ਦਲੀਪ ਟਰਾਫ਼ੀ ਫਾਈਨਲ : ਪੂਰਬੀ ਤੇ ਦੱਖਣੀ ਜ਼ੋਨ ਵਿਚਾਲੇ ਅੱਜ ਤੋਂ ਖ਼ਿਤਾਬੀ ਜੰਗ, ਪਡਿਕਲ-ਤਿਲਕ ਤੇ ਸੂਰਿਆਵੰਸ਼ੀ 'ਤੇ ਰਹਿਣਗੀਆਂ ਨਜ਼ਰਾਂ; ਕੇ.ਐੱਲ. ਰਾਹੁਲ ਬਾਹਰ
ਸ਼੍ਰੀਲੰਕਾ ਦੇ ਖਿਲਾਫ ਟੈਸਟ ਸੀਰੀਜ਼ ’ਚ ਸਾਈ ਸੁਦਰਸ਼ਨ ਦੀ ਸੱਟ ਕਾਰਨ ਭਾਰਤੀ ਟੀਮ ’ਚ ਮਿਲੇ ਮੌਕੇ ਦਾ ਪਡਿਕਲ ਨੇ ਪੂਰਾ ਫਾਇਦਾ ਉਠਾਇਆ। ਕਰਨਾਟਕ ਦੇ ਇਸ ਬੱਲੇਬਾਜ਼ ਨੇ 2 ਟੈਸਟ ਮੈਚਾਂ ’ਚ 2 ਸੈਂਕੜੇ ਜੜੇ ਤੇ ਸੀਰੀਜ਼ ਦਾ ਸਰਬੋਤਮ ਖਿਡਾਰੀ ਐਲਾਨਿਆ ਗਿਆ
Publish Date: Sun, 06 Sep 2026 11:06 AM (IST)
Updated Date: Sun, 06 Sep 2026 11:11 AM (IST)
ਚੇਨਈ, ਪੀਟੀਆਈ : ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ, ਦੇਵਦੱਤ ਪਡਿਕਲ ਤੇ ਤਿਲਕ ਵਰਮਾ ਐਤਵਾਰ ਤੋਂ ਸ਼ੁਰੂ ਹੋ ਰਹੇ ਪੂਰਬੀ ਖੇਤਰ ਤੇ ਦੱਖਣੀ ਖੇਤਰ ਵਿਚਾਲੇ ਦਲੀਪ ਟਰਾਫੀ ਫਾਈਨਲ ’ਚ ਲਾਲ ਗੇਂਦ ਦੇ ਕ੍ਰਿਕਟ ’ਚ ਆਪਣੇ ਹਾਲੀਆ ਪ੍ਰਦਰਸ਼ਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ, ਜਦਕਿ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਨਜ਼ਰ ਲੈਅ ਹਾਸਲ ਕਰਨ ’ਤੇ ਹੋਵੇਗੀ।
ਸ਼੍ਰੀਲੰਕਾ ਦੇ ਖਿਲਾਫ ਟੈਸਟ ਸੀਰੀਜ਼ ’ਚ ਸਾਈ ਸੁਦਰਸ਼ਨ ਦੀ ਸੱਟ ਕਾਰਨ ਭਾਰਤੀ ਟੀਮ ’ਚ ਮਿਲੇ ਮੌਕੇ ਦਾ ਪਡਿਕਲ ਨੇ ਪੂਰਾ ਫਾਇਦਾ ਉਠਾਇਆ। ਕਰਨਾਟਕ ਦੇ ਇਸ ਬੱਲੇਬਾਜ਼ ਨੇ 2 ਟੈਸਟ ਮੈਚਾਂ ’ਚ 2 ਸੈਂਕੜੇ ਜੜੇ ਤੇ ਸੀਰੀਜ਼ ਦਾ ਸਰਬੋਤਮ ਖਿਡਾਰੀ ਐਲਾਨਿਆ ਗਿਆ। ਉਹ ਦਲੀਪ ਟਰਾਫੀ ਦੇ ਫਾਈਨਲ ’ਚ ਦੱਖਣੀ ਜ਼ੋਨ ਲਈ ਖੇਡਦੇ ਹੋਏ ਇਸ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗਾ, ਜੇਕਰ ਪਡਿਕਲ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਇਹ ਯਕੀਨੀ ਤੌਰ ’ਤੇ ਉਸ ਦੀ ਟੀਮ ਨੂੰ 2023 ਤੋਂ ਬਾਅਦ ਖਿਤਾਬ ਜਿੱਤਣ ’ਚ ਮਦਦ ਕਰੇਗਾ। ਇਸ ਨਾਲ ਉਹ ਤੀਜੇ ਨੰਬਰ ’ਤੇ ਆਪਣਾ ਦਾਅਵਾ ਹੋਰ ਮਜ਼ਬੂਤ ਕਰਨਾ ਚਾਹੇਗਾ।
ਗਰਜ ਰਿਹਾ ਹੈ ਤਿਲਕ ਦਾ ਬੱਲਾ ਵੈਭਵ ਸੂਰਿਆਵੰਸ਼ੀ ਤੇ ਤਿਲਕ ਵਰਮਾ ਫਿਲਹਾਲ ਭਾਰਤੀ ਟੈਸਟ ਟੀਮ ਦਾ ਹਿੱਸਾ ਨਹੀਂ ਹਨ ਪਰ ਭਾਰਤ ਦੇ ਟੀ-20 ਉਪ-ਕਪਤਾਨ ਤਿਲਕ ਨੇ ਹਾਲ ਹੀ ’ਚ ਬੈਂਗਲੁਰੂ ਵਿੱਚ ਉੱਤਰੀ ਖੇਤਰ ਖਿਲਾਫ ਸੈਮੀਫਾਈਨਲ ’ਚ ਇੱਕ ਸੈਂਕੜਾ ਤੇ ਅਰਧ ਸੈਂਕੜਾ ਲਾ ਕੇ ਟੈਸਟ ਟੀਮ ’ਚ ਜਗ੍ਹਾ ਲਈ ਆਪਣਾ ਦਾਅਵਾ ਪੇਸ਼ ਕੀਤਾ। ਇਸ ਤੋਂ ਬਾਅਦ ਉਸ ਨੇ ਖੁੱਲ੍ਹ ਕੇ ਕਿਹਾ ਕਿ ਉਸ ਦਾ ਮਕਸਦ ਟੈਸਟ ਟੀਮ 'ਚ ਜਗ੍ਹਾ ਬਣਾਉਣਾ ਹੈ। ਈਸਟ ਜ਼ੋਨ ਤੋਂ ਖੇਡਣ ਵਾਲੇ ਸੂਰਿਆਵੰਸ਼ੀ ਨੇ ਸੈਂਟਰਲ ਜ਼ੋਨ ਖਿਲਾਫ ਸੈਮੀਫਾਈਨਲ ’ਚ 92 ਤੇ 40 ਦੌੜਾਂ ਬਣਾ ਕੇ ਸਾਬਤ ਕਰ ਦਿੱਤਾ ਕਿ ਉਹ ਹਾਲਾਤ ਮੁਤਾਬਕ ਆਪਣੀ ਖੇਡ ਖੇਡਣ ’ਚ ਮਾਹਰ ਹੈ ਤੇ ਉਸ ਨੂੰ ਸਿਰਫ ਸੀਮਤ ਓਵਰਾਂ ਦੇ ਫਾਰਮੈਟ ਤੱਕ ਹੀ ਸੀਮਤ ਨਹੀਂ ਸਮਝਣਾ ਚਾਹੀਦਾ, ਜੇਕਰ ਉਹ ਫਾਈਨਲ ’ਚ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਦਾ ਹੈ ਤਾਂ ਉਸ ਦੇ ਸਾਰੇ ਫਾਰਮੈਟਾਂ ’ਚ ਖੇਡਣ ਦੀ ਸੰਭਾਵਨਾ ਵਧ ਜਾਵੇਗੀ।
ਬਿਹਤਰੀਨ ਫਾਰਮ ’ਚ ਆਉਣਾ ਹੋਵੇਗਾ ਤਜਰਬੇਕਾਰ ਤੇਜ਼ ਗੇਂਦਬਾਜ਼ ਸਿਰਾਜ ਨੂੰ ਨਿਊਜ਼ੀਲੈਂਡ ਦੇ ਆਗਾਮੀ ਦੌਰੇ ਤੋਂ ਪਹਿਲਾਂ ਆਪਣੀ ਬਿਹਤਰੀਨ ਫਾਰਮ ’ਚ ਆਉਣਾ ਹੋਵੇਗਾ। ਉਹ ਦੱਖਣੀ ਜ਼ੋਨ ਦੀ ਟੀਮ ’ਚ ਜ਼ਖ਼ਮੀ ਤੇਜ਼ ਗੇਂਦਬਾਜ਼ ਵਿਦਵਤ ਕਾਵਰੱਪਾ ਦੀ ਥਾਂ ਲੈ ਸਕਦਾ ਹੈ। ਸਿਰਾਜ ਸ਼੍ਰੀਲੰਕਾ ਖਿਲਾਫ ਦੋ ਮੈਚਾਂ ਦੀ ਸੀਰੀਜ਼ 'ਚ ਆਪਣਾ ਪ੍ਰਭਾਵ ਬਣਾਉਣ ’ਚ ਅਸਫਲ ਰਹੇ ਤੇ ਕਿਸੇ ਵੀ ਸਮੇਂ ਫਾਰਮ 'ਚ ਨਹੀਂ ਦਿਖੇ। ਉਸ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਸਿਰਾਜ ਨੂੰ ਆਪਣੀ ਲੈਅ ਵਾਪਸ ਲੈਣ ਦੀ ਲੋੜ ਹੈ। ਈਸ਼ਾਨ ਕਿਸ਼ਨ ਪੂਰਬੀ ਖੇਤਰ ਦੀ ਕਪਤਾਨੀ ਕਰੇਗਾ ਤੇ ਅਗਲੇ ਹਫਤੇ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਨਾਲ ਜੁੜਨ ਤੋਂ ਪਹਿਲਾਂ ਕੁਝ ਦੌੜਾਂ ਬਣਾਉਣ ਲਈ ਉਤਸੁਕ ਹੋਵੇਗਾ।
ਸ਼ਮੀ ਖੇਡੇਗਾ ਆਪਣਾ 100ਵਾਂ ਫਸਟ-ਕਲਾਸ ਮੈਚ ਤਜਰਬੇਕਾਰ ਗੇਂਦਬਾਜ਼ ਮੁਹੰਮਦ ਸ਼ਮੀ ਇੱਥੇ ਆਪਣਾ 100ਵਾਂ ਫਸਟ-ਕਲਾਸ ਮੈਚ ਖੇਡੇਗਾ, ਜੋ ਕਿ ਤੇਜ਼ ਗੇਂਦਬਾਜ਼ ਲਈ ਵੱਡੀ ਪ੍ਰਾਪਤੀ ਹੈ। ਉਹ ਰਾਸ਼ਟਰੀ ਟੀਮ ’ਚ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇੱਥੇ ਚੰਗਾ ਪ੍ਰਦਰਸ਼ਨ ਕਰ ਕੇ ਆਪਣਾ ਦਾਅਵਾ ਮਜ਼ਬੂਤ ਕਰਨਾ ਚਾਹੇਗਾ। ਉਸ ਨੇ ਮਾਰਚ 2025 ’ਚ ਚੈਂਪੀਅਨਸ ਟਰਾਫੀ ਦੇ ਫਾਈਨਲ ’ਚ ਭਾਰਤ ਲਈ ਆਪਣਾ ਆਖਰੀ ਮੈਚ ਖੇਡਿਆ ਸੀ।
ਫਾਈਨਲ 'ਚ ਨਹੀਂ ਖੇਡਣਗੇ ਰਾਹੁਲ ਭਾਰਤ ਦੇ ਟੈਸਟ ਉਪ ਕਪਤਾਨ ਕੇਐੱਲ ਰਾਹੁਲ 2026 ਦਲੀਪ ਟਰਾਫੀ ਦੇ ਫਾਈਨਲ ’ਚ ਨਹੀਂ ਖੇਡਣਗੇ। ਦੱਖਣੀ ਜ਼ੋਨ ਦੇ ਕੈਪਟਨ ਤਿਲਕ ਵਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬੀਸੀਸੀਆਈ ਨੇ ਰਾਹੁਲ ਨੂੰ ਭਾਰਤ ਦੇ ਪ੍ਰਮੁੱਖ ਜ਼ੋਨਲ ਜਾਇੰਟ ਟੂਰਨਾਮੈਂਟ ਦੇ ਖ਼ਿਤਾਬੀ ਮੈਚ ’ਚ ਦੱਖਣੀ ਜ਼ੋਨ ਲਈ ਖੇਡਣ ਲਈ ਕਿਹਾ ਸੀ। ਰਾਹੁਲ ਤੋਂ ਇਲਾਵਾ ਬੀਸੀਸੀਆਈ ਨੇ ਦੇਵਦੱਤ ਪਡਿਕਲ ਤੇ ਮੁਹੰਮਦ ਸਿਰਾਜ ਨੂੰ ਵੀ ਦਲੀਪ ਟਰਾਫੀ ਫਾਈਨਲ ’ਚ ਖੇਡਣ ਲਈ ਕਿਹਾ ਸੀ। ਦੋਵੇਂ ਖਿਡਾਰੀ ਦੱਖਣੀ ਜ਼ੋਨ ਤੋਂ ਖਿਤਾਬੀ ਮੁਕਾਬਲੇ 'ਚ ਹਿੱਸਾ ਲੈਣ ਲਈ ਤਿਆਰ ਹਨ।
ਟੀਮ ਇਸ ਤਰ੍ਹਾਂ ਹੈ ਦੱਖਣੀ ਜ਼ੋਨ: ਤਿਲਕ ਵਰਮਾ (ਕਪਤਾਨ), ਰਿੱਕੀ ਭੁਈ (ਉਪ-ਕਪਤਾਨ ਤੇ ਵਿਕਟਕੀਪਰ), ਐਸਕੇ ਰਸ਼ੀਦ, ਕੇ ਸਾਈ ਤੇਜਾ, ਟੀ ਵਿਜੇ, ਅਭਿਨਵ ਤੇਜਾਰਾਨਾ, ਕੇ ਹਿਮਤੇਜਾ, ਟੀ ਤਿਆਗਰਾਜਨ, ਆਰ ਸਮਰਨ, ਕਰੁਣ ਨਾਇਰ, ਸ਼੍ਰੇਅਸ ਗੋਪਾਲ, ਵਿਦਾਵਥ ਕਾਵੇਰੱਪਾ, ਐੱਮਡੀ ਨਿਧੀਸ਼, ਐੱਨ ਜਗਦੀਸ਼ਨ, ਅਮਨ ਖਾਨ, ਦੇਵਦੱਤ ਪਡਿਕਲ, ਮੁਹੰਮਦ ਸਿਰਾਜ।
ਈਸਟ ਜ਼ੋਨ : ਈਸ਼ਾਨ ਕਿਸ਼ਨ (ਕਪਤਾਨ ਤੇ ਵਿਕਟਕੀਪਰ), ਵੈਭਵ ਸੂਰਿਆਵੰਸ਼ੀ (ਉਪ-ਕਪਤਾਨ), ਡੇਨਿਸ਼ ਦਾਸ, ਅਭਿਮੰਨਿਊ ਈਸ਼ਵਰਨ, ਸੁਦੀਪ ਕੁਮਾਰ ਘਰਾਮੀ, ਸ਼ਾਹਬਾਜ਼ ਅਹਿਮਦ, ਸੂਰਜ ਸਿੰਧੂ ਜੈਸਵਾਲ, ਮੁਹੰਮਦ ਸ਼ਮੀ, ਮੁਕੇਸ਼ ਕੁਮਾਰ, ਕੁਮਾਰ ਕੁਸ਼ਾਗਰਾ, ਸ਼ਿਖਰ ਮੋਹਨ, ਅਨੁਕੁਲ ਰਾਏ, ਵਿਰਾਟ ਸਿੰਘ, ਸੁਭਾਂਸ਼ੂ ਸੈਨਾਪਤੀ, ਅਭਿਜੀਤ ਸਰਕਾਰ।
ਈਸਟ ਜ਼ੋਨ ਬਨਾਮ ਦੱਖਣੀ ਜ਼ੋਨ
ਸਥਾਨ: ਚੇਨਈ
ਸਮਾਂ: ਸਵੇਰੇ 9.30 ਵਜੇ ਤੋਂ
ਪ੍ਰਸਾਰਣ: ਸਟਾਰ ਸਪੋਰਟਸ ਨੈੱਟਵਰਕ/ਜੀਓ ਹੌਟਸਟਾਰ