Duleep Trophy : ਘਰਾਮੀ ਤੇ ਸ਼ਾਹਬਾਜ਼ ਦੇ ਸੈਂਕੜਿਆਂ ਨਾਲ ਪੂਰਬੀ ਖੇਤਰ ਮਜ਼ਬੂਤ, ਸੂਰਿਆਵੰਸ਼ੀ ਰਹੇ ਫਲਾਪ
ਦਲੀਪ ਟਰਾਫੀ ਦੇ ਕੁਆਰਟਰ ਫਾਈਨਲ ’ਚ ਐਤਵਾਰ ਨੂੰ ਪਹਿਲੇ ਦਿਨ ਪੂਰਬੀ ਖੇਤਰ ਮਜ਼ਬੂਤ ਹਾਲਤ ’ਚ ਪਹੁੰਚ ਗਿਆ ਪਰ ਇਸ ਟੀਮ ਦੀ ਸਭ ਤੋਂ ਵੱਡੀ ਉਮੀਦ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ (8) ਲਾਲ ਗੇਂਦ ਫਾਰਮੈਟ ’ਚ ਫਲਾਪ ਸਾਬਿਤ ਹੋਇਆ
Publish Date: Mon, 24 Aug 2026 10:40 AM (IST)
Updated Date: Mon, 24 Aug 2026 10:43 AM (IST)
ਬੈਂਗਲੁਰੂ (ਪੀਟੀਆਈ) : ਦਲੀਪ ਟਰਾਫੀ ਦੇ ਕੁਆਰਟਰ ਫਾਈਨਲ ’ਚ ਐਤਵਾਰ ਨੂੰ ਪਹਿਲੇ ਦਿਨ ਪੂਰਬੀ ਖੇਤਰ ਮਜ਼ਬੂਤ ਹਾਲਤ ’ਚ ਪਹੁੰਚ ਗਿਆ ਪਰ ਇਸ ਟੀਮ ਦੀ ਸਭ ਤੋਂ ਵੱਡੀ ਉਮੀਦ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ (8) ਲਾਲ ਗੇਂਦ ਫਾਰਮੈਟ ’ਚ ਫਲਾਪ ਸਾਬਿਤ ਹੋਇਆ। ਹਾਲਾਂਕਿ, ਬੰਗਾਲ ਦੇ ਅਹਿਮ ਬੱਲੇਬਾਜ਼ ਸੁਦੀਪ ਘਰਾਮੀ ਦੀ 146 ਦੌੜਾਂ ਤੇ ਸ਼ਾਹਬਾਜ਼ ਅਹਿਮਦ ਦੀ 100 ਦੌੜਾਂ ਦੀ ਪਾਰੀ ਦੇ ਦਮ ’ਤੇ ਪੂਰਬੀ ਖੇਤਰ ਨੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਉੱਤਰ-ਪੂਰਬ ਖੇਤਰ ਵਿਰੁੱਧ ਛੇ ਵਿਕਟਾਂ ’ਤੇ 355 ਦੌੜਾਂ ਬਣਾ ਲਈਆਂ। ਘਰਾਮੀ ਤੇ ਸ਼ਾਹਬਾਜ਼ ਨੇ ਛੇਵੀਂ ਵਿਕਟ ਲਈ 150 ਦੌੜਾਂ ਜੋੜੀਆਂ।
ਮੁਕਾਬਲੇ ’ਚ ਵੈਭਵ ਸੂਰਿਆਵੰਸ਼ੀ ਦੇ ਛੇਤੀ ਵਿਕਟ ਗੁਆਉਣ ਨਾਲ ਪੂਰਬੀ ਦੀ ਖ਼ਰਾਬ ਸ਼ੁਰੂਆਤ ਹੋਈ। ਵੈਭਵ ਨੇ ਮਿਡਵਿਕਟ ’ਤੇ ਜ਼ੋਰਦਾਰ ਸ਼ਾਟ ਤੇ ਇਕ ਸ਼ਾਨਦਾਰ ਕਵਰ ਡਰਾਈਵ ਨਾਲ ਸ਼ੁਰੂਆਤ ਕੀਤੀ ਪਰ ਫਿਰ ਮਣੀਪੁਰ ਦੇ ਬਿਸ਼ਵੋਰਜੀਤ ਕੋਂਥੌਜਮ ਦੀ ਬੈਕਆਫ ਲੈਂਥ ਗੇਂਦ ’ਤੇ ਉਸਦੀ ਸਲੈਸ਼ ਸ਼ਾਟ ਗਲੀ ’ਚ ਚਲੀ ਗਈ। ਇਸਨੇ ਫਿਰ ਸਾਬਿਤ ਕੀਤਾ ਕਿ ਲਾਲ ਗੇਂਦ ਕ੍ਰਿਕਟ ’ਚ ਵੈਭਵ ’ਚ ਹਾਲੇ ਕਾਫੀ ਸੁਧਾਰ ਦੀ ਲੋੜ ਹੈ। ਇਸ ਤੋਂ ਬਾਅਦ ਅਭਿਮੰਨਿਊ ਈਸ਼ਵਰਨ (15) ਆਊਟ ਹੋ ਗਿਆ ਤੇ ਫਿਰ ਕੁਮਾਰ ਕੁਸ਼ਾਗਰ (55) ਤੇ ਘਰਾਮੀ ਨੇ ਤੀਜੀ ਵਿਕਟ ਲਈ 92 ਦੌੜਾਂ ਦੀ ਭਾਈਵਾਲੀ ਕੀਤੀ। ਹਾਲਾਂਕਿ, ਕੁਸ਼ਾਗਰ ਦੇ ਆਊਟ ਹੋਣ ਤੋਂ ਬਾਅਦ ਟੀਮ ਡਾਵਾਂਡੋਲ ਹੋ ਗਈ ਤੇ ਭਾਰਤੀ ਸਟਾਰ ਇਸ਼ਾਨ ਕਿਸ਼ਨ ਤੇ ਵਿਰਾਟ ਸਿੰਘ ਵੀ ਛੇਤੀ ਆਊਟ ਹੋ ਗਏ, ਜਿਸ ਤੋਂ ਬਾਅਦ ਸ਼ਾਹਬਾਜ਼ ਤੇ ਘਰਾਮੀ ਨੇ ਮੋਰਚਾ ਸੰਭਾਲਿਆ।
ਕੰਬੋਜ ਦੀ ਪਾਰੀ ਨੇ ਉੱਤਰੀ ਖੇਤਰ ਨੂੰ ਸੰਭਾਲਿਆ ਇਕ ਹੋਰ ਕੁਆਰਟਰ ਫਾਈਨਲ ’ਚ ਪਹਿਲੇ ਦਿਨ ਉੱਤਰੀ ਖੇਤਰ ਨੇ ਅੰਸ਼ੁਲ ਕੰਬੋਜ ਦੀ 60 ਦੌੜਾਂ ਦੀ ਪਾਰੀ ਦੇ ਦਮ ’ਤੇ ਪੱਛਮੀ ਜ਼ੋਨ ਵਿਰੁੱਧ 251 ਦੌੜਾਂ ਬਣਾਈਆਂ। ਹਾਲਾਂਕਿ, ਇਸ ਤੋਂ ਪਹਿਲਾਂ ਆਯੁਸ਼ ਬਡੋਨੀ (51) ਤੇ ਆਯੁਸ਼ ਦੋਸੇਜਾ (42) ਨੇ ਵੀ ਅਹਿਮ ਯੋਗਦਾਨ ਦਿੱਤਾ। ਵੈਸਟ ਜ਼ੋਨ ਦੇ ਤਨੁਸ਼ ਕੋਟੀਆਨ ਤੇ ਤੁਸ਼ਾਰ ਦੇਸ਼ਪਾਂਡੇ ਨੇ ਚਾਰ-ਚਾਰ ਵਿਕਟਾਂ ਲਈਆਂ। ਜਵਾਬ ’ਚ ਦਿਨ ਦੀ ਖੇਡ ਖ਼ਤਮ ਹੋਣ ਤੱਕ ਪੱਛਮੀ ਖੇਤ ਨੇ ਦੋ ਵਿਕਟਾਂ ’ਤੇ 31 ਦੌੜਾਂ ਬਣਾ ਲਈਆਂ ਸਨ।