IND vs WI: ਪੰਜਵੇਂ ਟੀ-20 ਤੋਂ ਪਹਿਲਾਂ ਟੀਮ ਇੰਡੀਆ ਨਾਲ ਜੁੜੇ ਭੁਵਨੇਸ਼ਵਰ ਕੁਮਾਰ, ਇਸ ਵਜ੍ਹਾ ਕਰਕੇ ਮਿਲਿਆ ਮੌਕਾ
ਵੈਸਟਇੰਡੀਜ਼ ਖ਼ਿਲਾਫ਼ ਖੇਡੇ ਜਾਣ ਵਾਲੇ ਆਖ਼ਰੀ ਟੀ-20 ਮੈਚ ਤੋਂ ਪਹਿਲਾਂ ਟੀਮ ਇੰਡੀਆ ’ਚ ਇੱਕ ਬਦਲਾਅ ਕੀਤਾ ਗਿਆ ਹੈ।
Publish Date: Fri, 16 Oct 2026 03:20 PM (IST)
Updated Date: Fri, 16 Oct 2026 03:25 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਵੈਸਟਇੰਡੀਜ਼ ਖ਼ਿਲਾਫ਼ ਸ਼ਨੀਵਾਰ ਨੂੰ ਖੇਡੇ ਜਾਣ ਵਾਲੇ ਆਖ਼ਰੀ ਅਤੇ ਫ਼ੈਸਲਾਕੁੰਨ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ’ਚ ਇੱਕ ਬਦਲਾਅ ਹੋਇਆ ਹੈ। ਟੀਮ ’ਚ ਭੁਵਨੇਸ਼ਵਰ ਕੁਮਾਰ ਦੀ ਐਂਟਰੀ ਹੋਈ ਹੈ। ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਇਸ ਦਾ ਐਲਾਨ ਕੀਤਾ। ਭੁਵਨੇਸ਼ਵਰ ਨੂੰ ਅਰਸ਼ਦੀਪ ਸਿੰਘ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਅਰਸ਼ਦੀਪ ਨੂੰ ਚੌਥੇ ਟੀ-20 ਮੈਚ ਦੌਰਾਨ ਮੋਢੇ ’ਤੇ ਸੱਟ ਲੱਗ ਗਈ ਸੀ। ਇਸ ਕਾਰਨ ਉਨ੍ਹਾਂ ਦੇ ਆਖ਼ਰੀ ਮੈਚ ’ਚ ਖੇਡਣ ’ਤੇ ਸ਼ੱਕ ਹੈ।
ਅਰਸ਼ਦੀਪ ਦੇ ਬੈਕਅੱਪ ਵਜੋਂ ਮਿਲੀ ਜਗ੍ਹਾ
ਬੀਸੀਸੀਆਈ ਵੱਲੋਂ ਜਾਰੀ ਬਿਆਨ ’ਚ ਅਰਸ਼ਦੀਪ ਦੀ ਸੱਟ ਬਾਰੇ ਜਾਣਕਾਰੀ ਦਿੱਤੀ ਗਈ ਹੈ, ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਉਹ ਟੀਮ ਤੋਂ ਬਾਹਰ ਹੋ ਗਏ ਹਨ ਜਾਂ ਨਹੀਂ। ਬੀਸੀਸੀਆਈ ਨੇ ਆਪਣੇ ਬਿਆਨ ’ਚ ਕਿਹਾ, “ਭੁਵਨੇਸ਼ਵਰ ਕੁਮਾਰ ਨੂੰ ਅਰਸ਼ਦੀਪ ਸਿੰਘ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਅਰਸ਼ਦੀਪ ਨੂੰ ਹੈਦਰਾਬਾਦ ’ਚ ਖੇਡੇ ਗਏ ਚੌਥੇ ਟੀ-20 ਮੈਚ ਦੌਰਾਨ ਮੋਢੇ ’ਤੇ ਸੱਟ ਲੱਗੀ ਸੀ। ਪੰਜਵੇਂ ਟੀ-20 ’ਚ ਉਨ੍ਹਾਂ ਦੇ ਖੇਡਣ ਬਾਰੇ ਫ਼ੈਸਲਾ ਮੈਚ ਤੋਂ ਪਹਿਲਾਂ ਲਿਆ ਜਾਵੇਗਾ।”
ਪਲੇਇੰਗ-11 ’ਚ ਮਿਲ ਸਕਦਾ ਹੈ ਮੌਕਾ
ਭੁਵਨੇਸ਼ਵਰ ਨੂੰ ਨਿਊਜ਼ੀਲੈਂਡ ਦੌਰੇ ਲਈ ਚੁਣੀ ਗਈ ਟੀਮ ਇੰਡੀਆ ’ਚ ਜਗ੍ਹਾ ਮਿਲੀ ਸੀ। ਇਸ ਦੇ ਨਾਲ ਹੀ ਚਾਰ ਸਾਲ ਬਾਅਦ ਉਨ੍ਹਾਂ ਦੀ ਟੀਮ ’ਚ ਵਾਪਸੀ ਹੋਈ ਸੀ। ਮੰਨਿਆ ਜਾ ਰਿਹਾ ਸੀ ਕਿ ਸੱਜੇ ਹੱਥ ਦਾ ਇਹ ਤੇਜ਼ ਗੇਂਦਬਾਜ਼ ਨਿਊਜ਼ੀਲੈਂਡ ’ਚ ਪਲੇਇੰਗ-11 ਦਾ ਹਿੱਸਾ ਹੋਵੇਗਾ। ਹੁਣ ਸੰਭਾਵਨਾ ਬਣ ਗਈ ਹੈ ਕਿ ਉਨ੍ਹਾਂ ਨੂੰ ਵੈਸਟਇੰਡੀਜ਼ ਖ਼ਿਲਾਫ਼ ਫ਼ੈਸਲਾਕੁੰਨ ਮੈਚ ’ਚ ਖੇਡਣ ਦਾ ਮੌਕਾ ਮਿਲ ਸਕਦਾ ਹੈ।
ਇਸ ਦਾ ਇੱਕ ਵੱਡਾ ਕਾਰਨ ਐੱਮ. ਚਿੰਨਾਸਵਾਮੀ ਸਟੇਡੀਅਮ ’ਚ ਭੁਵਨੇਸ਼ਵਰ ਦਾ ਤਜਰਬਾ ਹੈ। ਭੁਵਨੇਸ਼ਵਰ ਆਈਪੀਐੱਲ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਲਈ ਖੇਡਦੇ ਹਨ। ਪਿਛਲੇ ਦੋ ਸੀਜ਼ਨਾਂ ’ਚ ਇਸ ਟੀਮ ਦੀ ਸਫ਼ਲਤਾ ’ਚ ਭੁਵਨੇਸ਼ਵਰ ਦੀ ਅਹਿਮ ਭੂਮਿਕਾ ਰਹੀ ਹੈ।