ਭਾਰਤ ਖ਼ਿਲਾਫ਼ ਟੀ-20 ਸੀਰੀਜ਼ ਤੋਂ ਪਹਿਲਾਂ ਗਰਜਿਆ ਅਜ਼ਮਤੁੱਲਾਹ ਓਮਰਜ਼ਈ, 'ਅਸੀਂ ਭਾਰਤ ਤੋਂ ਨਹੀਂ ਡਰਦੇ, ਦਿੱਲੀ 'ਚ ਜਿੱਤ ਲਈ ਉਤਰਾਂਗੇ'
ਅਸੀਂ ਜਿੱਤਣ ਦੀ ਕੋਸ਼ਿਸ਼ ਕਰਾਂਗੇ ਤੇ ਆਪਣਾ ਸਰਬੋਤਮ ਦੇਵਾਂਗੇ। ਸਾਨੂੰ ਸਿਰਫ ਆਪਣਾ ਸਰਬੋਤਣ ਕ੍ਰਿਕਟ ਖੇਡਣ ’ਤੇ ਧਿਆਨ ਦੇਣਾ ਹੈ। ਜੇ ਅਸੀਂ ਨਤੀਜੇ ਦੇ ਸਬੰਧ ’ਚ ਜ਼ਿਆਦਾ ਸੋਚਾਂਗੇ ਤਾਂ ਉਸਦਾ ਅਸਰ ਸਾਡੇ ਪ੍ਰਦਰਸ਼ਨ ’ਤੇ ਪੈ ਸਕਦਾ ਹੈ। ਪਿਛਲੀ ਸੀਰੀਜ਼ ’ਚ ਦੋ ਸੁਪਰ ਓਵਰ ਨਾਲ ਅਸੀਂ ਕਾਫੀ ਕੁਝ ਸਿੱਖਿਆ
Publish Date: Sat, 12 Sep 2026 12:27 PM (IST)
Updated Date: Sat, 12 Sep 2026 12:33 PM (IST)
ਸਪੋਰਟਸ ਡੈਸਕ : ਭਾਰਤ ਵਿਰੁੱਧ ਭਲਕੇ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਆਲਰਾਊਂਡਰ ਅਜ਼ਮਤੁੱਲਾਹ ਓਮਰਜ਼ਈ ਦਾ ਕਹਿਣਾ ਹੈ ਕਿ ਟੀਮ ਭਾਰਤੀ ਟੀਮ ਨਾਲ ਭਿੜਨ ਲਈ ਤਿਆਰ ਹੈ ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ। ਓਮਰਜ਼ਈ ਨੇ ਕਿਹਾ ਕਿ ਹੁਣ ਦੋਵੇਂ ਦੇਸ਼ ਕਾਫੀ ਕ੍ਰਿਕਟ ਖੇਡ ਰਹੇ ਹਨ ਤੇ ਅਜਿਹੇ ’ਚ ਦਰਸ਼ਕਾਂ ਨੂੰ ਚੰਗੀ ਕ੍ਰਿਕਟ ਦੇਖਣ ਨੂੰ ਮਿਲੇਗੀ। ਅਮਜ਼ਤੁੱਲਾਹ ਨਾਲ ਨਿਤਿਨ ਨਾਗਰ ਨੇ ਖ਼ਾਸ ਗੱਲਬਾਤ ਕੀਤੀ।
ਪੇਸ਼ ਹਨ ਉਸਦੇ ਕੁਝ ਅਹਿਮ ਹਿੱਸੇ
ਹਾਲ ਹੀ ਵਿਚ ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਟੈਸਟ ਤੇ ਵਨਡੇ ਸੀਰੀਜ਼ ਹੋਈ, ਜਿਸ ਵਿਚ ਭਾਰਤ ਦਾ ਪੱਲੜਾ ਭਾਰੀ ਰਿਹਾ। ਉਸ ਸੀਰੀਜ਼ ਤੋਂ ਅਫ਼ਗਾਨਿਸਤਾਨ ਨੇ ਕੀ ਸਿੱਖਿਆ ਤੇ ਟੀ-20 ਸੀਰੀਜ਼ ’ਚ ਕੀ ਵੱਖਰਾ ਕਰਨ ਦੀ ਕੋਸ਼ਿਸ਼ ਰਹੇਗੀ?
ਅਸੀਂ ਭਾਰਤ ਖ਼ਿਲਾਫ਼ ਟੈਸਟ ਮੈਚ ਤੇ ਤਿੰਨ ਵਨਡੇ ਮੈਚ ਖੇਡੇ ਤੇ ਭਾਰਤ ਨੇ ਸੀਰੀਜ਼ ਜਿੱਤੀ। ਅਸੀਂ ਉਥੇ ਕਾਫੀ ਕੁਝ ਸਿੱਖਿਆ ਹੈ। ਹੁਣ ਫਾਰਮੈਟ ਬਦਲ ਗਿਆ ਹੈ ਤੇ ਸਾਡੀ ਮਾਨਸਿਕਤਾ ਤੇ ਯੋਜਨਾ ਵੀ ਵੱਖਰੀ ਹੈ। ਅਸੀਂ ਬਿਹਤਰ ਕ੍ਰਿਕਟ ਖੇਡਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਵਾਰ ਭਾਰਤ ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।
-ਪਿਛਲੀ ਭਾਰਤ-ਅਫ਼ਗਾਨਿਸਤਾਨ ਟੀ-20 ਸੀਰੀਜ਼ ’ਚ ਬੈਂਗਲੁਰੂ ’ਚ ਦੋ ਸੁਪਰ ਓਵਰ ਦੇਖਣ ਨੂੰ ਮਿਲੇ ਸੀ। ਕੀ ਇਸ ਵਾਰ ਅਫ਼ਗਾਨਿਸਤਾਨ ਸੀਰੀਜ਼ ’ਚ ਉਲਟਪੇਰ ਕਰਨ ਦੇ ਇਰਾਦੇ ਨਾਲ ਉਤਰੇਗਾ?
ਹਾਂ, ਅਸੀਂ ਜਿੱਤਣ ਦੀ ਕੋਸ਼ਿਸ਼ ਕਰਾਂਗੇ ਤੇ ਆਪਣਾ ਸਰਬੋਤਮ ਦੇਵਾਂਗੇ। ਸਾਨੂੰ ਸਿਰਫ ਆਪਣਾ ਸਰਬੋਤਣ ਕ੍ਰਿਕਟ ਖੇਡਣ ’ਤੇ ਧਿਆਨ ਦੇਣਾ ਹੈ। ਜੇ ਅਸੀਂ ਨਤੀਜੇ ਦੇ ਸਬੰਧ ’ਚ ਜ਼ਿਆਦਾ ਸੋਚਾਂਗੇ ਤਾਂ ਉਸਦਾ ਅਸਰ ਸਾਡੇ ਪ੍ਰਦਰਸ਼ਨ ’ਤੇ ਪੈ ਸਕਦਾ ਹੈ। ਪਿਛਲੀ ਸੀਰੀਜ਼ ’ਚ ਦੋ ਸੁਪਰ ਓਵਰ ਨਾਲ ਅਸੀਂ ਕਾਫੀ ਕੁਝ ਸਿੱਖਿਆ। ਉਸ ਸਮੇਂ ਸਾਡੀ ਫਿਨਿਸ਼ਿੰਗ ’ਚ ਕੁਝ ਗ਼ਲਤੀਆਂ ਹੋਈਆਂ ਸਨ ਤੇ ਅਸੀਂ ਮੈਚ ਖ਼ਤਮ ਕਰਨ ਦੇ ਤਰੀਕੇ ’ਤੇ ਕੰਮ ਕੀਤਾ ਹੈ। ਅਸੀਂ ਸਿੱਖਿਆ ਹੈ ਕਿ ਮੈਚ ਦੇ ਅਹਿਮ ਸਮੇਂ ’ਚ ਸਰੀਰ ਤੇ ਦਿਮਾਗ਼ ਨੂੰ ਸ਼ਾਂਤ ਕਿਵੇਂ ਰੱਖਣਾ ਹੈ ਤੇ ਆਪਣਾ ਫੋਕਸ ਕਿਵੇਂ ਬਣਾਈ ਰੱਖਣਾ ਹੈ। ਦੱਖਣੀ ਅਫਰੀਕਾ ਵਿਰੁੱਧ ਵੀ ਇਕ ਮੈਚ ’ਚ ਦੋ ਸੁਪਰ ਓਵਰ ਹੋਏ ਸਨ। ਇਸ ਨਾਲ ਅਸੀਂ ਆਪਣੀ ਫਿਨਿਸ਼ਿੰਗ ਸਕਿੱਲਜ਼ ’ਤੇ ਕਾਫੀ ਕੰਮ ਕੀਤਾ ਹੈ।
ਕੁਝ ਸਾਲ ਪਹਿਲਾਂ ਤੱਕ ਅਫ਼ਗਾਨ ਖਿਡਾਰੀਆਂ ’ਚ ਭਾਰਤ ਨੂੰ ਲੈ ਕੇ ਇਕ ਤਰ੍ਹਾਂ ਦਾ ਡਰ ਜਾਂ ਦਬਾਅ ਦੇਖਣ ਨੂੰ ਮਿਲਦਾ ਸੀ। ਕੀ ਹੁਣ ਉਹ ਬਦਲ ਗਿਆ ਹੈ?
ਆਈਪੀਐੱਲ ’ਚ ਖੇਡਣ ਨਾਲ ਸਾਨੂੰ ਕਾਫੀ ਤਜਰਬਾ ਮਿਲਿਆ ਹੈ। ਪਹਿਲਾਂ ਅਸੀਂ ਵੱਡੇ ਖਿਡਾਰੀਆਂ ਨੂੰ ਟੀਵੀ ’ਤੇ ਦੇਖਦੇ ਸੀ ਪਰ ਹੁਣ ਉਨ੍ਹਾਂ ਖਿਡਾਰੀਆਂ ਨਾਲ ਖੇਡਦੇ ਹਾਂ ਤੇ ਡ੍ਰੈਸਿੰਗ ਰੂਮ ਸਾਂਝਾ ਕਰਦੇ ਹਾਂ। ਇਸ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਿਥੋਂ ਤੱਕ ਡਰ ਦੀ ਗੱਲ ਹੈ ਤਾਂ ਅਸੀਂ ਭਾਰਤ ਤੋਂ ਬਿਲਕੁਲ ਨਹੀਂ ਡਰਦੇ। ਸਾਡਾ ਧਿਆਨ ਸਿਰਫ ਕ੍ਰਿਕਟ ’ਤੇ ਹੈ। ਜੋ ਟੀਮ ਤੇ ਖਿਡਾਰੀ ਜ਼ਿਆਦਾ ਮਿਹਨਤ ਕਰਨਗੇ, ਉਨ੍ਹਾਂ ਨੂੰ ਇਸਦਾ ਫਾਇਦਾ ਮਿਲੇਗਾ। ਅਸੀਂ ਵੀ ਆਪਣੇ ਵੱਲੋਂ ਪੂਰੀ ਮਿਹਨਤ ਕਰਾਂਗੇ।
-15 ਸਾਲਾ ਵੈਭਵ ਸੂਰਿਆਵੰਸ਼ੀ ਇਸ ਸੀਰੀਜ਼ ਦਾ ਹਿੱਸਾ ਹੈ ਤੇ ਉਸਦੇ ਸਬੰਧ ’ਚ ਕਾਫੀ ਚਰਚਾ ਹੋ ਰਹੀ ਹੈ। ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕੀ ਅਫ਼ਗਾਨਿਸਤਾਨ ਦੀ ਟੀਮ ਲਈ ਉਹ ਵੱਡੀ ਚੁਣੌਤੀ ਹੋਵੇਗਾ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਭਾਰਤ ਦਾ ਬਹੁਤ ਸ਼ਾਨਦਾਰ ਨੌਜਵਾਨ ਹੁਨਰ ਹੈ। ਉਸਨੇ ਆਈਪੀਐੱਲ ਤੇ ਅੰਡਰ-19 ਕ੍ਰਿਕਟ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹ ਕਾਫੀ ਹੁਨਰਮੰਦ ਤੇ ਤੇਜ਼ ਖਿਡਾਰੀ ਹੈ ਪਰ ਅਸੀਂ ਉਸ ਬਾਰੇ ਜ਼ਿਆਦਾ ਨਹੀਂ ਸੋਚਾਂਗੇ। ਅਸੀਂ ਆਪਣੀਆਂ ਮਜ਼ਬੂਤੀਆਂ ’ਤੇ ਧਿਆਨ ਦੇਵਾਂਗੇ। ਜੇ ਅਸੀਂ ਉਨ੍ਹਾਂ ਚੀਜ਼ਾਂ ’ਤੇ ਧਿਆਨ ਦੇਵਾਂਗੇ ਜੋ ਸਾਡੇ ਕਾਬੂ ’ਚ ਨਹੀਂ ਹਨ ਤਾਂ ਇਸਦਾ ਅਸ਼ਰ ਸਾਡੇ ਪ੍ਰਦਰਸ਼ਨ ’ਤੇ ਪੈ ਸਕਦਾ ਹੈ। ਇਸ ਲਈ ਅਸੀਂ ਆਪਣਾ ਸਰਬੋਤਮ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਦੇਖਾਂਗੇ ਕਿ ਕੀ ਹੁੰਦਾ ਹੈ।
ਅੰਤਰਰਾਸ਼ਟਰੀ ਕ੍ਰਿਕਟ ’ਚ ਤੇਜ਼ ਗੇਂਦਬਾਜ਼ੀ ਆਲਰਾਊਂਡਰ ਬਹੁਤ ਘੱਟ ਹਨ ਤੇ ਤੁਸੀਂ ਉਨ੍ਹਾਂ ’ਚੋਂ ਇਕ ਹੋ। ਤੁਸੀਂ ਆਪਣੇ ਸਰੀਰ ਤੇ ਵਰਕਲੋਡ ਨੂੰ ਕਿਵੇਂ ਮੈਨੇਜ ਕਰਦੇ ਹੋ?
ਆਲਰਾਊਂਡਰ ਦਾ ਕੰਮ ਥੋੜ੍ਹਾ ਮੁਸ਼ਕਲ ਹੁੰਦਾ ਹੈ ਕਿਉਂਕਿ ਤੁਹਾਨੂੰ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ’ਤੇ ਧਿਆਨ ਦੇਣਾ ਪੈਂਦਾ ਹੈ। ਮੇਰੇ ਹਿਸਾਬ ਨਾਲ ਡਾਇਟ ਤੇ ਰਿਕਵਰੀ ’ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਜਦੋਂ ਤੁਹਾਡੀ ਰਿਕਵਰੀ ਤੇ ਫਿਟਨੈੱਸ ਚੰਗੀ ਹੁੰਦੀ ਹੈ ਤਾਂ ਮੈਦਾਨ ’ਤੇ ਪ੍ਰਦਰਸ਼ਨ ਵੀ ਬਿਹਤਰ ਹੁੰਦਾ ਹੈ। ਆਲਰਾਊਂਡਰਾਂ ’ਤੇ ਕਾਫੀ ਵਰਕਲੋਡ ਹੁੰਦਾ ਹੈ ਤੇ ਇਸੇ ਕਾਰਨ ਸੱਟ ਦਾ ਖ਼ਤਰਾ ਵੀ ਜ਼ਿਆਦਾ ਰਹਿੰਦਾ ਹੈ। ਮੈਦਾਨ ’ਤੇ ਜਾਣ ਤੋਂ ਪਹਿਲਾਂ ਰਿਕਵਰੀ, ਜਿਮ ਤੇ ਨਿਊਟ੍ਰੀਸ਼ਨ ’ਤੇ ਧਿਆਨ ਦੇਣਾ ਜ਼ਰੂਰੀ ਹੈ।
ਸੀਰੀਜ਼ ਦਿੱਲੀ ’ਚ ਹੋ ਰਹੀ ਹੈ ਤੇ ਉਥੇ ਅਫ਼ਗਾਨਿਸਤਾਨ ਦੀਆਂ ਕੁਝ ਚੰਗੀਆਂ ਯਾਦਾਂ ਵੀ ਹਨ। ਕੀ ਦਿੱਲੀ ਨੂੰ ਤੁਸੀਂ ਘਰੇਲੂ ਹਾਲਾਤ ਵਰਗਾ ਮੰਨਦੇ ਹੋ ਤੇ ਕਿੰਨਾ ਲਾਭ ਮਿਲੇਗਾ?
ਇਹ ਸਾਡੇ ਲਈ ਹੋਮ ਸੀਰੀਜ਼ ਹੈ ਪਰ ਭਾਰਤੀ ਖਿਡਾਰੀਆਂ ਨੇ ਇਥੇ ਸਾਡੇ ਤੋਂ ਵੱਧ ਕ੍ਰਿਕਟ ਖੇਡੀ ਹੈ। ਉਹ ਆਈਪੀਐੱਲ ’ਚ ਵੀ ਖੇਡਦੇ ਹਨ ਤੇ ਇਥੋਂ ਦੇ ਹਾਲਾਤ ਨਾਲ ਚੰਗੀ ਤਰ੍ਹਾਂ ਜਾਣੂ ਹਨ ਪਰ ਦਿੱਲੀ ’ਚ ਸਾਡਾ ਇਤਿਹਾਸ ਚੰਗਾ ਰਿਹਾ ਹੈ। ਅਸੀਂ 2023 ਵਿਸ਼ਵ ਕੱਪ ’ਚ ਇੰਗਲੈਂਡ ਨੂੰ ਹਰਾਇਆ ਸੀ ਤੇ ਪਿਛਲੇ ਟੀ-20 ਵਿਸ਼ਵ ਕੱਪ ’ਚ ਯੂਏਈ ਨੂੰ ਵੀ ਹਰਾਇਆ ਸੀ। ਇਸ ਲਈ ਸਾਡੇ ਕੋਲ ਇਥੇ ਖੇਡਣ ਦਾ ਚੰਗਾ ਤਜਰਬਾ ਹੈ। ਅਸੀਂ ਭਾਰਤ ਦੇ ਵਿਰੁੱਧ ਚੰਗਾ ਤੇ ਸਕਾਰਾਤਮਕ ਕ੍ਰਿਕਟ ਖੇਡਣ ਤੇ ਉਸ ਨੂੰ ਹਰਾਉਣ ਦੀ ਕੋਸ਼ਿਸ਼ ਕਰਾਂਗੇ।