- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਚੋਣਕਾਰ ਅਜੀਤ ਅਗਰਕਰ ਦੀ ਕੁਰਸੀ ’ਤੇ ਖ਼ਤਰਾ ਟਲਦਾ ਦਿਖਾਈ ਦੇ ਰਿਹਾ ਹੈ। ਅਗਰਕਰ ਦੀ ਥਾਂ ਵੀਵੀਐੱਸ ਲਕਸ਼ਮਣ ਨੂੰ ਮੁੱਖ ਚੋਣਕਾਰ ਬਣਾਉਣ ਨੂੰ ਲੈਕੇ ਚਰਚਾ ਜ਼ੋਰਾਂ ’ਤੇ ਹੈ ਪਰ ਸੂਤਰਾਂ ਅਨੁਸਾਰ, ਅਗਰਕਰ ਹਾਲੇ ਭਾਰਤੀ ਟੀਮ ਦਾ ਮੁੱਖ ਚੋਣਕਾਰ ਬਣਿਆ ਰਹਿ ਸਕਦਾ ਹੈ

ਅਭਿਸ਼ੇਕ ਤ੍ਰਿਪਾਠੀ, ਜਾਗਰਣ, ਨਵੀਂ ਦਿੱਲੀ : ਮੁੱਖ ਚੋਣਕਾਰ ਅਜੀਤ ਅਗਰਕਰ ਦੀ ਕੁਰਸੀ ’ਤੇ ਖ਼ਤਰਾ ਟਲਦਾ ਦਿਖਾਈ ਦੇ ਰਿਹਾ ਹੈ। ਅਗਰਕਰ ਦੀ ਥਾਂ ਵੀਵੀਐੱਸ ਲਕਸ਼ਮਣ ਨੂੰ ਮੁੱਖ ਚੋਣਕਾਰ ਬਣਾਉਣ ਨੂੰ ਲੈਕੇ ਚਰਚਾ ਜ਼ੋਰਾਂ ’ਤੇ ਹੈ ਪਰ ਸੂਤਰਾਂ ਅਨੁਸਾਰ, ਅਗਰਕਰ ਹਾਲੇ ਭਾਰਤੀ ਟੀਮ ਦਾ ਮੁੱਖ ਚੋਣਕਾਰ ਬਣਿਆ ਰਹਿ ਸਕਦਾ ਹੈ। ਦਰਅਸਲ, ਬੀਸੀਸੀਆਈ ’ਚ ਇਸ ਮਾਮਲੇ ’ਤੇ ਦੋ ਵੱਖ-ਵੱਖ ਸੁਝਾਅ ਸਾਹਮਣੇ ਆ ਰਹੇ ਹਨ। ਇਕ ਵਰਗ ਦਾ ਮੰਨਣਾ ਹੈ ਕਿ ਵੀਵੀਐੱਸ ਲਕਸ਼ਮਣ ਨੂੰ ਸੈਂਟਰ ਆਫ ਐਕਸੀਲੈਂਸ (ਸੀਓਈ) ਦੀ ਜ਼ਿੰਮੇਵਾਰੀ ਨਾਲ ਮੁੱਖ ਚੋਣਕਾਰ ਦੀ ਭੂਮਿਕਾ ਵੀ ਦਿੱਤੀ ਜਾ ਸਕਦੀ ਹੈ। ਉਥੇ ਹੀ, ਦੂਜੇ ਵਰਗ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਤੇ ਅਗਰਕਰ ਵਿਚਾਲੇ ਤਾਲਮੇਲ ਚੰਗਾ ਹੈ, ਇਸ ਲਈ ਫਿਲਹਾਲ ਇਸ ਪ੍ਰਬੰਧ ’ਚ 2027 ਵਿਸ਼ਵ ਕੱਪ ਤੱਕ ਬਦਲਾਅ ਕਰਨਾ ਠੀਕ ਨਹੀਂ ਹੋਵੇਗਾ। ਬੀਸੀਸੀਆਈ ਦੀ 18 ਤਰੀਕ ਨੂੰ ਹੋਣ ਵਾਲੀ ਏਜੀਐੱਮ ’ਚ ਇਸ ਮੁੱਦੇ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਇਕ ਅਹਿਮ ਸੰਕੇਤ ਇਹ ਹੈ ਕਿ ਬੋਰਡ ਨੇ ਜੂਨੀਅਰ ਚੋਣ ਕਮੇਟੀ ਲਈ ਅਰਜ਼ੀਆਂ ਜ਼ਰੂਰ ਮੰਗੀਆਂ ਹਨ ਪਰ ਸੀਨੀਅਰ ਚੋਣ ਕਮੇਟੀ ਲਈ ਹਾਲੇ ਅਰਜ਼ੀਆਂ ਨਹੀਂ ਮੰਗੀਆਂ। ਇਸ ਨਾਲ ਮੰਨਿਆ ਜਾ ਰਿਹਾ ਹੈ ਕਿ ਫਿਲਹਾਲ ਅਗਰਕਰ ਨੂੰ ਹੀ ਜ਼ਿੰਮੇਵਾਰੀ ਜਾਰੀ ਰੱਖਣ ਦਾ ਮੌਕਾ ਮਿਲ ਸਕਦਾ ਹੈ।
ਅਗਰਕਰ ਨੂੰ ਜੁਲਾਈ 2023 ’ਚ ਭਾਰਤੀ ਮਰਦ ਕ੍ਰਿਕਟ ਟੀਮ ਦਾ ਮੁੱਖ ਚੋਣਕਾਰ ਨਿਯੁਕਤ ਕੀਤਾ ਗਿਆ ਸੀ। ਉਸਦਾ ਕਾਰਜਕਾਲ ਇਸ ਸਾਲ ਜੂਨ ’ਚ ਖ਼ਤਮ ਹੋ ਚੁੱਕਾ ਸੀ ਪਰ ਉਸ ਨੂੰ ਸਤੰਬਰ ਤੱਕ ਵਿਸਥਾਰ ਦਿੱਤਾ ਗਿਆ। ਉਸਦੇ ਕਾਰਜਕਾਲ ’ਚ ਚੋਣ ਕਮੇਟੀ ਨੇ ਕਈ ਵੱਡੇ ਫ਼ੈਸਲੇ ਲਏ ਤੇ ਭਾਰਤੀ ਟੀਮ ਨੇ ਤਿੰਨ ਆਈਸੀਸੀ ਖ਼ਿਤਾਬ ਜਿੱਤੇ, ਜਿਨ੍ਹਾਂ ’ਚ ਦੋ ਟੀ-20 ਵਿਸ਼ਵ ਕੱਪ ਤੇ ਇਕ ਚੈਂਪੀਅਨਸ ਟਰਾਫੀ ਹੈ। ਹਾਲਾਂਕਿ, ਹਾਲ ਹੀ ਦੇ ਮਹੀਨਿਆਂ ’ਚ ਟੀਮ ਚੁਣਨ ਨਾਲ ਜੁੜੇ ਕੁਝ ਫ਼ੈਸਲਿਆਂ ’ਤੇ ਸਵਾਲ ਵੀ ਉੱਠੇ ਹਨ। ਬੀਸੀਸੀਆਈ ਸਾਹਮਣੇ ਹੁਣ ਵੱਡਾ ਫ਼ੈਸਲਾ ਇਹ ਹੈ ਕਿ 2027 ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਅਗਰਕਰ ਨੂੰ ਇਕ ਸਾਲ ਦਾ ਹੋਰ ਵਿਸਥਾਰ ਦਿੱਤਾ ਜਾਵੇ ਜਾਂ ਲਕਸ਼ਮਣ ਨੂੰ ਜ਼ਿੰਮੇਵਾਰੀ ਸੌਂਪੀ ਜਾਵੇ। ਮੰਨਿਆ ਜਾ ਰਿਹਾ ਹੈ ਕਿ ਸ੍ਰੀਲੰਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਸੀਰੀਜ਼ ਜਿੱਤਣ ਤੋਂ ਬਾਅਦ ਅਗਰਕਰ ਦੇ ਪੱਖ ’ਚ ਮਾਹੌਲ ਬਣ ਸਕਦਾ ਹੈ। ਖ਼ੁਦ ਅਗਰਕਰ ਵੀ 2027 ਵਿਸ਼ਵ ਕੱਪ ਤੱਕ ਅਹੁਦੇ ’ਤੇ ਬਣਿਆ ਰਹਿਣਾ ਚਾਹੁੰਦਾ ਹੈ।