IND vs WI ਮੈਚ 'ਤੇ ਕਾਲਾਬਾਜ਼ਾਰੀ ਦਾ ਪਰਦਾਫਾਸ਼ : ਹੈਦਰਾਬਾਦ 'ਚ ਮੁਫ਼ਤ ਪਾਸ 6,000 ਰੁਪਏ ਤੱਕ ਵੇਚਣ ਵਾਲੇ 4 ਕਾਬੂ
ਅਧਿਕਾਰੀਆਂ ਨੇ ਨਵਰਾਤਰੀ ਡਾਂਡੀਆ ਸਮਾਗਮ ਲਈ ਅੱਠ ਪਾਸ, 5,000 ਰੁਪਏ ਨਕਦ, ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ। ਚਾਰੇ ਮੁਲਜ਼ਮ ਮੁਫ਼ਤ ਪਾਸਾਂ ਨੂੰ 3,500 ਤੋਂ 6,000 ਰੁਪਏ ਤੱਕ ਦੀਆਂ ਕੀਮਤਾਂ 'ਤੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ।
Publish Date: Wed, 14 Oct 2026 03:19 PM (IST)
Updated Date: Wed, 14 Oct 2026 03:25 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਹੈਦਰਾਬਾਦ ਵਿੱਚ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਹੋਣ ਵਾਲੇ ਚੌਥੇ ਟੀ-20 ਮੈਚ ਤੋਂ ਪਹਿਲਾਂ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪੁਲਿਸ ਨੇ ਮੈਚ ਦੇ ਮੁਫ਼ਤ ਪਾਸਾਂ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਵਿੱਚ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ (HCA) ਦੇ ਇੱਕ ਮੈਂਬਰ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੈਚ ਤੋਂ ਪਹਿਲਾਂ ਕੀਤੀ ਗਈ ਇੱਕ ਵੱਡੀ ਕਾਰਵਾਈ ਦੌਰਾਨ, ਹੈਦਰਾਬਾਦ ਪੁਲਿਸ ਨੇ HCA ਮੈਂਬਰ ਸਤੀਸ਼ ਚੰਦਰ ਸ਼੍ਰੀਵਾਸਤਵ, ਉਸਦੇ ਪੁੱਤਰ ਆਕਰਸ਼ਿਤ ਸ਼੍ਰੀਵਾਸਤਵ, ਅਵਿਨਾਸ਼ ਦਾਰਕ ਅਤੇ ਮੋਹਿਤ ਸੋਮਾਨੀ ਨੂੰ ਹਿਰਾਸਤ ਵਿੱਚ ਲਿਆ। ਇਸ ਕਾਰਵਾਈ ਦੌਰਾਨ ਪੁਲਿਸ ਨੇ 'Not for Sale' ਲਿਖੇ 11 ਪਾਸ ਬਰਾਮਦ ਕੀਤੇ।
ਮੁਫ਼ਤ ਪਾਸ ਕਾਲੇ ਬਾਜ਼ਾਰ 'ਚ ਵੇਚੇ ਗਏ 12 ਅਕਤੂਬਰ ਨੂੰ, ਗੋਸ਼ਾਮਹਲ ਪੁਲਿਸ ਨੂੰ ਐਸਡੀ ਮਾਲ ਦੇ ਨੇੜੇ ਟਿਕਟਾਂ ਦੀ ਕਥਿਤ ਕਾਲਾਬਾਜ਼ਾਰੀ ਬਾਰੇ ਜਾਣਕਾਰੀ ਮਿਲੀ। ਸਹਾਇਕ ਸਬ-ਇੰਸਪੈਕਟਰ ਵੀ. ਜਨਾਰਦਨ ਨਾਇਕ ਦੀ ਅਗਵਾਈ ਵਾਲੀ ਟੀਮ ਨੇ ਰਾਤ ਕਰੀਬ 9 ਵਜੇ ਦਾਰਕ ਅਤੇ ਸੋਮਾਨੀ ਨੂੰ ਕਾਬੂ ਕੀਤਾ।
ਕ੍ਰਿਕਟ ਪਾਸਾਂ ਤੋਂ ਇਲਾਵਾ, ਅਧਿਕਾਰੀਆਂ ਨੇ ਨਵਰਾਤਰੀ ਡਾਂਡੀਆ ਸਮਾਗਮ ਲਈ ਅੱਠ ਪਾਸ, 5,000 ਰੁਪਏ ਨਕਦ, ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ। ਚਾਰੇ ਮੁਲਜ਼ਮ ਮੁਫ਼ਤ ਪਾਸਾਂ ਨੂੰ 3,500 ਤੋਂ 6,000 ਰੁਪਏ ਤੱਕ ਦੀਆਂ ਕੀਮਤਾਂ 'ਤੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ।
ਪੁਲਿਸ ਨੇ ਕੀ ਕਿਹਾ ਪੁਲਿਸ ਅਨੁਸਾਰ, ਪੁੱਛਗਿੱਛ ਦੌਰਾਨ ਦਾਰਕ ਅਤੇ ਸੋਮਾਨੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਹ ਮੁਫ਼ਤ ਟਿਕਟਾਂ ਆਕਰਸ਼ਿਤ ਤੋਂ ਮਿਲੀਆਂ ਸਨ ਅਤੇ ਉਹ ਇਨ੍ਹਾਂ ਨੂੰ ਵਟ੍ਹਸਐਪ ਅਤੇ ਇੰਸਟਾਗ੍ਰਾਮ ਰਾਹੀਂ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ।
ਪੁਲਿਸ ਇੰਸਪੈਕਟਰ ਸ਼ਰਵਣ ਕੁਮਾਰ ਨੇ ਦੱਸਿਆ ਕਿ ਟਿਕਟਾਂ ਪੈਵੇਲੀਅਨ ਦੇ ਆਧਾਰ 'ਤੇ 3,500 ਤੋਂ 6,000 ਰੁਪਏ ਦੀਆਂ ਕੀਮਤਾਂ 'ਤੇ ਵੇਚੀਆਂ ਜਾ ਰਹੀਆਂ ਸਨ। ਦੋਸ਼ ਹੈ ਕਿ ਆਕਰਸ਼ਿਤ ਨੇ ਇਹ ਪਾਸ ਆਪਣੇ ਪਿਤਾ ਤੋਂ ਪ੍ਰਾਪਤ ਕੀਤੇ ਸਨ।
ਆਕਰਸ਼ਿਤ ਦੇ ਪਿਤਾ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਮੈਂਬਰ ਹਨ। ਪੁਲਿਸ ਨੇ ਕਿਹਾ ਹੈ ਕਿ ਉਹ HCA ਨਾਲ ਤਸਦੀਕ ਕਰਨਗੇ ਕਿ ਸਤੀਸ਼ ਚੰਦਰ ਨੂੰ ਕਿੰਨੇ ਪਾਸ ਜਾਰੀ ਕੀਤੇ ਗਏ ਸਨ। ਪੁਲਿਸ ਮੁਤਾਬਕ ਮੁਲਜ਼ਮ ਪਹਿਲਾਂ ਹੀ ਨੌਂ ਟਿਕਟਾਂ ਵੇਚ ਚੁੱਕੇ ਸਨ। ਜ਼ਿਕਰਯੋਗ ਹੈ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਪੰਜ ਮੈਚਾਂ ਦੀ ਟੀ-20 ਲੜੀ ਦਾ ਚੌਥਾ ਮੈਚ ਅੱਜ 14 ਅਕਤੂਬਰ ਨੂੰ ਹੈਦਰਾਬਾਦ ਵਿੱਚ ਖੇਡਿਆ ਜਾਣਾ ਹੈ।