ਹੁਣ ਪਾਟੀਦਾਰ ਦਾ ਨਾਮ ਆਈ.ਪ.ਐੱਲ. ਜੇਤੂ ਕਪਤਾਨਾਂ ਵਿੱਚ ਗਿਣਿਆ ਜਾਣ ਲੱਗਾ ਸੀ। ਹਾਲਾਂਕਿ, ਕਈ ਲੋਕ ਇਸ ਜਿੱਤ ਨੂੰ ਸਿਰਫ਼ ਇੱਕ ਤੁੱਕਾ ਦੱਸ ਰਹੇ ਸਨ। ਪਾਟੀਦਾਰ ਸ਼ਾਂਤ ਰਹੇ ਅਤੇ ਅਗਲੇ ਸੀਜ਼ਨ ਦਾ ਇੰਤਜ਼ਾਰ ਕੀਤਾ। ਆਈ.ਪੀ.ਐੱਲ.-2026 ਵਿੱਚ ਇੱਕ ਵਾਰ ਫਿਰ ਉਨ੍ਹਾਂ ਦੀ ਕਪਤਾਨੀ ਦੀ ਧਾਰ ਦੇਖਣ ਨੂੰ ਮਿਲੀ

ਸਪੋਰਟਸ ਡੈਸਕ, ਨਵੀਂ ਦਿੱਲੀ : ਕਿਸਮਤ ਕਦੋਂ ਪਾਸਾ ਪਲਟ ਜਾਵੇ, ਕਿਸੇ ਨੂੰ ਨਹੀਂ ਪਤਾ। ਕੱਲ੍ਹ ਤੱਕ ਜਿਸ ਦੇ ਹੱਥ ਖ਼ਾਲੀ ਸਨ, ਉਹ ਅਗਲੇ ਹੀ ਦਿਨ ਮਾਲਾਮਾਲ ਹੋ ਜਾਵੇ, ਕੋਈ ਨਹੀਂ ਕਹਿ ਸਕਦਾ। ਇਨ੍ਹਾਂ ਗੱਲਾਂ 'ਤੇ ਭਰੋਸਾ ਉਦੋਂ ਹੋਰ ਪੱਕਾ ਹੋ ਜਾਂਦਾ ਹੈ ਜਦੋਂ ਆਈ.ਪੀ.ਐੱਲ. (IPL) ਦੀ ਦੁਨੀਆ ਵਿੱਚ ਰਜਤ ਪਾਟੀਦਾਰ ਦਾ ਨਾਮ ਆਉਂਦਾ ਹੈ। ਪਾਟੀਦਾਰ ਇੱਕ ਸਮੇਂ ਆਰ.ਸੀ.ਬੀ. (RCB) ਵਿੱਚ ਰਿਪਲੇਸਮੈਂਟ ਵਜੋਂ ਆਏ ਸਨ ਅਤੇ ਹੁਣ ਉਹ ਟੀਮ ਨੂੰ ਲਗਾਤਾਰ ਦੋ ਖ਼ਿਤਾਬ ਜਿਤਾਉਣ ਵਾਲੇ ਕਪਤਾਨ ਬਣ ਗਏ ਹਨ।
ਹੁਣ ਰਜਤ ਪਾਟੀਦਾਰ ਦਾ ਨਾਮ ਰੋਹਿਤ ਸ਼ਰਮਾ ਅਤੇ ਐੱਮ.ਐੱਸ. ਧੋਨੀ ਵਰਗੇ ਧੁਰੰਦਰਾਂ ਦੀ ਸੂਚੀ ਵਿੱਚ ਆ ਗਿਆ ਹੈ। ਰੋਹਿਤ ਅਤੇ ਧੋਨੀ ਉਹ ਕਪਤਾਨ ਹਨ ਜਿਨ੍ਹਾਂ ਨੇ ਲਗਾਤਾਰ ਦੋ ਵਾਰ ਆਈ.ਪੀ.ਐੱਲ. ਟਰਾਫ਼ੀ ਚੁੱਕੀ ਹੈ। ਹੁਣ ਇਸ ਲਿਸਟ ਵਿੱਚ ਰਜਤ ਪਾਟੀਦਾਰ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਇਹ ਸ਼ਾਇਦ ਕਿਸਮਤ ਹੀ ਸੀ ਜੋ ਰਜਤ ਦੇ ਹਿੱਸੇ ਇਹ ਮੁਕਾਮ ਆਇਆ। ਹਾਲਾਂਕਿ, ਕਿਸਮਤ ਵੱਲੋਂ ਮਿਲੇ ਮੌਕੇ ਨੂੰ ਰਜਤ ਨੇ ਬਾਖ਼ੂਬੀ ਭੁਣਾਇਆ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅਤੇ ਉਨ੍ਹਾਂ ਦੀ ਮਿਹਨਤ ਨੂੰ ਨਕਾਰਿਆ ਨਹੀਂ ਜਾ ਸਕਦਾ।
ਰਿਪਲੇਸਮੈਂਟ ਦੇ ਤੌਰ 'ਤੇ ਮਿਲਿਆ ਮੌਕਾ਼
ਗੱਲ ਸਾਲ 2022 ਦੀ ਹੈ। ਆਈ.ਪੀ.ਐੱਲ. ਨੀਲਾਮੀ ਵਿੱਚ ਰਜਤ ਪਾਟੀਦਾਰ ਨੂੰ ਮੌਕਾ ਨਹੀਂ ਮਿਲਿਆ ਸੀ। ਉਨ੍ਹਾਂ ਨੂੰ ਕਿਸੇ ਵੀ ਫ੍ਰੈਂਚਾਈਜ਼ੀ ਨੇ ਨਹੀਂ ਖ਼ਰੀਦਿਆ ਸੀ। ਕਾਰਨ ਸੀ 2021 ਵਿੱਚ ਆਰ.ਸੀ.ਬੀ. ਲਈ ਉਨ੍ਹਾਂ ਦਾ ਪ੍ਰਦਰਸ਼ਨ, ਜਿੱਥੇ ਉਹ ਸਿਰਫ਼ 71 ਦੌੜਾਂ ਹੀ ਬਣਾ ਸਕੇ ਸਨ। ਇਸੇ ਕਰਕੇ 2022 ਦੀ ਮੈਗਾ ਨੀਲਾਮੀ ਵਿੱਚ ਉਨ੍ਹਾਂ ਨੂੰ ਕਿਸੇ ਵੀ ਟੀਮ ਨੇ ਨਹੀਂ ਲਿਆ ਪਰ ਕਿਸਮਤ ਕੁਝ ਹੋਰ ਹੀ ਸੋਚੀ ਬੈਠੀ ਸੀ।
ਆਰ.ਸੀ.ਬੀ. ਦੀ ਟੀਮ ਵਿੱਚ ਸ਼ਾਮਲ ਹੋਏ ਲਵਨੀਥ ਸਿਸੋਦੀਆ ਜ਼ਖ਼ਮੀ ਹੋ ਗਏ ਅਤੇ ਇਸੇ ਕਾਰਨ ਰਜਤ ਪਾਟੀਦਾਰ ਨੂੰ ਮੌਕਾ ਮਿਲਿਆ। ਰਜਤ ਪਾਟੀਦਾਰ ਨੂੰ ਜਦੋਂ ਆਰ.ਸੀ.ਬੀ. ਵੱਲੋਂ ਫ਼ੋਨ ਆਇਆ ਤਾਂ ਉਹ ਵਿਆਹ ਕਰਵਾਉਣ ਵਾਲੇ ਸਨ ਪਰ ਉਨ੍ਹਾਂ ਨੇ ਆਪਣਾ ਵਿਆਹ ਟਾਲ ਦਿੱਤਾ ਅਤੇ ਆਰ.ਸੀ.ਬੀ. ਦੀ ਜਰਸੀ ਪਹਿਨ ਲਈ। ਸੀਜ਼ਨ ਵਿਚਕਾਰ ਟੀਮ ਵਿੱਚ ਆਏ ਪਾਟੀਦਾਰ ਕੋਲ ਇੱਕ ਸੁਨਹਿਰੀ ਮੌਕਾ ਸੀ, ਜਿਸ ਨੂੰ ਉਨ੍ਹਾਂ ਨੇ ਦੋਵਾਂ ਹੱਥਾਂ ਨਾਲ ਲਪਕਿਆ। ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਐਲੀਮੀਨੇਟਰ ਮੁਕਾਬਲੇ ਵਿੱਚ ਪਾਟੀਦਾਰ ਨੇ ਸੈਂਕੜਾ ਜੜ ਕੇ ਦੱਸ ਦਿੱਤਾ ਕਿ ਉਹ ਹੁਣ ਆਰ.ਸੀ.ਬੀ. ਦਾ ਅਹਿਮ ਹਿੱਸਾ ਹਨ।
2025 'ਚ ਮਿਲੀ ਕਪਤਾਨੀ
ਪਾਟੀਦਾਰ ਦਾ ਬੱਲਾ ਚੱਲ ਪਿਆ ਅਤੇ ਉਨ੍ਹਾਂ ਨੇ ਜੰਮ ਕੇ ਦੌੜਾਂ ਬਣਾਈਆਂ। ਨਤੀਜਾ ਇਹ ਰਿਹਾ ਕਿ ਫ੍ਰੈਂਚਾਈਜ਼ੀ ਨੇ ਸਾਲ 2025 ਵਿੱਚ ਪਾਟੀਦਾਰ ਨੂੰ ਕਪਤਾਨ ਬਣਾ ਦਿੱਤਾ। ਇਹ ਇੱਕ ਹੈਰਾਨ ਕਰਨ ਵਾਲਾ ਫ਼ੈਸਲਾ ਸੀ। ਹਰ ਕੋਈ ਇਸ ਫ਼ੈਸਲੇ ਨੂੰ ਲੈ ਕੇ ਚਰਚਾ ਕਰ ਰਿਹਾ ਸੀ। ਜੇਕਰ ਕਿਸੇ ਨੂੰ ਭਰੋਸਾ ਸੀ, ਤਾਂ ਉਹ ਸੀ ਆਰ.ਸੀ.ਬੀ. ਮੈਨੇਜਮੈਂਟ। ਪਾਟੀਦਾਰ ਨੇ ਟੀਮ ਮੈਨੇਜਮੈਂਟ ਦੇ ਭਰੋਸੇ ਨੂੰ ਸਹੀ ਸਾਬਤ ਕੀਤਾ ਅਤੇ 17 ਸਾਲਾਂ ਤੋਂ ਚੱਲੇ ਆ ਰਹੇ ਟਰਾਫ਼ੀ ਦੇ ਸੋਕੇ ਨੂੰ ਖ਼ਤਮ ਕਰ ਦਿੱਤਾ।
ਹੁਣ ਪਾਟੀਦਾਰ ਦਾ ਨਾਮ ਆਈ.ਪ.ਐੱਲ. ਜੇਤੂ ਕਪਤਾਨਾਂ ਵਿੱਚ ਗਿਣਿਆ ਜਾਣ ਲੱਗਾ ਸੀ। ਹਾਲਾਂਕਿ, ਕਈ ਲੋਕ ਇਸ ਜਿੱਤ ਨੂੰ ਸਿਰਫ਼ ਇੱਕ ਤੁੱਕਾ ਦੱਸ ਰਹੇ ਸਨ। ਪਾਟੀਦਾਰ ਸ਼ਾਂਤ ਰਹੇ ਅਤੇ ਅਗਲੇ ਸੀਜ਼ਨ ਦਾ ਇੰਤਜ਼ਾਰ ਕੀਤਾ। ਆਈ.ਪੀ.ਐੱਲ.-2026 ਵਿੱਚ ਇੱਕ ਵਾਰ ਫਿਰ ਉਨ੍ਹਾਂ ਦੀ ਕਪਤਾਨੀ ਦੀ ਧਾਰ ਦੇਖਣ ਨੂੰ ਮਿਲੀ। ਕ੍ਰੀਜ਼ 'ਤੇ ਬੱਲੇ ਨਾਲ ਉਹ ਪਹਿਲਾਂ ਨਾਲੋਂ ਜ਼ਿਆਦਾ ਹਮਲਾਵਰ ਨਜ਼ਰ ਆਏ, ਜਦੋਂ ਕਿ ਮੈਦਾਨ 'ਤੇ ਕਪਤਾਨੀ ਕਰਦੇ ਹੋਏ ਧੋਨੀ ਵਾਂਗ ਹੀ ਸ਼ਾਂਤ ਦਿਖੇ।
ਪਾਟੀਦਾਰ ਦੇ ਫ਼ੈਸਲਿਆਂ ਵਿੱਚ ਦਮ ਸੀ ਅਤੇ ਕਈ ਫਸੇ ਹੋਏ ਮੈਚਾਂ ਵਿੱਚ ਉਨ੍ਹਾਂ ਨੇ ਆਪਣੀ ਰਣਨੀਤੀ ਨਾਲ ਬਾਜ਼ੀ ਪਲਟ ਦਿੱਤੀ। 31 ਮਈ ਨੂੰ ਗੁਜਰਾਤ ਟਾਈਟਨਸ ਖ਼ਿਲਾਫ਼ ਜਦੋਂ ਆਰ.ਸੀ.ਬੀ. ਨੇ ਖ਼ਿਤਾਬੀ ਜਿੱਤ ਹਾਸਲ ਕੀਤੀ, ਤਾਂ ਉਨ੍ਹਾਂ ਸਾਰੇ ਲੋਕਾਂ ਨੂੰ ਜਵਾਬ ਮਿਲ ਗਿਆ ਜੋ ਪਿਛਲੇ ਸੀਜ਼ਨ ਦੀ ਜਿੱਤ ਨੂੰ ਤੁੱਕਾ ਦੱਸ ਰਹੇ ਸਨ।
ਪਾਟੀਦਾਰ ਹੁਣ ਉਨ੍ਹਾਂ ਕਪਤਾਨਾਂ ਵਿੱਚ ਗਿਣੇ ਜਾ ਰਹੇ ਹਨ ਜਿਨ੍ਹਾਂ ਨੇ ਲਗਾਤਾਰ ਦੋ ਸੀਜ਼ਨ ਆਈ.ਪੀ.ਐੱਲ. ਜਿੱਤਿਆ ਹੈ। ਹੁਣ ਉਨ੍ਹਾਂ ਦੀ ਗਿਣਤੀ ਰਣਨੀਤਕ ਤੌਰ 'ਤੇ ਮਾਹਰ ਕਪਤਾਨਾਂ ਵਿੱਚ ਹੋਣ ਲੱਗੀ ਹੈ। ਅਜਿਹੇ ਵਿੱਚ ਪਾਟੀਦਾਰ ਬੱਸ ਉਸ ਪਲ ਨੂੰ ਵਾਰ-ਵਾਰ ਯਾਦ ਕਰਦੇ ਹੋਣਗੇ ਜਦੋਂ 2022 ਵਿੱਚ ਆਰ.ਸੀ.ਬੀ. ਤੋਂ ਉਨ੍ਹਾਂ ਨੂੰ ਕਾਲ ਆਈ ਸੀ ਅਤੇ ਉਹ ਆਪਣਾ ਵਿਆਹ ਟਾਲ ਕੇ ਖੇਡਣ ਆ ਗਏ ਸਨ।