ਰੋਹਿਤ ਤੇ ਕੋਹਲੀ ਵਿਰੁੱਧ ਗੇਂਦਬਾਜ਼ੀ ਕਰਨਾ ਵੱਡੀ ਚੁਣੌਤੀ, ਨਿਊਜ਼ੀਲੈਂਡ ਦੇ ਆਲਰਾਊਂਡਰ ਮਾਈਕਲ ਬ੍ਰੇਸਵੈੱਲ ਦਾ ਵੱਡਾ ਬਿਆਨ
ਪਹਿਲੇ ਇੱਕ ਰੋਜ਼ਾ ਤੋਂ ਪਹਿਲਾਂ ਦੈਨਿਕ ਜਾਗਰਣ ਨਾਲ ਗੱਲ ਕਰਦੇ ਹੋਏ, ਬ੍ਰੇਸਵੈੱਲ ਨੇ ਕਿਹਾ, ਕੋਹਲੀ ਤੇ ਰੋਹਿਤ ਨੇ ਕਈ ਸਾਲਾਂ ਤੋਂ ਭਾਰਤੀ ਬੱਲੇਬਾਜ਼ੀ ਕ੍ਰਮ ਨੂੰ ਮਜ਼ਬੂਤ ਕੀਤਾ ਹੈ। ਉਸ ਨੇ ਕਿਹਾ, ਆਪਣੇ ਕਰੀਅਰ ਦੇ ਸ਼ੁਰੂ ’ਚ ਇੱਕ ਪ੍ਰਸ਼ੰਸਕ ਦੇ ਤੌਰ ’ਤੇ, ਮੈਂ ਉਨ੍ਹਾਂ ਨੂੰ ਦੂਰੋਂ ਖੇਡਦੇ ਦੇਖਿਆ ਕਰਦਾ ਸੀ
Publish Date: Wed, 04 Nov 2026 12:05 PM (IST)
Updated Date: Wed, 04 Nov 2026 12:12 PM (IST)
ਨਿਤਿਨ ਨਗਰ, ਜਾਗਰਣ, ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਆਲਰਾਊਂਡਰ ਮਾਈਕਲ ਬ੍ਰੇਸਵੈੱਲ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਰਗੇ ਵਿਸ਼ਵ ਪੱਧਰੀ ਬੱਲੇਬਾਜ਼ਾਂ ਖ਼ਿਲਾਫ਼ ਗੇਂਦਬਾਜ਼ੀ ਕਰਨਾ ਹਮੇਸ਼ਾ ਇੱਕ ਦਿਲਚਸਪ ਚੁਣੌਤੀ ਹੁੰਦਾ ਹੈ। ਉਸ ਨੇ ਦੋ ਭਾਰਤੀ ਦਿੱਗਜਾਂ ਦੀ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਲੰਬੇ ਸਮੇਂ ਤੱਕ ਇਕਸਾਰਤਾ ਬਣਾਈ ਰੱਖਣ ਦੀ ਯੋਗਤਾ ਦੀ ਪ੍ਰਸੰਸਾ ਕੀਤੀ। ਬ੍ਰੇਸਵੈੱਲ ਨੇ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਦੀ ਸੁੰਦਰਤਾ ਇਹ ਹੈ ਕਿ ਤੁਹਾਨੂੰ ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀਆਂ ਖ਼ਿਲਾਫ਼ ਆਪਣੇ ਆਪ ਨੂੰ ਪਰਖਣ ਦਾ ਮੌਕਾ ਮਿਲਦਾ ਹੈ।
ਪਹਿਲੇ ਇੱਕ ਰੋਜ਼ਾ ਤੋਂ ਪਹਿਲਾਂ ਦੈਨਿਕ ਜਾਗਰਣ ਨਾਲ ਗੱਲ ਕਰਦੇ ਹੋਏ, ਬ੍ਰੇਸਵੈੱਲ ਨੇ ਕਿਹਾ, ਕੋਹਲੀ ਤੇ ਰੋਹਿਤ ਨੇ ਕਈ ਸਾਲਾਂ ਤੋਂ ਭਾਰਤੀ ਬੱਲੇਬਾਜ਼ੀ ਕ੍ਰਮ ਨੂੰ ਮਜ਼ਬੂਤ ਕੀਤਾ ਹੈ। ਉਸ ਨੇ ਕਿਹਾ, ਆਪਣੇ ਕਰੀਅਰ ਦੇ ਸ਼ੁਰੂ ’ਚ ਇੱਕ ਪ੍ਰਸ਼ੰਸਕ ਦੇ ਤੌਰ ’ਤੇ, ਮੈਂ ਉਨ੍ਹਾਂ ਨੂੰ ਦੂਰੋਂ ਖੇਡਦੇ ਦੇਖਿਆ ਕਰਦਾ ਸੀ। ਉਨ੍ਹਾਂ ਦੇ ਬੱਲੇਬਾਜ਼ੀ ਕਰਨ ਦਾ ਤਰੀਕਾ ਸ਼ਾਨਦਾਰ ਹੈ। ਬ੍ਰੇਸਵੈੱਲ ਨੇ ਕਿਹਾ ਕਿ ਭਾਰਤੀ ਟੀਮ ਦਾ ਸਾਹਮਣਾ ਕਰਦੇ ਸਮੇਂ, ਤੁਹਾਨੂੰ ਹਮੇਸ਼ਾ ਸਭ ਤੋਂ ਵਧੀਆ ਖਿਡਾਰੀਆਂ ਵਿਰੁੱਧ ਖੇਡਣਾ ਪੈਂਦਾ ਹੈ। ਕੋਹਲੀ ਤੇ ਰੋਹਿਤ ਦੇ ਨਾਲ, ਸ਼ੁਭਮਨ ਗਿੱਲ ਇਸ ਸਮੇਂ ਦੁਨੀਆ ਦੇ ਚੋਟੀ ਦੇ ਖਿਡਾਰੀਆਂ ’ਚੋਂ ਇੱਕ ਹੈ। ਅਜਿਹੇ ਬੱਲੇਬਾਜ਼ਾਂ ਵਿਰੁੱਧ ਖੇਡਣਾ ਕਿਸੇ ਵੀ ਗੇਂਦਬਾਜ਼ ਲਈ ਇੱਕ ਵੱਡੀ ਚੁਣੌਤੀ ਹੁੰਦੀ ਹੈ।
ਇੱਕ ਹਰਫ਼ਨਮੌਲਾ ਖਿਡਾਰੀ ਲਈ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵੇਂ ਮਹੱਤਵਪੂਰਨ : ਜਦੋਂ ਬ੍ਰੇਸਵੈੱਲ ਤੋਂ ਉਸ ਦੀ ਭੂਮਿਕਾ ਬਾਰੇ ਪੁੱਛਿਆ ਗਿਆ, ਤਾਂ ਉਸ ਨੇ ਕਿਹਾ ਕਿ ਇੱਕ ਆਲਰਾਊਂਡਰ ਹੋਣ ਦੇ ਨਾਤੇ, ਤੁਸੀਂ ਖੇਡ ਦੇ ਸਾਰੇ ਪਹਿਲੂਆਂ ’ਚ ਪ੍ਰਭਾਵ ਪਾਉਣਾ ਚਾਹੁੰਦੇ ਹੋ। ਕਈ ਵਾਰ ਹਾਲਾਤ ਇਹ ਨਿਰਧਾਰਤ ਕਰਦੇ ਹਨ ਕਿ ਤੁਸੀਂ ਕਿਸ ਵਿਭਾਗ ’ਚ ਸਭ ਤੋਂ ਵੱਧ ਯੋਗਦਾਨ ਪਾਉਂਦੇ ਹੋ। ਜਦੋਂ ਹੇਠਲੇ ਕ੍ਰਮ ’ਚ ਬੱਲੇਬਾਜ਼ੀ ਕਰਦੇ ਹੋ, ਤਾਂ ਮੈਚ ਪਹਿਲਾਂ ਹੀ ਤੁਹਾਡੇ ਕ੍ਰੀਜ਼ ’ਤੇ ਪਹੁੰਚਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਚੱਲ ਰਿਹਾ ਹੁੰਦਾ ਹੈ। ਗੇਂਦਬਾਜ਼ੀ ਲਈ ਹਾਲਾਤਾਂ ਦੇ ਅਨੁਕੂਲ ਹੋਣ ਤੇ ਪਿੱਚ ਤੇ ਹਾਲਾਤ ਕੀ ਪੇਸ਼ ਕਰਦੇ ਹਨ ਨੂੰ ਸਮਝਣ ਦੀ ਲੋੜ ਹੁੰਦੀ ਹੈ। ਤੁਹਾਨੂੰ ਉਸ ਅਨੁਸਾਰ ਪ੍ਰਭਾਵਸ਼ਾਲੀ ਢੰਗ ਨਾਲ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 50 ਓਵਰਾਂ ਲਈ ਮੈਦਾਨ 'ਤੇ ਊਰਜਾ ਬਣਾਈ ਰੱਖਣਾ ਤੇ ਆਪਣੇ ਸਾਥੀਆਂ ਨੂੰ ਪ੍ਰੇਰਿਤ ਕਰਨਾ ਵੀ ਇਕ ਹਰਫਨਮੌਲਾ ਖਿਡਾਰੀ ਦੀ ਜ਼ਿੰਮੇਵਾਰੀ ਹੈ।
ਟੀ-20 ਅੰਤਰਰਾਸ਼ਟਰੀ ਲੜੀ ਤੋਂ ਬਾਅਦ ਇੱਕ ਰੋਜ਼ਾ ਫਾਰਮੈਟ ’ਚ ਤਬਦੀਲੀ ਬਾਰੇ ਬ੍ਰੇਸਵੈੱਲ ਨੇ ਕਿਹਾ ਕਿ ਦੋਵਾਂ ਟੀਮਾਂ ਦੇ ਖਿਡਾਰੀਆਂ ’ਚ ਕੁਝ ਬਦਲਾਅ ਹੋਣਗੇ ਤੇ ਉਨ੍ਹਾਂ ਨੂੰ ਨਵੀਆਂ ਸਥਿਤੀਆਂ ਦੇ ਅਨੁਸਾਰ ਜਲਦੀ ਢਲਣਾ ਪਵੇਗਾ। ਉਸਨੇ ਕਿਹਾ ਕਿ ਟੀ-20 ਲੜੀ ਇਕ ਨਜ਼ਦੀਕੀ ਮੁਕਾਬਲਾ ਸੀ ਤੇ ਨਿਊਜ਼ੀਲੈਂਡ ਨੇ ਇਸ ਤੋਂ ਵਿਸ਼ਵਾਸ ਪ੍ਰਾਪਤ ਕੀਤਾ ਹੈ। ਬ੍ਰੇਸਵੈੱਲ ਨੇ ਕਿਹਾ, ਲੜੀ ’ਚ 3-2 ਦਾ ਨਤੀਜਾ ਦਰਸਾਉਂਦਾ ਹੈ ਕਿ ਮੁਕਾਬਲਾ ਕਿੰਨਾ ਕਰੀਬੀ ਸੀ। ਸਾਨੂੰ ਇਸ ਤੋਂ ਬਹੁਤ ਵਿਸ਼ਵਾਸ ਮਿਲਿਆ ਹੈ। ਜਦੋਂ ਵਨਡੇ ਦੀ ਗੱਲ ਆਉਂਦੀ ਹੈ ਤਾਂ ਦੋਵਾਂ ਟੀਮਾਂ ਦੇ ਖਿਡਾਰੀਆਂ ’ਚ ਕੁਝ ਬਦਲਾਅ ਆਏ ਹਨ। ਇੱਕ ਟੀਮ ਦੇ ਤੌਰ ’ਤੇ ਇੱਕਜੁੱਟ ਹੋਣ ਤੇ ਵਨਡੇ ਕ੍ਰਿਕਟ ਦੀਆਂ ਬਾਰੀਕੀਆਂ ’ਤੇ ਕੰਮ ਕਰਨ ਲਈ ਬਹੁਤਾ ਸਮਾਂ ਨਹੀਂ ਹੈ। ਇਸ ਲਈ ਤੁਹਾਨੂੰ ਪਹਿਲੀ ਗੇਂਦ ਤੋਂ ਹੀ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ।
ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਪਹਿਲਾ ਵਨਡੇ ਸੋਨੀ ਸਪੋਰਟਸ ਨੈੱਟਵਰਕ ’ਤੇ ਪ੍ਰਸਾਰਿਤ ਕੀਤਾ ਜਾਵੇਗਾ।