IND-W vs ZIM-W 2nd T20I : ਪਹਿਲੇ ਮੈਚ ਵਾਲੀਆਂ ਗ਼ਲਤੀਆਂ ਸੁਧਾਰਨ ਉਤਰੇਗੀ ਭਾਰਤੀ ਮਹਿਲਾ ਟੀਮ, ਟਾਪ ਆਰਡਰ ਨੂੰ ਸੰਭਾਲਣਾ ਹੋਵੇਗਾ ਵੱਡੀ ਚੁਣੌਤੀ
ਜ਼ਿੰਬਾਬਵੇ ਖਿਲਾਫ ਪਹਿਲਾ ਟੀ-20 ਮੈਚ ਮੁਸ਼ਕਲ ਨਾਲ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਦੂਜੇ ਮੈਚ ’ਚ ਉਤਰੇਗੀ ਤਾਂ ਉਸ ਲਈ ਸਭ ਤੋਂ ਵੱਡੀ ਚੁਣੌਤੀ ਟਾਪ ਆਰਡਰ ਨੂੰ ਸੰਭਾਲਣਾ ਹੋਵੇਗਾ। ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ’ਚ ਹੋਣ ਵਾਲੇ ਇਸ ਮੈਚ ’ਚ ਭਾਰਤੀ ਬੱਲੇਬਾਜ਼ਾਂ ਦੀ ਨਜ਼ਰ ਬਿਹਤਰ ਸ਼ੁਰੂਆਤ ’ਤੇ ਹੋਵੇਗੀ
Publish Date: Sun, 18 Oct 2026 11:24 AM (IST)
Updated Date: Sun, 18 Oct 2026 11:30 AM (IST)
ਦੀਪਕ ਸ਼ੁਕਲਾ, ਨਈਂ ਦੁਨੀਆ, ਰਾਏਪੁਰ : ਜ਼ਿੰਬਾਬਵੇ ਖਿਲਾਫ ਪਹਿਲਾ ਟੀ-20 ਮੈਚ ਮੁਸ਼ਕਲ ਨਾਲ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਦੂਜੇ ਮੈਚ ’ਚ ਉਤਰੇਗੀ ਤਾਂ ਉਸ ਲਈ ਸਭ ਤੋਂ ਵੱਡੀ ਚੁਣੌਤੀ ਟਾਪ ਆਰਡਰ ਨੂੰ ਸੰਭਾਲਣਾ ਹੋਵੇਗਾ। ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ’ਚ ਹੋਣ ਵਾਲੇ ਇਸ ਮੈਚ ’ਚ ਭਾਰਤੀ ਬੱਲੇਬਾਜ਼ਾਂ ਦੀ ਨਜ਼ਰ ਬਿਹਤਰ ਸ਼ੁਰੂਆਤ ’ਤੇ ਹੋਵੇਗੀ। ਪਹਿਲੇ ਮੈਚ ’ਚ ਸਿਰਫ 19 ਦੌੜਾਂ ’ਤੇ 4 ਵਿਕਟਾਂ ਗੁਆ ਚੁੱਕੀ ਟੀਮ ਇੰਡੀਆ ਇਸ ਵਾਰ ਸ਼ੁਰੂਆਤੀ ਝਟਕਿਆਂ ਤੋਂ ਬਚ ਕੇ ਵੱਡਾ ਸਕੋਰ ਬਣਾਉਣ ਦੀ ਕੋਸ਼ਿਸ਼ ਕਰੇਗੀ। ਭਾਰਤ 3 ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੈ।
ਸੀਰੀਜ਼ ਦੇ ਪਹਿਲੇ ਮੈਚ ’ਚ ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਅਨੁਸ਼ਕਾ ਸ਼ਰਮਾ ਤੇ ਸਾਬਕਾ ਕਪਤਾਨ ਹਰਮਨਪ੍ਰੀਤ ਕੌਰ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੀਆਂ। ਜ਼ਿੰਬਾਬਵੇ ਦੀ ਆਫ ਸਪਿਨਰ ਨਿਆਸ਼ਾ ਗਵਾਨਜ਼ੂਰਾ ਨੇ ਪਾਵਰਪਲੇ ’ਚ 3 ਵਿਕਟਾਂ ਲੈ ਕੇ ਭਾਰਤੀ ਬੱਲੇਬਾਜ਼ੀ ਕ੍ਰਮ ਨੂੰ ਹਿਲਾ ਕੇ ਰੱਖ ਦਿੱਤਾ। ਪਹਿਲੀਆਂ 4 ਵਿਕਟਾਂ ਛੇਤੀ ਡਿੱਗਣ ਨਾਲ ਟੀਮ ਨੂੰ ਹਾਰ ਦਾ ਖ਼ਤਰਾ ਮੰਡਰਾ ਰਿਹਾ ਸੀ। ਹਾਲਾਂਕਿ ਇਸ ਤੋਂ ਬਾਅਦ ਡੈਬਿਊ ਕਰਨ ਵਾਲੀ ਨਿੱਕੀ ਪ੍ਰਸਾਦ ਤੇ ਤਜਰਬੇਕਾਰ ਆਲਰਾਊਂਡਰ ਦੀਪਤੀ ਸ਼ਰਮਾ ਨੇ ਕਮਾਨ ਸੰਭਾਲੀ। ਦੋਵਾਂ ਵਿਚਾਲੇ 82 ਦੌੜਾਂ ਦੀ ਫੈਸਲਾਕੁੰਨ ਸਾਂਝੇਦਾਰੀ ਨੇ ਭਾਰਤ ਨੂੰ ਮੁਸ਼ਕਲਾਂ ਤੋਂ ਬਾਹਰ ਕਰ ਦਿੱਤਾ ਤੇ ਟੀਮ ਨੇ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਹਮਲਾਵਰ ਕ੍ਰਿਕਟ ਦੀ ਰਣਨੀਤੀ ਨਹੀਂ ਬਦਲੇਗਾ ਭਾਰਤ ਪਹਿਲੇ ਮੈਚ ’ਚ ਆਈਆਂ ਮੁਸ਼ਕਿਲਾਂ ਦੇ ਬਾਵਜੂਦ ਭਾਰਤੀ ਟੀਮ ਹਮਲਾਵਰ ਕ੍ਰਿਕਟ ਖੇਡਣ ਦੀ ਆਪਣੀ ਰਣਨੀਤੀ ’ਤੇ ਕਾਇਮ ਰਹਿਣਾ ਚਾਹੁੰਦੀ ਹੈ। ਦੀਪਤੀ ਸ਼ਰਮਾ ਨੇ ਮੈਚ ਤੋਂ ਬਾਅਦ ਕਿਹਾ ਸੀ ਕਿ ਟੀਮ ਦਾ ਇਰਾਦਾ ਸਾਕਾਰਾਤਮਕ ਤੇ ਹਮਲਾਵਰ ਤਰੀਕੇ ਨਾਲ ਖੇਡਣ ਦਾ ਹੈ। ਕ੍ਰਿਕਟ ’ਚ ਕਈ ਵਾਰ ਹਾਲਾਤ ਵਿਰੋਧੀ ਟੀਮ ਦੇ ਹੱਕ ’ਚ ਹੋ ਜਾਂਦੇ ਹਨ ਪਰ ਹਰ ਮੈਚ ਤੇ ਹਰ ਪਾਰੀ ਤੋਂ ਸਿੱਖਣ ਦੀ ਲੋੜ ਹੁੰਦੀ ਹੈ। ਦੀਪਤੀ ਨੂੰ ਉਮੀਦ ਹੈ ਕਿ ਪਹਿਲੇ ਮੈਚ ’ਚ ਜੋ ਗਲਤੀਆਂ ਹੋਈਆਂ ਉਹ ਅਗਲੇ ਮੈਚ ’ਚ ਨਹੀਂ ਹੋਣਗੀਆਂ।
ਸਮ੍ਰਿਤੀ ਤੇ ਸ਼ੈਫਾਲੀ ਤੋਂ ਵੱਡੀ ਪਾਰੀ ਦੀ ਉਮੀਦ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲ ਰਹੀ ਸਮ੍ਰਿਤੀ ਮੰਧਾਨਾ ਦੂਜੇ ਟੀ-20 ’ਚ ਵੀ ਬੱਲੇ ਨਾਲ ਯੋਗਦਾਨ ਦੇਣਾ ਚਾਹੇਗੀ। ਉਸ ਦੇ ਨਾਲ ਸ਼ੇਫਾਲੀ ਵਰਮਾ ਤੋਂ ਵੀ ਤੇਜ਼ ਸ਼ੁਰੂਆਤ ਦੀ ਉਮੀਦ ਕੀਤੀ ਜਾਵੇਗੀ। ਅਨੁਸ਼ਕਾ ਸ਼ਰਮਾ ਤੇ ਹਰਮਨਪ੍ਰੀਤ ਕੌਰ ਲਈ ਪਿਛਲੇ ਮੈਚ ਦੀ ਅਸਫਲਤਾ ਤੋਂ ਉਭਰਨਾ ਤੇ ਉਪਯੋਗੀ ਪਾਰੀਆਂ ਖੇਡਣਾ ਵੀ ਮਹੱਤਵਪੂਰਨ ਹੋਵੇਗਾ। ਦੂਜੇ ਪਾਸੇ ਡੈਬਿਊ ਮੈਚ ’ਚ ਦਬਾਅ ’ਚ ਨਿੱਕੀ ਪ੍ਰਸਾਦ ਨੇ ਦਿਖਾਏ ਸੰਜਮ ਨੇ ਟੀਮ ਨੂੰ ਕਾਫੀ ਆਤਮ-ਵਿਸ਼ਵਾਸ ਦਿੱਤਾ ਹੈ।
ਟੀਮਾਂ ਭਾਰਤ : ਸਮ੍ਰਿਤੀ ਮੰਧਾਨਾ (ਕੈਪਟਨ), ਸ਼ੇਫਾਲੀ ਵਰਮਾ, ਨਿੱਕੀ ਪ੍ਰਸਾਦ, ਹਰਮਨਪ੍ਰੀਤ ਕੌਰ, ਅਨੁਸ਼ਕਾ ਸ਼ਰਮਾ, ਰਿਚਾ ਘੋਸ਼, ਜੀ ਕਮਾਲਿਨੀ, ਦੀਪਤੀ ਸ਼ਰਮਾ, ਪ੍ਰੇਮਾ ਰਾਵਤ, ਸ੍ਰੀ ਚਰਣੀ, ਨੰਦਨੀ ਸ਼ਰਮਾ, ਕਰਾਂਤੀ ਗੌੜ, ਅਰੁੰਧਤੀ ਰੈੱਡੀ, ਜਿੰਤਿਮਣੀ ਕਲੀਤਾ, ਮਿੰਨੂੰ ਮਣੀ।
ਜ਼ਿੰਬਾਬਵੇ : ਜੋਸੇਫਿਨ ਨਕੋਮੋ (ਕੈਪਟਨ), ਬਿਲਵਡ ਬਿਜਾ, ਚਿਪੋ ਮੁਗੇਰੀ-ਤਿਰਿਪਾਨੋ, ਕੈਲਿਸ ਨਧਲੋਵੁ, ਮਿਸ਼ੇਲ ਮਾਵੁੰਗਾ, ਨਿਆਸ਼ਾ ਗੁਆਂਜ਼ੂਰਾ, ਨੋਮਪਿਲੋ ਸਿਬਾਂਡਾ, ਲੋਰਿਨ ਫਿਰੀ, ਚੀਏਜਾ ਦੁਰੁਰੁ, ਮੋਡੇਸਟਰ ਮੁਪਾਚਿਕਵਾ, ਤੇਂਦਨੇਈ ਮਾਇਕੁਸ਼ਾ।