ਬੀਸੀਸੀਆਈ ਚੋਣ ਕਮੇਟੀ 'ਚ ਬਦਲਾਅ : ਸਾਬਕਾ ਤੇਜ਼ ਗੇਂਦਬਾਜ਼ ਡੋਡਾ ਗਣੇਸ਼ ਤੇ ਰਮੇਸ਼ ਪੋਵਾਰ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਸੀਨੀਅਰ ਚੋਣ ਕਮੇਟੀ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 14 ਅਕਤੂਬਰ ਸੀ। ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਫਿਰ ਇਸ ਅਹੁਦੇ ਲਈ ਚਾਰ ਤੋਂ ਪੰਜ ਉਮੀਦਵਾਰਾਂ ਦੀ ਇੰਟਰਵਿਊ ਲਈ। ਇਨ੍ਹਾਂ ’ਚ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਸੀਮ ਜ਼ਾਫਰ ਵੀ ਸ਼ਾਮਲ ਸੀ
Publish Date: Sun, 18 Oct 2026 11:38 AM (IST)
Updated Date: Sun, 18 Oct 2026 11:47 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਕਰਨਾਟਕ ਦੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੋਗਾ ਗਣੇਸ਼ ਨੂੰ ਜੂਨੀਅਰ ਚੋਣ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਮਿਲ ਸਕਦਾ ਹੈ। ਸੂਤਰਾਂ ਮੁਤਾਬਕ ਜੰਮੂ-ਕਸ਼ਮੀਰ ਦੇ ਅਰੁਣ ਸ਼ਰਮਾ ਉੱਤਰੀ ਖੇਤਰ ਦੇ ਨੁਮਾਇੰਦੇ ਹੋ ਸਕਦੇ ਹਨ। ਇਸ ਦੇ ਨਾਲ ਹੀ ਮੁੰਬਈ ਇੰਡੀਅਨ ਦੇ ਸਾਬਕਾ ਸਪਿਨਰ ਰਮੇਸ਼ ਪੋਵਾਰ ਨੂੰ ਬੀਸੀਸੀਆਈ ਦੀ ਸੀਨੀਅਰ ਪੁਰਸ਼ ਚੋਣ ਕਮੇਟੀ ’ਚ ਅਜੀਤ ਅਗਰਕਰ ਦੀ ਥਾਂ ਲੈਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਪੋਵਾਰ ਦੀ ਕਮੇਟੀ ’ਚ ਸ਼ਾਮਲ ਹੋਣ ਦੀ ਉਮੀਦ ਹੈ, ਜਿਸ ਦੀ ਅਗਵਾਈ ਪ੍ਰਗਿਆਨ ਓਝਾ ਕਰਨਗੇ। ਫਿਲਹਾਲ ਓਝਾ ਅੰਤਰਿਮ ਆਧਾਰ 'ਤੇ ਕਮੇਟੀ ਦੀ ਅਗਵਾਈ ਕਰ ਰਹੇ ਹਨ।
ਸੀਨੀਅਰ ਚੋਣ ਕਮੇਟੀ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 14 ਅਕਤੂਬਰ ਸੀ। ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਫਿਰ ਇਸ ਅਹੁਦੇ ਲਈ ਚਾਰ ਤੋਂ ਪੰਜ ਉਮੀਦਵਾਰਾਂ ਦੀ ਇੰਟਰਵਿਊ ਲਈ। ਇਨ੍ਹਾਂ ’ਚ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਸੀਮ ਜ਼ਾਫਰ ਵੀ ਸ਼ਾਮਲ ਸੀ। ਪਤਾ ਲੱਗਾ ਹੈ ਕਿ ਇਹ ਇੰਟਰਵਿਊ 15 ਅਕਤੂਬਰ ਨੂੰ ਹੋਈਆਂ ਸਨ। ਰਿਪੋਰਟ ਮੁਤਾਬਕ ਸੀਏਸੀ ਨੇ ਪੋਵਾਰ ’ਤੇ ਭਰੋਸਾ ਜਤਾਉਣ ਦਾ ਫੈਸਲਾ ਕੀਤਾ ਹੈ। ਪੋਵਾਰ ਨੇ ਭਾਰਤ ਲਈ ਦੋ ਟੈਸਟ ਤੇ 31 ਵਨਡੇ ਮੈਚ ਖੇਡੇ ਹਨ। ਸੀਨੀਅਰ ਚੋਣ ਕਮੇਟੀ ਦੇ ਅਹੁਦੇ ਲਈ ਇੰਟਰਵਿਊ ਲੈਣ ਵਾਲੇ ਹੋਰ ਉਮੀਦਵਾਰਾਂ ’ਚ ਬੜੌਦਾ ਦੇ ਸਾਬਕਾ ਖਿਡਾਰੀ ਕੋਨਰ ਵਿਲੀਅਮਜ਼ ਤੇ ਜੈਕਬ ਮਾਰਟਿਨ ਤੇ ਮੁੰਬਈ ਦੇ ਸਲਿਲ ਅੰਕੋਲਾ ਸ਼ਾਮਲ ਸਨ। ਸੀਨੀਅਰ ਚੋਣ ਕਮੇਟੀ ’ਚ ਜੋ ਵੀ ਨਵਾਂ ਮੈਂਬਰ ਸ਼ਾਮਲ ਕੀਤਾ ਜਾਵੇਗਾ, ਉਸ ਤੋਂ ਲੱਗਦਾ ਹੈ ਕਿ ਹੁਣ ਕਮੇਟੀ ’ਚ ਸੈਂਟਰ ਆਫ ਐਕਸੀਲੈਂਸ (ਸੀਓਈ) ਦਾ ਸਥਾਈ ਪ੍ਰਤੀਨਿਧੀ ਵੀ ਸ਼ਾਮਲ ਹੋਵੇਗਾ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਪਹਿਲਾਂ ਦੱਸਿਆ ਸੀ ਕਿ ਵੀਵੀਐੱਸ ਲਕਸ਼ਮਣ ਇਸ ਮਹੀਨੇ ਦੇ ਸ਼ੁਰੂ ’ਚ ਗੁਹਾਟੀ ’ਚ ਹੋਈ ਚੋਣ ਕਮੇਟੀ ਦੀ ਮੀਟਿੰਗ ’ਚ ਕਿਉਂ ਸ਼ਾਮਲ ਹੋਏ ਸਨ। ਸੂਤਰਾਂ ਮੁਤਾਬਕ ਲਕਸ਼ਮਣ ਸ਼ੁੱਕਰਵਾਰ ਨੂੰ ਹੋਈ ਆਨਲਾਈਨ ਚੋਣ ਬੈਠਕ 'ਚ ਵੀ ਸ਼ਾਮਲ ਸਨ, ਜਿਸ 'ਚ ਨਿਊਜ਼ੀਲੈਂਡ ਦੇ ਆਗਾਮੀ ਦੌਰੇ ਲਈ ਵਨਡੇ ਤੇ ਟੈਸਟ ਟੀਮਾਂ ਦੀ ਚੋਣ ਕੀਤੀ ਗਈ ਸੀ। ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਅੱਗੇ ਜਾ ਕੇ ਚੋਣ ਮੀਟਿੰਗਾਂ ’ਚ ਸ਼ਾਮਲ ਹੁੰਦਾ ਰਹੇਗਾ ਤਾਂ ਜੋ ਉਸ ਨੂੰ ਸੱਟ ਦੀ ਸਥਿਤੀ ਤੇ ਖਿਡਾਰੀਆਂ ਦੀ ਉਪਲਬਧਤਾ ਬਾਰੇ ਬਿਹਤਰ ਜਾਣਕਾਰੀ ਮਿਲ ਸਕੇ।
ਨਵੀਂ ਚੋਣ ਕਮੇਟੀ ਦੇ ਚੇਅਰਮੈਨ ਬਣਨ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਪਾਰਥਿਵ ਪਟੇਲ ਨੇ ਕਥਿਤ ਤੌਰ ’ਤੇ ਇਸ ਅਹੁਦੇ ਲਈ ਅਰਜ਼ੀ ਨਹੀਂ ਦਿੱਤੀ ਸੀ। ਘੱਟੋ-ਘੱਟ, ਉਨ੍ਹਾਂ ਦਾ ਨਾਮ ਇੰਟਰਵਿਊ ਲਈ ਗਏ ਉਮੀਦਵਾਰਾਂ ’ਚ ਨਹੀਂ ਸੀ। ਪੋਵਾਰ ਨੇ ਜੂਨੀਅਰ ਚੋਣ ਕਮੇਟੀ ਲਈ ਇੰਟਰਵਿਊ ਵੀ ਕੀਤੀ ਸੀ ਤੇ ਸ਼ੁਰੂ ’ਚ ਇਸ ਦਾ ਚੇਅਰਮੈਨ ਮੰਨਿਆ ਗਿਆ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਸੀਨੀਅਰ ਚੋਣ ਕਮੇਟੀ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ।