IND VS NZ : ਮੁਹੰਮਦ ਸਿਰਾਜ ਦੂਜੇ ਟੈਸਟ ਮੈਚ ਤੋਂ ਵੀ ਰਹਿ ਸਕਦੇ ਹਨ ਬਾਹਰ ! ਗੁਰਨੂਰ ਬਰਾੜ ਨੂੰ ਮਿਲ ਸਕਦੈ ਡੈਬਿਊ ਦਾ ਮੌਕਾ, ਮੋਰਨੇ ਮੋਰਕਲ ਨੇ ਦਿੱਤੇ ਸੰਕੇਤ
ਉਨ੍ਹਾਂ ਕਿਹਾ ਕਿ ਇਹ ਸਭ ਸਖ਼ਤ ਮਿਹਨਤ ਕਰਨ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਬਾਰੇ ਹੈ। ਹਾਲਾਂਕਿ ਮੋਰਕਲ ਨੇ ਸਿਰਾਜ ਦੇ ਟੀਮ ਤੋਂ ਬਾਹਰ ਰਹਿਣ ਦੀ ਪੁਸ਼ਟੀ ਨਹੀਂ ਕੀਤੀ, ਪਰ ਉਨ੍ਹਾਂ ਦੇ ਬਿਆਨਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਤੇਜ਼ ਗੇਂਦਬਾਜ਼ ਨੂੰ ਵਾਪਸੀ ਲਈ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।
Publish Date: Thu, 26 Nov 2026 04:05 PM (IST)
Updated Date: Thu, 26 Nov 2026 04:19 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ੁੱਕਰਵਾਰ ਤੋਂ ਦੂਜੇ ਟੈਸਟ ਮੈਚ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਪਹਿਲੇ ਟੈਸਟ ਮੈਚ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਪਲੇਇੰਗ ਇਲੈਵਨ ਵਿੱਚ ਜਗ੍ਹਾ ਨਹੀਂ ਮਿਲੀ ਸੀ, ਜਿਸ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਸੀ। ਹੁਣ ਦੂਜੇ ਟੈਸਟ ਮੈਚ ਵਿੱਚ ਵੀ ਮੁਹੰਮਦ ਸਿਰਾਜ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਭਾਰਤੀ ਟੀਮ ਦੇ ਬਾਲਿੰਗ ਕੋਚ ਮੋਰਨੇ ਮੋਰਕਲ ਨੇ ਇਸ ਦੇ ਸੰਕੇਤ ਦਿੱਤੇ ਹਨ।
ਦੂਜੇ ਟੈਸਟ ਮੈਚ ਤੋਂ ਇਕ ਦਿਨ ਪਹਿਲਾਂ ਭਾਰਤੀ ਟੀਮ ਦੇ ਬਾਲਿੰਗ ਕੋਚ ਨੇ ਕਿਹਾ ਕਿ ਪਲੇਇੰਗ ਇਲੈਵਨ ਵਿੱਚ ਆਪਣੀ ਜਗ੍ਹਾ ਮੁੜ ਹਾਸਲ ਕਰਨ ਲਈ ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਨੂੰ ਅਜੇ ਹੋਰ ਮਿਹਨਤ ਕਰਨ ਦੀ ਲੋੜ ਹੈ।
ਚੋਣ ਕਰਨਾ ਸਾਡੇ ਹੱਥ 'ਚ ਨਹੀਂ: ਮੋਰਨੇ ਮੋਰਕਲ ਮੋਰਨੇ ਮੋਰਕਲ ਨੇ ਮੁਹੰਮਦ ਸਿਰਾਜ ਨੂੰ 'ਵਿਸ਼ਵ ਪੱਧਰੀ' ਗੇਂਦਬਾਜ਼ ਦੱਸਿਆ ਅਤੇ ਕਿਹਾ ਕਿ ਇਸ ਤੇਜ਼ ਗੇਂਦਬਾਜ਼ ਨੂੰ ਟੀਮ ਵਿੱਚ ਵਾਪਸੀ ਲਈ ਸਭ ਤੋਂ ਵਧੀਆ ਰਸਤਾ ਲੱਭਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਟੀਮ ਦੀ ਚੋਣ ਕਰਨਾ ਹਮੇਸ਼ਾ ਹੀ ਮੁਸ਼ਕਲ ਫ਼ੈਸਲਾ ਹੁੰਦਾ ਹੈ। ਇਹ ਕੋਈ ਆਸਾਨ ਕੰਮ ਨਹੀਂ ਹੈ। ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਖਿਡਾਰੀਆਂ ਨਾਲ ਲਗਾਤਾਰ ਗੱਲਬਾਤ ਕਰਦੇ ਰਹੀਏ।
ਮੋਰਕਲ ਨੇ ਕਿਹਾ ਕਿ ਚੋਣ ਕਰਨਾ ਸਾਡੇ ਹੱਥ ਵਿੱਚ ਨਹੀਂ ਹੈ। ਫਿਲਹਾਲ ਅਸੀਂ ਸਿਰਫ਼ ਇੰਨਾ ਕਰ ਸਕਦੇ ਹਾਂ ਕਿ ਜਿਹੜੇ ਖਿਡਾਰੀ ਮੈਦਾਨ ਵਿੱਚ ਖੇਡ ਰਹੇ ਹਨ, ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇ। ਅਜਿਹਾ ਕਰਨਾ ਹੀ ਸਹੀ ਹੈ ਕਿਉਂਕਿ ਹਰ ਖਿਡਾਰੀ ਦਾ ਵੀ ਭਾਰਤ ਲਈ ਖੇਡਣ ਦਾ ਸੁਪਨਾ ਹੁੰਦਾ ਹੈ।
ਭਾਰਤੀ ਬਾਲਿੰਗ ਕੋਚ ਨੇ ਅੱਗੇ ਕਿਹਾ ਕਿ ਸਿਰਾਜ ਨੂੰ ਆਪਣੇ ਖੇਡ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਨੂੰ ਇਹ ਦੇਖਣਾ ਹੋਵੇਗਾ ਕਿ ਇਸ ਸਮੇਂ ਉਹ ਕਿਸ ਸਥਿਤੀ ਵਿੱਚ ਹਨ ਅਤੇ ਟੀਮ ਵਿੱਚ ਵਾਪਸੀ ਲਈ ਉਨ੍ਹਾਂ ਵਾਸਤੇ ਸਭ ਤੋਂ ਵਧੀਆ ਰਸਤਾ ਕੀ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਸਭ ਸਖ਼ਤ ਮਿਹਨਤ ਕਰਨ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਬਾਰੇ ਹੈ। ਹਾਲਾਂਕਿ ਮੋਰਕਲ ਨੇ ਸਿਰਾਜ ਦੇ ਟੀਮ ਤੋਂ ਬਾਹਰ ਰਹਿਣ ਦੀ ਪੁਸ਼ਟੀ ਨਹੀਂ ਕੀਤੀ, ਪਰ ਉਨ੍ਹਾਂ ਦੇ ਬਿਆਨਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਤੇਜ਼ ਗੇਂਦਬਾਜ਼ ਨੂੰ ਵਾਪਸੀ ਲਈ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਕੀ ਗੁਰਨੂਰ ਬਰਾੜ ਕਰਨਗੇ ਟੈਸਟ ਡੈਬਿਊ
ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ਵਿੱਚ ਸਿਰਫ਼ ਇੱਕ ਬਦਲਾਅ ਹੋਣ ਦੀ ਸੰਭਾਵਨਾ ਹੈ। ਲੰਬੇ ਕੱਦ ਵਾਲੇ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੂੰ ਟੀਮ ਵਿੱਚ ਮੌਕਾ ਮਿਲ ਸਕਦਾ ਹੈ।
ਗੁਰਨੂਰ ਬਰਾੜ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਦੀ ਜਗ੍ਹਾ ਲੈ ਸਕਦੇ ਹਨ, ਜਿਨ੍ਹਾਂ ਦਾ ਪਹਿਲੇ ਟੈਸਟ ਮੈਚ ਵਿੱਚ ਪ੍ਰਦਰਸ਼ਨ ਕਾਫ਼ੀ ਮੁਸ਼ਕਲ ਭਰਿਆ ਰਿਹਾ ਸੀ।
ਇਸ ਮੈਦਾਨ ਦੀਆਂ ਹਾਲਾਤਾਂ ਆਮ ਤੌਰ 'ਤੇ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਮੰਨੀਆਂ ਜਾਂਦੀਆਂ ਹਨ। ਗੁਰਨੂਰ ਦਾ ਲੰਬਾ ਕੱਦ ਅਤੇ ਗੇਂਦ ਨੂੰ ਵਾਧੂ ਉਛਾਲ ਦੇਣ ਦੀ ਸਮਰੱਥਾ ਉਨ੍ਹਾਂ ਨੂੰ ਹੈਗਲੀ ਓਵਲ ਵਿੱਚ ਭਾਰਤੀ ਟੀਮ ਲਈ ਇੱਕ ਵਧੀਆ ਆਪਸ਼ਨ ਬਣਾ ਸਕਦੀ ਹੈ।