ਔਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਇੰਗਲੈਂਡ ਦੇ ਕ੍ਰਿਕਟਰ ਨੇ ਬੁਲੰਦ ਕੀਤੀ ਆਵਾਜ਼, ਇਸ ਲੀਗ ’ਚ ਨਾ ਖੇਡਣ ਦਾ ਲਿਆ ਫ਼ੈਸਲਾ ਇੰਗਲੈਂਡ ਦੇ ਬੱਲੇਬਾਜ਼ ਓਲੀ ਪੋਪ ਨੇ ਅਫ਼ਗਾਨਿਸਤਾਨ ਪ੍ਰੀਮੀਅਰ ਲੀਗ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਇਹ ਫ਼ੈਸਲਾ ਅਫ਼ਗਾਨਿਸਤਾਨ ’ਚ ਔਰਤਾਂ ਤੇ ਲੜਕੀਆਂ ਨਾਲ ਹੋ ਰਹੇ ਅੱਤਿਆਚਾਰਾਂ ਦੇ ਮੱਦੇਨਜ਼ਰ ਲਿਆ ਹੈ।
Publish Date: Tue, 13 Oct 2026 12:50 PM (IST)
Updated Date: Tue, 13 Oct 2026 12:52 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਇੰਗਲੈਂਡ ਦੇ ਬੱਲੇਬਾਜ਼ ਓਲੀ ਪੋਪ ਨੇ ਅਫ਼ਗਾਨਿਸਤਾਨ ਪ੍ਰੀਮੀਅਰ ਲੀਗ (ਏਪੀਐਲ) ਦੇ ਪਹਿਲੇ ਸੀਜ਼ਨ ਦੇ ਡਰਾਫਟ ਵਿੱਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਹ ਲੀਗ ਇਸ ਸਾਲ ਦੇ ਅੰਤ ’ਚ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਖੇਡੀ ਜਾਣੀ ਸੀ। ਉਨ੍ਹਾਂ ਦਾ ਇਹ ਫ਼ੈਸਲਾ ਇਸ ਬਹਿਸ ਦੇ ਵਿਚਕਾਰ ਆਇਆ ਹੈ ਕਿ ਕੀ ਇੰਗਲੈਂਡ ਦੇ ਕ੍ਰਿਕਟਰਾਂ ਨੂੰ ਇਸ ਲੀਗ ’ਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਨਹੀਂ। ਇਹ ਬਹਿਸ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਸ਼ਾਸਨ ਦੌਰਾਨ ਔਰਤਾਂ ਤੇ ਲੜਕੀਆਂ ਨਾਲ ਹੋ ਰਹੇ ਅੱਤਿਆਚਾਰਾਂ ਦੇ ਮੱਦੇਨਜ਼ਰ ਸ਼ੁਰੂ ਹੋਈ ਹੈ।
ਪੋਪ ਡਰਾਫਟ ’ਚ ਇੰਗਲੈਂਡ ਦੇ ਇਕਲੌਤੇ ਕੇਂਦਰੀ ਇਕਰਾਰਨਾਮੇ ਵਾਲੇ ਖਿਡਾਰੀ ਸਨ। ਡਰਾਫਟ ’ਚੋਂ ਆਪਣਾ ਨਾਂ ਵਾਪਸ ਲੈਣ ਦਾ ਉਨ੍ਹਾਂ ਦਾ ਫ਼ੈਸਲਾ ਨਿੱਜੀ ਮੰਨਿਆ ਜਾ ਰਿਹਾ ਹੈ। ਇਸ ’ਚ ਇੰਗਲੈਂਡ ਦੇ ਡਾਇਰੈਕਟਰ ਰੌਬ ਕੀ ਦੀ ਭੂਮਿਕਾ ਨਹੀਂ ਮੰਨੀ ਜਾ ਰਹੀ, ਜਿਨ੍ਹਾਂ ਨਾਲ ਨੋ-ਆਬਜੈਕਸ਼ਨ ਸਰਟੀਫਿਕੇਟ (ਐਨਓਸੀ) ਲੈਣ ਬਾਰੇ ਚਰਚਾ ਚੱਲ ਰਹੀ ਸੀ। ਖਿਡਾਰੀਆਂ ਨੂੰ ਕਿਸੇ ਹੋਰ ਦੇਸ਼ ਦੀ ਲੀਗ ’ਚ ਖੇਡਣ ਲਈ ਐਨਓਸੀ ਦੀ ਲੋੜ ਹੁੰਦੀ ਹੈ।
ਇੱਥੋਂ ਸ਼ੁਰੂ ਹੋਈ ਬਹਿਸ ਸਾਲ 2021 ’ਚ ਤਾਲਿਬਾਨ ਸਰਕਾਰ ਨੇ ਅਫ਼ਗਾਨਿਸਤਾਨ ’ਚ ਮੁੜ ਸੱਤਾ ਸੰਭਾਲੀ ਸੀ। ਇਸ ਤੋਂ ਬਾਅਦ ਇੰਗਲੈਂਡ ਨੇ ਅਫ਼ਗਾਨਿਸਤਾਨ ਨਾਲ ਦੁਵੱਲੀ ਲੜੀ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ, ਇੰਗਲੈਂਡ ਆਈਸੀਸੀ ਜਾਂ ਕਈ ਟੀਮਾਂ ਵਾਲੇ ਟੂਰਨਾਮੈਂਟਾਂ ’ਚ ਅਫ਼ਗਾਨਿਸਤਾਨ ਵਿਰੁੱਧ ਖੇਡਦਾ ਹੈ। ਕ੍ਰਿਕਇੰਫੋ ਦੀ ਰਿਪੋਰਟ ਮੁਤਾਬਕ, ਇਸ ਮਹੀਨੇ ਦੀ ਸ਼ੁਰੂਆਤ ’ਚ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਫ਼ੈਸਲਾ ਕੀਤਾ ਸੀ ਕਿ ਉਹ ਆਪਣੇ ਖਿਡਾਰੀਆਂ ਨੂੰ ਏਪੀਐਲ ’ਚ ਖੇਡਣ ਲਈ ਐਨਓਸੀ ਦੇਵੇਗਾ।
ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਰੌਬ ਕੀ ਨੇ ਖਿਡਾਰੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਏਪੀਐਲ ’ਚ ਖੇਡਣ ਬਾਰੇ ਸਹੀ ਰੁਖ਼ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਲੀਗ ’ਚ ਖੇਡਣ ਦੇ ਮੁੱਦੇ ’ਤੇ ਪੋਪ ਨਾਲ ਗੱਲ ਕਰਨਗੇ। ਹਾਲਾਂਕਿ, ਦੋਵਾਂ ਵਿਚਕਾਰ ਗੱਲਬਾਤ ਹੋਣ ਤੋਂ ਪਹਿਲਾਂ ਹੀ ਪੋਪ ਨੇ ਆਪਣਾ ਨਾਂ ਵਾਪਸ ਲੈ ਲਿਆ। ਉਨ੍ਹਾਂ ਤੋਂ ਇਲਾਵਾ ਵਿਲ ਸਮੀਡ ਤੇ ਡੇਵਿਡ ਵਿਲੀ ਨੇ ਵੀ 24 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਇਸ ਲੀਗ ’ਚ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ।
ਰੌਬ ਕੀ ਨੇ ਕਹੀ ਸੀ ਇਹ ਗੱਲ ਕੁਝ ਦਿਨ ਪਹਿਲਾਂ ਬੀਬੀਸੀ ਦੇ ਟੈਸਟ ਮੈਚ ਸਪੈਸ਼ਲ ਪੌਡਕਾਸਟ ’ਚ ਗੱਲ ਕਰਦਿਆਂ ਰੌਬ ਕੀ ਨੇ ਕਿਹਾ ਸੀ, “ਕਾਨੂੰਨੀ ਤੌਰ ’ਤੇ ਖਿਡਾਰੀਆਂ ਨੂੰ ਕਿਸੇ ਹੋਰ ਟੂਰਨਾਮੈਂਟ ’ਚ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ। ਇਹ ਨੈਤਿਕਤਾ ਨਾਲ ਜੁੜਿਆ ਫ਼ੈਸਲਾ ਹੁੰਦਾ ਹੈ। ਖਿਡਾਰੀਆਂ ਨੂੰ ਸਹੀ ਨੈਤਿਕ ਫ਼ੈਸਲਾ ਲੈਣ ਲਈ ਤਿਆਰ ਰਹਿਣਾ ਚਾਹੀਦਾ ਹੈ। ਮੇਰੇ ਲਈ ਇਹ ਕਹਿਣਾ ਆਸਾਨ ਹੈ ਕਿ ਮੈਂ ਖੇਡਣ ਨਹੀਂ ਜਾਵਾਂਗਾ।”