- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਊਜ਼ੀਲੈਂਡ ਦੌਰੇ 'ਤੇ ਖੇਡੀ ਜਾ ਰਹੀ ਟੈਸਟ ਸੀਰੀਜ਼ ਵਿੱਚ ਮੁਹੰਮਦ ਸਿਰਾਜ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਪਹਿਲੇ ਟੈਸਟ ਮੈਚ ਵਿੱਚ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਦੂਜੇ ਟੈਸਟ ਵਿੱਚ ਵੀ ਉਮੀਦ ਸੀ ਕਿ ਉਨ੍ਹਾਂ ਨੂੰ ਮੌਕਾ ਮਿਲੇਗਾ ਪਰ ਫਿਰ ਨਿਰਾਸ਼ਾ ਹੱਥ ਲੱਗੀ। ਕਿਸਮਤ ਨੇ ਮੈਚ ਦੇ ਵਿਚਕਾਰ ਕੁਝ ਅਜਿਹੀਆਂ ਸਥਿਤੀਆਂ ਬਣਾਈਆਂ ਕਿ ਸਿਰਾਜ ਦੀ ਵਾਪਸੀ ਦੀਆਂ ਉਮੀਦਾਂ ਜਾਗੀਆਂ, ਪਰ ਇਹ ਵੀ ਟੁੱਟ ਗਈਆਂ। ਇਸ ਤੋਂ ਬਾਅਦ ਹੁਣ ਸਵਾਲ ਉੱਠਣ ਲੱਗਾ ਹੈ ਕਿ ਕੀ ਸਿਰਾਜ ਦਾ ਕਰੀਅਰ ਟੀਮ ਇੰਡੀਆ ਦੇ ਨਾਲ ਖ਼ਤਮ ਹੋ ਗਿਆ ਹੈ?

ਸਿਰਾਜ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਚੱਕਰ ਵਿੱਚ ਭਾਰਤ ਲਈ ਸਭ ਤੋਂ ਵੱਧ 43 ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ ਹਰ ਵਿਦੇਸ਼ੀ ਦੌਰੇ 'ਤੇ ਸ਼ਾਨਦਾਰ ਖੇਡ ਦਿਖਾਇਆ ਹੈ ਅਤੇ ਪੂਰੀ ਜਾਨ ਨਾਲ ਗੇਂਦਬਾਜ਼ੀ ਕੀਤੀ ਹੈ। ਇਸ ਦੀ ਉਦਾਹਰਨ ਇੰਗਲੈਂਡ ਦੌਰਾ ਸੀ। ਹਾਲਾਂਕਿ, ਫਿਰ ਵੀ ਨਿਊਜ਼ੀਲੈਂਡ ਦੌਰੇ 'ਤੇ ਉਨ੍ਹਾਂ ਨੂੰ ਪਲੇਇੰਗ-11 ਵਿੱਚ ਤਰਜੀਹ ਨਹੀਂ ਦਿੱਤੀ ਗਈ ਅਤੇ ਇਸ ਦੀ ਖੂਬ ਆਲੋਚਨਾ ਵੀ ਹੋਈ।
ਪਹਿਲੇ ਟੈਸਟ ਮੈਚ ਵਿੱਚ ਸਿਰਾਜ ਨੂੰ ਮੌਕਾ ਨਾ ਮਿਲਣ 'ਤੇ ਟੀਮ ਮੈਨੇਜਮੈਂਟ ਖ਼ਾਸ ਕਰਕੇ ਗੌਤਮ ਗੰਭੀਰ ਦੀ ਖੂਬ ਆਲੋਚਨਾ ਹੋਈ ਸੀ। ਲੱਗਿਆ ਸੀ ਕਿ ਦੂਜੇ ਮੈਚ ਵਿੱਚ ਉਨ੍ਹਾਂ ਨੂੰ ਮੌਕਾ ਮਿਲੇਗਾ ਪਰ ਅਜਿਹਾ ਹੋਇਆ ਨਹੀਂ। ਫਿਰ ਮੈਚ ਦੇ ਤੀਜੇ ਦਿਨ ਪਹਿਲੇ ਸੈਸ਼ਨ ਵਿੱਚ ਆਕਾਸ਼ਦੀਪ ਨੂੰ ਸੱਟ ਲੱਗੀ ਸੀ। ਟੀਮ ਇੰਡੀਆ ਜਦੋਂ ਦੂਜੀ ਪਾਰੀ ਵਿੱਚ ਗੇਂਦਬਾਜ਼ੀ ਕਰਨ ਉਤਰੀ ਤਾਂ ਆਕਾਸ਼ਦੀਪ ਨੂੰ ਬਾਹਰ ਕੀਤਾ ਗਿਆ ਕਿਉਂਕਿ ਉਨ੍ਹਾਂ ਦੇ ਸਿਰ 'ਤੇ ਸੱਟ ਲੱਗੀ ਸੀ, ਜਿਸ ਕਾਰਨ ਕਨਕਸ਼ਨ ਕਰਕੇ ਉਨ੍ਹਾਂ ਨੂੰ ਬਾਹਰ ਕੀਤਾ ਗਿਆ।
ਅਜਿਹੀ ਸਥਿਤੀ ’ਚ ਜਿਹੜਾ ਖਿਡਾਰੀ ਬਾਹਰ ਜਾਂਦਾ ਹੈ, ਉਸ ਦੀ ਥਾਂ ਬਦਲਵਾਂ ਖਿਡਾਰੀ ਆਉਂਦਾ ਹੈ। ਉਦੋਂ ਲੱਗਿਆ ਕਿ ਹੋ ਸਕਦਾ ਹੈ ਮੈਨੇਜਮੈਂਟ ਸਿਰਾਜ ਨੂੰ ਮੌਕਾ ਦੇ ਦੇਵੇ। ਇਸ ਦੇ ਪਿੱਛੇ ਕਾਰਨ ਇਹ ਸੀ ਕਿ ਸਿਰਾਜ ਤੋਂ ਇਲਾਵਾ ਪ੍ਰਸਿੱਧ ਕ੍ਰਿਸ਼ਨਾ ਇੱਕ ਤਜਰਬੇਕਾਰ ਬਦਲ ਸਨ ਪਰ ਕ੍ਰਿਸ਼ਨਾ ਪਹਿਲੇ ਟੈਸਟ ਮੈਚ ਵਿੱਚ ਮਹਿੰਗੇ ਸਾਬਤ ਹੋਏ ਸਨ ਅਤੇ ਉਨ੍ਹਾਂ ਦੀ ਥਾਂ ਇਸ ਮੈਚ ਵਿੱਚ ਗੁਰਨੂਰ ਬਰਾੜ ਨੂੰ ਮੌਕਾ ਮਿਲਿਆ ਸੀ। ਅਜਿਹੇ ਵਿੱਚ ਲੱਗਿਆ ਸੀ ਕਿ ਸਿਰਾਜ ਨੂੰ ਮੌਕਾ ਮਿਲ ਜਾਵੇਗਾ ਪਰ ਟੀਮ ਮੈਨੇਜਮੈਂਟ ਨੇ ਸਿਰਾਜ ਨੂੰ ਨਹੀਂ ਚੁਣਿਆ ਅਤੇ ਕ੍ਰਿਸ਼ਨਾ ਹੀ ਕਨਕਸ਼ਨ ਸਬਸਟੀਟਿਊਟ ਵਜੋਂ ਟੀਮ ਵਿੱਚ ਆਏ।
ਇਸ ਦੌਰੇ 'ਤੇ ਸਿਰਾਜ ਨੂੰ ਜਿਸ ਤਰ੍ਹਾਂ ਨਾਲ ਨਜ਼ਰਅੰਦਾਜ਼ ਕੀਤਾ ਗਿਆ ਹੈ, ਉਸ ਨੂੰ ਦੇਖ ਕੇ ਇਹੀ ਲੱਗਦਾ ਹੈ ਕਿ ਟੀਮ ਮੈਨੇਜਮੈਂਟ ਨੂੰ ਉਹ ਪਸੰਦ ਨਹੀਂ ਆ ਰਹੇ ਹਨ ਅਤੇ ਇਸੇ ਕਰਕੇ ਉਨ੍ਹਾਂ ਨੂੰ ਆਖ਼ਰੀ ਮੌਕਾ ਦੇਣਾ ਵੀ ਠੀਕ ਨਹੀਂ ਸਮਝਿਆ ਗਿਆ। ਅਜਿਹੇ ਵਿੱਚ ਸਿਰਾਜ ਦੇ ਕਰੀਅਰ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਜੇ ਮੌਜੂਦਾ ਟੀਮ ਮੈਨੇਜਮੈਂਟ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ ਹੈ ਤਾਂ ਫਿਰ ਅੱਗੇ ਵੀ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੀ ਆਦਤ ਪ੍ਰਸ਼ੰਸਕਾਂ ਨੂੰ ਪਾ ਲੈਣੀ ਚਾਹੀਦੀ ਹੈ। ਸਿਰਾਜ ਨੇ ਜਿਸ ਸ਼ਿੱਦਤ ਨਾਲ ਭਾਰਤੀ ਟੀਮ ਵਿੱਚ ਯੋਗਦਾਨ ਦਿੱਤਾ ਹੈ, ਉਹ ਕੋਈ ਭੁੱਲ ਨਹੀਂ ਸਕਦਾ।
ਗਿੱਲ ਨੇ ਪਹਿਲਾ ਟੈਸਟ ਮੈਚ ਖ਼ਤਮ ਹੋਣ ਤੋਂ ਬਾਅਦ ਕਿਹਾ ਸੀ ਕਿ ਸਿਰਾਜ ਇਸ ਸਮੇਂ ਫਾਰਮ ਵਿੱਚ ਨਹੀਂ ਹਨ, ਪਰ ਦੇਖਿਆ ਜਾਵੇ ਤਾਂ ਸਿਰਾਜ ਨੇ ਇੰਡੀਆ-ਏ ਲਈ ਖੇਡਦਿਆਂ ਵਧੀਆ ਕੀਤਾ ਸੀ ਅਤੇ ਲੈਅ ਹਾਸਲ ਕੀਤੀ ਸੀ। ਉਨ੍ਹਾਂ ਨੇ ਕ੍ਰਾਈਸਟਚਰਚ ਵਿੱਚ ਨਿਊਜ਼ੀਲੈਂਡ-ਏ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਚਾਰ ਵਿਕਟਾਂ ਲਈਆਂ ਸਨ। ਇਸ ਤੋਂ ਬਾਅਦ ਉਹ ਭਾਰਤ ਦੀ ਵਨਡੇ ਟੀਮ ਨਾਲ ਜੁੜੇ ਸਨ ਅਤੇ ਆਖ਼ਰੀ ਮੈਚ ਵਿੱਚ ਦੋ ਵਿਕਟਾਂ ਲੈ ਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹ ਲੈਅ ਹਾਸਲ ਕਰ ਚੁੱਕੇ ਸਨ ਅਤੇ ਜੇ ਮੌਕਾ ਮਿਲਦਾ ਤਾਂ ਉਹ ਵਧੀਆ ਕਰ ਸਕਦੇ ਸਨ, ਪਰ ਟੀਮ ਮੈਨੇਜਮੈਂਟ ਨੇ ਉਨ੍ਹਾਂ ਦੇ ਇਸ ਪ੍ਰਦਰਸ਼ਨ ਵੱਲ ਸ਼ਾਇਦ ਧਿਆਨ ਨਹੀਂ ਦਿੱਤਾ।