ਕ੍ਰਿਕਟ ਜਗਤ ਤੋਂ ਵੱਡੀ ਖ਼ਬਰ, ਇਹ ਧਾਕੜ ਖਿਡਾਰੀ ਲੈ ਸਕਦੈ ਸਾਰੇ ਫਾਰਮੈਟਾਂ ਤੋਂ ਸੰਨਿਆਸ; 26 ਸਾਲਾਂ ਦੇ ਕਰੀਅਰ ’ਤੇ ਲੱਗੇਗਾ ਵਿਰਾਮ ? ਇੰਗਲੈਂਡ ਦੇ ਦਿੱਗਜ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਜਲਦ ਹੀ ਆਪਣੇ 26 ਸਾਲਾਂ ਦੇ ਪੇਸ਼ੇਵਰ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਸਕਦੇ ਹਨ। ਲੈਂਕਾਸ਼ਾਇਰ ਨੇ 2026 ਦੇ ਸੀਜ਼ਨ ਤੋਂ ਬਾਅਦ ਉਨ੍ਹਾਂ ਨੂੰ ਨਵੇਂ ਕਰਾਰ ਵਿੱਚ ਸ਼ਾਮਲ ਨਹੀਂ ਕੀਤਾ। ਇਸ ਤੋਂ ਬਾਅਦ ਐਂਡਰਸਨ ਦੇ ਸੰਨਿਆਸ ਲੈਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।
Publish Date: Thu, 22 Oct 2026 11:33 AM (IST)
Updated Date: Thu, 22 Oct 2026 11:34 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਇੰਗਲੈਂਡ ਦੇ ਦਿੱਗਜ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਜਲਦ ਹੀ ਆਪਣੇ 26 ਸਾਲਾਂ ਦੇ ਪੇਸ਼ੇਵਰ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਸਕਦੇ ਹਨ। ਲੈਂਕਾਸ਼ਾਇਰ ਨੇ 2026 ਦੇ ਸੀਜ਼ਨ ਤੋਂ ਬਾਅਦ ਉਨ੍ਹਾਂ ਨੂੰ ਨਵੇਂ ਕਰਾਰ ਵਿੱਚ ਸ਼ਾਮਲ ਨਹੀਂ ਕੀਤਾ। ਇਸ ਤੋਂ ਬਾਅਦ ਐਂਡਰਸਨ ਦੇ ਸੰਨਿਆਸ ਲੈਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।
ਇੰਗਲਿਸ਼ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਪਿਛਲੇ ਸੀਜ਼ਨ ਵਿੱਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਲੈਂਕਾਸ਼ਾਇਰ ਨਵੀਂ ਟੀਮ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸੇ ਤਹਿਤ ਰਿਚਰਡ ਕੇਨਿਯਨ ਨੂੰ ਮੁੱਖ ਕਾਰਜਕਾਰੀ ਅਧਿਕਾਰੀ (CEO) ਅਤੇ ਪਾਲ ਫਾਰਬ੍ਰੇਸ ਨੂੰ ਕ੍ਰਿਕਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਨਵੇਂ ਪ੍ਰਬੰਧਕਾਂ ਨੇ 44 ਸਾਲਾ ਐਂਡਰਸਨ ਨੂੰ ਨਵੇਂ ਕਰਾਰ ਵਿੱਚ ਸ਼ਾਮਲ ਨਾ ਕਰਨ ਦਾ ਫ਼ੈਸਲਾ ਲਿਆ ਹੈ। ਹਾਲਾਂਕਿ, ਕਾਊਂਟੀ ਚੈਂਪੀਅਨਸ਼ਿਪ 2026 ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਨੇ 11 ਮੈਚਾਂ ਵਿੱਚ 17.68 ਦੀ ਔਸਤ ਨਾਲ 50 ਵਿਕਟਾਂ ਹਾਸਲ ਕੀਤੀਆਂ।
ਸੰਨਿਆਸ ਲੈਣ ਤੋਂ ਬਾਅਦ ਹੋਰ ਟੀਮ ਨਾਲ ਨਹੀਂ ਜੁੜਨਗੇ ਐਂਡਰਸਨ? ਰਿਪੋਰਟਾਂ ਅਨੁਸਾਰ, ਐਂਡਰਸਨ ਕਿਸੇ ਹੋਰ ਟੀਮ ਨਾਲ ਖੇਡਣ ਦੇ ਵਿਕਲਪ ਨਹੀਂ ਲੱਭਣਗੇ ਅਤੇ ਆਪਣੇ 26 ਸਾਲਾਂ ਦੇ ਕਰੀਅਰ ਨੂੰ ਵਿਰਾਮ ਦੇ ਸਕਦੇ ਹਨ। ਉਹ ਪਹਿਲਾਂ ਹੀ ਸਾਲ 2024 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ।
ਜੇਕਰ ਉਹ ਹੁਣ ਸੰਨਿਆਸ ਦਾ ਐਲਾਨ ਕਰਦੇ ਹਨ, ਤਾਂ ਉਨ੍ਹਾਂ ਦੇ ਸ਼ਾਨਦਾਰ ਕ੍ਰਿਕਟ ਕਰੀਅਰ ਦਾ ਅੰਤ ਹੋ ਸਕਦਾ ਹੈ। ਐਂਡਰਸਨ ਨੇ ਸਾਲ 2002 ਵਿੱਚ ਲੈਂਕਾਸ਼ਾਇਰ ਲਈ ਡੈਬਿਊ ਕਰਨ ਤੋਂ ਬਾਅਦ ਕੁੱਲ 315 ਪਹਿਲੇ ਦਰਜੇ ਦੇ ਮੈਚ ਖੇਡੇ ਅਤੇ 1,193 ਵਿਕਟਾਂ ਲਈਆਂ। ਇਨ੍ਹਾਂ ਵਿੱਚ ਇੰਗਲੈਂਡ ਵੱਲੋਂ 188 ਟੈਸਟ ਮੈਚਾਂ ਵਿੱਚ ਹਾਸਲ ਕੀਤੀਆਂ 704 ਵਿਕਟਾਂ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ, ਐਂਡਰਸਨ ਨੇ ਸਾਲ 2000 ਵਿੱਚ ਪਹਿਲੀ ਵਾਰ ਲੈਂਕਾਸ਼ਾਇਰ ਲਈ ਲਿਸਟ-ਏ ਮੈਚ ਖੇਡਿਆ ਸੀ। ਇਸ ਫਾਰਮੈਟ ਵਿੱਚ ਉਨ੍ਹਾਂ ਨੇ ਕੁੱਲ 358 ਵਿਕਟਾਂ ਹਾਸਲ ਕੀਤੀਆਂ, ਜਿਨ੍ਹਾਂ ਵਿੱਚ ਇੰਗਲੈਂਡ ਲਈ ਵਨਡੇ ਮੈਚਾਂ ਵਿੱਚ ਲਈਆਂ 269 ਵਿਕਟਾਂ ਸ਼ਾਮਲ ਹਨ। ਉਨ੍ਹਾਂ ਨੇ ਇੰਗਲੈਂਡ ਵੱਲੋਂ 19 ਟੀ-20 ਕੌਮਾਂਤਰੀ ਮੈਚਾਂ ਵਿੱਚ 18 ਵਿਕਟਾਂ ਵੀ ਲਈਆਂ।
ਟੈਸਟ ਕ੍ਰਿਕਟ ਵਿੱਚ ਐਂਡਰਸਨ ਦੇ ਨਾਂ ਵੱਡਾ ਰਿਕਾਰਡ
ਜ਼ਿਕਰਯੋਗ ਹੈ ਕਿ ਐਂਡਰਸਨ ਇੰਗਲੈਂਡ ਲਈ ਤਿੰਨਾਂ ਫਾਰਮੈਟਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਟੈਸਟ ਕ੍ਰਿਕਟ ਵਿੱਚ ਵੀ ਉਨ੍ਹਾਂ ਤੋਂ ਵੱਧ ਵਿਕਟਾਂ ਕਿਸੇ ਹੋਰ ਤੇਜ਼ ਗੇਂਦਬਾਜ਼ ਨੇ ਨਹੀਂ ਲਈਆਂ।
ਹੁਣ ਸਭ ਦੀਆਂ ਨਜ਼ਰਾਂ ਐਂਡਰਸਨ ਦੇ ਅਗਲੇ ਫ਼ੈਸਲੇ ’ਤੇ ਹਨ। ਜੇਕਰ ਉਹ ਸੰਨਿਆਸ ਲੈਂਦੇ ਹਨ, ਤਾਂ ਭਵਿੱਖ ਵਿੱਚ ਕੁਮੈਂਟਰੀ ਜਾਂ ਕਿਸੇ ਟੀਮ ਦੇ ਕੋਚ ਵਜੋਂ ਵੀ ਆਪਣੀ ਨਵੀਂ ਪਾਰੀ ਸ਼ੁਰੂ ਕਰ ਸਕਦੇ ਹਨ। ਹਾਲਾਂਕਿ, ਉਨ੍ਹਾਂ ਵੱਲੋਂ ਅਜੇ ਸੰਨਿਆਸ ਬਾਰੇ ਅੰਤਿਮ ਫ਼ੈਸਲੇ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।