਲੇ ਦੋ ਮੈਚਾਂ ’ਚ ਦਿਖੀ। ਇੰਦੌਰ ਦੇ ਹੋਲਕਰ ਸਟੇਡੀਅਮ ’ਚ ਬੱਲੇਬਾਜ਼ਾਂ ਦੇ ਅਨੁਕੂਲ ਸਪਾਟ ਪਿੱਚ ਟੀਮਾਂ ਨੂੰ ਮਿਲੇਗੀ। ਬੱਲੇਬਾਜ਼ਾਂ ਲਈ ਇਹ ਜਾਣਨਾ ਵੀ ਖੁਸ਼ੀ ਦੀ ਗੱਲ ਹੋਵੇਗੀ ਕਿ ਪਿਛਲੇ ਦੋ ਮੈਦਾਨਾਂ ਦੇ ਮੁਕਾਬਲੇ ਇੱਥੇ ਬਾਊਂਡਰੀਆਂ ਥੋੜ੍ਹੀਆਂ ਛੋਟੀਆਂ ਹਨ, ਜਿਸ ਨਾਲ ਵੱਡੀ ਗਿਣਤੀ ਵਿੱਚ ਦੌੜਾਂ ਬਣਨ ਦੀ ਪੂਰੀ ਸੰਭਾਵਨਾ ਹੈ। ਲੜੀ ਦੇ ਪਹਿਲੇ ਮੈਚ ’ਚ ਕੁੱਲ 343 ਦੌੜਾਂ ਬਣੀਆਂ ਸਨ, ਜਿਸ ਨੂੰ ਭਾਰਤ ਨੇ 32 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ ਸੀ, ਜੇਕਰ ਉਨ੍ਹਾਂ ਨੇ ਪੂਰੇ 20 ਓਵਰ ਬੱਲੇਬਾਜ਼ੀ ਕੀਤੀ ਹੁੰਦੀ ਤਾਂ ਇਹ ਅੰਕੜਾ ਹੋਰ ਵੀ ਵੱਧ ਹੋਣਾ ਸੀ। ਦੂਜੇ ਮੈਚ ’ਚ ਕੁੱਲ 501 ਦੌੜਾਂ ਬਣੀਆਂ, ਜਿੱਥੇ ਕੈਰੇਬੀਅਨ ਟੀਮ ਲਈ 249 ਦੌੜਾਂ ਦਾ ਟੀਚਾ ਵੀ ਨਾਕਾਫ਼ੀ ਸਾਬਤ ਹੋਇਆ। ਦੋਵਾਂ ਮੈਚਾਂ ਨੇ ਦੋਵਾਂ ਟੀਮਾਂ ਦਾ ਆਤਮ-ਵਿਸ਼ਵਾਸ ਵਧਾਇਆ ਹੈ। ਪ੍ਰਸੰਸਕਾਂ ਲਈ ਚੰਗੀ ਗੱਲ ਇਹ ਹੈ ਕਿ ਦੋਵੇਂ ਟੀਮਾਂ ਸ਼ਾਨਦਾਰ ਫਾਰਮ ’ਚ ਹਨ। ਮੁਕਾਬਲਾ ਮੁੱਖ ਤੌਰ ’ਤੇ ਬੱਲੇਬਾਜ਼ਾਂ ਵਿਚਕਾਰ ਹੋਵੇਗਾ ਕਿਉਂਕਿ ਗੇਂਦਬਾਜ਼ਾਂ ਕੋਲ ਬਹੁਤ ਘੱਟ ਵਿਕਲਪ ਮੌਜੂਦ ਹਨ। ਬੱਲੇਬਾਜ਼ਾਂ ਦੇ ਅਨੁਕੂਲ ਪਿੱਚ ਦੇ ਨਾਲ-ਨਾਲ, ਆਊਟਫੀਲਡ ਵੀ ਬਹੁਤ ਤੇਜ਼ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਅਨੁਸਾਰ, ਐਤਵਾਰ ਨੂੰ ਇੰਦੌਰ ’ਚ ਹਲਕੀ ਗਰਮੀ ਤੇ ਸਾਫ਼ ਅਸਮਾਨ ਰਹੇਗਾ ਤੇ ਸ਼ਾਮ ਨੂੰ ਤ੍ਰੇਲ ਪੈਣ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ। ਨਤੀਜੇ ਵਜੋਂ, ਇਹ ਅੰਦਾਜ਼ਾ ਲਗਾਉਣਾ ਅਸੰਭਵ ਹੈ ਕਿ ਕਿਹੜਾ ਸਕੋਰ ‘ਸੁਰੱਖਿਅਤ’ ਹੋਵੇਗਾ। ਦੋਵੇਂ ਟੀਮਾਂ ਸ਼ਨੀਵਾਰ ਦੁਪਹਿਰ ਨੂੰ ਇੰਦੌਰ ਪਹੁੰਚੀਆਂ, ਉਨ੍ਹਾਂ ਨੇ ਅਭਿਆਸ ਸੈਸ਼ਨ ਕਰਨ ਦੀ ਬਜਾਏ ਆਪਣੇ ਹੋਟਲ ਵਿੱਚ ਆਰਾਮ ਕਰਨ ਨੂੰ ਤਰਜੀਹ ਦਿੱਤੀ।
ਭਾਰਤੀ ਬੱਲੇਬਾਜ਼ੀ ਫਾਰਮ ’ਚ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਦੀ ਫਾਰਮ ਨੇ ਟੀਮ ਦਾ ਆਤਮ-ਵਿਸ਼ਵਾਸ ਵਧਾਇਆ ਹੈ। ਸੰਜੂ ਸੈਮਸਨ ਨੇ ਵੀ ਪਿਛਲੇ ਮੈਚ ’ਚ 82 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਕਾਬਲੀਅਤ ਸਾਬਤ ਕੀਤੀ। ਇਸ ਨੂੰ ਦੇਖਦੇ ਹੋਏ, ਟੀਮ ਦੀ ਬੱਲੇਬਾਜ਼ੀ ਲਾਈਨਅੱਪ ’ਚ ਬਦਲਾਅ ਦੀ ਬਹੁਤ ਘੱਟ ਗੁੰਜਾਇਸ਼ ਜਾਪਦੀ ਹੈ। ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੋ ਮੈਚਾਂ ’ਚ 79 ਦੌੜਾਂ ਦੇ ਕੇ ਸਿਰਫ਼ ਇੱਕ ਵਿਕਟ ਹੀ ਲੈ ਸਕੇ ਹਨ। ਹਾਲਾਂਕਿ ਮਯੰਕ ਨੇ ਕੁਝ ਚੰਗੀ ਟੀਮ ਸ਼ਿਵਮ ਦੂਬੇ ਦੇ ਬਦਲ ਵਜੋਂ ਨਿਤੀਸ਼ ਕੁਮਾਰ ਰੈਡੀ 'ਤੇ ਵਿਚਾਰ ਕਰ ਸਕਦੀ ਹੈ।
ਹੋਪ ਤੇ ਰਦਰਫੋਰਡ ਦੀ ਫਾਰਮ ਭਾਰਤ ਲਈ ਚਿੰਤਾ ਦਾ ਵਿਸ਼ਾ ਵੈਸਟਇੰਡੀਜ਼ ਦੀ ਟੀਮ ਨੂੰ ਟੀ-20 ਕ੍ਰਿਕਟ ’ਚ ਇੱਕ ਮਜ਼ਬੂਤ ਟੀਮ ਮੰਨਿਆ ਜਾਂਦਾ ਹੈ। ਪਿਛਲੇ ਮੈਚ ’ਚ ਸ਼ਾਈ ਹੋਪ ਤੇ ਸ਼ਰਫਾਨ ਰਦਰਫੋਰਡ ਦੁਆਰਾ ਕੀਤੀ ਗਈ ਹਮਲਾਵਰ ਬੱਲੇਬਾਜ਼ੀ ਨੇ ਭਾਰਤੀ ਟੀਮ ਪ੍ਰਬੰਧਨ ਲਈ ਚਿੰਤਾਵਾਂ ਵਧਾ ਦਿੱਤੀਆਂ ਹਨ। ਉਨ੍ਹਾਂ ਨੇ ਮਿਲ ਕੇ ਭਾਰਤੀ ਟੀਮ ਦੇ ਲਗਾਤਾਰ 10 ਮੈਚਾਂ ਦੇ ਜੇਤੂ ਸਿਲਸਿਲੇ ਨੂੰ ਰੋਕ ਦਿੱਤਾ। ਇਸ ਤੋਂ ਇਲਾਵਾ ਟੀ-20 ਕ੍ਰਿਕਟ ’ਚ ਇਹ ਸਿਰਫ਼ ਦੂਜੀ ਵਾਰ ਸੀ ਜਦੋਂ ਕਿਸੇ ਟੀਮ ਨੇ 250 ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ। ਪਿਛਲੇ ਮੈਚ ’ਚ ਜਿੱਤ ਤੋਂ ਬਾਅਦ, ਵੈਸਟਇੰਡੀਜ਼ ਸ਼ਾਇਦ ਉਹੀ ਆਖਰੀ ਗਿਆਰਾਂ ਉਤਾਰੇ।
ਭਾਰਤ ਦਾ ਪੱਲਾ ਭਾਰੀ ਦੋਵਾਂ ਟੀਮਾਂ ਵਿਚਾਲੇ ਪਿਛਲੇ ਪੰਜ ਮੁਕਾਬਲਿਆਂ ’ਚੋਂ ਭਾਰਤ ਨੇ ਤਿੰਨ ਜਿੱਤੇ ਹਨ, ਜਦ ਕਿ ਕੈਰੇਬੀਅਨ ਟੀਮ ਨੇ ਦੋ ਜਿੱਤਾਂ ਦਰਜ ਕੀਤੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਮੈਚਾਂ ਵਿੱਚ ਦੂਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਜੇਤੂ ਰਹੀ।
ਦੋਵਾਂ ਟੀਮਾਂ ਦੇ ਕੋਚਾਂ ਦਾ ਇੰਦੌਰ ਨਾਲ ਇੱਕ ਵਿਲੱਖਣ ਸਬੰਧ ਹੋਲਕਰ ਸਟੇਡੀਅਮ ’ਚ ਹੁਣ ਤੱਕ ਚਾਰ ਅੰਤਰਰਾਸ਼ਟਰੀ ਟੀ-20 ਮੈਚ ਖੇਡੇ ਗਏ ਹਨ। ਭਾਰਤ ਨੇ ਇਨ੍ਹਾਂ ’ਚੋਂ ਤਿੰਨ ਜਿੱਤੇ ਹਨ, ਜਦਕਿ ਇੱਕ ’ਚ ਦੱਖਣੀ ਅਫਰੀਕਾ ਹੱਥੋਂ ਹਾਰ ਦਾ ਸਾਹਮਣਾ ਕੀਤਾ ਹੈ। ਇਸ ਦੇ ਉਲਟ, ਵੈਸਟਇੰਡੀਜ਼ ਦੀ ਟੀਮ ਨੇ ਇੰਦੌਰ ’ਚ ਕਦੇ ਵੀ ਕੋਈ ਟੀ-20 ਮੈਚ ਨਹੀਂ ਖੇਡਿਆ। ਕੈਰੇਬੀਅਨ ਟੀਮ ਇਸ ਤੋਂ ਪਹਿਲਾਂ ਸਿਰਫ਼ ਇੱਕ ਵਾਰ ਦਸੰਬਰ 2011 ਵਿੱਚ ਇੱਕ ਰੋਜ਼ਾ ਮੈਚ ਲਈ ਹੋਲਕਰ ਸਟੇਡੀਅਮ ਆਈ ਸੀ। ਉਸ ਮੈਚ ’ਚ ਉਨ੍ਹਾਂ ਨੂੰ 153 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਮੈਚ ਦੌਰਾਨ ਵਰਿੰਦਰ ਸਹਿਵਾਗ ਨੇ 219 ਦੌੜਾਂ ਦੀ ਰਿਕਾਰਡ-ਤੋੜ ਪਾਰੀ ਖੇਡੀ ਸੀ, ਜਿਸ ਨਾਲ ਭਾਰਤ ਕੁੱਲ 418 ਦੌੜਾਂ ਬਣਾਉਣ ’ਚ ਸਫਲ ਰਿਹਾ ਸੀ। ਗੌਤਮ ਗੰਭੀਰ ਵੀ ਉਸ ਮੈਚ ਲਈ ਭਾਰਤੀ ਟੀਮ ਦਾ ਹਿੱਸਾ ਸਨ ਅਤੇ ਉਨ੍ਹਾਂ ਨੇ 67 ਦੌੜਾਂ ਬਣਾਈਆਂ ਸਨ। ਉਹ ਹੁਣ ਭਾਰਤੀ ਕੋਚ ਹਨ, ਜਦ ਕਿ ਡੈਰੇਨ ਸੈਮੀ ਜੋ ਹੁਣ ਟੀਮ ਦੇ ਕੋਚ ਹਨ ਉਸ ਸਮੇਂ ਵੈਸਟਇੰਡੀਜ਼ ਦੇ ਕਪਤਾਨ ਸਨ।
ਟੀਮਾਂ ਇਸ ਪ੍ਰਕਾਰ ਹਨ ਭਾਰਤ: ਸ਼੍ਰੇਅਸ ਅਈਅਰ (ਕਪਤਾਨ), ਈਸ਼ਾਨ ਕਿਸ਼ਨ, ਸੰਜੂ ਸੈਮਸਨ (ਵਿਕਟਕੀਪਰ), ਨਮਨ ਧੀਰ, ਵੈਭਵ ਸੂਰਿਆਵੰਸ਼ੀ, ਤਿਲਕ ਵਰਮਾ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਸ਼ਿਵਮ ਦੂਬੇ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਪ੍ਰਿੰਸ ਯਾਦਵ, ਰਵੀ ਬਿਸ਼ਨੋਈ, ਮਯੰਕ ਯਾਦਵ।
ਵੈਸਟ ਇੰਡੀਜ਼: ਸ਼ਾਈ ਹੋਪ (ਕਪਤਾਨ ਤੇ ਵਿਕਟਕੀਪਰ), ਜਵੇਲ ਐਂਡਰਿਊ, ਸ਼ਿਮਰੋਨ ਹੇਟਮਾਇਰ, ਆਮਿਰ ਜਾਂਗੂ, ਕਾਮਿਲ ਪੂਰਨ, ਰੋਵਮੈਨ ਪਾਵੇਲ, ਸ਼ੇਰਫੇਨ ਰਦਰਫੋਰਡ, ਕੁਵੇਂਟਿਨ ਸੈਮਪਸਨ, ਰੋਸਟਨ ਚੇਜ਼, ਕੀਮੋ ਪਾਲ, ਰੋਮਾਰਿਓ ਸ਼ੈਫਰਡ, ਸ਼ਮਾਰ ਸਪ੍ਰਿੰਗਰ, ਮੈਥਿਊ ਫੋਰਡ, ਅਕੀਲ ਹੋਸੇਨ, ਸ਼ਮਰ ਜੋਸੇਫ, ਗੁਡਾਕੇਸ਼ ਮੋਤੀ।