ਦਲੀਪ ਟਰਾਫੀ 'ਚ ਪੂਰਬੀ ਖੇਤਰ ਦੀ ਧਮਾਕੇਦਾਰ ਜਿੱਤ, ਪੂਰਬ-ਉੱਤਰ ਨੂੰ ਪਾਰੀ ਤੇ 210 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼
ਪੂਰਬੀ ਖੇਤਰ ਨੇ ਪਹਿਲੀ ਪਾਰੀ ’ਚ 467 ਦੌੜਾਂ ਬਣਾਈਆਂ, ਜਿਸ ਦੇ ਜਵਾਬ ’ਚ ਪੂਰਬ-ਉੱਤਰ ਖੇਤਰ ਦੀ ਟੀਮ ਪਹਿਲੀ ਪਾਰੀ ’ਚ ਸਿਰਫ਼ 111 ਦੌੜਾਂ 'ਤੇ ਢੇਰੀ ਹੋ ਗਈ। ਇਸ ਤੋਂ ਬਾਅਦ ਫਾਲੋਆਨ ਖੇਡਦੇ ਹੋਏ ਉਹ ਦੂਜੀ ਪਾਰੀ ’ਚ ਵੀ 146 ਦੌੜਾਂ 'ਤੇ ਆਊਟ ਹੋ ਗਈ।
Publish Date: Wed, 26 Aug 2026 11:16 AM (IST)
Updated Date: Wed, 26 Aug 2026 11:24 AM (IST)
ਬੈਂਗਲੁਰੂ (ਪੀਟੀਆਈ) : ਖੱਬੇ ਹੱਥ ਦੇ ਸਪਿਨਰ ਅਨੁਕੂਲ ਰਾਏ ਨੇ ਪੰਜ ਵਿਕਟਾਂ ਹਾਸਲ ਕੀਤੀਆਂ, ਜਦਕਿ ਵੈਭਵ ਸੂਰਿਆਵੰਸ਼ੀ ਨੇ ਵੀ ਦੋ ਵਿਕਟਾਂ ਲਈਆਂ, ਜਿਸ ਨਾਲ ਪੂਰਬੀ ਖੇਤਰ ਨੇ ਮੰਗਲਵਾਰ ਨੂੰ ਪੂਰਬ-ਉੱਤਰ ਖੇਤਰ ਨੂੰ ਪਾਰੀ ਅਤੇ 210 ਦੌੜਾਂ ਨਾਲ ਹਰਾਉਂਦਿਆਂ ਦਲੀਪ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਥਾਂ ਪੱਕੀ ਕੀਤੀ। ਇਹ ਮੁਕਾਬਲਾ ਸਿਰਫ਼ ਦੋ ਦਿਨਾਂ ’ਚ ਹੀ ਖ਼ਤਮ ਹੋ ਗਿਆ।
ਪੂਰਬੀ ਖੇਤਰ ਨੇ ਪਹਿਲੀ ਪਾਰੀ ’ਚ 467 ਦੌੜਾਂ ਬਣਾਈਆਂ, ਜਿਸ ਦੇ ਜਵਾਬ ’ਚ ਪੂਰਬ-ਉੱਤਰ ਖੇਤਰ ਦੀ ਟੀਮ ਪਹਿਲੀ ਪਾਰੀ ’ਚ ਸਿਰਫ਼ 111 ਦੌੜਾਂ 'ਤੇ ਢੇਰੀ ਹੋ ਗਈ। ਇਸ ਤੋਂ ਬਾਅਦ ਫਾਲੋਆਨ ਖੇਡਦੇ ਹੋਏ ਉਹ ਦੂਜੀ ਪਾਰੀ ’ਚ ਵੀ 146 ਦੌੜਾਂ 'ਤੇ ਆਊਟ ਹੋ ਗਈ। ਤੀਜੇ ਦਿਨ ਦੂਜੀ ਪਾਰੀ ’ਚ ਸਿਰਫ਼ 50 ਓਵਰਾਂ ’ਚ ਹੀ ਮੁਕਾਬਲਾ ਖ਼ਤਮ ਹੋ ਗਿਆ। ਸੱਤ ਦੌੜਾਂ 'ਤੇ ਬਿਨਾਂ ਕਿਸੇ ਨੁਕਸਾਨ ਦੇ ਦਿਨ ਦੀ ਸ਼ੁਰੂਆਤ ਕਰਨ ਵਾਲੀ ਪੂਰਬ-ਉੱਤਰ ਖੇਤਰ ਦੀ ਟੀਮ ਨੇ ਰੈਗੂਲਰ ਵਕਫੇ 'ਤੇ ਵਿਕਟਾਂ ਗੁਆਈਆਂ। ਫੇਇਰੋਈਜ਼ਾਮ ਜੋਤਿਨ ਸਿੰਘ (39) ਤੇ ਆਕਾਸ਼ ਚੌਧਰੀ (27) ਨੇ ਨੌਵੀਂ ਵਿਕਟ ਲਈ 39 ਦੌੜਾਂ ਜੋੜ ਕੇ ਟੀਮ ਨੂੰ 100 ਦੌੜਾਂ ਤੋਂ ਪਹਿਲਾਂ ਢਹਿਣ ਤੋਂ ਬਚਾਇਆ।
ਤੀਜੇ ਦਿਨ ਕਪਤਾਨ ਇਸ਼ਾਨ ਕਿਸ਼ਨ ਦੀ ਸ਼ਾਨਦਾਰ ਵਿਕਟਕੀਪਿੰਗ ਵੀ ਧਿਆਨ ਖਿੱਚਣ ਵਾਲੀ ਰਹੀ। ਉਸਨੇ ਪੰਜ ਖਿਡਾਰੀਆਂ ਨੂੰ ਆਊਟ ਕਰਨ ’ਚ ਭੂਮਿਕਾ ਨਿਭਾਈ, ਜਿਸ ’ਚ ਦੋ ਸਟੰਪਿੰਗ ਤੇ ਤਿੰਨ ਕੈਚ ਸ਼ਾਮਲ ਸਨ। ਭਾਰਤ ਏ ਦੇ ਖਿਡਾਰੀ ਅਨੁਕੂਲ ਨੇ ਸਟੀਕ ਲਾਈਨ ਤੇ ਲੈਂਥ ਨਾਲ ਗੇਂਦਬਾਜ਼ੀ ਕੀਤੀ। ਪੂਰਬ-ਉੱਤਰ ਖੇਤਰ ਦੇ ਬੱਲੇਬਾਜ਼ ਇਹ ਸਮਝਣ ’ਚ ਨਾਕਾਮ ਰਹੇ ਕਿ ਉਸਦੀ ਕਿਹੜੀ ਗੇਂਦ ਟਰਨ ਲਵੇਗੀ ਤੇ ਕਿਹੜੀ ਸਿੱਧੀ ਵਿਕਟਾਂ 'ਤੇ ਆਵੇਗੀ। ਅਨੁਕੂਲ ਨੇ 15 ਓਵਰਾਂ ’ਚ 37 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਉਸਨੇ ਪਹਿਲੀ ਕਲਾਸ ਮੈਚ ਦੀ ਪਾਰੀ ’ਚ ਸੱਤਵੀਂ ਵਾਰੀ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ।
ਮੈਚ 'ਤੇ ਪੂਰੀ ਤਰ੍ਹਾਂ ਕੰਟਰੋਲ ਹੋਣ ਕਾਰਨ ਕਿਸ਼ਨ ਨੇ ਸੂਰਿਆਵੰਸ਼ੀ ਨੂੰ ਵੀ ਗੇਂਦਬਾਜ਼ੀ ਦਾ ਮੌਕਾ ਦਿੱਤਾ ਅਤੇ 15 ਸਾਲਾ ਇਸ ਖਿਡਾਰੀ ਨੇ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਅਤੇ ਦੋ ਵਿਕਟਾਂ ਹਾਸਲ ਕੀਤੀਆਂ। ਇਸ਼ਾਨ ਦੇ ਜੋਤਿਨ ਨੂੰ ਅਨੁਕੂਲ ਦੀ ਗੇਂਦ 'ਤੇ ਸਟੰਪ ਕਰਨ ਨਾਲ ਪੂਰਬੀ ਖੇਤਰ ਨੇ ਮੁਕਾਬਲਾ ਜਿੱਤ ਲਿਆ। ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਕਰਨ ਵਾਲੇ ਸ਼ਾਹਬਾਜ਼ ਅਹਿਮਦ ਨੂੰ 167 ਦੌੜਾਂ ਬਣਾਉਣ ਤੇ ਚਾਰ ਵਿਕਟਾਂ ਲੈਣ 'ਤੇ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।