IND vs NZ: ਵਿਰਾਟ ਕੋਹਲੀ ਦੇ ਤੂਫ਼ਾਨੀ ਅਰਧ ਸੈਂਕੜੇ ਨਾਲ ਭਾਰਤ ਦੀ ਧਮਾਕੇਦਾਰ ਜਿੱਤ, ਪਹਿਲੇ ਵਨਡੇ 'ਚ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ ਅਰਸ਼ਦੀਪ ਸਿੰਘ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਬਾਅਦ ਵਿੱਚ ਵਿਰਾਟ ਕੋਹਲੀ ਦੇ ਤੂਫ਼ਾਨੀ ਅਰਧ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਬੁੱਧਵਾਰ ਨੂੰ ਆਕਲੈਂਡ ਵਿੱਚ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।
Publish Date: Wed, 04 Nov 2026 03:31 PM (IST)
Updated Date: Wed, 04 Nov 2026 03:32 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਅਰਸ਼ਦੀਪ ਸਿੰਘ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਬਾਅਦ ਵਿੱਚ ਵਿਰਾਟ ਕੋਹਲੀ ਦੇ ਤੂਫ਼ਾਨੀ ਅਰਧ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਬੁੱਧਵਾਰ ਨੂੰ ਆਕਲੈਂਡ ਵਿੱਚ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।
ਈਡਨ ਪਾਰਕ ਵਿੱਚ ਖੇਡੇ ਗਏ ਇਸ ਮੁਕਾਬਲੇ ਦੌਰਾਨ ਤਿੰਨ ਵਾਰ ਮੀਂਹ ਨੇ ਖੇਡ ਵਿੱਚ ਵਿਘਨ ਪਾਇਆ। ਪਹਿਲਾਂ ਮੀਂਹ ਕਾਰਨ ਟਾਸ ਵਿੱਚ ਦੇਰੀ ਹੋਈ। ਇਸ ਤੋਂ ਬਾਅਦ ਦੂਜੀ ਵਾਰ ਮੀਂਹ ਪੈਣ ਕਾਰਨ ਮੈਚ ਦੇ 10 ਓਵਰ ਘਟਾ ਦਿੱਤੇ ਗਏ। ਉਸ ਸਮੇਂ ਭਾਰਤ ਨੂੰ 40 ਓਵਰਾਂ ਵਿੱਚ 167 ਦੌੜਾਂ ਦਾ ਟੀਚਾ ਮਿਲਿਆ ਸੀ।
ਮੀਂਹ ਰੁਕਣ ਤੋਂ ਬਾਅਦ ਮੈਚ ਮੁੜ ਸ਼ੁਰੂ ਹੋਇਆ, ਪਰ ਇੱਕ ਓਵਰ ਬਾਅਦ ਹੀ ਫਿਰ ਮੀਂਹ ਪੈਣ ਲੱਗ ਪਿਆ। ਇਸ ਵਾਰ ਮੈਚ ਵਿੱਚੋਂ 8 ਓਵਰ ਹੋਰ ਘਟਾ ਦਿੱਤੇ ਗਏ ਅਤੇ ਭਾਰਤ ਨੂੰ 32 ਓਵਰਾਂ ਵਿੱਚ 143 ਦੌੜਾਂ ਦਾ ਟੀਚਾ ਦਿੱਤਾ ਗਿਆ।
ਗਿੱਲ-ਕੋਹਲੀ ਦੀ ਸ਼ਾਨਦਾਰ ਪਾਰੀ ਨਾਲ ਜਿੱਤਿਆ ਭਾਰਤ ਪਹਿਲੇ ਹੀ ਓਵਰ ਵਿੱਚ ਰੋਹਿਤ ਸ਼ਰਮਾ ਦੀ ਵਿਕਟ ਡਿੱਗਣ ਤੋਂ ਬਾਅਦ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਨੇ ਕ੍ਰੀਜ਼ 'ਤੇ ਮੋਰਚਾ ਸੰਭਾਲ ਲਿਆ। ਦੋਵਾਂ ਨੇ ਦੂਜੀ ਵਿਕਟ ਲਈ 104 ਗੇਂਦਾਂ ਵਿੱਚ 113 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।
ਗਿੱਲ ਅਤੇ ਕੋਹਲੀ ਦੇ ਸਾਹਮਣੇ ਨਿਊਜ਼ੀਲੈਂਡ ਦੇ ਗੇਂਦਬਾਜ਼ ਬੇਵੱਸ ਨਜ਼ਰ ਆਏ। ਵਿਰਾਟ ਕੋਹਲੀ ਨੇ 13 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਸਿਰਫ਼ 51 ਗੇਂਦਾਂ ਵਿੱਚ 74 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਉੱਥੇ ਹੀ ਸ਼ੁਭਮਨ ਗਿੱਲ ਨੇ 56 ਗੇਂਦਾਂ ਵਿੱਚ 37 ਦੌੜਾਂ ਬਣਾ ਕੇ ਕੋਹਲੀ ਦਾ ਬਾਖੂਬੀ ਸਾਥ ਦਿੱਤਾ।
ਦੋਵਾਂ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ 23ਵੇਂ ਓਵਰ ਵਿੱਚ ਹੀ ਆਸਾਨੀ ਨਾਲ ਮੁਕਾਬਲਾ ਆਪਣੇ ਨਾਮ ਕਰ ਲਿਆ।
ਅਰਸ਼ਦੀਪ ਦੀ ਅਗਵਾਈ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 185 ਦੌੜਾਂ 'ਤੇ ਸਮੇਟਿਆ ਇਸ ਤੋਂ ਪਹਿਲਾਂ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਜਿਸ ਨੂੰ ਭਾਰਤੀ ਗੇਂਦਬਾਜ਼ਾਂ ਨੇ ਸਹੀ ਸਾਬਤ ਕਰ ਦਿੱਤਾ। ਅਰਸ਼ਦੀਪ ਸਿੰਘ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਦੀ ਪੂਰੀ ਟੀਮ ਨੂੰ 40.2 ਓਵਰਾਂ ਵਿੱਚ 185 ਦੌੜਾਂ 'ਤੇ ਆਊਟ ਕਰ ਦਿੱਤਾ।
ਅਰਸ਼ਦੀਪ ਤੋਂ ਇਲਾਵਾ ਗੁਰਨੂਰ ਬਰਾੜ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਦਕਿ ਅੰਸ਼ੁਲ ਕੰਬੋਜ ਨੇ ਦੋ ਵਿਕਟਾਂ ਆਪਣੇ ਨਾਮ ਕੀਤੀਆਂ। ਨਿਊਜ਼ੀਲੈਂਡ ਵੱਲੋਂ ਟਿਮ ਸੀਫਰਟ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਗਲੇਨ ਫਿਲਿਪਸ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਉੱਥੇ ਹੀ ਆਖਰੀ ਓਵਰਾਂ ਵਿੱਚ ਬਲੇਅਰ ਟਿਕਨਰ ਨੇ ਸਿਰਫ਼ 22 ਗੇਂਦਾਂ ਵਿੱਚ ਤੂਫ਼ਾਨੀ 34 ਦੌੜਾਂ ਦੀ ਪਾਰੀ ਖੇਡ ਕੇ ਨਿਊਜ਼ੀਲੈਂਡ ਦੇ ਸਕੋਰ ਨੂੰ 200 ਦੇ ਨੇੜੇ ਪਹੁੰਚਾਇਆ।