ਦਲੀਪ ਟਰਾਫੀ ਕੁਆਰਟਰ ਫਾਈਨਲ : ਵੈਭਵ ਸੂਰਿਆਵੰਸ਼ੀ ਲਈ ਆਸਟ੍ਰੇਲੀਆ-ਏ ਦੌਰੇ ਤੋਂ ਪਹਿਲਾਂ ਵੱਡਾ ‘ਆਡੀਸ਼ਨ’
ਸੈਂਟਰ ਆਫ ਐਕਸੀਲੈਂਸ ’ਚ ਐਤਵਾਰ ਤੋਂ ਨਾਰਥ ਈਸਟ ਤੇ ਈਸਟ ਜ਼ੋਨ ਵਿਚਾਲੇ ਸ਼ੁਰੂ ਹੋਣ ਜਾ ਰਿਹਾ ਦਲੀਪ ਟਰਾਫੀ ਦਾ ਕੁਆਰਟਰ ਫਾਈਨਲ ਮੁਕਾਬਲਾ ਭਾਰਤੀ ਯੁਵਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਲਈ ਆਸਟ੍ਰੇਲੀਆ-ਏ ਖ਼ਿਲਾਫ਼ ਟੈਸਟ ਤੋਂ ਪਹਿਲਾਂ ਭਾਰਤ-ਏ ਟੀਮ ’ਚ ਜਗ੍ਹਾ ਬਣਾਉਣ ਦਾ ਆਡੀਸ਼ਨ ਸਮਝਿਆ ਜਾ ਸਕਦਾ ਹੈ।
Publish Date: Sun, 23 Aug 2026 10:43 AM (IST)
Updated Date: Sun, 23 Aug 2026 10:49 AM (IST)
ਬੈਂਗਲੁਰੂ, (ਪੀਟੀਆਈ) : ਸੈਂਟਰ ਆਫ ਐਕਸੀਲੈਂਸ ’ਚ ਐਤਵਾਰ ਤੋਂ ਨਾਰਥ ਈਸਟ ਤੇ ਈਸਟ ਜ਼ੋਨ ਵਿਚਾਲੇ ਸ਼ੁਰੂ ਹੋਣ ਜਾ ਰਿਹਾ ਦਲੀਪ ਟਰਾਫੀ ਦਾ ਕੁਆਰਟਰ ਫਾਈਨਲ ਮੁਕਾਬਲਾ ਭਾਰਤੀ ਯੁਵਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਲਈ ਆਸਟ੍ਰੇਲੀਆ-ਏ ਖ਼ਿਲਾਫ਼ ਟੈਸਟ ਤੋਂ ਪਹਿਲਾਂ ਭਾਰਤ-ਏ ਟੀਮ ’ਚ ਜਗ੍ਹਾ ਬਣਾਉਣ ਦਾ ਆਡੀਸ਼ਨ ਸਮਝਿਆ ਜਾ ਸਕਦਾ ਹੈ। ਈਸਟ ਜ਼ੋਨ ਦੇ ਬੱਲੇਬਾਜ਼ ਵੈਭਵ ਕੋਲ ਇਸ ਮੁਕਾਬਲੇ ’ਚ ਤਜਰਬਾਹੀਨ ਨਾਰਥ ਈਸਟ ਜ਼ੋਨ ਖ਼ਿਲਾਫ਼ ਆਪਣੇ ਪਹਿਲੀ ਸ਼੍ਰੇਣੀ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦਾ ਵੀ ਸੁਨਹਿਰਾ ਮੌਕਾ ਹੋਵੇਗਾ। ਆਸਟ੍ਰੇਲੀਆ-ਏ ਤੇ ਭਾਰਤ-ਏ ਟੀਮਾਂ ਸਤੰਬਰ ਦੇ ਆਖ਼ਰ ਅਤੇ ਅਕਤੂਬਰ ਦੀ ਸ਼ੁਰੂਆਤ ’ਚ ਪੁਡੁਚੇਰੀ ’ਚ ਚਾਰ ਰੋਜ਼ਾ ਦੋ ਟੈਸਟ ਮੈਚਾਂ ’ਚ ਸਾਹਮਣੇ ਆਉਣਗੀਆਂ।
ਟੀ-20 ’ਚ ਧੂਮ ਮਚਾਉਣ ਵਾਲੇ 15 ਸਾਲਾ ਵੈਭਵ ਸੂਰਿਆਵੰਸ਼ੀ ਨੇ ਬਿਹਾਰ ਲਈ ਅੱਠ ਫਰਸਟ-ਕਲਾਸ ਮੈਚਾਂ ’ਚ ਸਿਰਫ 12 ਪਾਰੀਆਂ ਖੇਡੀਆਂ ਹਨ, ਜਿਸ ’ਚ ਉਨ੍ਹਾਂ ਦਾ ਉੱਚ ਸਕੋਰ 93 ਤੇ ਔਸਤ 17 ਤੋਂ ਥੋੜ੍ਹਾ ਜ਼ਿਆਦਾ ਰਿਹਾ ਹੈ, ਜੋ ਕੋਈ ਬਹੁਤ ਸ਼ਾਨਦਾਰ ਰਿਕਾਰਡ ਨਹੀਂ ਹੈ। ਸੂਰਿਆਵੰਸ਼ੀ ਲਾਲ ਗੇਂਦ ਵਾਲੇ ਕ੍ਰਿਕਟ ’ਚ ਹੁਣ ਤੱਕ ਜ਼ਿਆਦਾ ਪਰਖੇ ਨਹੀਂ ਗਏ ਹਨ ਪਰ ਦਲੀਪ ਟਰਾਫੀ ’ਚ ਕਮਜ਼ੋਰ ਮੰਨੀ ਜਾਣ ਵਾਲੀ ਨਾਰਥ ਈਸਟ ਟੀਮ ਉਨ੍ਹਾਂ ਨੂੰ ਕੁਝ ਪਹਿਲੀ ਸ਼੍ਰੇਣੀ ਦੌੜਾਂ ਬਣਾਉਣ ਅਤੇ ਆਤਮਵਿਸ਼ਵਾਸ ਹਾਸਲ ਕਰਨ ਦਾ ਮੌਕਾ ਦੇ ਸਕਦੀ ਹੈ। ਇਸ ਤੋਂ ਬਾਅਦ ਈਸਟ ਜ਼ੋਨ ਟੀਮ 30 ਅਗਸਤ ਤੋਂ ਇਸੇ ਮੈਦਾਨ 'ਤੇ ਸੈਂਟਰਲ ਜਾਂ ਸਾਊਥ ਜ਼ੋਨ ਖ਼ਿਲਾਫ਼ ਆਪਣਾ ਸੈਮੀਫਾਈਨਲ ਖੇਡੇਗੀ। ਹਾਲਾਂਕਿ ਈਸਟ ਜ਼ੋਨ ਟੀਮ ’ਚ ਕਪਤਾਨ ਇਸ਼ਾਨ ਕਿਸ਼ਨ, ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਭਾਰਤ-ਏ ਦੇ ਸਾਬਕਾ ਕਪਤਾਨ ਅਭਿਮਨਿਊ ਇਸ਼ਵਰਨ, ਭਾਰਤ-ਏ ਦੇ ਰੈਗੂਲਰ ਖਿਡਾਰੀ ਕੁਮਾਰ ਕੁਸ਼ਾਗਰਾ, ਸ਼ਾਹਬਾਜ਼ ਅਹਿਮਦ ਤੇ ਮੁਕੇਸ਼ ਕੁਮਾਰ ਵਰਗੇ ਤਜਰਬੇਕਾਰ ਖਿਡਾਰੀ ਵੀ ਸ਼ਾਮਲ ਹਨ ਪਰ ਜ਼ੋਨਲ ਚੋਣ ਕਮੇਟੀ ਵੱਲੋਂ ਉਪ-ਕਪਤਾਨ ਬਣਾਉਣ ਮਗਰੋਂ ਸੂਰਿਆਵੰਸ਼ੀ ਹੀ ਹਮੇਸ਼ਾ ਵਾਂਗ ਆਕਰਸ਼ਣ ਦਾ ਕੇਂਦਰ ਰਹਿਣਗੇ। ਨਾਰਥ ਈਸਟ ਦੀ ਗੇਂਦਬਾਜ਼ੀ ’ਚ ਸਾਫ਼ ਤੌਰ 'ਤੇ ਗੁਣਵੱਤਾ ਦੀ ਕਮੀ ਹੈ, ਇਸ ਲਈ ਦੇਖਣਾ ਇਹ ਹੈ ਕਿ ਕੀ ਸੂਰਿਆਵੰਸ਼ੀ ਸਬਰ ਦਿਖਾਉਂਦੇ ਹੋਏ ਉਨ੍ਹਾਂ 'ਤੇ ਹਾਵੀ ਹੋ ਪਾਉਂਦੇ ਹਨ ਜਾਂ ਨਹੀਂ। ਹਾਲਾਂਕਿ ਉਹ ਅਜਿਹਾ ਕਰਨ ’ਚ ਪੂਰੀ ਤਰ੍ਹਾਂ ਸਮਰੱਥ ਹਨ।
ਇਹ ਵੀ ਪੇਸ਼ ਕਰ ਸਕਦੇ ਹਨ ਭਾਰਤ-ਏ ਦੀ ਦਾਅਵੇਦਾਰੀ ਰਣਜੀ ਟਰਾਫੀ ਵਾਂਗ ਹੀ ਦਲੀਪ ਟਰਾਫੀ ਵੀ ਭਾਰਤ-ਏ ’ਚ ਜਗ੍ਹਾ ਬਣਾਉਣ ਦੇ ਇੱਛੁਕ ਖਿਡਾਰੀਆਂ ਲਈ ਇਕ ਆਡੀਸ਼ਨ ਪਲੇਟਫਾਰਮ ਵਰਗਾ ਹੈ। ਇਸ ਲਈ ਸੈਂਟਰਲ ਜ਼ੋਨ ਤੋਂ ਸਿੱਧਾ ਸੈਮੀਫਾਈਨਲ ਖੇਡਣ ਵਾਲੇ ਆਯੁਸ਼ ਪਾਂਡੇ ਤੇ ਅਮਨ ਮੋਖਾਡੇ ਵਰਗੇ ਖਿਡਾਰੀ ਭਾਰਤ-ਏ ’ਚ ਆਪਣੀ ਦਾਅਵੇਦਾਰੀ ਲਈ ਸਾਊਥ ਜ਼ੋਨ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਇਕ ਹੋਰ ਕੁਆਰਟਰ ਫਾਈਨਲ ’ਚ ਨਾਰਥ ਜ਼ੋਨ ਦਾ ਮੁਕਾਬਲਾ ਵੈਸਟ ਜ਼ੋਨ ਨਾਲ ਹੋਵੇਗਾ।