ਵਿਕਟ ਲਿਆ ਜਾਂ ਜਾਦੂ ਕੀਤਾ? ਆਸਟ੍ਰੇਲੀਆ ਵਿਰੁੱਧ ਬੰਗਲਾਦੇਸ਼ੀ ਗੇਂਦਬਾਜ਼ ਦੇ ਅਜੀਬ ਸੈਲੀਬ੍ਰੇਸ਼ਨ ਨੇ ਇੰਟਰਨੈੱਟ 'ਤੇ ਮਚਾਇਆ ਹੰਗਾਮਾ
ਬੰਗਲਾਦੇਸ਼ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੇ 2 ਵਿਕਟਾਂ ਲਈਆਂ। ਉਨ੍ਹਾਂ ਨੇ ਆਸਟ੍ਰੇਲੀਆ ਦੇ ਬੱਲੇਬਾਜ਼ ਕੈਮਰਨ ਗ੍ਰੀਨ ਨੂੰ ਆਊਟ ਕਰਨ ਤੋਂ ਬਾਅਦ ਇੱਕ ਅਜੀਬ ਤਰੀਕੇ ਨਾਲ ਜਸ਼ਨ ਮਨਾਇਆ। ਗ੍ਰੀਨ ਡਾਰਵਿਨ ਦੀ ਮੁਸ਼ਕਲ ਪਿੱਚ 'ਤੇ ਚੰਗੀ ਲੈਅ ਵਿੱਚ ਦਿਖ ਰਹੇ ਸਨ ਪਰ ਉਹ 13 ਗੇਂਦਾਂ ’ਚ 13 ਦੌੜਾਂ ਹੀ ਬਣਾ ਸਕੇ।
Publish Date: Thu, 13 Aug 2026 01:19 PM (IST)
Updated Date: Thu, 13 Aug 2026 01:21 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਬੰਗਲਾਦੇਸ਼ ਦੇ ਖ਼ਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਆਸਟ੍ਰੇਲੀਆਈ ਟੀਮ ਪਹਿਲੀ ਪਾਰੀ ’ਚ 198 ਦੋੜਾਂ 'ਤੇ ਸਿਮਟ ਗਈ। ਹਸਨ ਮਹਿਮੂਦ ਨੇ ਪੰਜਾ ਖੋਲ੍ਹਿਆ ਅਤੇ 6 ਵਿਕਟਾਂ ਝਟਕਾਈਆਂ। ਹਸਨ ਮਹਿਮੂਦ ਆਸਟ੍ਰੇਲੀਆ ’ਚ 5 ਵਿਕਟਾਂ ਲੈਣ ਵਾਲੇ ਪਹਿਲੇ ਬੰਗਲਾਦੇਸ਼ੀ ਗੇਂਦਬਾਜ਼ ਬਣੇ।
ਬੰਗਲਾਦੇਸ਼ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੇ 2 ਵਿਕਟਾਂ ਲਈਆਂ। ਉਨ੍ਹਾਂ ਨੇ ਆਸਟ੍ਰੇਲੀਆ ਦੇ ਬੱਲੇਬਾਜ਼ ਕੈਮਰਨ ਗ੍ਰੀਨ ਨੂੰ ਆਊਟ ਕਰਨ ਤੋਂ ਬਾਅਦ ਇੱਕ ਅਜੀਬ ਤਰੀਕੇ ਨਾਲ ਜਸ਼ਨ ਮਨਾਇਆ। ਗ੍ਰੀਨ ਡਾਰਵਿਨ ਦੀ ਮੁਸ਼ਕਲ ਪਿੱਚ 'ਤੇ ਚੰਗੀ ਲੈਅ ਵਿੱਚ ਦਿਖ ਰਹੇ ਸਨ ਪਰ ਉਹ 13 ਗੇਂਦਾਂ ’ਚ 13 ਦੌੜਾਂ ਹੀ ਬਣਾ ਸਕੇ।
ਰਹੀਮ ਨੇ ਫੜਿਆ ਕੈਚ
ਆਸਟ੍ਰੇਲੀਆਈ ਪਾਰੀ ਦੇ 22ਵੇਂ ਓਵਰ ’ਚ ਗ੍ਰੀਨ ਨੇ ਲੇਗ ਸਾਈਡ ਵੱਲ ਇੱਕ ਲੈਂਥ ਬਾਲ ਨੂੰ ਫਲਿੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਸ਼ਾਟ ਪੂਰੀ ਤਰ੍ਹਾਂ ਨਾਲ ਗਲਤ ਹੋ ਗਿਆ। ਗੇਂਦ ਮਿਡ-ਵਿਕੇਟ 'ਤੇ ਖੜ੍ਹੇ ਮੁਸ਼ਫਿਕੁਰ ਰਹੀਮ ਕੋਲ ਗਈ ਅਤੇ ਤਜ਼ਰਬੇਕਾਰ ਕ੍ਰਿਕਟਰ ਨੇ ਸ਼ਾਨਦਾਰ ਕੈਚ ਲਪਕਿਆ। ਆਊਟ ਕਰਨ ਤੋਂ ਬਾਅਦ ਤਸਕੀਨ ਨੇ ਜੀਭ ਬਾਹਰ ਕੱਢ ਕੇ ਥੋੜ੍ਹਾ ਡਾਂਸ ਕੀਤਾ, ਜਦੋਂਕਿ ਬਾਕੀ ਖਿਡਾਰੀ ਜਸ਼ਨ ਮਨਾਉਣ ਲਈ ਰਹੀਮ ਵੱਲ ਦੌੜੇ। ਇਸ ਜਸ਼ਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ।
ਪੈਟ ਕਮਿੰਸ ਨੇ ਜਿੱਤਿਆ ਟਾਸ
ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟੀਮ ਬਿਨਾਂ ਕਿਸੇ ਨੁਕਸਾਨ ਦੇ 45 ਦੌੜਾਂ ਤੱਕ ਪਹੁੰਚ ਗਈ ਸੀ। ਇਸ ਤੋਂ ਬਾਅਦ ਮਹਿਮੂਦ ਨੇ ਆਪਣੇ ਛੇਵੇਂ ਅਤੇ ਸੱਤਵੇਂ ਓਵਰ ’ਚ ਵਿਕਟ ਝਟਕੇ। ਡਾਰਵਿਨ ਵਿੱਚ ਜੰਮੇ ਜੇਕ ਵੇਦਰਲਡ ਨੂੰ ਘਰੇਲੂ ਦਰਸ਼ਕਾਂ ਦਾ ਸਮਰਥਨ ਤਾਂ ਮਿਲਿਆ ਪਰ ਹਰੀ-ਭਰੀ ਪਿੱਚ 'ਤੇ ਉਹ ਕਦੇ ਵੀ ਸਹਿਜ ਨਹੀਂ ਦਿਖੇ। ਉਨ੍ਹਾਂ ਨੇ ਮਹਿਮੂਦ ਦੀ ਇੱਕ ਵਾਈਡ ਗੇਂਦ 'ਤੇ ਬੇਵਜ੍ਹਾ ਬੱਲਾ ਘੁਮਾਇਆ ਅਤੇ 37 ਗੇਂਦਾਂ ਵਿੱਚ 23 ਦੌੜਾਂ ਬਣਾ ਕੇ ਆਊਟ ਹੋ ਗਏ।
ਉਨ੍ਹਾਂ ਦੇ ਓਪਨਿੰਗ ਪਾਰਟਨਰ ਟ੍ਰੇਵਿਸ ਹੇਡ (22) ਮਹਿਮੂਦ ਦੇ ਅਗਲੇ ਓਵਰ ’ਚ ਆਊਟ ਹੋਏ। ਹਸਨ ਨੇ ਉਨ੍ਹਾਂ ਨੂੰ ਬੋਲਡ ਕੀਤਾ। ਏਬਾਦੋਤ ਹੁਸੈਨ ਨੇ ਮਾਰਨਸ ਲਾਬੂਸ਼ੇਨ ਨੂੰ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਦੇ ਹੱਥੋਂ ਕੈਚ ਕਰਵਾਇਆ। ਉਹ ਸਟੀਵ ਸਮਿਥ ਦਾ ਵਿਕਟ ਵੀ ਲੈ ਸਕਦੇ ਸਨ ਪਰ ਤੀਜੀ ਸਲਿੱਪ 'ਤੇ ਇੱਕ ਕੈਚ ਛੁੱਟ ਗਿਆ। ਲੰਚ ਤੋਂ ਠੀਕ ਪਹਿਲਾਂ ਆਲਰਾਊਂਡਰ ਕੈਮਰਨ ਗ੍ਰੀਨ (13 ਦੌੜਾਂ) ਆਊਟ ਹੋਏ। ਸਟੀਵ ਸਮਿਥ ਨੇ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ 109 ਗੇਂਦਾਂ ਦਾ ਸਾਹਮਣਾ ਕੀਤਾ ਅਤੇ 71 ਦੌੜਾਂ ਬਣਾਈਆਂ। ਹਸਨ ਮਹਿਮੂਦ ਨੇ ਹੀ ਉਨ੍ਹਾਂ ਦਾ ਵਿਕਟ ਆਪਣੇ ਖਾਤੇ ਵਿੱਚ ਲਿਖਵਾਇਆ।