Duleep Trophy : ਸ਼ਾਹਬਾਜ਼ ਅਹਿਮਦ ਦਾ ਸ਼ਾਨਦਾਰ ਆਲਰਾਊਂਡ ਖੇਡ, ਪੂਰਬੀ ਜ਼ੋਨ ਨੇ ਪੂਰਬ-ਉੱਤਰ ਨੂੰ ਦਿੱਤਾ ਫਾਲੋਆਨ
ਸ਼ਾਹਬਾਜ਼ ਅਹਿਮਦ ਦੇ ਕਰੀਅਰ ਦੇ ਸਰਬੋਤਮ ਪਹਿਲੇ ਵਰਗ ਦੇ ਸਕੋਰ (167 ਦੌੜਾਂ) ਤੇ ਤਿੰਨ ਵਿਕਟਾਂ ਦੀ ਬਦੌਲਤ ਪੂਰਬੀ ਜ਼ੋਨ ਨੇ ਪੂਰਬ-ਉੱਤਰ ਜ਼ੋਨ ਨੂੰ ਦਲੀਪ ਟਰਾਫੀ ਕੁਆਰਟਰ ਫਾਈਨਲ ’ਚ ਫਾਲੋਆਨ ਖੇਡਣ ’ਤੇ ਮਜਬੂਰ ਕਰ ਦਿੱਤਾ।
Publish Date: Tue, 25 Aug 2026 11:41 AM (IST)
Updated Date: Tue, 25 Aug 2026 11:47 AM (IST)
ਬੈਂਗਲੁਰੂ (ਪੀਟੀਆਈ) : ਸ਼ਾਹਬਾਜ਼ ਅਹਿਮਦ ਦੇ ਕਰੀਅਰ ਦੇ ਸਰਬੋਤਮ ਪਹਿਲੇ ਵਰਗ ਦੇ ਸਕੋਰ (167 ਦੌੜਾਂ) ਤੇ ਤਿੰਨ ਵਿਕਟਾਂ ਦੀ ਬਦੌਲਤ ਪੂਰਬੀ ਜ਼ੋਨ ਨੇ ਪੂਰਬ-ਉੱਤਰ ਜ਼ੋਨ ਨੂੰ ਦਲੀਪ ਟਰਾਫੀ ਕੁਆਰਟਰ ਫਾਈਨਲ ’ਚ ਫਾਲੋਆਨ ਖੇਡਣ ’ਤੇ ਮਜਬੂਰ ਕਰ ਦਿੱਤਾ। ਪੂਰਬੀ ਜ਼ੋਨ ਨੇ ਪਹਿਲੀ ਪਾਰੀ ’ਚ 467 ਦੌੜਾਂ ਬਣਾਈਆਂ ਸੀ ਤੇ ਫਿਰ ਪੂਰਬ-ਉੱਤਰ ਨੂੰ ਸਿਰਫ 111 ਦੌੜਾਂ ’ਤੇ ਸਮੇਟ ਦਿੱਤਾ। ਤ੍ਰਿਪੁਰਾ ਲਈ ਖੇਡਣ ਵਾਲੇ ਤੇਜ਼ ਗੇਂਦਬਾਜ਼ ਅਭਿਜੀਤ ਸਰਕਾਰ ਨੇ ਪੂਰਬੀ ਜ਼ੋਨ ਲਈ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ।
ਫਾਲੋਆਨ ਲਈ ਮਜਬੂਰ ਹੋਣ ਤੋਂ ਬਾਅਦ ਪੂਰਬ-ਉੱਤਰ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਬਿਨਾਂ ਕਿਸੇ ਨੁਕਸਾਨ ਦੇ ਸੱਤ ਦੌੜਾਂ ਬਣਾ ਲਈਆਂ ਸਨ।
ਪਾਰੀ ਦੀ ਹਾਰ ਤੋਂ ਬਚਣ ਲਈ ਉਸ ਨੂੰ ਹਾਲੇ ਵੀ 349 ਦੌੜਾਂ ਬਣਾਉਣੀਆਂ ਹੋਣਗੀਆਂ। ਇਸ ਤੋਂ ਪਹਿਲਾਂ ਬੀਤੀ ਰਾਤ ਦੇ ਆਪਣੇ ਸਕੋਰ 100 ਦੌੜਾਂ ਤੋਂ ਅੱਗੇ ਖੇਡਦੇ ਹੋਏ ਸ਼ਾਹਬਾਜ਼ ਨੇ ਸੱਤਵੀਂ ਵਿਕਟ ਲਈ ਅਨੁਕੂਲ ਰਾਏ (37 ਦੌੜਾਂ) ਨਾਲ 103 ਦੌੜਾਂ ਜੋੜੀਆਂ। ਸ਼ਾਹਬਾਜ਼ ਆਖਰੀ ਵਿਕਟ ਦੇ ਤੌਰ ’ਤੇ ਆਊਟ ਹੋਇਆ। ਜਵਾਬ ’ਚ ਪੂਰਬ-ਉੱਤਰ ਨੇ ਵਧੀਆ ਸ਼ੁਰੂਆਤ ਕਰਦੇ ਹੋਏ ਇਕ ਸਮੇਂ ’ਚ ਸਿਰਫ ਦੋ ਵਿਕਟਾਂ ਗੁਆ ਕੇ 72 ਦੌੜਾਂ ਬਣਾ ਲਈਆਂ ਸਨ ਪਰ ਇਸ ਤੋਂ ਬਾਅਦ ਉਸਨੇ ਸਿਰਫ 39 ਦੌੜਾਂ ਜੋੜਨ ’ਚ ਅੱਠ ਵਿਕਟਾਂ ਗੁਆ ਦਿੱਤੀਆਂ। ਅਰਪਿਤ ਭਾਟੇਵਾਰਾ ਨੇ ਸਭ ਤੋਂ ਵੱਧ 32 ਦੌੜਾਂ ਦੀ ਪਾਰੀ ਖੇਡੀ। ਪੂਰਬ-ਉੱਤਰ ਦੇ ਛੇ ਬੱਲੇਬਾਜ਼ ਦੋਹਰੇ ਅੰਕਾਂ ਤੱਕ ਵੀ ਨਹੀਂ ਪਹੁੰਚ ਸਕੇ ਤੇ ਇਨ੍ਹਾਂ ’ਚੋਂ ਤਿੰਨ ਦਾ ਤਾਂ ਖਾਤਾ ਵੀ ਨਹੀਂ ਖੁੱਲ੍ਹਿਆ।