- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ਦੇ ਨਿਊ ਕੈਂਟ ਰੋਡ ਦੇ ਰਹਿਣ ਵਾਲੇ 26 ਸਾਲਾ ਆਲਰਾਊਂਡਰ ਨਮਨ ਧੀਰ ਨੇ ਕ੍ਰਿਕਟ ਦੇ ਖੇਤਰ ਵਿੱਚ ਆਪਣੇ ਸ਼ਹਿਰ ਦਾ ਨਾਂ ਕੌਮੀ ਪੱਧਰ ’ਤੇ ਰੌਸ਼ਨ ਕਰ ਦਿੱਤਾ ਹੈ। ਘਰੇਲੂ ਕ੍ਰਿਕਟ ਅਤੇ ਆਈ.ਪੀ.ਐੱਲ. ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਪਛਾਣ ਬਣਾਉਣ ਵਾਲੇ ਨਮਨ ਧੀਰ ਨੇ ਐਤਵਾਰ ਨੂੰ ਤਿਰੂਵਨੰਤਪੁਰਮ ਦੇ ਗਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਵਨਡੇ ਮੈਚ ਰਾਹੀਂ ਭਾਰਤੀ ਟੀਮ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਦਮ ਰੱਖਿਆ।

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਦੇ ਨਿਊ ਕੈਂਟ ਰੋਡ ਦੇ ਰਹਿਣ ਵਾਲੇ 26 ਸਾਲਾ ਆਲਰਾਊਂਡਰ ਨਮਨ ਧੀਰ ਨੇ ਕ੍ਰਿਕਟ ਦੇ ਖੇਤਰ ਵਿੱਚ ਆਪਣੇ ਸ਼ਹਿਰ ਦਾ ਨਾਂ ਕੌਮੀ ਪੱਧਰ ’ਤੇ ਰੌਸ਼ਨ ਕਰ ਦਿੱਤਾ ਹੈ। ਘਰੇਲੂ ਕ੍ਰਿਕਟ ਅਤੇ ਆਈ.ਪੀ.ਐੱਲ. ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਪਛਾਣ ਬਣਾਉਣ ਵਾਲੇ ਨਮਨ ਧੀਰ ਨੇ ਐਤਵਾਰ ਨੂੰ ਤਿਰੂਵਨੰਤਪੁਰਮ ਦੇ ਗਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਵਨਡੇ ਮੈਚ ਰਾਹੀਂ ਭਾਰਤੀ ਟੀਮ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਦਮ ਰੱਖਿਆ। ਉਨ੍ਹਾਂ ਨੂੰ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ।
ਨਮਨ ਦੇ ਭਾਰਤੀ ਟੀਮ ਵਿੱਚ ਪਹੁੰਚਣ ਨਾਲ ਫ਼ਰੀਦਕੋਟ ਦੇ ਕ੍ਰਿਕਟ ਪ੍ਰੇਮੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਸੱਜੇ ਹੱਥ ਦੇ ਹਮਲਾਵਰ ਬੱਲੇਬਾਜ਼ ਨਮਨ ਆਫ਼-ਬ੍ਰੇਕ ਗੇਂਦਬਾਜ਼ੀ ਵੀ ਕਰਦੇ ਹਨ। ਉਹ ਇੰਡੀਆ-ਏ ਲਈ ਖੇਡ ਚੁੱਕੇ ਹਨ ਅਤੇ ਆਈ.ਪੀ.ਐੱਲ. ਵਿੱਚ ਮੁੰਬਈ ਇੰਡੀਅਨਜ਼ ਦੀ ਨੁਮਾਇੰਦਗੀ ਕਰਦੇ ਰਹੇ ਹਨ।
64 ਗੇਂਦਾਂ ’ਚ 173 ਦੌੜਾਂ ਦੀ ਤੂਫ਼ਾਨੀ ਪਾਰੀ
ਭਾਰਤੀ ਟੀਮ ਵਿੱਚ ਚੋਣ ਤੋਂ ਪਹਿਲਾਂ ਨਮਨ ਧੀਰ ਨੇ ਸ਼ੇਰ-ਏ-ਪੰਜਾਬ ਟੀ-20 ਲੀਗ ਵਿੱਚ ਆਪਣੀ ਬੱਲੇਬਾਜ਼ੀ ਦਾ ਅਜਿਹਾ ਜਲਵਾ ਦਿਖਾਇਆ, ਜਿਸ ਦੀ ਦੇਸ਼ ਭਰ ਵਿੱਚ ਚਰਚਾ ਹੋਈ। 8 ਸਤੰਬਰ ਨੂੰ ਅੰਮ੍ਰਿਤਸਰ ਸੂਰਮਾਜ਼ ਵੱਲੋਂ ਖੇਡਦਿਆਂ ਉਨ੍ਹਾਂ ਨੇ ਮੋਹਾਲੀ ਕਿੰਗਜ਼ ਖ਼ਿਲਾਫ਼ ਮਹਿਜ਼ 64 ਗੇਂਦਾਂ ਵਿੱਚ 173 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।
ਇਸ ਪਾਰੀ ਵਿੱਚ ਨਮਨ ਨੇ 16 ਚੌਕੇ ਅਤੇ 12 ਛੱਕੇ ਲਗਾਏ। ਉਨ੍ਹਾਂ ਨੇ ਸਿਰਫ਼ 37 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ ਅਤੇ ਅੰਮ੍ਰਿਤਸਰ ਸੂਰਮਾਜ਼ ਨੂੰ 20 ਓਵਰਾਂ ਵਿੱਚ 279 ਦੌੜਾਂ ਦੇ ਵਿਸ਼ਾਲ ਸਕੋਰ ਤੱਕ ਪਹੁੰਚਾਇਆ। ਇਸ ਪ੍ਰਦਰਸ਼ਨ ਲਈ ਨਮਨ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ।
11 ਸਾਲ ਦੀ ਉਮਰ ਵਿੱਚ ਫੜਿਆ ਸੀ ਬੱਲਾ
31 ਦਸੰਬਰ 1999 ਨੂੰ ਜਨਮੇ ਨਮਨ ਧੀਰ ਨੇ ਮਹਿਜ਼ 11 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਫ਼ਰੀਦਕੋਟ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਕ੍ਰਿਕਟ ਸਫ਼ਰ ਜ਼ਿਲ੍ਹਾ ਅਤੇ ਰਾਜ ਪੱਧਰ ਤੋਂ ਹੁੰਦਾ ਹੋਇਆ ਹੁਣ ਭਾਰਤੀ ਟੀਮ ਤੱਕ ਪਹੁੰਚ ਗਿਆ ਹੈ।
ਫ਼ਰੀਦਕੋਟ ਦੇ ਸਰਕਾਰੀ ਬ੍ਰਜਿੰਦਰਾ ਕਾਲਜ ਵਿੱਚ ਪੜ੍ਹਾਈ ਦੌਰਾਨ ਨਮਨ ਨੇ ਕ੍ਰਿਕਟ ਵਿੱਚ ਆਪਣੀ ਪਛਾਣ ਬਣਾਈ। ਦਸੰਬਰ 2022 ਵਿੱਚ ਉਨ੍ਹਾਂ ਦੀ ਚੋਣ ਰਣਜੀ ਟਰਾਫ਼ੀ ਲਈ ਹੋਈ। ਇਸ ਤੋਂ ਬਾਅਦ ਘਰੇਲੂ ਕ੍ਰਿਕਟ ਵਿੱਚ ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਨਾਲ ਚੋਣਕਾਰਾਂ ਦਾ ਧਿਆਨ ਖਿੱਚਿਆ।
2024 ਵਿੱਚ ਸ਼ੁਰੂ ਹੋਇਆ ਆਈ.ਪੀ.ਐੱਲ. ਸਫ਼ਰ
ਨਮਨ ਧੀਰ ਨੇ 2024 ਵਿੱਚ ਮੁੰਬਈ ਇੰਡੀਅਨਜ਼ ਨਾਲ ਆਪਣੇ ਆਈ.ਪੀ.ਐੱਲ. ਸਫ਼ਰ ਦੀ ਸ਼ੁਰੂਆਤ ਕੀਤੀ। ਆਈ.ਪੀ.ਐੱਲ. ਵਿੱਚ ਲਗਾਤਾਰ ਤਜਰਬਾ ਹਾਸਲ ਕਰਦੇ ਹੋਏ ਉਹ 2025 ਅਤੇ 2026 ਦੇ ਸੀਜ਼ਨਾਂ ਵਿੱਚ ਵੀ ਮੁੰਬਈ ਇੰਡੀਅਨਜ਼ ਨਾਲ ਜੁੜੇ ਰਹੇ। ਹੁਣ ਤੱਕ ਉਹ 37 ਆਈ.ਪੀ.ਐੱਲ. ਮੈਚ ਖੇਡ ਕੇ 710 ਦੌੜਾਂ ਬਣਾ ਚੁੱਕੇ ਹਨ, ਜਿਨ੍ਹਾਂ ਵਿੱਚ ਤਿੰਨ ਅਰਧ-ਸੈਂਕੜੇ ਸ਼ਾਮਲ ਹਨ।
ਪਰਿਵਾਰ ਤੇ ਫ਼ਰੀਦਕੋਟ ਵਾਸੀਆਂ ਲਈ ਮਾਣ ਦਾ ਪਲ
ਨਮਨ ਦੇ ਪਿਤਾ ਨਰੇਸ਼ ਕੁਮਾਰ ਧੀਰ ਅਤੇ ਮਾਤਾ ਨਿਰੂਪਮਾ ਨੇ ਦੱਸਿਆ ਕਿ ਨਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਬੇਹੱਦ ਸ਼ੌਕ ਸੀ। ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਘੰਟਿਆਂ ਮੈਦਾਨ ਵਿੱਚ ਅਭਿਆਸ ਕਰਦਾ ਰਿਹਾ ਅਤੇ ਪਰਿਵਾਰ ਨੇ ਹਰ ਪੜਾਅ ’ਤੇ ਉਸ ਦਾ ਸਾਥ ਦਿੱਤਾ।
ਪਰਿਵਾਰ ਅਤੇ ਸਹਾਇਕ ਕੋਚ ਅਰੁਣ ਦੇਵਗਨ ਨੇ ਨਮਨ ਦੇ ਟੀਮ ਇੰਡੀਆ ਤੱਕ ਪਹੁੰਚਣ ’ਤੇ ਖੁਸ਼ੀ ਜ਼ਾਹਰ ਕੀਤੀ। ਇਸ ਮੌਕੇ ਪਰਿਵਾਰ ਨੂੰ ਨਮਨ ਦੇ ਸ਼ੁਰੂਆਤੀ ਕੋਚ ਗਗਨ ਸੰਧੂ ਦੀ ਵੀ ਯਾਦ ਆਈ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਹ ਅੱਜ ਮੌਜੂਦ ਹੁੰਦੇ ਤਾਂ ਆਪਣੇ ਸ਼ਾਗਿਰਦ ਨੂੰ ਭਾਰਤੀ ਟੀਮ ਦੀ ਜਰਸੀ ਵਿੱਚ ਦੇਖ ਕੇ ਬੇਹੱਦ ਮਾਣ ਮਹਿਸੂਸ ਕਰਦੇ।
ਨਿਊ ਕੈਂਟ ਰੋਡ ਤੋਂ ਕ੍ਰਿਕਟ ਦਾ ਸਫ਼ਰ ਸ਼ੁਰੂ ਕਰਨ ਵਾਲੇ ਨਮਨ ਧੀਰ ਲਈ ਟੀਮ ਇੰਡੀਆ ਦੀ ਜਰਸੀ ਤੱਕ ਪਹੁੰਚਣਾ ਇੱਕ ਵੱਡਾ ਮੀਲ ਪੱਥਰ ਹੈ। ਹੁਣ ਫ਼ਰੀਦਕੋਟ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਅੰਤਰਰਾਸ਼ਟਰੀ ਮੰਚ ’ਤੇ ਨਮਨ ਆਪਣੀ ਬੱਲੇਬਾਜ਼ੀ ਅਤੇ ਆਲਰਾਊਂਡ ਪ੍ਰਦਰਸ਼ਨ ਨਾਲ ਕਿਵੇਂ ਪ੍ਰਭਾਵ ਛੱਡਦੇ ਹਨ।