ਭਾਰਤ ਲਈ ਹੁਣ ਹਰ ਟੈਸਟ 'ਕਰੋ ਜਾਂ ਮਰੋ' ਵਾਲਾ : ਸ੍ਰੀਲੰਕਾ ਨਾਲ ਦੂਜਾ ਟੈਸਟ ਡਰਾਅ ਹੋਣ ਤੋਂ ਬਾਅਦ WTC ਫਾਈਨਲ ਦੀ ਰਾਹ ਹੋਈ ਔਖੀ
ਸ੍ਰੀਲੰਕਾ ਖ਼ਿਲਾਫ਼ ਟੈਸਟ ਲੜੀ ’ਚ ਭਾਰਤ ਲਈ ਨਤੀਜੇ ਉਮੀਦ ਮੁਤਾਬਕ ਨਹੀਂ ਰਹੇ, ਜਦੋਂ ਭਾਰਤੀ ਟੀਮ ਸ੍ਰੀਲੰਕਾ ਪਹੁੰਚੀ ਸੀ ਤਾਂ ਉਸ ਕੋਲ 2-0 ਨਾਲ ਸੀਰੀਜ਼ ਜਿੱਤ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਯੂਟੀਸੀ) ਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕਰਨ ਦੀ ਚੁਣੌਤੀ ਸੀ।
Publish Date: Sat, 29 Aug 2026 11:03 AM (IST)
Updated Date: Sat, 29 Aug 2026 11:06 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਸ੍ਰੀਲੰਕਾ ਖ਼ਿਲਾਫ਼ ਟੈਸਟ ਲੜੀ ’ਚ ਭਾਰਤ ਲਈ ਨਤੀਜੇ ਉਮੀਦ ਮੁਤਾਬਕ ਨਹੀਂ ਰਹੇ, ਜਦੋਂ ਭਾਰਤੀ ਟੀਮ ਸ੍ਰੀਲੰਕਾ ਪਹੁੰਚੀ ਸੀ ਤਾਂ ਉਸ ਕੋਲ 2-0 ਨਾਲ ਸੀਰੀਜ਼ ਜਿੱਤ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਯੂਟੀਸੀ) ਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕਰਨ ਦੀ ਚੁਣੌਤੀ ਸੀ। ਭਾਰਤੀ ਟੀਮ ਨੇ ਗਾਲ ਟੈਸਟ 165 ਦੌੜਾਂ ਨਾਲ ਜਿੱਤ ਕੇ ਇਸ ਵੱਲ ਕਦਮ ਵਧਾਇਆ ਸੀ ਪਰ ਸ੍ਰੀਲੰਕਾ ਨੇ ਕੋਲੰਬੋ ਟੈਸਟ ਜਿੱਤ ਕੇ ਉਸ ਦਾ ਰਸਤਾ ਕਾਫੀ ਮੁਸ਼ਕਲ ਬਣਾ ਲਿਆ ਹੈ। ਹੁਣ ਭਾਰਤੀ ਟੀਮ ਨੂੰ ਡਬਲਿਯੂਟੀਸੀ ਚੱਕਰ 2025-27 ’ਚ ਸੱਤ ਟੈਸਟ ਮੈਚ ਖੇਡਣੇ ਹਨ। ਇਨ੍ਹਾਂ ’ਚੋਂ 2 ਟੈਸਟ ਮੈਚ ਨਿਊਜ਼ੀਲੈਂਡ ਖਿਲਾਫ ਤੇ ਪੰਜ ਟੈਸਟ ਮੈਚ ਆਸਟ੍ਰੇਲੀਆ ਖਿਲਾਫ ਹੋਣਗੇ ਤੇ ਜੇਕਰ ਉਸ ਨੇ ਡਬਲਿਯੂਟੀਸੀ ਦੇ ਫਾਈਨਲ ’ਚ ਜਗ੍ਹਾ ਬਣਾਉਣੀ ਹੈ ਤਾਂ ਉਸ ਨੂੰ ਇਨ੍ਹਾਂ ਸਾਰੇ ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ।
ਜਦੋਂ ਭਾਰਤੀ ਟੀਮ ਸ੍ਰੀਲੰਕਾ ਪਹੁੰਚੀ ਤਾਂ ਉਸ ਦੇ 9 ਟੈਸਟ ਮੈਚ ਸਨ। ਭਾਰਤ ਨੇ ਸ੍ਰੀਲੰਕਾ ’ਚ 2 ਟੈਸਟ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤੀ ਪਰ ਇਸ ਦੌਰੇ ਤੋਂ 24 ’ਚੋਂ ਸਿਰਫ 16 ਅੰਕ ਹੀ ਹਾਸਲ ਕਰ ਸਕੇ। ਭਾਰਤ ਹੁਣ 51.52 ਪ੍ਰਤੀਸ਼ਤ ਅੰਕਾਂ (ਪੀਸੀਟੀ) ਨਾਲ ਡਬਲਿਯੂਟੀਸੀ ਅੰਕ ਸੂਚੀ ’ਚ ਪੰਜਵੇਂ ਸਥਾਨ 'ਤੇ ਹੈ। ਹੁਣ ਭਾਰਤ ਦੇ ਇਸ ਡਬਲਿਯੂਟੀਸੀ ਚੱਕਰ ’ਚ ਸਿਰਫ਼ 7 ਟੈਸਟ ਬਾਕੀ ਹਨ। ਅਕਤੂਬਰ-ਨਵੰਬਰ ’ਚ ਨਿਊਜ਼ੀਲੈਂਡ ਖਿਲਾਫ ਘਰੇਲੂ ਮੈਦਾਨ ’ਚ 2 ਟੈਸਟ ਮੈਚ ਤੇ ਫਿਰ ਦਸੰਬਰ-ਜਨਵਰੀ ’ਚ ਆਸਟ੍ਰੇਲੀਆ ਖਿਲਾਫ ਘਰੇਲੂ ਮੈਦਾਨ ’ਚ ਪੰਜ ਟੈਸਟ ਮੈਚ ਹਨ, ਜੇਕਰ ਭਾਰਤ ਆਪਣੇ ਬਾਕੀ 7 ਟੈਸਟ ਜਿੱਤਦਾ ਹੈ ਤਾਂ ਉਸ ਦਾ ਪੀਸਟੀ 70.37 ਪ੍ਰਤੀਸ਼ਤ ਤੱਕ ਪਹੁੰਚ ਜਾਵੇਗਾ। ਅਜਿਹੇ ’ਚ ਉਸ ਦੇ ਫਾਈਨਲ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਜਾਣਗੀਆਂ।
ਉੱਥੇ ਹੀ ਜੇਕਰ ਭਾਰਤ 6 ਟੈਸਟ ਮੈਚ ਜਿੱਤਦਾ ਹੈ ਤੇ ਇੱਕ ਹਾਰਦਾ ਹੈ ਤਾਂ ਉਸ ਦਾ ਪੀਸੀਟੀ ਲਗਭਗ 65 ਪ੍ਰਤੀਸ਼ਤ ਹੋਵੇਗਾ, ਜੇਕਰ ਅਸੀਂ ਪਿਛਲੇ ਦੋ ਡਬਲਿਯੂਟੀਸੀ ਚੱਕਰ ਦੇ ਨਤੀਜਿਆਂ ’ਤੇ ਨਜ਼ਰ ਮਾਰੀਏ ਤਾਂ ਫਾਈਨਲ ਦੀ ਦੌੜ ਨੂੰ ਬਰਕਰਾਰ ਰੱਖਣ ਲਈ ਇਹ ਸਕੋਰ ਬਹੁਤ ਮਹੱਤਵਪੂਰਨ ਹੋ ਸਕਦਾ ਹੈ ਪਰ ਫਿਰ ਭਾਰਤ ਨੂੰ ਹੋਰ ਟੀਮਾਂ ਦੇ ਨਤੀਜਿਆਂ ’ਤੇ ਵੀ ਨਜ਼ਰ ਰੱਖਣੀ ਪਵੇਗੀ। ਸਭ ਤੋਂ ਮੁਸ਼ਕਲ ਸਥਿਤੀ ਹੋਵੇਗੀ, ਜੇਕਰ ਭਾਰਤ ਨਿਊਜ਼ੀਲੈਂਡ ਤੋਂ 0-2 ਨਾਲ ਹਾਰਦਾ ਹੈ ਤੇ ਘਰੇਲੂ ਸੀਰੀਜ਼ ’ਚ ਆਸਟਰੇਲੀਆ ਨੂੰ 5-0 ਨਾਲ ਹਰਾਉਂਦਾ ਹੈ। ਅਜਿਹੇ ’ਚ ਭਾਰਤ ਦਾ ਫਾਈਨਲ ਪੀਸੀਟੀ 59.26 ਫੀਸਦੀ ਦੇ ਕਰੀਬ ਰਹੇਗਾ ਤੇ ਫਿਰ ਫਾਈਨਲ ਦੀ ਟਿਕਟ ਹਾਸਲ ਕਰਨ ਲਈ ਉਸ ਨੂੰ ਹੋਰ ਮੈਚਾਂ ਦੇ ਨਤੀਜਿਆਂ ’ਤੇ ਕਾਫੀ ਨਿਰਭਰ ਕਰਨਾ ਪਵੇਗਾ। ਯਾਨੀ ਕਿ ਹੁਣ ਭਾਰਤ ਲਈ ਇਹ ਸਮੀਕਰਨ ਬਿਲਕੁਲ ਸਪੱਸ਼ਟ ਹੈ ਕਿ ਨਿਊਜ਼ੀਲੈਂਡ ’ਚ ਜਿੱਤ ਤੇ ਆਸਟ੍ਰੇਲੀਆ ਖਿਲਾਫ ਘਰੇਲੂ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਹੀ ਫਾਈਨਲ ’ਚ ਟਿਕਟ ਹਾਸਲ ਕਰਨ ਦਾ ਸਭ ਤੋਂ ਮਜ਼ਬੂਤ ਤਰੀਕਾ ਹੈ। ਸ੍ਰੀਲੰਕਾ ’ਚ 1-0 ਦੀ ਜਿੱਤ ਨੇ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ ਪਰ ਹੁਣ ਇਕ ਖਰਾਬ ਸੀਰੀਜ਼ ਵੀ ਭਾਰਤ ਨੂੰ ਭਾਰੀ ਪੈ ਸਕਦੀ ਹੈ।
ਆਸਟ੍ਰੇਲੀਆ ਹੈ ਸਭ ਤੋਂ ਮਜ਼ਬੂਤ ਦਾਅਵੇਦਾਰ : ਆਸਟ੍ਰੇਲੀਆ ਇਸ ਸਮੇਂ 80 ਪ੍ਰਤੀਸ਼ਤ ਪੀਸੀਟੀ ਨਾਲ ਸੂਚੀ ’ਚ ਸਿਖਰ 'ਤੇ ਹੈ। ਉਸ ਨੇ 10 ਮੈਚਾਂ ’ਚ ਅੱਠ ਜਿੱਤਾਂ ਤੇ ਦੋ ਹਾਰਾਂ ਦਰਜ ਕੀਤੀਆਂ ਹਨ। ਉਸ ਦੇ 12 ਟੈਸਟ ਬਾਕੀ ਹਨ, ਜਿਨ੍ਹਾਂ 'ਚੋਂ ਉਸ ਨੂੰ ਦੱਖਣੀ ਅਫਰੀਕਾ ਵਿਰੁੱਧ ਤਿੰਨ, ਨਿਊਜ਼ੀਲੈਂਡ ਵਿਰੁੱਧ ਚਾਰ ਤੇ ਭਾਰਤ ਵਿਰੁੱਧ ਪੰਜ ਟੈਸਟ ਮੈਚ ਖੇਡਣੇ ਹਨ। ਆਸਟਰੇਲੀਆ ਲਈ 6 ਜਿੱਤਾਂ ਤੇ ਇੱਕ ਡਰਾਅ ਉਨ੍ਹਾਂ ਨੂੰ 65 ਪ੍ਰਤੀਸ਼ਤ ਤੋਂ ਉੱਪਰ ਲੈ ਜਾਵੇਗਾ, ਜਦਕਿ ਸੱਤ ਜਿੱਤਾਂ ਤੇ ਇੱਕ ਡਰਾਅ ਉਨ੍ਹਾਂ ਨੂੰ 70 ਪ੍ਰਤੀਸ਼ਤ ਦੇ ਨੇੜੇ ਲਿਜਾ ਸਕਦੇ ਹਨ।
ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਵੀ ਮਜ਼ਬੂਤ : ਦੱਖਣੀ ਅਫਰੀਕਾ 72.22 ਫੀਸਦੀ ਨਾਲ ਮਜ਼ਬੂਤ ਸਥਿਤੀ 'ਚ ਹੈ। ਉਸ ਦੇ 10 ਟੈਸਟ ਬਾਕੀ ਹਨ, ਜਿਨ੍ਹਾਂ 'ਚੋਂ 8 ਘਰੇਲੂ ਮੈਦਾਨ 'ਤੇ ਹਨ। ਛੇ ਜਿੱਤਾਂ ਤੇ ਇੱਕ ਡਰਾਅ ਉਹ 66.67 ਪ੍ਰਤੀਸ਼ਤ ਤੱਕ ਲੈ ਜਾ ਸਕਦਾ ਹੈ। ਨਿਊਜ਼ੀਲੈਂਡ ਵੀ 72.22 ਫੀਸਦੀ ਨਾਲ ਤੀਜੇ ਸਥਾਨ 'ਤੇ ਹੈ। ਭਾਰਤ ਤੇ ਸ੍ਰੀਲੰਕਾ ਖਿਲਾਫ ਉਨ੍ਹਾਂ ਦੇ ਘਰੇਲੂ ਟੈਸਟ ਤੇ ਆਸਟ੍ਰੇਲੀਆ ਦੇ ਖਿਲਾਫ ਚਾਰ ਮੈਚ ਉਨ੍ਹਾਂ ਦਾ ਰਾਹ ਤੈਅ ਕਰਨਗੇ। ਸੱਤ ਜਿੱਤਾਂ ਉਸ ਨੂੰ ਲਗਭਗ 70.83 ਪ੍ਰਤੀਸ਼ਤ ਤੱਕ ਲੈ ਜਾ ਸਕਦੀਆਂ ਹਨ, ਜਦਕਿ ਬੰਗਲਾਦੇਸ਼ ਚੌਥੇ ਸਥਾਨ ’ਤੇ ਹੈ ਤੇ ਉਸ ਦੇ ਛੇ ਟੈਸਟ ਬਾਕੀ ਹਨ। ਚਾਰ ਮੈਚ ਘਰੇਲੂ ਮੈਦਾਨ 'ਤੇ ਹਨ, ਜੇਕਰ ਉਹ ਚਾਰ ਟੈਸਟ ਜਿੱਤਦਾ ਹੈ ਤੇ ਦੋ ਡਰਾਅ ਕਰਦਾ ਹੈ ਤਾਂ ਉਸ ਦਾ ਪੀਸੀਟੀ 66.67 ਪ੍ਰਤੀਸ਼ਤ ਤੱਕ ਪਹੁੰਚ ਸਕਦਾ ਹੈ।
ਸੀਰੀਜ਼ ਤੋਂ ਭਾਰਤ ਨੂੰ ਮਿਲੇ ਕਈ ਸਵਾਲਾਂ ਦੇ ਜਵਾਬ ਨਵੀਂ ਦਿੱਲੀ : ਭਾਰਤੀ ਟੀਮ ਦੇ ਸ੍ਰੀਲੰਕਾ ਪਹੁੰਚਣ ’ਤੇ ਟੈਸਟ ਟੀਮ ਨੂੰ ਲੈ ਕੇ ਕਈ ਸਵਾਲ ਉੱਠੇ ਸਨ। ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਖਿਲਾਫ ਘਰੇਲੂ ਮੈਦਾਨ ’ਤੇ ਸਪਿਨਰਾਂ ਨਾਲ ਜੂਝ ਰਹੀ ਭਾਰਤ ਦੀ ਬੱਲੇਬਾਜ਼ੀ ਸ਼ੱਕ ਦੇ ਘੇਰੇ ’ਚ ਸੀ ਪਰ ਟੀਮ ਨੂੰ ਦੋ ਟੈਸਟ ਮੈਚਾਂ ਦੀ ਸੀਰੀਜ਼ ’ਚ ਉਨ੍ਹਾਂ ਸਵਾਲਾਂ ਦੇ ਜਵਾਬ ਮਿਲ ਗਏ। ਇਸ ਸੀਰੀਜ਼ ਦੀ ਸਭ ਤੋਂ ਵੱਡੀ ਪ੍ਰਾਪਤੀ ਦੇਵਦੱਤ ਪਡਿਕਲ ਨੇ ਤੀਜੇ ਨੰਬਰ ’ਤੇ ਆਪਣੇ ਆਪ ਨੂੰ ਭਰੋਸੇਮੰਦ ਬੱਲੇਬਾਜ਼ ਸਾਬਤ ਕਰਨਾ ਸੀ। ਉਥੇ ਹੀ ਮਾਨਵ ਸੁਥਾਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਵਿੱਖ ਦੀ ਉਮੀਦ ਜਗਾਈ। ਸ੍ਰੀਲੰਕਾ ਖਿਲਾਫ ਸੀਰੀਜ਼ ’ਚ ਭਾਰਤ ਲਈ ਪਡਿੱਕਲ ਸਭ ਤੋਂ ਵੱਡੇ ਬੱਲੇਬਾਜ਼ੀ ਹੀਰੋ ਸਨ। ਉਹ ਤਿੰਨ ਪਾਰੀਆਂ ’ਚ 109.33 ਦੀ ਔਸਤ ਨਾਲ 328 ਦੌੜਾਂ ਬਣਾਉਣ ਤੇ 2 ਸੈਂਕੜੇ ਲਾਉਣ ਤੋਂ ਬਾਅਦ ਪਲੇਅਰ ਆਫ਼ ਦਿ ਸੀਰੀਜ਼ ਬਣਿਆ।
ਖਾਸ ਗੱਲ ਇਹ ਸੀ ਕਿ ਉਸ ਨੇ ਸ੍ਰੀਲੰਕਾ ਦੇ ਸਪਿਨਰਾਂ ਦਾ ਸਾਹਮਣਾ ਸਵੀਪ ਜਾਂ ਰਿਵਰਸ ਸਵੀਪ ਵਰਗੇ ਸ਼ਾਟ ਨਾਲ ਨਹੀਂ ਸਗੋਂ ਸ਼ਾਨਦਾਰ ਫੁਟਵਰਕ ਤੇ ਬੈਕਫੁੱਟ ਖੇਡ ਨਾਲ ਕੀਤਾ। ਕਪਤਾਨ ਸ਼ੁਭਮਨ ਗਿੱਲ ਵੀ ਹੁਣ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹਨ। ਉਸ ਨੇ ਕਿਹਾ ਕਿ ਜੇਕਰ ਪਡਿਕਲ ਇਸੇ ਤਰ੍ਹਾਂ ਬੱਲੇਬਾਜ਼ੀ ਕਰਦੇ ਰਹੇ ਤਾਂ ਟੀਮ ਯਕੀਨੀ ਤੌਰ 'ਤੇ ਉਸ ਨੂੰ ਤੀਜੇ ਨੰਬਰ 'ਤੇ ਰੱਖੇਗੀ। ਇਸ ਦਾ ਮਤਲਬ ਹੈ ਕਿ ਬੀ ਸਾਈ ਸੁਦਰਸ਼ਨ ਦੀ ਵਾਪਸੀ ਤੋਂ ਬਾਅਦ ਵੀ ਪਡਿਕਲ ਨੇ ਤੀਜੇ ਨੰਬਰ ਦੀ ਦੌੜ 'ਚ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ।
ਧਰੁਵ ਜੁਰਲ ਨੇ ਇਸ ਦੌਰੇ 'ਤੇ ਭਾਰਤ ਨੂੰ ਨਵੀਂ ਤਕਨੀਕੀ ਤੇ ਰਣਨੀਤਕ ਸਹੂਲਤ ਵੀ ਦਿੱਤੀ। ਵਿਕਟਕੀਪਰ ਬੱਲੇਬਾਜ਼ ਜੁਰੇਲ ਵੀ ਹੁਣ ਰਿਸ਼ਭ ਪੰਤ ਤੋਂ ਬਾਅਦ ਨੰਬਰ-6 ’ਤੇ ਮਾਹਿਰ ਬੱਲੇਬਾਜ਼ ਦੀ ਭੂਮਿਕਾ ਨਿਭਾਅ ਸਕਦਾ ਹੈ। ਗਾਲ ’ਚ ਉਸ ਨੇ 51 ਦੌੜਾਂ ਦੀ ਤੇਜ਼ ਪਾਰੀ ਖੇਡੀ, ਜਦਕਿ ਐੱਸਐੱਸਸੀ ਟੈਸਟ ’ਚ ਉਸ ਨੇ ਪੰਤ ਨਾਲ ਪਾਰੀ ਨੂੰ ਸੰਭਾਲਣ ਤੋਂ ਬਾਅਦ ਸੈਂਕੜਾ ਲਾਇਆ। ਸਭ ਤੋਂ ਖਾਸ ਗੱਲ ਸਪਿਨ ਤੇ ਤੇਜ਼ ਗੇਂਦਬਾਜ਼ਾਂ ਖਿਲਾਫ ਉਸ ਦਾ ਆਤਮ-ਵਿਸ਼ਵਾਸ ਸੀ। ਯਾਨੀ ਕਿ ਸਥਿਤੀ ਜੋ ਵੀ ਹੋਵੇ ਜੁਰੇਲ ਆਪਣੀ ਖੇਡ ਨੂੰ ਉਸ ਮੁਤਾਬਕ ਬਦਲ ਸਕਦਾ ਹੈ।
ਆਖਰੀ ਪਾਰੀ ਨੇ ਯਾਦ ਕਰਵਾਈ ਪੁਰਾਣੀ ਕਮਜ਼ੋਰੀ: ਸੀਰੀਜ਼ ਦੀ ਆਖਰੀ ਪਾਰੀ ਨੇ ਯਕੀਨੀ ਤੌਰ ’ਤੇ ਭਾਰਤੀ ਟੀਮ ਨੂੰ ਪੁਰਾਣੀ ਕਮਜ਼ੋਰੀ ਦੀ ਯਾਦ ਦਿਵਾ ਦਿੱਤੀ। ਸ੍ਰੀਲੰਕਾ ਨੇ ਲਗਭਗ ਪੰਜ ਸੈਸ਼ਨਾਂ ਤੱਕ ਬੱਲੇਬਾਜ਼ੀ ਕੀਤੀ ਤੇ ਟੈਸਟ ਡਰਾਅ ਕੀਤਾ। ਡੈਬਿਊ ਕਰਨ ਵਾਲਾ ਆਫ ਸਪਿਨਰ ਸਾਰਾਂਸ਼ ਜੈਨ ਪ੍ਰਭਾਵ ਬਣਾਉਣ ’ਚ ਅਸਫਲ ਰਿਹਾ ਤੇ ਉਸ ਦੀਆਂ ਗੇਂਦਾਂ ਦੀ ਲੰਬਾਈ ’ਚ ਨਿਰੰਤਰਤਾ ਦੀ ਘਾਟ ਰਹੀ। ਇਸ ਕਾਰਨ ਗਾਲ ਟੈਸਟ ’ਚ ਪ੍ਰਭਾਵਸ਼ਾਲੀ ਨਹੀਂ ਰਹੇ। ਕੁਲਦੀਪ ਯਾਦਵ ਨੂੰ ਲੈ ਕੇ ਟੀਮ ਪ੍ਰਬੰਧਨ ਦੇ ਸਾਹਮਣੇ ਚਰਚਾ ਹੋ ਸਕਦੀ ਹੈ।