'ਗੌਤਮ ਗੰਭੀਰ ਨੇ ਮੈਨੂੰ ਦੇਸ਼ਧ੍ਰੋਹੀ ਕਿਹਾ, ਗਾਲ੍ਹ ਵੀ ਕੱਢੀ', ਸ਼੍ਰੀਸੰਤ ਨੇ ਟੀਮ ਇੰਡੀਆ ਦੇ ਹੈੱਡ ਕੋਚ 'ਤੇ ਲਾਏ ਵੱਡੇ ਦੋਸ਼
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਐੱਸ. ਸ਼੍ਰੀਸੰਤ ਨੇ ਟੀਮ ਇੰਡੀਆ ਦੇ ਮੌਜੂਦਾ ਕੋਚ ਗੌਤਮ ਗੰਭੀਰ 'ਤੇ ਗੰਭੀਰ ਦੋਸ਼ ਲਾਏ ਹਨ। ਸ਼੍ਰੀਸੰਤ ਨੇ ਦਾਅਵਾ ਕੀਤਾ ਹੈ ਕਿ ਇੱਕ ਮੈਚ ਦੌਰਾਨ ਗੰਭੀਰ ਨੇ ਉਨ੍ਹਾਂ ਨੂੰ 'ਦੇਸ਼ਧ੍ਰੋਹੀ' ਕਿਹਾ ਅਤੇ ਅੰਗਰੇਜ਼ੀ ਵਿੱਚ ਗਾਲ੍ਹ ਵੀ ਕੱਢੀ।
Publish Date: Sat, 20 Jun 2026 03:39 PM (IST)
Updated Date: Sat, 20 Jun 2026 03:41 PM (IST)

ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਐੱਸ. ਸ਼੍ਰੀਸੰਤ ਨੇ ਟੀਮ ਇੰਡੀਆ ਦੇ ਮੌਜੂਦਾ ਕੋਚ ਗੌਤਮ ਗੰਭੀਰ 'ਤੇ ਗੰਭੀਰ ਦੋਸ਼ ਲਾਏ ਹਨ। ਸ਼੍ਰੀਸੰਤ ਨੇ ਦਾਅਵਾ ਕੀਤਾ ਹੈ ਕਿ ਇੱਕ ਮੈਚ ਦੌਰਾਨ ਗੰਭੀਰ ਨੇ ਉਨ੍ਹਾਂ ਨੂੰ 'ਦੇਸ਼ਧ੍ਰੋਹੀ' ਕਿਹਾ ਅਤੇ ਅੰਗਰੇਜ਼ੀ ਵਿੱਚ ਗਾਲ੍ਹ ਵੀ ਕੱਢੀ।
ਸ਼੍ਰੀਸੰਤ ਨੇ ਦੱਸਿਆ ਕਿ ਉਹ 2023 ਵਿੱਚ 'ਲੀਜੈਂਡਜ਼ ਲੀਗ ਕ੍ਰਿਕਟ' (LLC) ਵਿੱਚ ਖੇਡ ਰਹੇ ਸਨ। ਇਸ ਲੀਗ ਦੇ ਇੱਕ ਮੈਚ ਦੌਰਾਨ ਗੰਭੀਰ ਨੇ ਉਨ੍ਹਾਂ ਨੂੰ ਦੇਸ਼ਧ੍ਰੋਹੀ ਕਿਹਾ ਅਤੇ ਅਪਸ਼ਬਦ ਬੋਲੇ। ਦੱਸ ਦੇਈਏ ਕਿ ਇਹ ਦੋਵੇਂ ਖਿਡਾਰੀ ਸਾਲ 2007 ਵਿੱਚ ਟੀ-20 ਵਰਲਡ ਕੱਪ ਅਤੇ ਸਾਲ 2011 ਵਿੱਚ ਵਨਡੇ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ।
ਗੁੱਸੇ ’ਚ ਆ ਗਏ ਸਨ ਗੰਭੀਰ
ਸ਼੍ਰੀਸੰਤ ਨੇ 'ਲੱਲਨਟੌਪ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਮੈਚ ਦੌਰਾਨ ਉਨ੍ਹਾਂ ਨੇ ਗੰਭੀਰ ਨੂੰ ਇੱਕ ਬਾਊਂਸਰ ਗੇਂਦ ਸੁੱਟੀ ਸੀ, ਜਿਸ ਨਾਲ ਉਹ ਗੁੱਸੇ ਵਿੱਚ ਆ ਗਏ। ਸ਼੍ਰੀਸੰਤ ਨੇ ਕਿਹਾ, "ਗੌਤੀ ਪਹਿਲੀ ਹੀ ਗੇਂਦ 'ਤੇ ਅੱਗੇ ਵਧੇ ਅਤੇ ਫਲਿੱਕ ਸ਼ਾਟ ਖੇਡ ਦਿੱਤਾ, ਕਿਉਂਕਿ ਉਹ ਮੇਰੀ ਖੇਡ ਨੂੰ ਜਾਣਦੇ ਹਨ।
ਉਹ ਇੱਕ ਸ਼ਾਨਦਾਰ ਕ੍ਰਿਕਟਰ ਹਨ ਪਰ ਕੋਚ ਕਿਹੋ ਜਿਹੇ ਹਨ, ਮੈਂ ਇਹ ਨਹੀਂ ਕਹਿ ਸਕਦਾ। ਫਿਰ ਮੈਂ ਉਨ੍ਹਾਂ ਨੂੰ ਬਾਊਂਸਰ ਸੁੱਟ ਦਿੱਤੀ। ਤੁਹਾਨੂੰ ਪਤਾ ਹੈ ਉਨ੍ਹਾਂ ਨੇ ਕੀ ਕੀਤਾ? ਉਨ੍ਹਾਂ ਨੇ ਸਾਫ਼ ਤੌਰ 'ਤੇ ਮੈਨੂੰ ਗਾਲ੍ਹ ਕੱਢੀ। ਉਨ੍ਹਾਂ ਨੇ ਉਹ ਸ਼ਬਦ ਕਹੇ ਜੋ ਉਨ੍ਹਾਂ ਨੂੰ ਨਹੀਂ ਕਹਿਣੇ ਚਾਹੀਦੇ ਸਨ। ਉਨ੍ਹਾਂ ਨੇ ਮੈਨੂੰ ਫਿਕਸਰ ਕਿਹਾ।"
ਸ਼੍ਰੀਸੰਤ ਨੇ ਅੱਗੇ ਦੱਸਿਆ, "ਮੈਂ ਥੋੜ੍ਹਾ ਝੁਕ ਕੇ ਬੋਲਿਆ - ਗੌਤੀ ਬਾਈ, ਤੁਸੀਂ ਠੀਕ ਹੋ? ਮੈਂ ਉਨ੍ਹਾਂ ਦੇ ਸਾਹਮਣੇ ਕਾਫ਼ੀ ਵੱਡਾ ਦਿਖ ਰਿਹਾ ਸੀ, ਅਜਿਹਾ ਲੱਗਦਾ ਸੀ ਕਿ ਮੈਂ ਉਨ੍ਹਾਂ ਨੂੰ ਮਾਰ ਦਵਾਂਗਾ। ਇਸ ਤੋਂ ਬਾਅਦ ਉਨ੍ਹਾਂ ਨੇ 'F' ਸ਼ਬਦ (ਅਪਸ਼ਬਦ) ਦੀ ਵਰਤੋਂ ਕੀਤੀ। ਫਿਰ ਉਨ੍ਹਾਂ ਨੇ ਦੁਬਾਰਾ ਮੈਨੂੰ ਫਿਕਸਰ ਅਤੇ ਦੇਸ਼ਧ੍ਰੋਹੀ ਕਿਹਾ।"
ਸ਼੍ਰੀਸੰਤ 'ਤੇ ਲੱਗੇ ਸਨ ਦੋਸ਼
ਸਾਲ 2013 ਵਿੱਚ ਹੋਏ ਆਈ.ਪੀ.ਐੱਲ. (IPL) ਸਪਾਟ ਫਿਕਸਿੰਗ ਮਾਮਲੇ ਵਿੱਚ ਸ਼੍ਰੀਸੰਤ 'ਤੇ ਲਾਈਫ-ਟਾਈਮ ਪਾਬੰਦੀ ਲਗਾਈ ਗਈ ਸੀ। ਰਾਜਸਥਾਨ ਰਾਇਲਜ਼ ਵੱਲੋਂ ਖੇਡਦੇ ਹੋਏ ਉਨ੍ਹਾਂ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਖਿਡਾਰੀਆਂ 'ਤੇ ਸਪਾਟ ਫਿਕਸਿੰਗ ਦੇ ਦੋਸ਼ ਲੱਗੇ ਸਨ। ਹਾਲਾਂਕਿ, ਬੀ.ਸੀ.ਸੀ.ਆਈ. (BCCI) ਨੇ ਬਾਅਦ ਵਿੱਚ ਇਸ ਨੂੰ ਘਟਾ ਕੇ ਸੱਤ ਸਾਲ ਦੀ ਪਾਬੰਦੀ ਕਰ ਦਿੱਤਾ ਸੀ ਅਤੇ 2020 ਵਿੱਚ ਸ਼੍ਰੀਸੰਤ ਦੁਬਾਰਾ ਖੇਡਣ ਦੇ ਯੋਗ ਹੋ ਗਏ ਸਨ। ਗੰਭੀਰ ਦੀ ਟਿੱਪਣੀ ਸ਼ਾਇਦ ਇਸੇ ਮਾਮਲੇ ਨੂੰ ਲੈ ਕੇ ਸੀ।