ਕਪਤਾਨ ਸ਼ਾਈ ਹੋਪ ਨੇ ਰਚਿਆ ਇਤਿਹਾਸ, ਵੈਸਟਇੰਡੀਜ਼ ਵੱਲੋਂ ਸਭ ਤੋਂ ਵੱਧ ਟੀ-20 ਸੈਂਕੜੇ ਲਾਉਣ ਵਾਲੇ ਬਣੇ ਬੱਲੇਬਾਜ਼
ਪਹਿਲਾਂ ਉਸਨੇ 28 ਗੇਂਦਾਂ ’ਚ ਅਰਧ ਸੈਂਕੜਾ ਲਗਾਇਆ ਅਤੇ ਫਿਰ ਅਗਲੀਆਂ 22 ਗੇਂਦਾਂ ’ਚ ਆਪਣਾ ਤੀਜਾ ਟੀ-20 ਸੈਂਕੜਾ ਲਗਾਇਆ ਤੇ ਇਤਿਹਾਸ ਰਚਿਆ। ਨਿਤੀਸ਼ ਰੈਡੀ ਦੀਆਂ ਆਖਰੀ ਦੋ ਗੇਂਦਾਂ 'ਤੇ ਲਗਾਤਾਰ ਦੋ ਛੱਕੇ ਲਗਾ ਕੇ ਹੋਪ ਨੇ ਟੀ-20 ਸੀਰੀਜ਼ ’ਚ ਆਪਣਾ ਦੂਜਾ ਤੇ ਇਸ ਦੌਰੇ 'ਤੇ ਆਪਣਾ ਚੌਥਾ ਸੈਂਕੜਾ ਲਗਾਇਆ।
Publish Date: Thu, 15 Oct 2026 10:38 AM (IST)
Updated Date: Thu, 15 Oct 2026 10:50 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਕਪਤਾਨ ਸ਼ਾਈ ਹੋਪ (102*) ਦੇ ਸ਼ਾਨਦਾਰ ਸੈਂਕੜੇ ਮਗਰੋਂ ਕੀਮੋ ਪਾਲ (5/41) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਵੈਸਟਇੰਡੀਜ਼ ਨੇ ਹੈਦਰਾਬਾਦ ’ਚ ਖੇਡੇ ਗਏ ਚੌਥੇ ਟੀ-20 ਮੁਕਾਬਲੇ ’ਚ ਭਾਰਤ ਨੂੰ 24 ਦੌੜਾਂ ਨਾਲ ਹਰਾ ਕੇ ਸੀਰੀਜ਼ ਜਿੱਤਣ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ’ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਨੇ ਤਿੰਨ ਵਿਕਟਾਂ 'ਤੇ 247 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ, ਪਰ ਭਾਰਤ 19.3 ਓਵਰਾਂ ’ਚ ਸਿਰਫ 223 ਦੌੜਾਂ ਹੀ ਬਣਾ ਸਕਿਆ। ਇਸ ਨਾਲ ਵੈਸਟਇੰਡੀਜ਼ ਨੇ ਲੜੀ 2-2 ਨਾਲ ਬਰਾਬਰ ਕਰ ਲਈ ਅਤੇ ਜੇਤੂ ਦਾ ਫੈਸਲਾ ਸ਼ਨੀਵਾਰ ਨੂੰ ਬੈਂਗਲੁਰੂ ’ਚ ਪੰਜਵੇਂ ਟੀ-20 ਮੁਕਾਬਲੇ ’ਚ ਹੋਵੇਗਾ।
ਹੋਪ ਦਾ ਹੱਲਾ ਬੋਲ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਦਾ ਬੈਟ ਭਾਰਤ ਦੌਰੇ ’ਤੇ ਅਜਿਹੀ ਸ਼ਾਨਦਾਰ ਪੇਸ਼ਕਾਰੀ ਦੇ ਰਿਹਾ ਹੈ। ਟਾਸ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੋਪ ਨੇ ਪਾਰੀ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਭਾਰਤੀ ਗੇਂਦਬਾਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ, 50 ਗੇਂਦਾਂ 'ਤੇ ਅਜੇਤੂ ਸੈਂਕੜਾ ਲਗਾਇਆ। ਪਹਿਲਾਂ ਉਸਨੇ 28 ਗੇਂਦਾਂ ’ਚ ਅਰਧ ਸੈਂਕੜਾ ਲਗਾਇਆ ਅਤੇ ਫਿਰ ਅਗਲੀਆਂ 22 ਗੇਂਦਾਂ ’ਚ ਆਪਣਾ ਤੀਜਾ ਟੀ-20 ਸੈਂਕੜਾ ਲਗਾਇਆ ਤੇ ਇਤਿਹਾਸ ਰਚਿਆ। ਨਿਤੀਸ਼ ਰੈਡੀ ਦੀਆਂ ਆਖਰੀ ਦੋ ਗੇਂਦਾਂ 'ਤੇ ਲਗਾਤਾਰ ਦੋ ਛੱਕੇ ਲਗਾ ਕੇ ਹੋਪ ਨੇ ਟੀ-20 ਸੀਰੀਜ਼ ’ਚ ਆਪਣਾ ਦੂਜਾ ਤੇ ਇਸ ਦੌਰੇ 'ਤੇ ਆਪਣਾ ਚੌਥਾ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਹ ਵੈਸਟਇੰਡੀਜ਼ ਵੱਲੋਂ ਸਭ ਤੋਂ ਵੱਧ ਤਿੰਨ ਟੀ-20 ਸੈਂਕੜਾ ਲਾਉਣ ਵਾਲੇ ਬੱਲੇਬਾਜ਼ ਵੀ ਬਣ ਗਏ। ਉਨ੍ਹਾਂ ਕ੍ਰਿਸ ਗੇਲ ਤੇ ਈਵਿਨ ਲੁਈਸ ਨੂੰ ਪਿੱਛੇ ਛੱਡਿਆ।
ਨਵਾਂ ਬੈਟ ਤੇ ਮਾਰ ਦਿੱਤੇ ਦੋ ਛੱਕੇ ਵੈਸਟਇੰਡੀਜ਼ ਦੀ ਪਾਰੀ ’ਚ ਦੋ ਗੇਂਦਾਂ ਬਾਕੀ ਰਹਿੰਦਿਆਂ ਹੋਪ ਨੂੰ ਆਪਣਾ ਸੈਂਕੜਾ ਪੂਰਾ ਕਰਨ ਲਈ 10 ਦੌੜਾਂ ਦੀ ਲੋੜ ਸੀ। ਉਸ ਨੇ ਡਗਆਊਟ ਤੋਂ ਇਕ ਨਵਾਂ ਬੈਟ ਮੰਗਵਾਇਆ ਅਤੇ ਫਿਰ ਲਗਾਤਾਰ ਦੋ ਛੱਕਿਆਂ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਦੇ ਇਸ ਅੰਦਾਜ਼ ਨੇ ਵੈਸਟਇੰਡੀਜ਼ ਦੇ ਖੇਮੇ ’ਚ ਜਸ਼ਨ ਦਾ ਮਾਹੌਲ ਬਣਾ ਦਿੱਤਾ। ਹੋਪ ਨੇ ਆਪਣੀ ਪਾਰੀ ’ਚ ਨੌਂ ਛੱਕੇ ਤੇ ਚਾਰ ਚੌਕੇ ਲਗਾਏ। ਸਾਥੀ ਖਿਡਾਰੀ ਸ਼ੇਰਫੇਨ ਰਦਰਫੋਰਡ ਨੇ ਉਨ੍ਹਾਂ ਨੂੰ ਜੱਫੀ ਪਾ ਲਈ, ਜਦਕਿ ਡ੍ਰੈਸਿੰਗ ਰੂਮ ’ਚ ਖਿਡਾਰੀਆਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਹਾਲਾਂਕਿ, ਹੋਪ ਨੂੰ ਇਕ ਜੀਵਨਦਾਨ ਵੀ ਮਿਲਿਆ। ਤਿਲਕ ਵਰਮਾ ਉਸ ਦੀ ਡਲਿਵਰੀ ਨੂੰ ਲੌਂਗ-ਆਨ 'ਤੇ ਫੜ ਸਕਦਾ ਸੀ, ਪਰ ਉਹ ਫਲੱਡਲਾਈਟਾਂ ’ਚ ਗੇਂਦ ਨੂੰ ਸਾਫ਼ ਨਹੀਂ ਦੇਖ ਸਕਿਆ। ਗੇਂਦ ਉਸ ਦੇ ਹੱਥੋਂ ਫਿਸਲ ਗਈ ਤੇ ਸਿੱਧੀ ਬਾਊਂਡਰੀ ਕੁਸ਼ਨ 'ਤੇ ਡਿੱਗ ਗਈ। ਤਿਲਕ ਨੇ ਤੁਰੰਤ ਇਸ਼ਾਰਾ ਕੀਤਾ ਕਿ ਰੌਸ਼ਨੀ ਕਾਰਨ ਉਨ੍ਹਾਂ ਨੂੰ ਗੇਂਦ ਵਿਖਾਈ ਨਹੀਂ ਦਿੱਤੀ। ਇਹ ਕੈਚ ਛੱਡਣਾ ਵੈਸਟਇੰਡੀਜ਼ ਲਈ ਇਕ ਵਰਦਾਨ ਸਾਬਤ ਹੋਇਆ ਅਤੇ ਹੋਪ ਨੇ ਇਸਦਾ ਫਾਇਦਾ ਉਠਾਇਆ।
ਰਦਰਫੋਰਡ ਨੇ ਨਿਭਾਇਆ ਖ਼ੂਬ ਸਾਥ ਸ਼ੇਰਫੇਨ ਰਦਰਫੋਰਡ ਨੇ ਦੂਜੇ ਪਾਸੇ 'ਤੇ ਵੀ ਹੋਪ ਦਾ ਸਮਰਥਨ ਕੀਤਾ। ਰਾਂਚੀ ’ਚ ਟੀਮ ਨੂੰ ਜਿੱਤ ਵੱਲ ਲੈ ਜਾਣ ਵਾਲੀ ਇਸ ਜੋੜੀ ਨੇ ਚੌਥੀ ਵਿਕਟ ਲਈ 43 ਗੇਂਦਾਂ ’ਚ 91 ਦੌੜਾਂ ਦੀ ਸਾਂਝੇਦਾਰੀ ਕੀਤੀ। ਰਦਰਫੋਰਡ ਸਿਰਫ਼ ਇਕ ਦੌੜ ਨਾਲ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ, ਪਰ ਉਸ ਨੇ ਆਪਣੀ ਪਾਰੀ ’ਚ ਤਿੰਨ ਛੱਕੇ ਲਗਾਏ। ਹੋਪ ਨੇ ਹੁਣ ਤੱਕ ਟੀ-20 ਲੜੀ ’ਚ 20 ਛੱਕੇ ਲਗਾਏ ਹਨ ਅਤੇ ਰਦਰਫੋਰਡ 15 ਨਾਲ ਦੂਜੇ ਸਥਾਨ 'ਤੇ ਹੈ।
ਭਾਰਤੀ ਗੇਂਦਬਾਜ਼ਾਂ ਦੀ ਮਾੜੀ ਕਾਰਗੁਜ਼ਾਰੀ ਪਿਛਲੇ ਮੈਚ ’ਚ ਭਲੇ ਹੀ ਭਾਰਤੀ ਗੇਂਦਬਾਜ਼ਾਂ ਨੇ ਟੀਚੇ ਦਾ ਬਚਾਅ ਕੀਤਾ ਸੀ ਪਰ ਹੈਦਰਾਬਾਦ ’ਚ ਉਹ ਲਗਾਤਾਰ ਲਾਈਨ ਆਫ ਲੈਂਥ ਨਾਲ ਜੂਝਦੇ ਰਹੇ। ਮਯੰਕ ਯਾਦਵ ਤੇ ਅਰਸ਼ਦੀਪ ਸਿੰਘ ਨੂੰ ਕੈਚ ਤੋਂ ਬਚਣ ਲਈ ਵਾਈਡ ਗੇਂਦਬਾਜ਼ੀ ਕਰਦੇ ਦੇਖਿਆ ਗਿਆ। ਭਾਰਤੀ ਗੇਂਦਬਾਜ਼ਾਂ ਨੇ ਪਾਰੀ ’ਚ ਕੁੱਲ 13 ਵਾਈਡ ਗੇਂਦਾਂ ਸੁੱਟੀਆਂ। ਪਾਰੀ ਦਾ ਤੀਜਾ ਓਵਰ ਸੁੱਟਣ ਆਏ ਮਯੰਕ ਯਾਦਵ ਨੇ ਪਹਿਲੀ ਗੇਂਦ ਵਾਈਡ ਸੁੱਟੀ, ਜੋ ਚਾਰ ਦੌੜਾਂ ਲਈ ਬਾਊਂਡਰੀ ਦੇ ਪਾਰ ਗਈ। ਵੈਸਟਇੰਡੀਜ਼ ਨੇ ਪੰਜ ਦੌੜਾਂ ਜੋੜੀਆਂ। ਮਯੰਕ ਨੇ ਅਗਲੀ ਗੇਂਦ ਨੋ-ਬਾਲ ਵਜੋਂ ਸੁੱਟੀ, ਜਿਸ ਨਾਲ ਵੈਸਟਇੰਡੀਜ਼ ਨੂੰ ਫ੍ਰੀ ਹਿੱਟ ਮਿਲੀ। ਹੋਪ ਨੇ ਫ੍ਰੀ ਹਿੱਟ ਤੋਂ ਮਿਡਵਿਕਟ ’ਤੇ ਇੱਕ ਵੱਡਾ ਛੱਕਾ ਲਗਾਇਆ। ਭਾਰਤੀ ਗੇਂਦਬਾਜ਼ਾਂ ਨੇ ਪਾਵਰਪਲੇਅ ’ਚ ਹੀ 79 ਦੌੜਾਂ ਦਿੱਤੀਆਂ। ਇਹ ਪਾਵਰਪਲੇ ’ਚ ਭਾਰਤ ਵਿਰੁੱਧ ਵੈਸਟਇੰਡੀਜ਼ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਉਨ੍ਹਾਂ 2016 ’ਚ ਲਾਡਰਹਿਲ ’ਚ ਇੱਕ ਵਿਕਟ ਲਈ 78 ਦੌੜਾਂ ਬਣਾਈਆਂ ਸਨ।
ਕੀਮੋ ਨੇ ਲਾਇਆ 'ਪੰਜਾ' ਉਸੇ ਵਿਕਟ 'ਤੇ ਜਿੱਥੇ ਭਾਰਤੀ ਗੇਂਦਬਾਜ਼ ਸੰਘਰਸ਼ ਕਰਦੇ ਸਨ, ਕੀਮੋ ਪਾਲ ਨੇ ਆਪਣੀਆਂ ਹੌਲੀ ਤੇ ਕਟਰ ਗੇਂਦਾਂ ਨਾਲ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। 130-135 ਕਿਲੋਮੀਟਰ ਪ੍ਰਤੀ ਘੰਟਾ ਦੀ ਔਸਤ ਗਤੀ ਨਾਲ ਗੇਂਦਬਾਜ਼ੀ ਕਰਦੇ ਹੋਏ ਕੀਮੋ ਨੇ ਸੰਜੂ ਸੈਮਸਨ ਅਤੇ ਈਸ਼ਾਨ ਕਿਸ਼ਨ ਦੀਆਂ ਵਿਕਟਾਂ ਲੈ ਕੇ ਸਿਖਰਲੇ ਕ੍ਰਮ ਨੂੰ ਹਿਲਾ ਦਿੱਤਾ ਅਤੇ ਅੰਤ ’ਚ ਨਿਤੀਸ਼ ਰੈੱਡੀ, ਅਕਸ਼ਰ ਤੇ ਪ੍ਰਿੰਸ ਨੂੰ ਆਊਟ ਕਰ ਕੇ ਮੇਜ਼ਬਾਨ ਟੀਮ ਦੀ ਜਿੱਤ ਯਕੀਨੀ ਬਣਾਈ। ਉਹ ਭਾਰਤ ਵਿਰੁੱਧ ਟੀ-20 ਵਿੱਚ ਪੰਜ ਵਿਕਟਾਂ ਲੈਣ ਵਾਲਾ ਦੂਜਾ ਵੈਸਟਇੰਡੀਜ਼ ਗੇਂਦਬਾਜ਼ ਬਣ ਗਿਆ।