IND vs WI 5th T20I : ਮੀਂਹ ਨੇ ਖੋਹਿਆ ਫ਼ੈਸਲਾਕੁੰਨ ਮੈਚ ਦਾ ਰੋਮਾਂਚ, ਭਾਰਤ-ਵੈਸਟਇੰਡੀਜ਼ ਵਿਚਾਲੇ ਸੀਰੀਜ਼ 2-2 ਨਾਲ ਬਰਾਬਰ
ਅਭਿਸ਼ੇਕ ਸ਼ਰਮਾ (6) ਨੇ ਕੀਮੋ ਪਾਲ ਦੀ ਗੇਂਦ ’ਤੇ ਛੱਕਾ ਲਾ ਕੇ ਭਾਰਤੀ ਪਾਰੀ ਦੀ ਸ਼ੁਰੂਆਤ ਕੀਤੀ ਪਰ ਅਗਲੀਆਂ ਗੇਂਦਾਂ ’ਤੇ ਉਹ ਜ਼ਿਆਦਾ ਦੇਰ ਟਿਕ ਨਹੀਂ ਸਕੇ। ਇਕ ਗੇਂਦ ’ਤੇ ਉਸ ਦਾ ਕਮਜ਼ੋਰ ਫਲਿੱਕ ਸ਼ਮਰ ਜੋਸੇਫ ਦੇ ਹੱਥਾਂ ’ਚ ਚਲਾ ਗਿਆ। ਇਸ ਤੋਂ ਬਾਅਦ ਈਸ਼ਾਨ ਕਿਸ਼ਨ ਨੇ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ’ਤੇ ਹਮਲਾ ਬੋਲਿਆ।
Publish Date: Sun, 18 Oct 2026 11:08 AM (IST)
Updated Date: Sun, 18 Oct 2026 11:13 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਸ਼ਨੀਵਾਰ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਗਿਆ ਪੰਜਵਾਂ ਤੇ ਆਖਰੀ ਟੀ-20 ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਸ ਨਾਲ ਪੰਜ ਮੈਚਾਂ ਦੀ ਇਹ ਲੜੀ 2-2 ਨਾਲ ਬਰਾਬਰੀ ’ਤੇ ਆ ਗਈ। ਮੀਂਹ ਕਾਰਨ ਮੈਚ ਨੂੰ 9 ਓਵਰਾਂ ਦਾ ਕਰ ਦਿੱਤਾ ਗਿਆ, ਜਿਸ ’ਚ ਭਾਰਤੀ ਬੱਲੇਬਾਜ਼ਾਂ ਨੇ ਹਮਲਾਵਰ ਅੰਦਾਜ਼ ਦਿਖਾਉਂਦੇ ਹੋਏ 7 ਓਵਰਾਂ ਤੇ 4 ਗੇਂਦਾਂ ’ਚ ਪੰਜ ਵਿਕਟਾਂ ’ਤੇ 118 ਦੌੜਾਂ ਬਣਾਈਆਂ। ਹਾਲਾਂਕਿ ਫਿਰ ਤੋਂ ਬਾਰਿਸ਼ ਸ਼ੁਰੂ ਹੋਣ ਤੋਂ ਬਾਅਦ ਮੈਚ ਨੂੰ ਰੱਦ ਕਰਨਾ ਪਿਆ। ਟੀਚੇ ਦਾ ਪਿੱਛਾ ਕਰਨ ਲਈ ਵੈਸਟਇੰਡੀਜ਼ ਦੀ ਟੀਮ ਮੈਦਾਨ ’ਤੇ ਨਹੀਂ ਉਤਰ ਸਕੀ।
ਚਿੰਨਾਸਵਾਮੀ ਸਟੇਡੀਅਮ ’ਚ ਸ਼ਾਮ ਕਰੀਬ 4 ਵਜੇ ਸ਼ੁਰੂ ਹੋਈ ਬਾਰਿਸ਼ ਕਾਰਨ ਖੇਡ ਰਾਤ 9.15 ’ਤੇ ਹੀ ਬੰਦ ਹੋ ਸਕੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਰਣਨੀਤੀ ਅਪਣਾਈ। ਈਸ਼ਾਨ ਕਿਸ਼ਨ (30) ਤੇ ਨਮਨ ਧੀਰ (24*) ਨੇ ਤੂਫਾਨੀ ਪਾਰੀ ਖੇਡ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਪਰ ਵਰਖਾ ਨੇ ਮੈਚ ਦਾ ਰੋਮਾਂਚ ਅਧੂਰਾ ਛੱਡ ਦਿੱਤਾ।
ਕਿਸ਼ਨ ਨੇ ਸ਼ੈਫਰਡ ਦੇ ਓਵਰ ’ਚ ਮਚਾਈ ਹਲਚਲ ਅਭਿਸ਼ੇਕ ਸ਼ਰਮਾ (6) ਨੇ ਕੀਮੋ ਪਾਲ ਦੀ ਗੇਂਦ ’ਤੇ ਛੱਕਾ ਲਾ ਕੇ ਭਾਰਤੀ ਪਾਰੀ ਦੀ ਸ਼ੁਰੂਆਤ ਕੀਤੀ ਪਰ ਅਗਲੀਆਂ ਗੇਂਦਾਂ ’ਤੇ ਉਹ ਜ਼ਿਆਦਾ ਦੇਰ ਟਿਕ ਨਹੀਂ ਸਕੇ। ਇਕ ਗੇਂਦ ’ਤੇ ਉਸ ਦਾ ਕਮਜ਼ੋਰ ਫਲਿੱਕ ਸ਼ਮਰ ਜੋਸੇਫ ਦੇ ਹੱਥਾਂ ’ਚ ਚਲਾ ਗਿਆ। ਇਸ ਤੋਂ ਬਾਅਦ ਈਸ਼ਾਨ ਕਿਸ਼ਨ ਨੇ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ’ਤੇ ਹਮਲਾ ਬੋਲਿਆ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਰੋਮਾਰੀਓ ਸ਼ੈਫਰਡ ਦੇ ਇੱਕ ਓਵਰ ’ਚ ਦੋ ਛੱਕੇ ਤੇ ਦੋ ਚੌਕੇ ਲਗਾ ਕੇ 24 ਦੌੜਾਂ ਬਣਾਈਆਂ। ਇਸ ਦੌਰਾਨ ਸਕਵੇਅਰ ਲੈੱਗ ’ਤੇ ਉਸ ਦਾ ਸਕੂਪ ਸ਼ਾਟ ਖਾਸ ਖਿੱਚ ਦਾ ਕੇਂਦਰ ਰਿਹਾ। ਕਿਸ਼ਨ ਨੇ ਸਿਰਫ਼ 10 ਗੇਂਦਾਂ ’ਚ 30 ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ ਵੀ ਛੋਟੀ ਪਰ ਆਕਰਸ਼ਕ ਪਾਰੀ ਖੇਡੀ। ਉਸ ਨੇ ਸ਼ਮਰ ਜੋਸੇਫ ਦੇ ਓਵਰ ਪੁਆਇੰਟ ’ਤੇ ਸ਼ਾਨਦਾਰ ਅੱਪਰ ਕੱਟ ਮਾਰਿਆ। ਹਾਲਾਂਕਿ ਵੈਸਟਇੰਡੀਜ਼ ਨੇ ਜਲਦੀ ਹੀ ਵਾਪਸੀ ਕੀਤੀ। ਕਿਸ਼ਨ ਨੂੰ ਜੋਸੇਫ ਨੇ ਰੋਵਮੈਨ ਪਾਵੇਲ ਦੇ ਹੱਥੋਂ ਕੈਚ ਕਰਵਾਇਆ, ਜਦਕਿ ਸ਼ਮਾਰ ਸਪ੍ਰਿੰਗਰ ਨੇ ਸੈਮਸਨ ਨੂੰ ਬੋਲਡ ਕੀਤਾ।
ਧੀਰ ਨੇ ਸੰਭਾਲੀ ਪਾਰੀ ਕਪਤਾਨ ਸ਼੍ਰੇਅਸ ਅਈਅਰ ਨੂੰ 18 ਦੌੜਾਂ ਦੇ ਨਿੱਜੀ ਸਕੋਰ ’ਤੇ ਜੀਵਨ ਦਾਨ ਮਿਲਿਆ, ਪਰ ਉਹ ਇਸ ਦਾ ਪੂਰਾ ਫਾਇਦਾ ਨਹੀਂ ਉਠਾ ਸਕੇ। ਉਸ ਨੇ ਕੁਝ ਚੰਗੇ ਸ਼ਾਟ ਲਾਏ ਪਰ ਕੀਮੋ ਪਾਲ ਦੀ ਗੇਂਦ ’ਤੇ ਸ਼ਮਾਰ ਜੋਸੇਫ ਦੇ ਹੱਥੋਂ ਕੈਚ ਹੋ ਗਏ। ਭਾਰਤ ਨੇ 7ਵੇਂ ਓਵਰ ’ਚ 88 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਅਜਿਹੇ 'ਚ ਨਮਨ ਧੀਰ ਨੇ ਆਖਰੀ ਓਵਰਾਂ ’ਚ ਤੇਜ਼ੀ ਨਾਲ ਦੌੜਾਂ ਬਣਾਈਆਂ। ਉਸ ਨੇ ਪਾਲ ਖਿਲਾਫ 2 ਛੱਕੇ ਤੇ ਇੱਕ ਚੌਕਾ ਲਾਇਆ। ਧੀਰ 6 ਗੇਂਦਾਂ ’ਤੇ ਅਜੇਤੂ 24 ਦੌੜਾਂ ਬਣਾ ਕੇ ਵਾਪਸ ਪਰਤਿਆ, ਜਦਕਿ ਤਿਲਕ ਵਰਮਾ ਤੇਜ਼ੀ ਨਾਲ ਸਕੋਰ ਬਣਾਉਣ ਲਈ ਸੰਘਰਸ਼ ਕਰਦਾ ਰਿਹਾ। ਭਾਰਤ ਨੇ 7 ਓਵਰਾਂ ਤੇ 4 ਗੇਂਦਾਂ ’ਚ ਪੰਜ ਵਿਕਟਾਂ ’ਤੇ 118 ਦੌੜਾਂ ਬਣਾਈਆਂ। ਰਾਤ 10.03 ਵਜੇ ਬਾਰਿਸ਼ ਨੇ ਫਿਰ ਖੇਡ ਰੋਕ ਦਿੱਤੀ। ਵੈਸਟਇੰਡੀਜ਼ ਨੂੰ ਘੱਟੋ-ਘੱਟ 5 ਓਵਰਾਂ ਦਾ ਟੀਚਾ ਦੇਣ ਲਈ ਰਾਤ 10.21 ਵਜੇ ਖੇਡ ਸ਼ੁਰੂ ਕਰਨਾ ਜ਼ਰੂਰੀ ਸੀ ਪਰ ਮੀਂਹ ਨਹੀਂ ਰੁਕਿਆ ਤੇ ਮੈਚ ਰਾਤ 10.18 ਵਜੇ ਰੱਦ ਕਰ ਦਿੱਤਾ ਗਿਆ।
ਸ਼ਾਈ ਹੋਪ ਰਹੇ ਸੀਰੀਜ਼ ਦੇ ਸਭ ਤੋਂ ਵੱਡੇ ਸਟਾਰ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਇਸ ਸੀਰੀਜ਼ ਦੇ ਸਭ ਤੋਂ ਸਫਲ ਬੱਲੇਬਾਜ਼ ਰਹੇ। ਉਸ ਨੇ 4 ਮੈਚਾਂ ’ਚ ਦੋ ਸੈਂਕੜਿਆਂ ਦੀ ਮਦਦ ਨਾਲ 261 ਦੌੜਾਂ ਬਣਾਈਆਂ। ਵੈਸਟਇੰਡੀਜ਼ ਨੇ ਇਸ ਸੀਰੀਜ਼ ’ਚ ਦੋ ਵਾਰ ਦੀ ਮੌਜੂਦਾ ਟੀ-20 ਵਿਸ਼ਵ ਚੈਂਪੀਅਨ ਭਾਰਤੀ ਟੀਮ ਨੂੰ ਸਖਤ ਚੁਣੌਤੀ ਦਿੱਤੀ ਤੇ ਉਸ ਨੂੰ ਫੈਸਲਾਕੁੰਨ ਮੈਚ ਤੱਕ ਜਿੱਤ ਲਈ ਸੰਘਰਸ਼ ਕਰਨਾ ਪਿਆ।
ਭੁਵਨੇਸ਼ਵਰ ਦਾ ਇੰਤਜ਼ਾਰ ਵਧਿਆ: ਇਸ ਮੈਚ 'ਚ ਸਭ ਦੀਆਂ ਨਜ਼ਰਾਂ ਭਾਰਤੀ ਟੀਮ ’ਚ ਵਾਪਸੀ ਕਰ ਰਹੇ ਭੁਵਨੇਸ਼ਵਰ ਕੁਮਾਰ ’ਤੇ ਟਿਕੀਆਂ ਹੋਈਆਂ ਸਨ, ਜੋ ਲਗਭਗ 4 ਸਾਲ ਬਾਅਦ ਟੀ-20 ’ਚ ਵਾਪਸੀ ਕਰ ਰਹੇ ਹਨ। ਉਸ ਨੂੰ ਜ਼ਖਮੀ ਅਰਸ਼ਦੀਪ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਸੀ ਤੇ ਇਸ ਮੈਚ ’ਚ ਉਸ ਦੇ ਖੇਡਣ ਦੀ ਪੂਰੀ ਸੰਭਾਵਨਾ ਸੀ ਪਰ ਬਾਰਿਸ਼ ਕਾਰਨ ਭੁਵਨੇਸ਼ਵਰ ਦਾ ਚਿੰਨਾਸਵਾਮੀ ਦੇ ਖੇਡਣ ਦਾ ਇੰਤਜ਼ਾਰ ਫਿਰ ਵਧ ਗਿਆ। ਹੁਣ ਉਹ 22 ਅਕਤੂਬਰ ਤੋਂ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਖੇਡੇਗਾ।
2002 ’ਚ ਵੈਸਟਇੰਡੀਜ਼ ਨੇ ਪਿਛਲੀ ਵਾਰ ਦੁਵੱਲੀ ਲੜੀ ’ਚ ਭਾਰਤ ਨੂੰ ਹਰਾਇਆ ਸੀ। 7 ਮੈਚਾਂ ਦੀ ਇੱਕ ਰੋਜ਼ਾ ਲੜੀ 4-3 ਨਾਲ ਜਿੱਤੀ ਸੀ।
ਪੂਰੇ ਮੈਂਬਰ ਦੇਸ਼ਾਂ ਵਿਚਾਲੇ ਦੁਵੱਲੀ ਟੀ-20 ਸੀਰੀਜ਼ 'ਚ ਸਭ ਤੋਂ ਵੱਧ ਛੱਕੇ ਛੱਕੇ
ਸੀਰੀਜ਼
ਸਾਲ
120
ਵੈਸਟਇੰਡੀਜ਼ ’ਚ ਇੰਗਲੈਂਡ
2023/24
117
ਵੈਸਟਇੰਡੀਜ਼ ’ਚ ਆਸਟਰੇਲੀਆ
2025
116
ਭਾਰਤ ’ਚ ਨਿਊਜ਼ੀਲੈਂਡ
2026
105
ਭਾਰਤ ’ਚ ਵੈਸਟਇੰਡੀਜ਼
2026
96
ਭਾਰਤ ’ਚ ਵੈਸਟਇੰਡੀਜ਼
2019
96
ਵੈਸਟਇੰਡੀਜ਼ ’ਚ ਇੰਗਲੈਂਡ
2021/22
ਬਾਰਿਸ਼ ਕਾਰਨ ਮੈਚ ਰੱਦ ਕਰਨਾ ਪਿਆ।