ਏਸ਼ਿਆਈ ਖੇਡਾਂ : ਪਿੰਡ ਦੇ ਰਸਤਿਆਂ ਤੋਂ ਜਾਪਾਨ ਤੱਕ ਕੁਲਦੀਪ ਦੀ ਉਡਾਣ, ਪੋਲ ਵਾਲਟ 'ਚ ਦਿਖਾਉਣਗੇ ਦਮ
ਹੌਸਲੇ ਤੇ ਮਿਹਨਤ ਨਾਲ ਪਿੰਡ ਦੇ ਕੱਚੇ ਰਸਤੇ ਵੀ ਰਾਸ਼ਟਰੀ ਪੱਧਰ ਦਾ ਰਾਹ ਬਣਾ ਸਕਦੇ ਹਨ। ਸੰਗਮ ਨਗਰੀ ਦੇ ਮਉਆਇਮਾ ਸਥਿਤ ਅਲਾਵਲਪੁਰ ਦੇ ਇਕ ਸਧਾਰਣ ਪਰਿਵਾਰ ਦੇ ਕੁਲਦੀਪ ਯਾਦਵ (ਕੁਮਾਰ) ਨੇ ਇਹ ਸਾਬਤ ਕਰ ਦਿਖਾਇਆ ਹੈ
Publish Date: Thu, 10 Sep 2026 12:15 PM (IST)
Updated Date: Thu, 10 Sep 2026 12:20 PM (IST)
ਅਮਰੀਸ਼ ਮਨੀਸ਼ ਸ਼ੁਕਲ, ਜਾਗਰਣ, ਪ੍ਰਯਾਗਰਾਜ : ਹੌਸਲੇ ਤੇ ਮਿਹਨਤ ਨਾਲ ਪਿੰਡ ਦੇ ਕੱਚੇ ਰਸਤੇ ਵੀ ਰਾਸ਼ਟਰੀ ਪੱਧਰ ਦਾ ਰਾਹ ਬਣਾ ਸਕਦੇ ਹਨ। ਸੰਗਮ ਨਗਰੀ ਦੇ ਮਉਆਇਮਾ ਸਥਿਤ ਅਲਾਵਲਪੁਰ ਦੇ ਇਕ ਸਧਾਰਣ ਪਰਿਵਾਰ ਦੇ ਕੁਲਦੀਪ ਯਾਦਵ (ਕੁਮਾਰ) ਨੇ ਇਹ ਸਾਬਤ ਕਰ ਦਿਖਾਇਆ ਹੈ। 5.45 ਮੀਟਰ ਦੀ ਛਾਲ ਮਾਰ ਕੇ ਰਾਸ਼ਟਰੀ ਰਿਕਾਰਡ ਬਣਾਉਣ ਵਾਲੇ 21 ਸਾਲਾ ਪੋਲ ਵਾਲਟਰ ਹੁਣ ਜਾਪਾਨ ਦੇ ਆਇਚੀ-ਨਗੋਯਾ ਵਿਚ 19 ਸਤੰਬਰ ਤੋਂ ਹੋਣ ਵਾਲੀਆਂ ਏਸ਼ਿਆਈ ਖੇਡਾਂ ’ਚ ਹਿੱਸਾ ਲੈਣਗੇ।
ਕੁਲਦੀਪ ਦੀ ਸਫਲਤਾ ਰਾਤੋਂ-ਰਾਤ ਨਹੀਂ ਆਈ, ਬਲਕਿ ਇਸ ਦੇ ਪਿੱਛੇ ਸਾਲਾਂ ਦੀ ਮਿਹਨਤ ਤੇ ਅਨੁਸ਼ਾਸਨ ਹੈ। ਹਾਲ ਹੀ ਵਿਚ, ਕੁਲਦੀਪ ਤੇ ਦੇਵ ਮੀਣਾ ਨੇ 5.45 ਮੀਟਰ ਦੀ ਛਾਲ ਮਾਰ ਕੇ ਨਵਾਂ ਰਾਸ਼ਟਰੀ ਰਿਕਾਰਡ ਸਥਾਪਤ ਕੀਤਾ। ਇਸ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਏਸ਼ਿਆਈ ਖੇਡਾਂ ਦੇ ਮੁਸ਼ਕਲ ਕੁਆਲੀਫਿਕੇਸ਼ਨ ਮਿਆਰ ਨੂੰ ਪਾਰ ਕਰਨ ਦੇ ਨਾਲ-ਨਾਲ 2026 ਕਾਮਨਵੈਲਥ ਖੇਡਾਂ ਦੇ 5.25 ਮੀਟਰ ਮਿਆਰ ਨੂੰ ਵੀ ਪਿੱਛੇ ਛੱਡ ਦਿੱਤਾ। ਇਸ ਤੋਂ ਪਹਿਲਾਂ, ਮਈ ਵਿਚ ਭੁਵਨੇਸ਼ਵਰ ਵਿਚ ਹੋਈ ਭਾਰਤੀ ਇੰਡੋਰ ਓਪਨ ਮੁਕਾਬਲੇ ਵਿਚ ਕੁਲਦੀਪ ਨੇ 5.41 ਮੀਟਰ ਦੀ ਛਾਲ ਲਾ ਕੇ ਦੇਵ ਮੀਣਾ ਦਾ ਪੁਰਾਣਾ ਰਿਕਾਰਡ ਤੋੜਿਆ ਸੀ।
ਕੁਲਦੀਪ ਦੀਆਂ ਜੜਾਂ ਜ਼ਮੀਨ ਨਾਲ ਜੁੜੀਆਂ ਹਨ। ਉਨ੍ਹਾਂ ਦੇ ਪਿਤਾ ਸੁਰੇਸ਼ ਯਾਦਵ ਕਿਸਾਨ ਅਤੇ ਸੁਸ਼ਮਾ ਦੇਵੀ ਘਰੇਲੂ ਨਾਰੀ ਹਨ। ਆਰਥਿਕ ਤੰਗੀ ਦੇ ਬਾਵਜੂਦ, ਮਾਤਾ-ਪਿਤਾ ਨੇ ਕਦੇ ਵੀ ਉਨ੍ਹਾਂ ਦੇ ਸੁਪਨਿਆਂ ਵਿਚ ਰੁਕਾਵਟ ਨਹੀਂ ਪਾਈ। ਕੁਲਦੀਪ ਦੀ ਪ੍ਰਤੀਭਾ ਨੂੰ ਦੇਖਦਿਆਂ ਓਐੱਨਜੀਸੀ ਨੇ ਉਨ੍ਹਾਂ ਨੂੰ ਸਕਾਲਰਸ਼ਿਪ ਦਿੱਤੀ। ਉਨ੍ਹਾਂ ਨੇ ਭਾਰਤੀ ਖੇਡ ਅਥਾਰਟੀ (ਸਾਈ) ਬੈਂਗਲੁਰੂ ਵਿਚ ਵੀ ਆਪਣੀ ਤਕਨੀਕ ਨੂੰ ਨਿਖਾਰਿਆ। ਚੋਣ ਦੀ ਖਬਰ 'ਤੇ ਕੁਲਦੀਪ ਨੇ ਕਿਹਾ ਕਿ ਭਾਰਤੀ ਜਰਸੀ ਪਹਿਨਣਾ ਹਰ ਐਥਲੀਟ ਦਾ ਸੁਪਨਾ ਹੁੰਦਾ ਹੈ। ਮੈਂ ਜਾਪਾਨ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਦੇਵਾਂਗਾ।
ਕੁਲਦੀਪ ਦੇ ਜਜ਼ਬੇ ਦੀ ਮਿਸਾਲ ਆਲ ਇੰਡੀਆ ਇੰਟਰ ਯੂਨੀਵਰਸਿਟੀ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਵੀ ਦੇਖਣ ਨੂੰ ਮਿਲੀ, ਜਿੱਥੇ ਪੋਲ ਟੁੱਟਣ ਦੇ ਬਾਵਜੂਦ ਉਨ੍ਹਾਂ ਨੇ 5.10 ਮੀਟਰ ਦੀ ਛਾਲ ਮਾਰ ਲਾ ਕੇ ਨਵਾਂ ਮੀਟ ਰਿਕਾਰਡ ਬਣਾਇਆ। ਕੁਲਦੀਪ ਨੇ ਜੂਨੀਅਰ ਸਰਕਿਟ ਵਿਚ ਪੰਜ ਵਾਰੀ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਿਆ ਹੈ ਤੇ ਏਸ਼ਿਆਈ ਯੂਥ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤਿਆ ਹੈ।