IND vs AFG: ਮੁਹੰਮਦ ਸਿਰਾਜ ਦੇ ਖੇਡਣ 'ਤੇ ਸਸਪੈਂਸ, 6 ਫੁੱਟ 5 ਇੰਚ ਲੰਬੇ ਇਸ ਖਿਡਾਰੀ ਨੂੰ ਮਿਲ ਸਕਦਾ ਹੈ ਡੈਬਿਊ ਦਾ ਮੌਕਾ
ਉਨ੍ਹਾਂ ਨੇ 31 ਮਈ ਨੂੰ ਹੋਏ ਫਾਈਨਲ ਸਮੇਤ ਹਰ ਮੈਚ ਖੇਡਿਆ ਹੈ। ਭਾਵੇਂ ਫਾਈਨਲ ਵਿੱਚ ਗੁਜਰਾਤ ਟਾਈਟਨਸ ਨੂੰ ਆਰਸੀਬੀ ਹੱਥੋਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਲਗਾਤਾਰ ਖੇਡਣ ਕਾਰਨ ਇਸ ਟੈਸਟ ਮੈਚ ਲਈ ਸਿਰਾਜ ਨੂੰ ਆਰਾਮ ਦੇਣ ਦੀ ਚਰਚਾ ਚੱਲ ਰਹੀ ਹੈ।
Publish Date: Wed, 03 Jun 2026 01:14 PM (IST)
Updated Date: Wed, 03 Jun 2026 01:21 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਇੱਕਮਾਤਰ ਟੈਸਟ ਮੈਚ 13 ਜੂਨ ਤੋਂ ਨਿਊ ਚੰਡੀਗੜ੍ਹ ਵਿਖੇ ਖੇਡਿਆ ਜਾਣਾ ਹੈ। ਇਸ ਅਹਿਮ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਮੈਨੇਜਮੈਂਟ ਅਗਲੇ 48 ਘੰਟਿਆਂ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਵਰਕਲੋਡ 'ਤੇ ਆਖਰੀ ਫ਼ੈਸਲਾ ਲਵੇਗੀ। ਜੇਕਰ 32 ਸਾਲਾ ਸਿਰਾਜ ਨੂੰ ਇਸ ਮੈਚ ਵਿੱਚ ਆਰਾਮ ਦਿੱਤਾ ਜਾਂਦਾ ਹੈ ਤਾਂ ਆਕਿਬ ਨਬੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਭਾਰਤੀ ਟੀਮ ਦੇ ਕੈਂਪ ਨਾਲ ਜੁੜ ਵੀ ਗਏ ਹਨ ਹਾਲਾਂਕਿ ਉਨ੍ਹਾਂ ਨੂੰ ਅਜੇ ਅਧਿਕਾਰਤ ਟੈਸਟ ਸਕੁਐਡ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਮੁਹੰਮਦ ਸਿਰਾਜ ਨੂੰ ਆਰਾਮ ਮਿਲਿਆ ਤਾਂ ਕਿਸਦੀ ਖੁੱਲ੍ਹੇਗੀ ਕਿਸਮਤ
'ਟਾਈਮਜ਼ ਆਫ਼ ਇੰਡੀਆ' ਦੀ ਰਿਪੋਰਟ ਮੁਤਾਬਕ, ਮੈਡੀਕਲ ਸਟਾਫ਼ ਮੁਹੰਮਦ ਸਿਰਾਜ ਦੀ ਫਿਟਨੈੱਸ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਸਿਰਾਜ ਚੰਡੀਗੜ੍ਹ ਪਹੁੰਚ ਚੁੱਕੇ ਹਨ ਪਰ ਅਗਲੇ ਦੋ ਦਿਨਾਂ ਦੇ ਮੁਲਾਂਕਣ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਉਹ ਮੈਚ ਖੇਡਣਗੇ ਜਾਂ ਨਹੀਂ। ਗੁਜਰਾਤ ਟਾਈਟਨਸ ਵੱਲੋਂ ਖੇਡਦਿਆਂ ਸਿਰਾਜ ਲਈ ਆਈਪੀਐਲ 2026 ਦਾ ਸੀਜ਼ਨ ਕਾਫ਼ੀ ਲੰਬਾ ਰਿਹਾ ਹੈ।
ਉਨ੍ਹਾਂ ਨੇ 31 ਮਈ ਨੂੰ ਹੋਏ ਫਾਈਨਲ ਸਮੇਤ ਹਰ ਮੈਚ ਖੇਡਿਆ ਹੈ। ਭਾਵੇਂ ਫਾਈਨਲ ਵਿੱਚ ਗੁਜਰਾਤ ਟਾਈਟਨਸ ਨੂੰ ਆਰਸੀਬੀ ਹੱਥੋਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਲਗਾਤਾਰ ਖੇਡਣ ਕਾਰਨ ਇਸ ਟੈਸਟ ਮੈਚ ਲਈ ਸਿਰਾਜ ਨੂੰ ਆਰਾਮ ਦੇਣ ਦੀ ਚਰਚਾ ਚੱਲ ਰਹੀ ਹੈ। ਦੂਜੇ ਪਾਸੇ, ਸਿਲੈਕਸ਼ਨ ਕਮੇਟੀ ਬਿਲਕੁਲ ਤਜ਼ਰਬੇਹੀਣ ਗੇਂਦਬਾਜ਼ੀ ਅਟੈਕ ਮੈਦਾਨ 'ਤੇ ਉਤਾਰਨ ਦੇ ਹੱਕ ਵਿੱਚ ਵੀ ਨਹੀਂ ਹੈ।
ਗੁਰਨੂਰ ਬਰਾੜ ਕਰ ਸਕਦੇ ਨੇ ਡੈਬਿਊ
ਜੇਕਰ ਸਿਲੈਕਟਰਜ਼ ਆਖਰੀ ਸਮੇਂ 'ਤੇ ਸਿਰਾਜ ਨੂੰ ਆਰਾਮ ਦੇਣ ਦਾ ਫ਼ੈਸਲਾ ਕਰਦੇ ਹਨ ਤਾਂ ਪੰਜਾਬ ਦੇ 6 ਫੁੱਟ 5 ਇੰਚ ਲੰਬੇ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ ਅਤੇ ਨਬੀ ਨੂੰ ਮੁੱਖ ਸਕੁਐਡ ਵਿੱਚ ਜੋੜਿਆ ਜਾਵੇਗਾ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਿਰਾਜ ਦਾ ਸੀਜ਼ਨ ਕਾਫ਼ੀ ਲੰਬਾ ਰਿਹਾ ਹੈ, ਇਸ ਲਈ ਜੇਕਰ ਉਹ ਬਾਹਰ ਹੁੰਦੇ ਹਨ ਤਾਂ ਪੂਰੀ ਸੰਭਾਵਨਾ ਹੈ ਕਿ ਗੁਰਨੂਰ ਬਰਾੜ ਪਲੇਇੰਗ-11 ਵਿੱਚ ਖੇਡਣਗੇ।
ਦੱਸ ਦੇਈਏ ਕਿ ਆਕਿਬ ਨਬੀ ਨੇ ਪਿਛਲੇ ਰਣਜੀ ਟਰਾਫੀ ਸੀਜ਼ਨ ਵਿੱਚ 60 ਵਿਕਟਾਂ ਲੈ ਕੇ ਜੰਮੂ-ਕਸ਼ਮੀਰ ਨੂੰ ਖ਼ਿਤਾਬ ਜਿਤਾਇਆ ਸੀ। ਉਹ ਇਸ ਵੇਲੇ ਭਾਰਤੀ ਟੀਮ ਦੇ 6 ਨੈੱਟ ਗੇਂਦਬਾਜ਼ਾਂ ਵਿੱਚੋਂ ਇੱਕ ਵਜੋਂ ਜੁੜੇ ਹੋਏ ਹਨ। ਨਬੀ ਤੋਂ ਇਲਾਵਾ ਤੇਜ਼ ਗੇਂਦਬਾਜ਼ ਗੁਰਜਪਨੀਤ ਸਿੰਘ, ਪ੍ਰਿੰਸ ਯਾਦਵ ਅਤੇ ਸਪਿਨਰ ਸਾਰਾਂਸ਼ ਜੈਨ, ਜ਼ੀਸ਼ਾਨ ਅੰਸਾਰੀ ਅਤੇ ਸ਼ਿਵਾਂਗ ਕੁਮਾਰ ਵੀ ਨੈੱਟਸ ਵਿੱਚ ਭਾਰਤੀ ਬੱਲੇਬਾਜ਼ਾਂ ਨੂੰ ਅਭਿਆਸ ਕਰਵਾ ਰਹੇ ਹਨ। ਇਹ ਮੈਚ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੈ।
IND vs AFG: ਭਾਰਤ ਦੀ ਸੰਭਾਵਿਤ ਪਲੇਇੰਗ-11
ਸ਼ੁਭਮਨ ਗਿੱਲ (ਕਪਤਾਨ), ਕੇ.ਐੱਲ. ਰਾਹੁਲ, ਯਸ਼ਸਵੀ ਜਾਇਸਵਾਲ, ਦੇਵਦੱਤ ਪੱਡੀਕਲ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਤੀਸ਼ ਕੁਮਾਰ ਰੈੱਡੀ, ਹਰਸ਼ ਦੂਬੇ, ਕੁਲਦੀਪ ਯਾਦਵ, ਗੁਰਨੂਰ ਬਰਾੜ, ਮੁਹੰਮਦ ਸਿਰਾਜ/ਆਕਿਬ ਨਬੀ।