Duleep Trophy : ਸ਼ਮੀ ਦੇ ਛੋਟੇ ਸਪੈੱਲਾਂ ਨੇ ਦੱਖਣੀ ਖੇਤਰ ਨੂੰ ਝੰਜੋੜਿਆ, ਪੂਰਬੀ ਖੇਤਰ 466 ਦੌੜਾਂ ਦੀ ਬੜ੍ਹਤ ਨਾਲ ਖ਼ਿਤਾਬ ਦੇ ਬਹੁਤ ਨੇੜੇ
ਸ਼ਮੀ ਨੇ ਪਹਿਲਾਂ ਸ਼ੇਖ ਰਸ਼ੀਦ ਨੂੰ 29 ਦੌੜਾਂ 'ਤੇ ਆਊਟ ਕੀਤਾ। ਰਸ਼ੀਦ ਤੇ ਦੇਵਦੱਤ ਪਡਿੱਕਲ ’ਚਾਲੇ ਤੀਜੀ ਵਿਕਟ ਲਈ 56 ਦੌੜਾਂ ਦੀ ਭਾਈਵਾਲੀ ਹੋ ਚੁੱਕੀ ਸੀ ਤੇ ਦੋਵੇਂ ਇਕ ਵੱਡੀ ਭਾਈਵਾਲੀ ਵੱਲ ਵਧ ਰਹੇ ਸਨ। ਉਦੋਂ ਉਸਦੀ ਅੰਦਰ ਆਉਂਦੀ ਗੇਂਦ ਨੇ ਰਸ਼ੀਦ ਨੂੰ ਐੱਲਬੀਡਬਲਯੂ ਕਰ ਦਿੱਤਾ।
Publish Date: Wed, 09 Sep 2026 11:52 AM (IST)
Updated Date: Wed, 09 Sep 2026 11:56 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਮਾਹਿਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਛੋਟੇ ਪਰ ਪ੍ਰਭਾਵਸ਼ਾਲੀ ਸਪੈੱਲ ਤੇ ਮੁਕੇਸ਼ ਕੁਮਾਰ ਦੀ ਹਮਲਾਵਰ ਗੇਂਦਬਾਜ਼ੀ ਨੇ ਦਲੀਪ ਟਰਾਫੀ ਦੇ ਫਾਈਨਲ ’ਚ ਮੰਗਲਵਾਰ ਨੂੰ ਪੂਰਬੀ ਖੇਤਰ ਦੀ ਪਕੜ ਮਜ਼ਬੂਤ ਕਰ ਦਿੱਤੀ। ਸ਼ਮੀ ਦੀ ਸਟੀਕ ਗੇਂਦਬਾਜ਼ੀ ਸਾਹਮਣੇ ਦੱਖਣੀ ਖੇਤਰ ਦੀ ਪਾਰੀ ਡੋਲ ਗਈ ਤੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਟੀਮ ਨੇ ਛੇ ਵਿਕਟਾਂ 'ਤੇ 242 ਦੌੜਾਂ ਬਣਾਈਆਂ। ਪੂਰਬੀ ਖੇਤਰ ਨੇ ਪਹਿਲੀ ਪਾਰੀ ’ਚ 708 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ, ਜਿਸ ਕਾਰਨ ਦੱਖਣੀ ਖੇਤਰ ਹੁਣ ਵੀ 466 ਦੌੜਾਂ ਪਿੱਛੇ ਹੈ। ਦਿਨ ਦੀ ਖੇਡ ਖ਼ਤਮ ਹੋਣ 'ਤੇ ਕਪਤਾਨ ਤਿਲਕ ਵਰਮਾ 133 ਗੇਂਦਾਂ 'ਤੇ 56 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸੀ, ਜਦਕਿ ਸੀਵੀ ਮਿਲਿੰਦ ਖਾਤਾ ਨਹੀਂ ਖੋਲ੍ਹ ਸਕਿਆ।
36 ਸਾਲਾ ਸ਼ਮੀ ਨੇ ਚੇਨਈ ਦੀ ਹੁੰਮਸ ਭਰੀ ਹਵਾ ’ਚ ਛੋਟੇ-ਛੋਟੇ ਸਪੈੱਲ ਕੀਤੇ। ਉਸਨੇ ਦਿਨ ’ਚ ਤਿੰਨ ਸਪੈੱਲਾਂ ’ਚ ਕੁੱਲ 11 ਓਵਰ ਗੇਂਦਬਾਜ਼ੀ ਕੀਤੀ ਤੇ ਸਿਰਫ 17 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਹਾਲਾਂਕਿ ਅੰਕੜੇ ਬਹੁਤ ਪ੍ਰਭਾਵਸ਼ਾਲੀ ਨਹੀਂ ਦਿਖਾਈ ਦੇ ਰਹੇ ਪਰ ਉਸਦੀ ਗੇਂਦਬਾਜ਼ੀ ਨੇ ਉਸਦੀ ਸਟੀਕਤਾ, ਕੰਟਰੋਲ ਤੇ ਲੋੜ ਸਮੇਂ ਤੇ ਰਫ਼ਤਾਰ ਵਧਾਉਣ ਦੀ ਸਮਰੱਥਾ ਦੀ ਸ਼ਾਨਦਾਰ ਝਲਕ ਦਿਖਾਈ। ਦੱਖਣੀ ਖੇਤਰ ਦੇ ਬੱਲੇਬਾਜ਼ਾਂ ਨੂੰ ਜਿੱਥੇ ਪਹਿਲੇ ਦੋ ਦਿਨਾਂ ’ਚ ਤੁਲਨਾਤਮਕ ਤੌਰ 'ਤੇ ਸਪਾਟ ਪਿੱਚ 'ਤੇ ਪੂਰਬੀ ਖੇਤਰ ਦੇ ਗੇਂਦਬਾਜ਼ਾਂ ਖ਼ਿਲਾਫ਼ ਦੌੜਾਂ ਬਣਾਉਣ ’ਚ ਜ਼ਿਆਦਾ ਮੁਸ਼ਕਲ ਨਹੀਂ ਆਈ, ਉਥੇ ਸ਼ਮੀ ਨੇ ਲਗਾਤਾਰ ਸਟੰਪਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੇਂਦਬਾਜ਼ੀ ਕੀਤੀ। ਉਸਦੀ ਲਾਈਨ ਤੇ ਲੈਂਥ ਇੰਨੀ ਅਨੁਸ਼ਾਸਿਤ ਸੀ ਕਿ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਸ਼ਾਟ ਖੇਡਣ ਦਾ ਮੌਕਾ ਹੀ ਨਹੀਂ ਮਿਲਿਆ। ਉਸਦੀ ਗੇਂਦਬਾਜ਼ੀ ਨੇ ਟੈਸਟ ਕ੍ਰਿਕਟ ਦੇ ਕੁਝ ਪੁਰਾਣੇ ਸ਼ਾਨਦਾਰ ਸਪੈੱਲਾਂ ਦੀ ਯਾਦ ਦਿਵਾ ਦਿੱਤੀ।
ਸ਼ਮੀ ਨੇ ਪਹਿਲਾਂ ਸ਼ੇਖ ਰਸ਼ੀਦ ਨੂੰ 29 ਦੌੜਾਂ 'ਤੇ ਆਊਟ ਕੀਤਾ। ਰਸ਼ੀਦ ਤੇ ਦੇਵਦੱਤ ਪਡਿੱਕਲ ’ਚਾਲੇ ਤੀਜੀ ਵਿਕਟ ਲਈ 56 ਦੌੜਾਂ ਦੀ ਭਾਈਵਾਲੀ ਹੋ ਚੁੱਕੀ ਸੀ ਤੇ ਦੋਵੇਂ ਇਕ ਵੱਡੀ ਭਾਈਵਾਲੀ ਵੱਲ ਵਧ ਰਹੇ ਸਨ। ਉਦੋਂ ਉਸਦੀ ਅੰਦਰ ਆਉਂਦੀ ਗੇਂਦ ਨੇ ਰਸ਼ੀਦ ਨੂੰ ਐੱਲਬੀਡਬਲਯੂ ਕਰ ਦਿੱਤਾ। ਇਸ ਤੋਂ ਲਗਪਗ 20 ਓਵਰਾਂ ਬਾਅਦ ਸ਼ਮੀ ਨੂੰ ਇਕ ਵਾਰ ਫਿਰ ਗੇਂਦ ਸੌਂਪੀ ਗਈ।
ਵੈਭਵ ਨੇ ਕੀਤੀ ਕਪਤਾਨੀ : ਇਸ ਵਾਰ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਵੈਭਵ ਸੂਰਿਆਵੰਸ਼ੀ ਨੇ ਉਸ ਨੂੰ ਹਮਲੇ 'ਤੇ ਲਗਾਇਆ ਤੇ ਸ਼ਮੀ ਨੇ ਤੁਰੰਤ ਪ੍ਰਭਾਵ ਦਿਖਾਇਆ। ਉਸਨੇ ਰਵੀਚੰਦਰਨ ਸਮਰਣ ਨੂੰ ਆਊਟ ਕਰ ਦਿੱਤਾ। ਸਮਰਣ ਤੇ ਤਿਲਕ 45 ਦੌੜਾਂ ਦੀ ਭਾਈਵਾਲੀ ਕਰ ਚੁੱਕੇ ਸਨ। ਸ਼ਮੀ ਨੇ ਪਹਿਲਾਂ ਸਟੰਪਸ 'ਤੇ ਫੁੱਲਰ ਗੇਂਦ ਸੁੱਟੀ ਤੇ ਫਿਰ ਲਗਾਤਾਰ ਦੋ ਗੇਂਦਾਂ ਖੱਬੇ ਹੱਥ ਦੇ ਬੱਲੇਬਾਜ਼ ਦੇ ਅੰਦਰ ਲਿਆਂਦੀਆਂ। ਚੌਥੀ ਗੇਂਦ ਬਾਹਰ ਨਿਕਲੀ ਤੇ ਸਮਰਣ ਦੇ ਬੱਲੇ ਦਾ ਹਲਕਾ ਕਿਨਾਰਾ ਲੈ ਕੇ ਵਿਕਟਕੀਪਰ ਕੁਮਾਰ ਕੁਸ਼ਾਗਰ ਦੇ ਦਸਤਾਨਿਆਂ ’ਚ ਚਲੀ ਗਈ। ਕੁਸ਼ਾਗਰ ਨੇ ਸੂਰਿਆਵੰਸ਼ੀ ਨੂੰ ਡੀਆਰਐੱਸ ਲੈਣ ਲਈ ਕਿਹਾ ਤੇ ਟੀਵੀ ਅੰਪਾਇਰ ਨੇ ਕੈਚ ਦੀ ਅਪੀਲ ਨੂੰ ਸਹੀ ਮੰਨਿਆ।
ਇਸ ਤੋਂ ਪਹਿਲਾਂ ਪਡਿੱਕਲ (62) ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸ੍ਰੀਲੰਕਾ ਦੇ ਸਫਲ ਦੌਰੇ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰਪੂਰ ਇਸ ਕਰਨਾਟਕ ਦੇ ਬੱਲੇਬਾਜ਼ ਨੇ 65 ਗੇਂਦਾਂ ’ਚ ਅਰਧ ਸੈਂਕੜਾ ਪੂਰਾ ਕੀਤਾ। ਉਸਨੇ ਮੁਕੇਸ਼ ਕੁਮਾਰ ਦੀ ਗੇਂਦ 'ਤੇ ਥਰਡ ਮੈਨ ਦੇ ਖੇਤਰ ’ਚ ਚੌਕਾ ਲਗਾ ਕੇ 50 ਦਾ ਅੰਕੜਾ ਪਾਰ ਕੀਤਾ। ਹਾਲਾਂਕਿ, ਇਸ ਤੋਂ ਤੁਰੰਤ ਬਾਅਦ ਮੁਕੇਸ਼ ਨੇ ਉਸ ਨੂੰ ਆਊਟ ਕਰ ਦਿੱਤਾ। ਉਸਨੇ ਪਡਿੱਕਲ ਦੀ ਪੈਡ 'ਤੇ ਗੇਂਦ ਪਾਈ, ਇਹ ਜਾਣਦੇ ਹੋਏ ਕਿ ਖੱਬੇ ਹੱਥ ਦਾ ਬੱਲੇਬਾਜ਼ ਅਕਸਰ ਉਸ ਖੇਤਰ ਦੀ ਗੇਂਦ 'ਤੇ ਪਿਕ-ਅਪ ਫਲਿਕ ਖੇਡਦਾ ਹੈ। ਪਡਿੱਕਲ ਨੇ ਉਹੀ ਸ਼ਾਟ ਖੇਡਿਆ, ਪਰ ਟਾਈਮਿੰਗ ਸਹੀ ਨਹੀਂ ਰਹੀ ਤੇ ਡੀਪੀ ਦਾਸ ਨੇ ਡੀਪ ’ਚ ਆਸਾਨ ਕੈਚ ਫੜ ਲਈ।
ਮੱਧ ਸੈਸ਼ਨ ’ਚ ਦੱਖਣੀ ਖੇਤਰ ਨੇ ਸਿਰਫ 61 ਦੌੜਾਂ ਜੋੜੀਆਂ ਤੇ ਤਿੰਨ ਵਿਕਟਾਂ ਗੁਆਈਆਂ। ਉਪਕਪਤਾਨ ਰਿਕੀ ਭੁਈ ਦੇ ਮੁਕੇਸ਼ ਦੀ ਗੇਂਦ 'ਤੇ ਕੁਸ਼ਾਗਰ ਨੂੰ ਕੈਚ ਦੇਣ ਦੇ ਬਾਅਦ ਨਾਰਾਇਣ ਜਗਦੀਸ਼ਨ ਨੇ ਪਡਿੱਕਲ ਦੇ ਨਾਲ ਦੂਜੀ ਵਿਕਟ ਲਈ 60 ਦੌੜਾਂ ਜੋੜੀਆਂ। ਜਗਦੀਸ਼ਨ 32 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸਨੇ ਸਪਿਨਰਾਂ ਖ਼ਿਲਾਫ਼ ਕੁਝ ਸ਼ਾਨਦਾਰ ਚੌਕੇ ਲਗਾਏ ਪਰ ਲਗਾਤਾਰ ਡ੍ਰਾਈਵ ਖੇਡਣ ਦੀ ਕੋਸ਼ਿਸ਼ ਆਖਿਰਕਾਰ ਉਸ 'ਤੇ ਭਾਰੀ ਪਈ। ਅਨੁਕੂਲ ਰਾਏ ਦੀ ਅੰਗੂਠੇ ’ਚ ਸੱਟ ਲੱਗਣ ਕਾਰਨ ਜਲਦੀ ਗੇਂਦਬਾਜ਼ੀ 'ਤੇ ਲਗਾਏ ਗਏ ਪਾਰਟ-ਟਾਈਮ ਸਪਿਨਰ ਸ਼ਿਖਰ ਮੋਹਨ ਨੇ ਛੇਵੇਂ ਸਟੰਪ ਦੀ ਲਾਈਨ 'ਤੇ ਗੇਂਦ ਪਾਈ। ਜਗਦੀਸ਼ਨ ਨੇ ਚੌਕਾ ਲਗਾਉਣ ਦੀ ਕੋਸ਼ਿਸ਼ ’ਚ ਹਵਾ ’ਚ ਸ਼ਾਟ ਖੇਡਿਆ ਤੇ ਕਵਰ ’ਚ ਅਭਿਮੰਨਿਊ ਈਸ਼ਵਰਨ ਨੇ ਆਸਾਨ ਕੈਚ ਫੜ ਲਈ।
ਦਿਨ ਦੇ ਆਖ਼ਰੀ ਦੋ ਘੰਟਿਆਂ ’ਚ ਤਿਲਕ ਵਰਮਾ ਤੇ ਸ਼੍ਰੇਅਸ ਗੋਪਾਲ ਨੇ 26.4 ਓਵਰਾਂ ਤੱਕ ਸੰਘਰਸ਼ ਕੀਤਾ ਤੇ 66 ਦੌੜਾਂ ਜੋੜੀਆਂ। ਤਿਲਕ ਨੇ 143 ਗੇਂਦਾਂ ’ਚ ਇਸ ਮੁਕਾਬਲੇ ’ਚ ਲਗਾਤਾਰ ਤੀਜਾ 50 ਤੋਂ ਵੱਧ ਦਾ ਸਕੋਰ ਬਣਾਇਆ ਪਰ ਦੱਖਣੀ ਖੇਤਰ ਦੇ ਸਾਹਮਣੇ ਹੁਣ ਵੀ ਫਾਓਲਾਨ ਤੋਂ ਬਚਣ ਦੀ ਵੱਡੀ ਚੁਣੌਤੀ ਹੈ।