ਪਹਿਲੇ ਟੈਸਟ 'ਚ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 214 ਦੌੜਾਂ ਨਾਲ ਹਰਾਇਆ; ਜੋਸ਼ ਹੇਜ਼ਲਵੁੱਡ ਦੀ ਸ਼ਾਨਦਾਰ ਗੇਂਦਬਾਜ਼ੀ
ਮੈਚ ਦੇ ਚੌਥੇ ਦਿਨ ਸੋਮਵਾਰ ਨੂੰ 2 ਵਿਕਟਾਂ ਲੈਣ ਵਾਲੇ ਹੇਜ਼ਲਵੁੱਡ ਨੇ ਮੰਗਲਵਾਰ ਨੂੰ ਨਵੀਂ ਗੇਂਦ ਨਾਲ ਇਕੋ ਓਵਰ ’ਚ 2 ਵਿਕਟਾਂ ਲੈ ਕੇ ਮੈਚ ਬਚਾਉਣ ਦੀਆਂ ਦੱਖਣੀ ਅਫਰੀਕਾ ਦੀਆਂ ਸਾਰੀਆਂ ਉਮੀਦਾਂ ਨੂੰ ਤਬਾਹ ਕਰ ਦਿੱਤਾ। ਚੌਥੇ ਦਿਨ 102-4 ਦੇ ਸਕੋਰ ਤੋਂ ਅੱਗੇ ਖੇਡਦੇ ਹੋਏ ਏਡਨ ਮਾਰਕਰਮ ਤੇ ਵਿਆਨ ਮੁਲਡਰ ਨੇ ਕੁਝ ਸਮੇਂ ਲਈ ਦੱਖਣੀ ਅਫਰੀਕਾ ਦੀ ਅਗਵਾਈ ਕੀਤੀ
Publish Date: Wed, 14 Oct 2026 11:06 AM (IST)
Updated Date: Wed, 14 Oct 2026 11:12 AM (IST)
ਡਰਬਨ, ਰਾਇਟਰ : ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਪਹਿਲੇ ਟੈਸਟ ’ਚ ਦੱਖਣੀ ਅਫਰੀਕਾ ਨੂੰ 214 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ। ਜਿੱਤ ਲਈ 421 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਟੈਸਟ ਦੇ ਆਖਰੀ ਦਿਨ ਚਾਹ ਤੋਂ ਪਹਿਲਾਂ ਹੀ 206 ਦੌੜਾਂ ’ਤੇ ਸਿਮਟ ਗਈ। ਹੇਜ਼ਲਵੁੱਡ ਨੇ 49 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਆਸਟਰੇਲੀਆ ਹੁਣ 3 ਟੈਸਟ ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੈ।
ਮੈਚ ਦੇ ਚੌਥੇ ਦਿਨ ਸੋਮਵਾਰ ਨੂੰ 2 ਵਿਕਟਾਂ ਲੈਣ ਵਾਲੇ ਹੇਜ਼ਲਵੁੱਡ ਨੇ ਮੰਗਲਵਾਰ ਨੂੰ ਨਵੀਂ ਗੇਂਦ ਨਾਲ ਇਕੋ ਓਵਰ ’ਚ 2 ਵਿਕਟਾਂ ਲੈ ਕੇ ਮੈਚ ਬਚਾਉਣ ਦੀਆਂ ਦੱਖਣੀ ਅਫਰੀਕਾ ਦੀਆਂ ਸਾਰੀਆਂ ਉਮੀਦਾਂ ਨੂੰ ਤਬਾਹ ਕਰ ਦਿੱਤਾ। ਚੌਥੇ ਦਿਨ 102-4 ਦੇ ਸਕੋਰ ਤੋਂ ਅੱਗੇ ਖੇਡਦੇ ਹੋਏ ਏਡਨ ਮਾਰਕਰਮ ਤੇ ਵਿਆਨ ਮੁਲਡਰ ਨੇ ਕੁਝ ਸਮੇਂ ਲਈ ਦੱਖਣੀ ਅਫਰੀਕਾ ਦੀ ਅਗਵਾਈ ਕੀਤੀ ਤੇ 69 ਦੌੜਾਂ ਦੀ ਕੁੱਲ ਸਾਂਝੇਦਾਰੀ ਕੀਤੀ। 29 ਦੌੜਾਂ ਬਣਾਉਣ ਤੋਂ ਬਾਅਦ ਮਲਡਰ ਹੇਜ਼ਲਵੁੱਡ ਦੀ ਗੇਂਦ ’ਤੇ ਵਿਕਟ ਦੇ ਪਿੱਛੇ ਕੈਚ ਦੇ ਬੈਠੇ। ਪਾਰਟ-ਟਾਈਮ ਸਪਿਨਰ ਮੈਟ ਰੇਨਸ਼ਾ, ਜਿਸ ਨੇ ਬੱਲੇਬਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਨੇ ਕਾਇਲ ਵਰਨਨ ਦੇ ਰੂਪ ’ਚ ਆਪਣਾ ਦੂਜਾ ਟੈਸਟ ਵਿਕਟ ਲਿਆ।
ਲੰਚ ਟਾਈਮ ਤੱਕ ਦੱਖਣੀ ਅਫਰੀਕਾ ਨੇ 6 ਵਿਕਟਾਂ ਗੁਆ ਕੇ 166 ਦੌੜਾਂ ਬਣਾ ਲਈਆਂ ਸਨ। ਲੰਚ ਤੋਂ ਬਾਅਦ ਉਸ ਨੇ ਸਕੋਰ ’ਚ 25 ਦੌੜਾਂ ਹੋਰ ਜੋੜ ਦਿੱਤੀਆਂ ਪਰ ਜਿਵੇਂ ਹੀ ਉਸ ਨੇ ਨਵੀਂ ਗੇਂਦ ਫੜੀ ਤਾਂ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮੈਚ ਖਤਮ ਕਰ ਦਿੱਤਾ। ਮਾਰਕਰਮ 237 ਗੇਂਦਾਂ ’ਚ 75 ਦੌੜਾਂ ਬਣਾ ਕੇ ਮਿਚ ਸਟਾਰਕ ਦਾ ਸ਼ਿਕਾਰ ਬਣੇ। ਰੇਨਸ਼ਾ, ਜਿਸ ਨੇ 190 ਤੇ 82 ਦੌੜਾਂ ਦੀ ਪਾਰੀ ਖੇਡੀ ਤੇ ਮੈਚ ’ਚ ਦੋ ਵਿਕਟਾਂ ਵੀ ਲਈਆਂ, ਨੂੰ ਮੈਚ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ।
ਸਟੀਵ ਸਮਿਥ ਮੈਦਾਨ 'ਤੇ ਪਰਤਿਆ: ਤਜਰਬੇਕਾਰ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਦੇ 5ਵੇਂ ਦਿਨ ਸੱਟ ਤੋਂ ਠੀਕ ਹੋਣ ਤੋਂ ਬਾਅਦ ਫੀਲਡਿੰਗ ਕਰਦੇ ਦੇਖਿਆ ਗਿਆ। 37 ਸਾਲਾ ਸਮਿਥ ਨੂੰ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੌਰਟਜੇ ਨੇ ਹੈਲਮੇਟ ’ਤੇ ਸੱਟ ਮਾਰੀ ਸੀ, ਜਿਸ ਤੋਂ ਬਾਅਦ ਉਹ ਮੈਚ ਦੇ ਚੌਥੇ ਦਿਨ ਫੀਲਡਿੰਗ ਨਹੀਂ ਕਰ ਸਕੇ। ਹਾਲਾਂਕਿ ਮੈਚ ਦੇ 5ਵੇਂ ਦਿਨ ਸਮਿਥ ਪਹਿਲੀ ਗੇਂਦ ਤੋਂ ਮੈਦਾਨ 'ਤੇ ਸਨ ਤੇ ਇਸ ਦੌਰਾਨ ਉਹ ਸਲਿਪ ’ਚ ਆਪਣੀ ਜਾਣੀ-ਪਛਾਣੀ ਫੀਲਡਿੰਗ ਸਥਿਤੀ ’ਚ ਰਹੇ।
ਡਬਲਯੂਟੀਸੀ ਟੇਬਲ ’ਚ ਹੋਰ ਮਜ਼ਬੂਤ ਹੋਇਆ ਆਸਟ੍ਰੇਲੀਆ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਖਿਲਾਫ ਵੱਡੀ ਜਿੱਤ ਨਾਲ ਡਬਲਯੂਟੀਸੀ ਟੇਬਲ ਦੇ ਟਾਪ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ, ਜਦਕਿ ਮੇਜ਼ਬਾਨ ਚੋਟੀ ਦੇ ਦੋ ਤੋਂ ਬਾਹਰ ਹੋ ਗਿਆ ਹੈ। ਇਸ ਹਾਰ ਦੇ ਨਾਲ ਹੀ ਤੇਂਬਾ ਬਾਵੁਮਾ ਦਾ ਬਤੌਰ ਕਪਤਾਨ ਅਜੇਤੂ ਰਿਕਾਰਡ ਵੀ ਟੁੱਟ ਗਿਆ। ਬਵੁਮਾ ਦੀ ਇਹ ਪਹਿਲੀ ਟੈਸਟ ਹਾਰ ਸੀ, ਜੋ ਬਤੌਰ ਕਪਤਾਨ ਲਗਾਤਾਰ 12 ਟੈਸਟਾਂ ’ਚ ਅਜੇਤੂ ਰਹੀ ਸੀ। 2023 ਦੀ ਚੈਂਪੀਅਨ ਆਸਟ੍ਰੇਲੀਆ ਹੁਣ 11 ਮੈਚਾਂ ’ਚ 81.82 ਪ੍ਰਤੀਸ਼ਤ ਪੀਸੀਟੀ ਨਾਲ ਸਿਖਰ ’ਤੇ ਹੋਰ ਮਜ਼ਬੂਤ ਹੋ ਗਈ ਹੈ। ਉਨ੍ਹਾਂ ਨੇ ਨੌਂ ਮੈਚ ਜਿੱਤੇ ਹਨ ਜਦਕਿ ਦੋ ਹਾਰੇ ਹਨ। ਦੱਖਣੀ ਅਫਰੀਕਾ ਹੁਣ 60 ਪ੍ਰਤੀਸ਼ਤ ਪੀਟੀਸੀ ਨਾਲ ਤੀਜੇ ਨੰਬਰ ’ਤੇ ਆ ਗਿਆ ਹੈ, ਜਦੋਂ ਕਿ ਨਿਊਜ਼ੀਲੈਂਡ 72.22 ਪ੍ਰਤੀਸ਼ਤ ਪੀਟੀਸੀ ਨਾਲ ਦੂਜੇ ਸਥਾਨ ’ਤੇ ਆ ਗਿਆ ਹੈ। ਚੌਥੇ ਨੰਬਰ ’ਤੇ ਮੌਜੂਦ ਬੰਗਲਾਦੇਸ਼ ਦਾ ਪੀਸੀਟੀ 55.56 ਹੈ। ਭਾਰਤੀ ਟੀਮ 51.52 ਪੀਸੀਟੀ ਦੇ ਨਾਲ ਪੰਜਵੇਂ ਸਥਾਨ 'ਤੇ ਹੈ।