ਲੰਕਾ ਜਿੱਤਣ ਵੱਲ ਭਾਰਤ : ਸ਼੍ਰੀਲੰਕਾ ਕੋਲ ਸਿਰਫ਼ 16 ਦੌੜਾਂ ਦੀ ਬੜ੍ਹਤ, 2-0 ਨਾਲ ਸੀਰੀਜ਼ 'ਤੇ ਕਬਜ਼ਾ ਕਰਨ ਦਾ ਸੁਨਹਿਰੀ ਮੌਕਾ
ਸੂਰਿਆਬੰਦਾਰਾ ਨੂੰ 92 ਦੌੜਾਂ ਦੀ ਪਾਰੀ ’ਚ ਕਿਸਮਤ ਦਾ ਵੀ ਸਾਥ ਮਿਲਿਆ। ਡੀਪ ਸਕੇਅਰ ਲੈੱਗ ’ਤੇ ਸਿਰਾਜ ਨੇ ਉਸਦੀ ਕੈਚ ਲੈਣ ਲਈ ਸ਼ਾਨਦਾਰ ਡਾਈਵ ਲਗਾਈ ਪਰ ਗੇਂਦ ਜ਼ਮੀਨ ’ਤੇ ਡਿੱਗ ਗਈ। ਸਿਰਾਜ ਜ਼ਮੀਨ ’ਤੇ ਡਿੱਗਿਆ ਤੇ ਬਹੁਤ ਦਰਦ ਨਾਲ ਮੈਦਾਨ ਤੋਂ ਬਾਹਰ ਹੋ ਗਿਆ।
Publish Date: Thu, 27 Aug 2026 11:39 AM (IST)
Updated Date: Thu, 27 Aug 2026 11:43 AM (IST)
ਅਭਿਸ਼ੇਕ ਤ੍ਰਿਪਾਠੀ, ਜਾਗਰਣ, ਕੋਲੰਬੋ : ਮਹਾਰਥੀ ਭਾਰਤ ਦਾ ਸਾਹਮਣਾ ਕਰਨ ਲਈ ਪਾਸਿੰਦੂ ਸੂਰਿਆਬੰਦਾਰਾ ਤੇ ਕਾਮਿੰਦੂ ਮੈਂਡਿਸ ਨੇ ਆਪਣੇ ਪੈਰ ਤਾਂ ਜਮਾਏ ਪਰ ਇੰਨੀ ਵੱਡੀ ਜੰਗ ਨੂੰ ਜਿੱਤਣ ਲਈ ਅੰਗਦ ਦੇ ਪੈਰ ਦੀ ਲੋੜ ਹੁੰਦੀ ਹੈ, ਜਿਸ ਨੂੰ ਕੋਈ ਹਿਲਾ ਨਹੀਂ ਪਾਉਂਦਾ। ਅਜਿਹਾ ਹੋ ਨਾ ਸਕਿਆ। 110 ਮਿੰਟਾਂ ਦੀ ਭਾਈਵਾਲੀ ਤੋਂ ਬਾਅਦ ਭਾਰਤੀ ਗੇਂਦਬਾਜ਼ ਅਜਿਹਾ ਸੈਲਾਬ ਲਿਆਏ ਕਿ ਇਨ੍ਹਾਂ ਦੋਵਾਂ ਨਾਲ ਕਪਤਾਨ ਧਨੰਜਯ ਡਿਸਿਲਵਾ ਤੇ ਵਿਕਟਕੀਪਰ ਨਿਰੋਸ਼ਨ ਡਿਕਵੇਲਾ ਵੀ ਰੁੜ੍ਹ ਗਏ। ਮੀਂਹ ਨੇ ਜਿੱਤ ਨੂੰ ਇਕ ਦਿਨ ਲਈ ਜ਼ਰੂਰ ਟਾਲ ਦਿੱਤਾ ਪਰ ਵੀਰਵਾਰ ਨੂੰ ਭਾਰਤੀ ਟੀਮ ਮੁੜ ਕ੍ਰਿਕਟ ਦੀ ਗੁਰੂ ਬਣ ਕੇ ਉੱਭਰੇਗੀ। ਕੋਚ ਬਣਨ ਤੋਂ ਬਾਅਦ ਵਿਦੇਸ਼ ’ਚ ਟੈਸਟ ਸੀਰੀਜ਼ ਜਿੱਤਣ ਲਈ ਜੱਦੋ-ਜਹਿਦ ਕਰ ਰਹੇ ਗੌਤਮ ਗੰਭੀਰ ਲਈ ਕੋਲੰਬੋ ਸਭ ਤੋਂ ਸਕੂਨ ਦੇਣ ਵਾਲੀ ਥਾਂ ਸਾਬਿਤ ਹੋਣ ਵਾਲੀ ਹੈ।
ਭਾਰਤ ਦੇ ਪਹਿਲੀ ਪਾਰੀ ਦੇ 503 ਦੌੜਾਂ ਦੇ ਜਵਾਬ ’ਚ ਪਹਿਲੀ ਪਾਰੀ ’ਚ 290 ਦੌੜਾਂ ’ਤੇ ਆਊਟ ਹੋਣ ਵਾਲੀ ਸ੍ਰੀਲੰਕਾਈ ਟੀਮ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ 229 ਦੌੜਾਂ ’ਤੇ ਛੇ ਵਿਕਟਾਂ ਗੁਆ ਚੁੱਕੀ ਹੈ। ਉਸ ਨੂੰ ਸਿਰਫ 16 ਦੌੜਾਂ ਦੀ ਬੜ੍ਹਤ ਮਿਲੀ ਹੈ। ਮੇਜ਼ਬਾਨਾਂ ਨੂੰ ਫਾਲੋਆਨ ਦੇਣ ਵਾਲੀ ਸ਼ੁਭਮਨ ਗਿੱਲ ਦੀ ਟੀਮ ਪੰਜਵੇਂ ਦਿਨ ਜਲਦ ਤੋਂ ਜਲਦ ਸ੍ਰੀਲੰਕਾ ਨੂੰ ਆਲਆਊਟ ਕਰ ਕੇ ਟੀਚਾ ਹਾਸਲ ਕਰਨਾ ਚਾਹੇਗੀ। ਗਾਲੇ ਟੈਸਟ ਨੂੰ 165 ਦੌੜਾਂ ਨਾਲ ਜਿੱਤਣ ਵਾਲੀ ਭਾਰਤੀ ਟੀਮ ਦੋ ਟੈਸਟ ਮੈਚਾਂ ਦੀ ਸੀਰੀਜ਼ ਨੂੰ 2-0 ਨਾਲ ਆਪਣੇ ਨਾਂ ਕਰਨ ਤੋਂ ਕੁਝ ਹੀ ਦੂਰੀ ’ਤੇ ਹੈ।
ਸ੍ਰੀਲੰਕਾ ਦੀਆਂ ਉਮੀਦਾਂ : ਸ੍ਰੀਲੰਕਾ ਨੇ ਬੁੱਧਵਾਰ ਨੂੰ 265/8 ਸਕੋਰ ਨਾਲ ਪਹਿਲੀ ਪਾਰੀ ਨੂੰ ਅੱਗੇ ਵਧਾਇਆ। ਇਸ ਸੀਰੀਜ਼ ’ਚ ਸ੍ਰੀਲੰਕਾ ਲਈ ਖ਼ੁਸ਼ੀ ਦਾ ਇਕਮਾਤਰ ਕਾਰਨ ਰਹੇ ਸੋਨਲ ਦਿਨੁਸ਼ਾ ਨੇ ਸੀਰੀਜ਼ ਦਾ ਦੂਜਾ ਸੈਂਕੜਾ ਪੂਰਾ ਕੀਤਾ। ਹਾਲਾਂਕਿ, ਸ੍ਰੀਲੰਕਾ ਦੀ ਟੀਮ ਫਾਲੋਆਨ ਬਚਾਉਣ ਤੋਂ 13 ਦੌੜਾਂ ਪਹਿਲਾਂ ਆਲਆਊਟ ਹੋ ਗਈ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਮੀਂਹ ਦੇ ਡਰ ਨਾਲ ਮੇਜ਼ਬਾਨਾਂ ਨੂੰ ਫਾਲੋਆਨ ਦਿੱਤਾ। ਮੁਹੰਮਦ ਸਿਰਾਜ ਨੇ ਦੂਜੀ ਪਾਰੀ ’ਚ ਆਉਂਦਿਆਂ ਹੀ ਉਨ੍ਹਾਂ ਦੇ ਓਪਨਰ ਲਾਹਿਰੂ ਉਦਾਰਾ ਨੂੰ ਆਊਟ ਕਰ ਦਿੱਤਾ ਪਰ ਇਸ ਤੋਂ ਬਾਅਦ ਆਪਣਾ ਦੂਜਾ ਟੈਸਟ ਖੇਡ ਰਹੇ ਸੂਰਿਆਬੰਦਾਰਾ (92) ਨੇ ਕਾਮਿਲ ਮਿਸਾਰਾ (32) ਨਾਲ 58 ਦੌੜਾਂ ਤੇ ਕਾਮਿੰਦੂ ਮੈਂਡਿਸ (55) ਨਾਲ 115 ਦੌੜਾਂ ਦੀ ਭਾਈਵਾਲੀ ਕਰ ਕੇ ਭਾਰਤ ਦੇ ਜੇਤੂ ਰੱਥ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਭਾਰਤੀ ਗੇਂਦਬਾਜ਼ਾਂ ਨੇ ਅਖੀਰ ’ਚ ਨੌਂ ਦੌੜਾਂ ’ਤੇ ਤਿੰਨ ਵਿਕਟਾਂ ਲੈ ਕੇ ਜਿੱਤ ਦਾ ਮੂੰਹ ਆਪਣੇ ਵੱਲ ਮੋੜ ਲਿਆ।
ਕਮਾਲ ਦੀ ਭਾਈਵਾਲੀ : ਸੂਰਿਆਬੰਦਾਰਾ ਤੇ ਮੈਂਡਿਸ ਦੀ ਬੱਲੇਬਾਜ਼ੀ ਕਮਾਲ ਦੀ ਸੀ। ਦੋਵਾਂ ਨੇ ਹਮਲਾਵਰ ਬੱਲੇਬਾਜ਼ੀ ਕੀਤੀ। ਮੈਂਡਿਸ ਨੇ ਖੱਬੇ ਹੱਥ ਦੇ ਸਪਿਨਰ ਮਾਨਵ ਸੁਥਾਰ ਨੂੰ ਦੋ ਛੱਕੇ ਮਾਰੇ। ਪਹਿਲੇ ਮੈਚ ’ਚ 10 ਵਿਕਟਾਂ ਲੈਣ ਵਾਲੇ ਇਸ ਗੇਂਦਬਾਜ਼ ਦੀ ਉਨ੍ਹਾਂ ਲੈਅ ਤੋੜ ਦਿੱਤੀ । ਸੂਰਿਆਬੰਦਾਰਾ ਨੇ ਵੀ ਉਸ ਨੂੰ ਛੱਕੇ ਮਾਰੇ। ਪ੍ਰਸਿੱਧ ਕ੍ਰਿਸ਼ਨਾ ਇਕ ਸ਼ਾਰਟ ਪਿੱਚ ਗੇਂਦ ’ਤੇ ਇਸ ਭਾਈਵਾਲੀ ਨੂੰ ਤੋੜਿਆ। ਸ਼ੁਭਮਨ ਨੇ ਦੌੜਦੇ ਹੋਏ ਮੈਂਡਿਸ ਦੀ ਬਿਹਤਰੀਨ ਕੈਚ ਫੜੀ। ਆਪਣੇ ਟੈਸਟ ਕਰੀਅਰ ਦੀ ਬ੍ਰੈਡਮੈਨ ਵਰਗੀ ਸ਼ੁਰੂਆਤ ਕਰਨ ਤੋਂ ਬਾਅਦ ਖ਼ਰਾਬ ਪ੍ਰਦਰਸ਼ਨ ’ਚੋਂ ਲੰਘ ਰਹੇ ਮੈਂਡਿਸ ਨੂੰ ਪ੍ਰਸਿੱਧ ਨੇ ਪਿਛਲੀਆਂ ਦੋ ਪਾਰੀਆਂ ’ਚ ਸ਼ਾਰਟ ਬਾਲ ’ਤੇ ਹੀ ਆਊਟ ਕੀਤਾ ਸੀ। ਮੈਂਡਿਸ ਨੇ ਇਸ ਪਾਰੀ ’ਚ ਪ੍ਰਸਿੱਧ ਨੂੰ ਇਕ ਚੌਕਾ ਤੇ ਇਕ ਛੱਕਾ ਲਗਾਇਆ ਪਰ ਭਾਰਤੀ ਤੇਜ਼ ਗੇਂਦਬਾਜ਼ ਆਪਣੇ ਸ਼ਾਰਟ ਬਾਲ ਪਲਾਨ ’ਤੇ ਡਟਿਆ ਰਿਹਾ। ਕਾਮਿੰਦੂ ਵੀ ਪੁਲ ਸ਼ਾਟ ਖੇਡਦਾ ਰਿਹਾ ਪਰ ਅਖੀਰ ’ਚ ਉਹ ਵੀ ਖੁੰਝ ਗਿਆ। ਚਾਹ ਦੀ ਬ੍ਰੇਕ ਸਮੇਂ ਮੇਜ਼ਬਾਨ ਟੀਮ ਤਿੰਨ ਵਿਕਟਾਂ ’ਤੇ 199 ਦੌੜਾਂ ਦੀ ਆਰਾਮਦਾਇਕ ਹਾਲਤ ’ਚ ਸੀ ਤੇ ਉਸ ਨੂੰ ਪਾਰੀ ਦੀ ਹਾਰ ਵੀ ਸ਼ਰਮਨਾਕ ਹਾਰ ਤੋਂ ਉੱਭਰਣ ਲਈ ਸਿਰਫ 14 ਦੌੜਾਂ ਹੋਰ ਚਾਹੀਦੀਆਂ ਸਨ। ਦਿਨ ਦੇ ਆਖਰੀ ਸੈਸ਼ਨ ’ਚ ਮੈਚ ਦਾ ਰੁਖ਼ ਬਦਲ ਗਿਆ। ਪਹਿਲਾਂ ਧਨੰਜਯ ਸੁਥਾਰ ਦੀ ਗੇਂਦ ’ਤੇ ਪਡਿੱਕਲ ਨੂੰ ਕੈਚ ਦੇ ਬੈਠਾ। ਫਿਰ ਸੂਰਿਆਬੰਦਾਰਾ ਸਟੰਪ ਹੋ ਗਿਆ। ਉਹ ਆਪਣੇ ਪਹਿਲੇ ਟੈਸਟ ਸੈਂਕੜੇ ਦੇ ਨੇੜੇ ਸੀ। ਇਕ ਗੇਂਦ ਪਹਿਲਾਂ ਹੀ ਉਹ ਰੀਵਿਊ ਰਾਹੀਂ ਲੱਤਅੜਿੱਕਾ ਤੋਂ ਬਚਿਆ ਸੀ। ਪਿੱਛਿਓਂ ਵਿਕਟਕੀਪਰ ਰਿਸ਼ਭ ਪੰਤ ਉਸ ਨੂੰ ਉਕਰਾ ਰਿਹਾ ਸੀ। ਉਹ ਵੱਡੀ ਸ਼ਾਟ ਮਾਰਨ ਲਈ ਅੱਗੇ ਵਧਿਆ ਤਾਂ ਸੁਥਾਰ ਨੇ ਗੇਂਦ ਆਫ ਸਟੰਪ ਦੇ ਬਾਹਰ ਸੁੱਟੀ। ਪੰਤ ਨੇ ਤੁਰੰਤ ਗਿੱਲਿਆਂ ਨੂੰ ਬੇਰਹਿਮੀ ਨਾਲ ਉਡਾ ਦਿੱਤਾ। ਸ਼ੁਰੂ ’ਚ ਫੇਲ੍ਹ ਹੋ ਰਹੇ ਸੁਥਾਰ ਨੇ ਆਪਣੇ ਦੋ ਓਵਰਾਂ ’ਚ ਦੋ ਵਿਕਟਾਂ ਲਈਆਂ। ਇਸ ਤੋਂ ਬਾਅਦ ਆਫ ਸਪਿਨਰ ਸਾਰਾਂਸ਼ ਜੈਨ ਨੇ ਖੱਬੇ ਹੱਥ ਦੇ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਨੂੰ ਲੱਤਅੜਿੱਕਾ ਕੀਤਾ। ਘਰੇਲੂ ਟੀਮ ਦਾ ਸਕੋਰ ਛੇ ਵਿਕਟਾਂ ’ਤੇ 218 ਦੌੜਾਂ ਹੋ ਗਿਆ। ਇਕ ਘੰਟੇ ਦੀ ਖੇਡ ਬਾਕੀ ਸੀ ਪਰ ਮੀਂਹ ਕਾਰਨ ਮੈਚ ਜਲਦੀ ਖ਼ਤਮ ਕਰਨਾ ਪਿਆ। ਇਸ ਸੀਰੀਜ਼ ’ਚ ਭਾਰਤੀ ਗੇਂਦਬਾਜ਼ਾਂ ਨੂੰ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੇ ਸੋਨਲ ਸੱਤ ਤੇ ਗੇਂਦਬਾਜ਼ ਕੇਸਰਾ ਨੁਵਾਂਥਾ ਤਿੰਨ ਦੌੜਾਂ ਬਣਾ ਕੇ ਅਜੇਤੂ ਹਨ।
ਕਿਸਮਤ ਦਾ ਸਾਥ : ਸੂਰਿਆਬੰਦਾਰਾ ਨੂੰ 92 ਦੌੜਾਂ ਦੀ ਪਾਰੀ ’ਚ ਕਿਸਮਤ ਦਾ ਵੀ ਸਾਥ ਮਿਲਿਆ। ਡੀਪ ਸਕੇਅਰ ਲੈੱਗ ’ਤੇ ਸਿਰਾਜ ਨੇ ਉਸਦੀ ਕੈਚ ਲੈਣ ਲਈ ਸ਼ਾਨਦਾਰ ਡਾਈਵ ਲਗਾਈ ਪਰ ਗੇਂਦ ਜ਼ਮੀਨ ’ਤੇ ਡਿੱਗ ਗਈ। ਸਿਰਾਜ ਜ਼ਮੀਨ ’ਤੇ ਡਿੱਗਿਆ ਤੇ ਬਹੁਤ ਦਰਦ ਨਾਲ ਮੈਦਾਨ ਤੋਂ ਬਾਹਰ ਹੋ ਗਿਆ। ਜਦੋਂ ਉਹ ਵਾਪਸ ਆਇਆ ਤਾਂ ਉਸ ਤੋਂ ਬਾਅਦ ਉਸਦੀ ਰਫ਼ਤਾਰ ਕਾਫੀ ਘੱਟ ਹੋ ਗਈ ਸੀ। ਜਦੋਂ ਸੂਰਿਆਬੰਦਾਰਾ ਨੂੰ ਇਹ ਮੌਕਾ ਮਿਲਿਆ ਤਾਂ ਉਦੋਂ ਉਹ 17 ਦੌੜਾਂ ’ਤੇ ਸੀ। ਪਿੱਚ ਤੋਂ ਕਦੀ-ਕਦੀ ਟਰਨ ਵੀ ਮਿਲ ਰਿਹਾ ਸੀ। ਭਾਰਤ ਦੇ ਤਿੰਨ ਸਪਿਨਰਾਂ ਨੇ ਪਹਿਲੇ ਦੋ ਸੈਸ਼ਨਾਂ ’ਚ ਬਹੁਤ ਮਿਹਨਤ ਕੀਤੀ ਪਰ ਉਨ੍ਹਾਂ ਨੂੰ ਜ਼ਿਆਦਾ ਫਾਇਦਾ ਨਹੀਂ ਮਿਲਿਆ। ਸ਼ੁਰੂ ’ਚ ਸੁਥਾਰ ਦੀ ਕੋਈ ਯੋਜਨਾ ਕੰਮ ਨਹੀਂ ਆਈ। ਇਕ ਸਮਾਂ ਉਸਦੀ ਗੇਂਦਬਾਜ਼ੀ ਦਾ ਅੰਕੜਾ 8-0-53-0 ਸੀ। ਹਾਲਾਂਕਿ, ਆਖਰੀ ਸੈਸ਼ਨ ’ਚ ਪੂਰੀ ਖੇਡ ਪਲਟ ਗਈ।
2021 ਤੋਂ ਹੁਣ ਤੱਕ ਇਕ ਟੈਸਟ ’ਚ ਸਪਿਨਰਾਂ ਵੱਲੋਂ ਸਭ ਤੋਂ ਵੱਧ ਨੋਬਾਲ
ਨੋਬਾਲ, ਮੈਚ, ਸਥਾਨ, ਸਾਲ
15, ਅਫਗਾਨਿਸਤਾਨ vs ਬੰਗਲਾਦੇਸ਼, ਮੀਰਪੁਰ, 2023
14, ਭਾਰਤ vs ਇੰਗਲੈਂਡ, ਚੇਨਈ, 2021
10*, ਭਾਰਤ vs ਸ੍ਰੀਲੰਕਾ, ਕੋਲੰਬੋ, 2026
9, ਸ੍ਰੀਲੰਕਾ vs ਵੈਸਟਇੰਡੀਜ਼, ਨਾਰਥ ਸਾਊਂਡ, 2021
9, ਭਾਰਤ vs ਨਿਊਜ਼ੀਲੈਂਡ, ਮੁੰਬਈ, 2024
2021 ਤੋਂ ਹੁਣ ਤੱਕ ਕਿਸੇ ਖੱਬੇ ਹੱਥ ਦੇ ਸਪਿਨਰ ਦੀ ਟੈਸਟ ’ਚ ਸੁੱਟੀਆਂ ਨੋਬਾਲ
ਨੋਬਾਲ, ਖਿਡਾਰੀ, ਦੇਸ਼
88*, ਰਵਿੰਦਰ ਜਡੇਜਾ, ਭਾਰਤ
40, ਨੋਮਾਨ ਅਲੀ, ਪਾਕਿਸਤਾਨ
33, ਲਸਿਥ ਐਂਬੁਲਡੇਨੀਆ, ਸ੍ਰੀਲੰਕਾ
19, ਜੈਕ ਲੀਚ, ਇੰਗਲੈਂਡ
17, ਜੋਮੇਲ ਵਾਰਿਕਨ, ਵੈਸਟਇੰਡੀਜ਼
17, ਜ਼ਹੀਰ ਖ਼ਾਨ, ਅਫਗਾਨਿਸਤਾਨ