ਭਾਰਤ-ਏ ਦੀ ਸ਼ਾਨਦਾਰ ਜਿੱਤ : ਸ਼ੇਡਗੇ ਤੇ ਗੁਰਜਪਨੀਤ ਦੇ ਦਮ 'ਤੇ ਆਸਟ੍ਰੇਲੀਆ-ਏ ਨੂੰ 49 ਦੌੜਾਂ ਨਾਲ ਹਰਾਇਆ, ਪਰ ਸੀਰੀਜ਼ ਮਹਿਮਾਨ ਟੀਮ ਨੇ ਜਿੱਤੀ
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 47.3 ਓਵਰਾਂ ’ਚ 275 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਵੱਲੋਂ ਸ਼ੇਡਗੇ ਨੇ 60 ਗੇਂਦਾਂ ’ਤੇ 66 ਦੌੜਾਂ ਬਣਾਈਆਂ। ਹੇਠਲੇ ਕ੍ਰਮ ’ਚ ਵਿਪਰਾਜ ਨਿਗਮ (40) ਨੇ ਉਸਦਾ ਚੰਗਾ ਸਾਥ ਦਿੱਤਾ। ਦੋਵਾਂ ਨੇ ਸੱਤਵੀਂ ਵਿਕਟ ਲਈ 85 ਦੌੜਾਂ ਦੀ ਭਾਈਵਾਲੀ ਕੀਤੀ।
Publish Date: Mon, 12 Oct 2026 12:07 PM (IST)
Updated Date: Mon, 12 Oct 2026 12:13 PM (IST)
ਪੁੱਡੂਚੇਰੀ (ਪੀਟੀਆਈ) : ਸੂਰਿਆਂਸ਼ ਸ਼ੇਡਗੇ ਦੀ ਤੂਫ਼ਾਨੀ 66 ਦੌੜਾਂ ਦੀ ਪਾਰੀ ਤੇ ਤੇਜ਼ ਗੇਂਦਬਾਜ਼ ਗੁਰਜਪਨੀਤ ਸਿੰਘ ਦੀਆਂ ਤਿੰਨ ਵਿਕਟਾਂ ਦੇ ਦਮ ’ਤੇ ਭਾਰਤ-ਏ ਨੇ ਐਤਵਾਰ ਨੂੰ ਤੀਜੇ ਵਨਡੇ ਮੈਚ ’ਚ ਆਸਟ੍ਰੇਲੀਆ-ਏ ਨੂੰ 49 ਦੌੜਾਂ ਨਾਲ ਹਰਾ ਦਿੱਤਾ। ਹਾਲਾਂਕਿ, ਆਸਟ੍ਰੇਲੀਆ-ਏ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂ ਕੀਤੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 47.3 ਓਵਰਾਂ ’ਚ 275 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਵੱਲੋਂ ਸ਼ੇਡਗੇ ਨੇ 60 ਗੇਂਦਾਂ ’ਤੇ 66 ਦੌੜਾਂ ਬਣਾਈਆਂ। ਹੇਠਲੇ ਕ੍ਰਮ ’ਚ ਵਿਪਰਾਜ ਨਿਗਮ (40) ਨੇ ਉਸਦਾ ਚੰਗਾ ਸਾਥ ਦਿੱਤਾ। ਦੋਵਾਂ ਨੇ ਸੱਤਵੀਂ ਵਿਕਟ ਲਈ 85 ਦੌੜਾਂ ਦੀ ਭਾਈਵਾਲੀ ਕੀਤੀ।
ਜਵਾਬ ’ਚ ਆਸਟ੍ਰੇਲੀਆ-ਏ ਦੀ ਟੀਮ 46.2 ਓਵਰਾਂ ’ਚ 226 ਦੌੜਾਂ ’ਤੇ ਆਲਆਊਟ ਹੋ ਗਈ। ਭਾਰਤ-ਏ ਦੀ ਸ਼ੁਰੂਆਤ ਚੰਗੀ ਰਹੀ। ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ (34 ਗੇਂਦਾਂ ’ਤੇ 39 ਦੌੜਾਂ) ਤੇ ਪ੍ਰਿਆਂਸ਼ ਆਰਿਆ (45 ਗੇਂਦਾਂ ’ਤੇ 49 ਦੌੜਾਂ) ਨੇ 10.4 ਓਵਰਾਂ ’ਚ 83 ਦੌੜਾਂ ਜੋੜੀਆਂ। ਇਸ ਤੋਂ ਬਾਅਦ ਬੇਨ ਡਵਾਰਸ਼ੁਇਸ (3/38) ਨੇ ਪ੍ਰਭਸਿਮਰਨ ਨੂੰ ਆਊਟ ਕਰ ਕੇ ਇਹ ਭਾਈਵਾਲੀ ਤੋੜੀ। ਡਵਾਰਸ਼ੁਇਸ ਤੇ ਵਿਲ ਸਦਰਲੈਂਡ (3/44) ਨੇ ਨਿਯਮਤ ਵਕਫ਼ਿਆਂ ’ਤੇ ਵਿਕਟਾਂ ਲੈ ਕੇ ਭਾਰਤੀ ਮੱਧਕ੍ਰਮ ਨੂੰ ਝਟਕੇ ਦਿੱਤੇ। ਸ਼ੇਡਗੇ ਤੇ ਨਿਗਮ ਦੀ ਅਹਿਮ ਭਾਈਵਾਲੀ ਨੇ ਭਾਰਤ ਨੂੰ 250 ਦੌੜਾਂ ਤੋਂ ਪਾਰ ਪਹੁੰਚਾਇਆ।
ਆਸਟ੍ਰੇਲੀਆ ਦੀ ਸ਼ੁਰੂਆਤ ਵੀ ਚੰਗੀ ਰਹੀ। ਜੋਸ਼ ਫਿਲਿਪ (56) ਤੇ ਲਿਆਮ ਸਕਾਟ (26) ਨੇ 15 ਓਵਰਾਂ ’ਚ 82 ਦੌੜਾਂ ਜੋੜੀਆਂ। ਦੋਵੇਂ ਬੱਲੇਬਾਜ਼ 82 ਦੌੜਾਂ ਦੇ ਕੁੱਲ ਸਕੋਰ ’ਤੇ ਆਊਟ ਹੋ ਗਏ। ਇਸ ਤੋਂ ਬਾਅਦ ਲਚਲਨ ਸ਼ਾਅ (31) ਤੇ ਨਾਥਨ ਮੈਕਸਵੀਨੀ (39) ਨੇ ਦੂਜੀ ਵਿਕਟ ਲਈ 58 ਦੌੜਾਂ ਜੋੜ ਕੇ ਆਸਟ੍ਰੇਲੀਆ ਨੂੰ ਮੁਕਾਬਲੇ ’ਚ ਬਣਾਈ ਰੱਖਿਆ ਪਰ ਮੈਕਸਵੀਨੀ ਦੇ ਗੁਰਜਪਨੀਤ ਦਾ ਸ਼ਿਕਾਰ ਬਣਨ ਤੋਂ ਬਾਅਦ ਆਸਟ੍ਰੇਲੀਆ ਦੀ ਪਾਰੀ ਲੜਖੜਾ ਗਈ। ਟੀਮ ਨੇ ਅਗਲੀਆਂ ਸੱਤ ਵਿਕਟਾਂ ਸਿਰਫ਼ 86 ਦੌੜਾਂ ’ਤੇ ਗੁਆ ਦਿੱਤੀਆਂ ਤੇ 226 ਦੌੜਾਂ ’ਤੇ ਆਲਆਊਟ ਹੋ ਗਈ