ਭਾਰਤ ਨੇ 600ਵੇਂ ਟੈਸਟ 'ਚ ਰਚਿਆ ਇਤਿਹਾਸ, ਸ੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ ਬਣਾਈ 1-0 ਦੀ ਬੜ੍ਹਤ
ਭਾਰਤ ਨੂੰ ਇਸ ਮੈਚ ’ਚ ਜਿੱਤ ਹਾਸਲ ਕਰਨ ਲਈ ਨਿਰੋਸ਼ਨ ਡਿਕਵੇਲਾ ਤੇ ਸੋਨਲ ਦਿਨੁਸ਼ਾ ਦੀ ਜੋੜੀ ਨੂੰ ਤੋੜਨਾ ਜ਼ਰੂਰੀ ਸੀ। ਇਨ੍ਹਾਂ ਨੇ ਪਿਛਲੀ ਪਾਰੀ ’ਚ ਸੈਂਕੜੇ ਦੀ ਭਾਈਵਾਲੀ ਕੀਤੀ ਸੀ। ਆਊਟ ਹੋਣ ਤੋਂ ਪਹਿਲਾਂ ਡਿਕਵੇਲਾ ਕੋਲ ਯਸ਼•ਸਵੀ ਜਾਇਸਵਾਲ ਗਿਆ
Publish Date: Thu, 20 Aug 2026 11:11 AM (IST)
Updated Date: Thu, 20 Aug 2026 11:16 AM (IST)
ਅਭਿਸ਼ੇਕ ਤ੍ਰਿਪਾਠੀ, ਜਾਗਰਣ, ਗਾਲੇ : ਤੁਸੀਂ ਜਿੱਤਣ ਲਈ ਪੈਦਾ ਹੋਏ ਹੋ ਪਰ ਜੇਤੂ ਬਣਨ ਲਈ ਪਹਿਲਾਂ ਤੁਹਾਨੂੰ ਜਿੱਤਣ ਦੀ ਯੋਜਨਾ ਬਣਾਉਣੀ ਹੋਵੇਗੀ, ਫਿਰ ਜਿੱਤਣ ਦੀ ਤਿਆਰੀ ਕਰਨੀ ਹੋਵੇਗੀ ਤੇ ਉਸ ਤੋਂ ਬਾਅਦ ਜਿੱਤਣ ਦੀ ਉਮੀਦ ਕਰਨੀ ਹੋਵੇਗੀ। ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ’ਚ ਪਹੁੰਚਣ ਲਈ ਹਿਮਾਲਿਆ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਭਾਰਤੀ ਟੀਮ ਨੇ ਸ੍ਰੀਲੰਕਾ ਦੌਰੇ ’ਤੇ ਪੰਜ ਦਿਨ ਅਭਿਆਸ ਕੀਤਾ ਤੇ ਤਿੰਨ ਅਭਿਆਸ ਮੈਚ ਖੇਡਿਆ, ਜਿਸਦਾ ਫਲ ਉਸ ਨੂੰ ਗਾਲੇ ਅੰਤਰਰਾਸ਼ਟਰੀ ਸਟੇਡੀਅਮ ’ਚ 165 ਦੌੜਾਂ ਦੀ ਜਿੱਤ ਦੇ ਰੂਪ ’ਚ ਮਿਲਿਆ। 372 ਦੌੜਾਂ ਦੇ ਅਸੰਭਵ ਟੀਚੇ ਨੂੰ ਹਾਸਲ ਕਰਨ ਉਤਰੀ ਸ੍ਰੀਲੰਕਾਈ ਟੀਮ ਲਈ ਕਪਤਾਨ ਧਨੰਜਯ ਡਿਸਿਲਵਾ (59) ਤੇ ਪਿਛਲੇ ਮੈਚ ’ਚ ਸੈਂਕੜਾ ਲਗਾਉਣ ਵਾਲੇ ਦਿਨੁਸ਼ਾ (84) ਨੇ ਪੰਜਵੀਂ ਵਿਕਟ ਲਈ 95 ਦੌੜਾਂ ਦੀ ਭਾਈਵਾਲੀ ਕਰ ਕੇ ਭਾਰਤੀ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਕਪਤਾਨ ਤੇ ਉਸ ਤੋਂ ਬਾਅਦ ਡਿਕਵੇਲਾ ਦੇ ਆਊਟ ਹੁੰਦਿਆਂ ਹੀ ਮਾਨਵ ਸੁਥਾਰ ਨੇ ਇਥੇ ਸ੍ਰੀਲੰਕਾਈ ਕਿਲ੍ਹੇ ਨੂੰ ਢੇਰੀ ਕੀਤਾ, ਜਿਵੇਂ 26 ਦਸੰਬਰ 2004 ’ਚ ਸੁਨਾਮੀ ਨੇ ਗਾਲੇ ਕੋਰਟ ਨੂੰ ਢਾਹਿਆ ਸੀ। ਇਸੇ ਦੇ ਨਾਲ ਭਾਰਤ ਨੇ ਆਪਣੇ 600ਵੇਂ ਟੈਸਟ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ।
ਮਾਨਵ ਸੁਥਾਰ ਦਾ ਸ਼ਾਨਦਾਰ ਪ੍ਰਦਰਸ਼ਨ ਮਾਨਵ ਨੇ ਅੱਠ ਦੌੜਾਂ ਦੇ ਅੰਦਰ ਆਖਰੀ ਚਾਰ, ਸ੍ਰੀਲੰਕਾ ਦੀ ਦੂਜੀ ਪਾਰੀ ’ਚ ਛੇ ਤੇ ਮੈਚ ’ਚ ਕੁੱਲ 10 ਵਿਕਟਾਂ ਲਈਆਂ। ਉਸਨੇ 10 ਗੇਂਦਾਂ ’ਚ ਚਾਰ ਤੇ ਆਪਣੇ ਦੂਜੇ ਟੈਸਟ ’ਚ ਹੀ ਦੂਜੀ ਪਾਰੀ ’ਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕਰ ਕੇ ਦਿਖਾਇਆ। ਆਖਰੀ ਦਿਨ ਬੁੱਧਵਾਰ ਨੂੰ 84 ਦੌੜਾਂ ’ਤੇ ਚਾਰ ਵਿਕਟਾਂ ਨਾਲ ਦੂਜੀ ਪਾਰੀ ਸ਼ੁਰੂ ਕਰਨ ਵਾਲੀ ਸ੍ਰੀਲੰਕਾਈ ਟੀਮ ਨੂੰ ਜਿੱਤ ਲਈ 288 ਦੌੜਾਂ ਦੀ ਹੋਰ ਲੋੜ ਸੀ। ਪੰਜਵੇਂ ਦਿਨ ਲੰਚ ਦੇ ਸਮੇਂ ਤੱਕ ਸ੍ਰੀਲੰਕਾਈ ਟੀਮ ਛੇ ਵਿਕਟਾਂ ’ਤੇ 175 ਦੌੜਾਂ ਦੇ ਕੁੱਲ ਜੋੜ ਤੱਕ ਪਹੁੰਚ ਵੀ ਗਈ ਸੀ, ਪਰ ਲੰਚ ਤੋਂ ਬਾਅਦ ਭਾਰਤੀ ਗੇਂਦਬਾਜ਼ ਨੇ ਸਭ ਤਬਾਹ ਕਰ ਦਿੱਤਾ। ਪਹਿਲੀ ਪਾਰੀ ’ਚ 167 ਤੇ ਦੂਜੀ ਪਾਰੀ ’ਚ 44 ਦੌੜਾਂ ਬਣਾਉਣ ਵਾਲਾ ਦੇਵਦੱਤ ਪਡਿੱਕਲ ਪਲੇਅਰ ਆਫ ਦਿ ਮੈਚ ਬਣਿਆ।
ਸ੍ਰੀਲੰਕਾ ਦੀ ਕੋਸ਼ਿਸ਼ ਭਾਰਤ ਨੂੰ ਜਿੱਤ ਲਈ ਆਖਰੀ ਦਿਨ ਛੇ ਵਿਕਟਾਂ ਚਾਹੀਦੀਆਂ ਸਨ। ਮੁਹੰਮਦ ਸਿਰਾਜ ਤੇ ਜਡੇਜਾ ਨੇ ਦਿਨੁਸ਼ਾ ਤੇ ਡਿਸਿਲਵਾ ਨੂੰ ਲਗਾਤਾਰ ਟੈਸਟ ਕੀਤਾ। ਡਿਸਿਲਵਾ ਜਡੇਜਾ ਦੀ ਹੌਲੀ ਗੇਂਦ ’ਤੇ ਸਵੀਪ ਲਗਾਉਣ ਗਿਆ ਪਰ ਗੇਂਦ ਉਸਦੇ ਬੱਲੇ ਦੇ ਉਪਰੀ ਕੰਢੇ ਨੂੰ ਛੂਹ ਕੇ ਸੁਥਾਰ ਦੇ ਹੱਥਾਂ ’ਚ ਚਲੀ ਗਈ। ਉਮੀਦ ਦੇ ਉਲਟ ਖ਼ਰਾਬ ਗੇਂਦਬਾਜ਼ੀ ਕਰਨ ਵਾਲੇ ਕੁਲਦੀਪ ਯਾਦਵ ਰਾਊਂਡ ਦਿ ਵਿਕਟ ਗੇਂਦਬਾਜ਼ੀ ਕਰ ਕੇ ਨਵੇਂ ਐਂਗਲ ਤੋਂ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਡਿਕਵੇਲਾ ਰਿਵਰਸ ਸਵੀਪ ਤੇ ਲੈੱਗ ਤੋਂ ਕਾਫੀ ਬਾਹਰੋਂ ਸਵੀਪ ਕਰਨ ਦੀ ਕੋਸ਼ਿਸ਼ ਕਰ ਕੇ ਖ਼ੁਦ ਨੂੰ ਬਚਾ ਰਿਹਾ ਸੀ। ਡਿਕਵੇਲਾ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਦੀਆਂ ਸ਼ਾਰਟ ਗੇਂਦਾਂ ’ਤੇ ਵੀ ਕਰੀਜ਼ ’ਚ ਘੁੰਮਦਾ ਰਿਹਾ। ਯਸ਼ਸਵੀ ਜਾਇਸਵਾਲ ਦੇ ਉਕਸਾਉਣ ਤੋਂ ਬਾਅਦ ਉਹ ਆਊਟ ਹੋ ਗਿਆ। ਸੋਨਲ ਤੇ ਕੇਸ਼ਰਾ ਨੁਵਾਂਥਾ 15 ਓਵਰਾਂ ਤੱਕ ਟਿਕੇ ਰਹੇ, ਪਰ ਸੋਨਲ ਦੀ ਇਕ ਗ਼ਲਤੀ ਨੇ ਸ੍ਰੀਲੰਕਾ ਦੀ ਦੂਜੀ ਪਾਰੀ ਦੇ ਅੰਤ ਦੀ ਕਹਾਣੀ ਲਿਖ ਦਿੱਤੀ। ਰਾਊਂਡ ਦਿ ਵਿਕਟ ਤੋਂ ਗੇਂਦਬਾਜ਼ੀ ਕਰ ਰਹੇ ਸੁਥਾਰ ਨੇ ਗੇਂਦ ਨੂੰ ਲੈੱਗ ਸਟੰਪ ਦੇ ਬਾਹਰ ਉਛਾਲ ਦਿਵਾਇਆ ਤੇ ਗੇਂਦ ਸੋਨਲ ਦੇ ਬੱਲੇ ਨੂੰ ਛੂੰਹਦੀ ਹੋਈ ਸਿੱਧਾ ਲੈੱਗ ਗਲੀ ’ਤੇ ਧਰੁਵ ਜੁਰੈਲ ਦੇ ਹੱਥਾਂ ’ਚ ਚਲੀ ਗਈ। ਉਸਨੇ ਇਸੇ ਓਵਰ ਦੀ ਦੂਜੀ ਗੇਂਦ ’ਤੇ ਪ੍ਰਭਾਤ ਜੈਸੂਰਿਆ ਨੂੰ ਬੋਲਡ ਕੀਤਾ ਤੇ ਆਖਰੀ ਗੇਂਦ ’ਤੇ ਲਾਹਿਰੂ ਕੁਮਾਰਾ ਨੂੰ ਚੱਲਦਾ ਕੀਤਾ। ਆਪਣੇ ਅਗਲੇ ਓਵਰ ’ਚ ਸੁਥਾਰ ਨੇ ਨੁਵਾਂਥਾ ਨੂੰ ਬੋਲਡ ਕਰ ਕੇ ਸ੍ਰੀਲੰਕਾ ਦੀ ਪਾਰੀ ਦਾ ਅੰਤ ਕੀਤਾ। ਭਾਰਤ ਨੇ ਆਪਣੇ 600ਵੇਂ ਟੈਸਟ ਨੂੰ ਜਿੱਤ ਕੇ ਦੋ ਮੈਚਾਂ ਦੀ ਸੀਰੀਜ਼ ’ਚ 1-0 ਦੀ ਬੜ੍ਹਤ ਹਾਸਲ ਕੀਤੀ ਹੈ। ਦੂਜਾ ਟੈਸਟ 23 ਅਗਸਤ ਤੋਂ ਕੋਲੰਬੋ ਦੇ ਸਿੰਘਲੀ ਸਪੋਰਟਸ ਕਲੱਬ ’ਚ ਸ਼ੁਰੂ ਹੋਵੇਗਾ।
ਕੁਲਦੀਪ ਦੀ ਸਮੱਸਿਆ ਭਾਰਤ ਨੇ ਇਹ ਮੈਚ ਭਾਵੇਂ ਜਿੱਤ ਲਿਆ ਪਰ ਖੱਬੇ ਹੱਥ ਦੇ ਗੁੱਟ ਦੇ ਸਪਿਨਰ ਕੁਲਦੀਪ ਯਾਦਵ ਇਸ ਮੈਚ ’ਚ ਕਾਫੀ ਆਮ ਦਿਸਿਆ। ਉਸਨੇ ਦੋਵਾਂ ਪਾਰੀਆਂ ’ਚ ਕੁੱਲ 25 ਓਵਰ ਸੁੱਟੇ ਤੇ ਸਿਰਫ ਇਕ ਵਿਕਟ ਹਾਸਲ ਕੀਤੀ। ਉਹ ਇਸ ਖੁਰਦਰੀ ਪਿੱਚ ਤੋਂ ਜ਼ਿਆਦਾ ਕੁਝ ਹਾਸਲ ਨਹੀਂ ਕਰ ਸਕਿਆ। ਉਸ ਨੂੰ ਟਰੈਕ ਤੋਂ ਕੁਝ ਮਦਦ ਲੈਣ ਦੀ ਕੋਸ਼ਿਸ਼ ਕਰਨ ਦੀ ਬਜਾਏ ਬਸ ਇੰਜ ਹੀ ਖੇਡਦੇ ਦੇਖਣਾ ਕਾਫੀ ਹੈਰਾਨ ਕਰਨ ਵਾਲਾ ਸੀ। ਰਾਊਂਡ ਦਿ ਵਿਕਟ ਗੇਂਦਬਾਜ਼ੀ ਕਰਨ ਕਾਰਨ ਉਸ ਨੂੰ ਐੱਲਬੀਡਬਲਯੂ ਮਿਲਣ ਦਾ ਬਦਲ ਵੀ ਬੰਦ ਹੋ ਗਿਆ ਸੀ।
ਯਸ਼ਸਵੀ ਨੇ ਉਕਸਾਇਆ, ਡਿਕਵੇਲਾ ਨੇ ਵਿਕਟ ਗੁਆਈ ਗਾਲੇ : ਭਾਰਤ ਨੂੰ ਇਸ ਮੈਚ ’ਚ ਜਿੱਤ ਹਾਸਲ ਕਰਨ ਲਈ ਨਿਰੋਸ਼ਨ ਡਿਕਵੇਲਾ ਤੇ ਸੋਨਲ ਦਿਨੁਸ਼ਾ ਦੀ ਜੋੜੀ ਨੂੰ ਤੋੜਨਾ ਜ਼ਰੂਰੀ ਸੀ। ਇਨ੍ਹਾਂ ਨੇ ਪਿਛਲੀ ਪਾਰੀ ’ਚ ਸੈਂਕੜੇ ਦੀ ਭਾਈਵਾਲੀ ਕੀਤੀ ਸੀ। ਆਊਟ ਹੋਣ ਤੋਂ ਪਹਿਲਾਂ ਡਿਕਵੇਲਾ ਕੋਲ ਯਸ਼•ਸਵੀ ਜਾਇਸਵਾਲ ਗਿਆ ਤੇ ਉਸ ਨੂੰ ਕਿਹਾ ਕਿ ਤੇਰੀ ਪਹਿਲੀ ਪਾਰੀ ’ਚ ਜ਼ਿਆਦਾ ਵੱਡੇ ਸ਼ਾਟ ਨਹੀਂ ਸੀ। ਮੈਨੂੰ ਕੁਝ ਸ਼ਾਟ ਦਿਖਾ। ਡਿਕਵੇਲਾ ਨੇ ਸ਼ੁਰੂ ’ਚ ਬਸ ਓਕੇ ਕਿਹਾ। ਫਿਰ ਜਾਇਸਵਾਲ ਨੇ ਗਾਲੇ ਮਿਊਂਸੀਪੈਲਿਟੀ ਸਟੈਂਡ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਗੇਂਦ ਨੂੰ ਉਥੇ ਮਾਰ, ਮੈਂ ਕੁਝ ਦੇਖਣਾ ਹੈ। ਡਿਕਵੇਲਾ ਨੇ ਜਵਾਬ ਦਿੱਤਾ, ਨਹੀਂ, ਮੈਂ ਜਾਇਸਵਾਲ ਨਹੀਂ ਹਾਂ। ਯਾਦ ਰਹੇ ਕਿ ਡਿਕਵੇਲਾ ਆਮ ਤੌਰ ’ਤੇ ਹੁੱਕ ਸ਼ਾਟ ਨਹੀਂ ਖੇਡਦਾ ਪਰ ਫਿਰ ਡਿਕਵੇਲਾ ਨੇ ਮਜ਼ਾਕ ’ਚ ਕਿਹਾ ਕਿ ਉਹ ਅਜਿਹਾ ਕਰੇਗਾ, ਜੇ ਤੂੰ ਮੈਨੂੰ ਆਈਪੀਐੱਲ ’ਚ ਲਿਜਾਵੇਂਗਾ। ਇਸ ’ਤੇ ਸਕੇਅਰ ਲੈੱਗ ਤੋਂ ਆਏ ਜਾਇਸਵਾਲ ਨੇ ਕਿਹਾ ਕਿ ਮੈਂ ਸੌ ਫ਼ੀਸਦੀ ਤੈਨੂੰ ਲੈ ਕੇ ਜਾਵਾਂਗਾ। ਇਸ ਤੋਂ ਬਾਅਦ ਡਿਕਵੇਲਾ ਨੇ ਪ੍ਰਸਿੱਧ ਕ੍ਰਿਸ਼ਣਾ ਦੀ ਅਗਲੀ ਗੇਂਦ ਨੂੰ ਡੀਪ ਪੁਆਇੰਟ ’ਤੇ ਦੋ ਦੌੜਾਂ ਲਈ ਕੱਟ ਕੀਤਾ। ਫਿਰ ਜਾਇਸਵਾਲ ਨੇ ਕਿਹਾ ਕਿ ਜੇ ਤੂੰ ਉਥੇ (ਸਟੈਂਡ ’ਚ) ਮਾਰਦਾ ਏਂ ਤਾਂ ਮੈਂ ਯਕੀਨੀ ਤੌਰ ’ਤੇ ਸੰਗਾ ਨੂੰ ਦੱਸਾਂਗਾ। ਯਾਦ ਰਹੇ ਕਿ ਸਾਬਕਾ ਸ੍ਰੀਲੰਕਾਈ ਕਪਤਾਨ ਕੁਮਾਰ ਸੰਗਾਕਾਰਾ ਰਾਜਸਥਾਨ ਰਾਇਲਜ਼ ਦੇ ਕੋਚ ਤੇ ਕ੍ਰਿਕਟ ਡਾਇਰੈਕਟਰ ਹੈ।
ਯਸ਼ਸਵੀ ਰਾਜਸਥਾਨ ਰਾਇਲਜ਼ ਤੋਂ ਹੀ ਖੇਡਦਾ ਹੈ। ਉਥੇ ਹੀ, ਸੰਗਾਕਾਰਾ ਆਪਣੇ ਕਰੀਅਰ ਦੇ ਅਖੀਰ ’ਚ ਡਿਕਵੇਲਾ ਨਾਲ ਸ੍ਰੀਲੰਕਾ ਟੈਸਟ ਟੀਮ ’ਚ ਖੇਡਿਆ ਹੈ। ਇਹ ਦੋਵੇਂ ਕੈਂਡੀ ਦੇ ਇਕ ਹੀ ਸਕੂਲ ਟ੍ਰਿਨਿਟੀ ਕਾਲਜ ’ਚ ਪੜ੍ਹਿਆ ਵੀ ਹੈ। ਇਸ ਤੋਂ ਪਹਿਲਾਂ ਡਿਕਵੇਲਾ ਨੇ ਕਦੀ ਕ੍ਰਿਸ਼ਣਾ ਦੀ ਗੇਂਦ ’ਤੇ ਹੁੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਅਗਲੀ ਸ਼ਾਰਟ ਗੇਂਦ ’ਤੇ ਹੁੱਕ ਲਗਾਉਣ ਲਈ ਉਹ ਲੈੱਗ ਸਾਈਡ ਵੱਲ ਪਿੱਛੇ ਹਟਿਆ। ਗੇਂਦ ਉਸਦੇ ਬੱਲੇ ਦਾ ਕਿਨਾਰਾ ਲੈ ਕੇ ਵਿਕਟਕੀਪਰ ਰਿਸ਼ਭ ਪੰਤ ਕੋਲ ਚਲੀ ਗਈ। ਇਸ ਤੋਂ ਬਾਅਦ ਰਵਿੰਦਰ ਜਡੇਜਾ, ਮਾਨਵ ਸੁਥਾਰ ਤੇ ਪੰਤ ਜਾਇਸਵਾਲ ਨੂੰ ਮੁਬਾਰਕਬਾਦ ਦੇਣ ਲੱਗੇ।