ਟੀਮ ਤੋਂ ਬਾਹਰ ਹੋਣ ਤੋਂ ਬਾਅਦ ਸ਼ਾਨਦਾਰ ਵਾਪਸੀ : ਦੇਵਦੱਤ ਪਡਿੱਕਲ ਨੇ ਗਾਲੇ ਟੈਸਟ 'ਚ 167 ਦੌੜਾਂ ਬਣਾ ਕੇ ਲਿਖਿਆ ਨਵਾਂ ਇਤਿਹਾਸ ਸੈਂਕੜਾ ਮਾਰਨ ਤੋਂ ਬਾਅਦ ਦੇਵਦੱਤ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਇੱਥੋਂ ਦੀ ਤੇਜ਼ ਗਰਮੀ ਵਿਚਾਲੇ ਗਾਲੇ ਦੀ ਨਮੀ ਵਾਲੀ ਪਿੱਚ 'ਤੇ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਹੋਵੇਗਾ। ਵਿਕਟ ਬੱਲੇਬਾਜ਼ੀ ਲਈ ਬਹੁਤ ਆਸਾਨ ਨਹੀਂ ਸੀ। ਮੈਨੂੰ ਇਹ ਵੀ ਪਤਾ ਸੀ ਕਿ ਥਕਾਵਟ ਹੋਵੇਗੀ।
Publish Date: Mon, 17 Aug 2026 11:22 AM (IST)
Updated Date: Mon, 17 Aug 2026 11:27 AM (IST)
ਅਭਿਸ਼ੇਕ ਤ੍ਰਿਪਾਠੀ, ਜਾਗਰਣ, ਗਾਲੇ : ਜੇ ਤੁਸੀਂ ਮਾਨਸਿਕ ਤੌਰ ’ਤੇ ਮਜ਼ਬੂਤ, ਅਨੁਸ਼ਾਸਿਤ ਤੇ ਕੁਝ ਕਰਨ ਦਾ ਜਜ਼ਬਾ ਰੱਖਦੇ ਹੋ ਤਾਂ ਜ਼ਿੰਦਗੀ ਤੁਹਾਨੂੰ ਜ਼ੀਰੋ ਤੋਂ ਹੀਰੋ ਬਣਾਉਣ ’ਚ ਕੋਈ ਕਸਰ ਨਹੀਂ ਛੱਡਦੀ। ਕੁਝ ਅਜਿਹਾ ਹੀ ਹੋ ਰਿਹਾ ਹੈ ਭਾਰਤ ਦੇ ਨੰਬਰ ਤਿੰਨ ਬੱਲੇਬਾਜ਼ ਦੇਵਦੱਤ ਪਡਿੱਕਲ ਨਾਲ। 2024 ਦੇ ਆਸਟ੍ਰੇਲੀਆ ਦੌਰੇ ’ਚ ਗਏ ਦੇਵਦੱਤ ਪਰਥ ’ਚ ਦੋਵਾਂ ਪਾਰੀਆਂ ’ਚ ਫੇਲ੍ਹ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਡਰਾਪ ਕਰ ਦਿੱਤਾ ਗਿਆ। ਭਾਰਤੀ ਟੀਮ ਤੋਂ ਬਾਹਰ ਹੋਣ ਤੋਂ ਬਾਅਦ ਦੇਵਦੱਤ ਪਰੇਸ਼ਾਨ ਹੋਇਆ ਪਰ ਉਸਨੇ ਖ਼ੁਦ ਨੂੰ ਵਾਪਸੀ ਦਾ ਵਾਅਦਾ ਕੀਤਾ। ਇਕ ਨਵੀਂ ਸ਼ੁਰੂਆਤ ਲਈ ਆਪਣੇ ਬਚਪਨ ਦੇ ਕੋਚ ਮੁਹੰਦ ਨਸੀਰੂਦੀਨ ਕੋਲ ਵਾਪਸ ਗਿਆ ਤੇ ਲਗਪਗ ਦੋ ਸਾਲਾਂ ਬਾਅਦ ਗਾਲੇ ’ਚ ਸ੍ਰੀਲੰਕਾ ਵਿਰੁੱਧ 167 ਦੌੜਾਂ ਦੀ ਪਾਰੀ ਖੇਡ ਕੇ ਖ਼ੁਦ ਨੂੰ ਨੰਬਰ ਤਿੰਨ ਬੱਲੇਬਾਜ਼ ਦੇ ਤੌਰ ’ਤੇ ਸਥਾਪਿਤ ਕਰ ਦਿੱਤਾ।
ਸੈਂਕੜਾ ਮਾਰਨ ਤੋਂ ਬਾਅਦ ਦੇਵਦੱਤ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਇੱਥੋਂ ਦੀ ਤੇਜ਼ ਗਰਮੀ ਵਿਚਾਲੇ ਗਾਲੇ ਦੀ ਨਮੀ ਵਾਲੀ ਪਿੱਚ 'ਤੇ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਹੋਵੇਗਾ। ਵਿਕਟ ਬੱਲੇਬਾਜ਼ੀ ਲਈ ਬਹੁਤ ਆਸਾਨ ਨਹੀਂ ਸੀ। ਮੈਨੂੰ ਇਹ ਵੀ ਪਤਾ ਸੀ ਕਿ ਥਕਾਵਟ ਹੋਵੇਗੀ। ਸਰੀਰ ਤੋਂ ਬਹੁਤ ਸਾਰਾ ਪਾਣੀ ਨਿਕਲੇਗਾ। ਮੈਂ ਇਨ੍ਹਾਂ ਹੀ ਤਰ੍ਹਾਂ ਦੇ ਹਾਲਾਤ ਲਈ ਤਿਆਰੀ ਕੀਤੀ ਸੀ। ਭਾਰਤੀ ਟੀਮ ਮੈਨੇਜਮੈਂਟ ਅਤੇ ਦੁਨੀਆ ਭਾਵੇਂ ਹੁਣ ਦੇਵਦੱਤ ਦਾ ਗੁਣਗਾਨ ਕਰ ਰਹੀ ਹੋਵੇ, ਪਰ ਜੇ ਸਾਈ ਸੁਦਰਸ਼ਨ ਜ਼ਖ਼ਮੀ ਨਾ ਹੁੰਦਾ ਤਾਂ ਉਹ ਇੱਥੇ ਨੰਬਰ ਤਿੰਨ 'ਤੇ ਬੱਲੇਬਾਜ਼ੀ ਕਰਨ ਨਹੀਂ ਉਤਰਦਾ। ਦੇਵਦੱਤ ਨੇ ਮੌਕੇ ਦਾ ਫਾਇਦਾ ਉਠਾਇਆ। ਉਸਦੀ ਪਾਰੀ ਨੇ ਸਾਫ਼ ਦੱਸਿਆ ਕਿ ਉਸਨੇ ਆਪਣਾ ਬੱਲੇਬਾਜ਼ੀ ਸਟਾਂਸ ਬਦਲਿਆ ਹੈ। ਉਸਦਾ ਬੈਕਲਿਫਟ ਵੀ ਬਦਲ ਗਿਆ ਹੈ ਅਤੇ ਉਹ ਮਾਨਸਿਕ ਤੌਰ 'ਤੇ ਹੋਰ ਮਜ਼ਬੂਤ ਹੋ ਗਿਆ ਹੈ। ਪਹਿਲਾਂ ਉਸਦੀ ਬੱਲੇਬਾਜ਼ੀ ਵਿਚ ਖਿੱਚ ਨਾਲ ਡਿਫੈਂਸ ਦਾ ਸੁਮੇਲ ਜ਼ਿਆਦਾ ਨਹੀਂ ਦਿਖਾਈ ਦਿੰਦਾ ਸੀ ਪਰ ਹੁਣ ਉਸਨੇ ਆਪਣੇ ਤਕਨੀਕੀ ਪੱਖਾਂ ਨੂੰ ਸਕਾਰਾਤਮਕ ਤੌਰ 'ਤੇ ਬਦਲ ਦਿੱਤਾ ਹੈ। ਇਸ ਬਾਰੇ ਉਸਨੇ ਬੈਂਗਲੁਰੂ ਵਿਚ ਆਪਣੇ ਬਚਪਨ ਦੇ ਕੋਚ ਮੁਹੰਮਦ ਨਸੀਰੂਦੀਨ ਨਾਲ ਕਾਫੀ ਤਿਆਰੀ ਕੀਤੀ।
ਨਸੀਰੂਦੀਨ ਨੇ ਕਿਹਾ ਕਿ ਦੇਵਦੱਤ ਨੂੰ ਭਾਰਤ-ਏ ਨਾਲ ਸ੍ਰੀਲੰਕਾ ਦੌਰੇ 'ਤੇ ਜਾਣ ਦਾ ਮੌਕਾ ਮਿਲਿਆ। ਉਸਨੇ ਪਹਿਲੇ ਮੈਚ ਦੀਆਂ ਦੋ ਪਾਰੀਆਂ ਵਿਚ 12 ਅਤੇ 64 ਦੌੜਾਂ ਬਣਾਈਆਂ ਤੇ ਦੂਜੇ ਮੈਚ ਵਿਚ 94 ਦੌੜਾਂ। ਉਦੋਂ ਉਸ ਨੂੰ ਸ੍ਰੀਲੰਕਾਈ ਪਿੱਚ ਦਾ ਚਰਿੱਤਰ ਸਮਝ ਆ ਗਿਆ। ਬੈਂਗਲੁਰੂ ਵਾਪਸ ਆਉਣ ਦੇ ਬਾਅਦ ਉਸਨੇ ਮੇਰੇ ਨਾਲ ਤਿਆਰੀ 'ਤੇ ਗੱਲ ਕੀਤੀ। ਉਸਨੇ ਬੈਂਗਲੁਰੂ ਵਿਚ ਟਰਨਰ ਪਿੱਚ 'ਤੇ ਅਭਿਆਸ ਕੀਤਾ। ਐਸੀਆਂ ਪਿੱਚਾਂ 'ਤੇ ਵੀ ਅਭਿਆਸ ਕੀਤਾ ਜਿੱਥੇ ਕ੍ਰੈਕਸ ਸਨ। ਉਹ ਬੈਂਗਲੁਰੂ ਵਿਚ ਖੱਬੇ ਹੱਥ ਦੇ ਸਪਿਨਰਾਂ ਤੇ ਆਫ ਸਪਿਨਰਾਂ ਦੇ ਨਾਲ ਐਸੀਆਂ ਪਿੱਚਾਂ 'ਤੇ ਹਰ ਦਿਨ ਲਗਪਗ ਦੋ ਘੰਟੇ ਬੱਲੇਬਾਜ਼ੀ ਦਾ ਅਭਿਆਸ ਕਰਦਾ ਸੀ। ਨਸੀਰੂਦੀਨ ਨੇ ਕਿਹਾ ਕਿ ਦੇਵਦੱਤ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਸਿੱਖਣਾ ਚਾਹੁੰਦਾ ਹੈ। ਉਹ ਮਾਨਸਿਕ ਤੌਰ 'ਤੇ ਪੱਕਾ ਹੈ। ਚਾਹੇ ਕਿੰਨੀ ਵੀ ਮੁਸ਼ਕਲਾਂ ਆਉਣ, ਉਹ ਟੁੱਟਦਾ ਨਹੀਂ। ਉਹ ਕਦੇ ਥੱਕਦਾ ਨਹੀਂ ਸੀ।
ਨਸੀਰੂਦੀਨ ਨੇ ਕਿਹਾ ਕਿ ਅਸੀਂ ਦੇਵਦੱਤ ਦੇ ਅਭਿਆਸ ਲਈ ਵਿਸ਼ੇਸ਼ ਤੌਰ 'ਤੇ ਇਕ ਟੁੱਟੀ ਪਿੱਚ ਬਣਾਈ ਸੀ ਜਿਸ 'ਤੇ ਸਪਿਨਰਾਂ ਨੂੰ ਜ਼ਬਰਦਸਤ ਮਦਦ ਮਿਲਦੀ ਸੀ। ਉਹ ਉੱਥੇ ਲਗਾਤਾਰ ਅਭਿਆਸ ਕਰਦਾ ਰਿਹਾ। ਦੇਵਦੱਤ ਹਰ ਕਿਸਮ ਦੇ ਸਪਿਨਰਾਂ ਦੇ ਖ਼ਿਲਾਫ਼ ਅਭਿਆਸ ਕਰ ਕੇ ਸਫਲ ਹੋਇਆ। ਉਹ ਆਜ਼ਾਦੀ ਦਿਵਸ 'ਤੇ ਅਜੇਤੂ ਟੈਸਟ ਸੈਂਕੜਾ ਲਗਾਉਣ ਵਾਲਾ ਭਾਰਤ ਦਾ ਪਹਿਲਾ ਬੱਲੇਬਾਜ਼ ਬਣਿਆ। ਜਾਣਕਾਰੀ ਦੇ ਤੌਰ 'ਤੇ, ਕੋਚ ਗੌਤਮ ਗੰਭੀਰ ਦੇ ਕਾਰਜਕਾਲ ਵਾਲੇ ਭਾਰਤੀ ਟੀਮ ਮੈਨੇਜਮੈਂਟ ਨੇ ਟੈਸਟ ਵਿਚ ਨੰਬਰ ਤਿੰਨ 'ਤੇ ਕੁੱਲ ਸੱਤ ਬੱਲੇਬਾਜ਼ਾਂ ਨੂੰ ਅਜ਼ਮਾਇਆ, ਜਿਨ੍ਹਾਂ ਵਿਚ ਕਰੁਣ ਨਾਇਰ, ਸਾਈ ਸੁਦਰਸ਼ਨ, ਵਾਸ਼ਿੰਗਟਨ ਸੁੰਦਰ ਵੀ ਸ਼ਾਮਲ ਸਨ ਪਰ ਸਫਲਤਾ ਪਡਿੱਕਲ ਨੂੰ ਮਿਲੀ। ਭਾਰਤੀ ਟੀਮ ਦੇ ਬੱਲੇਬਾਜ਼ੀ ਕੋਚ ਸਿਤਾਂਸ਼ੂ ਕੋਟਕ ਨੇ ਵੀ ਪਡਿੱਕਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਸਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਮੈਂ ਕੁਝ ਦਿਨ ਪਹਿਲਾਂ ਬੈਂਗਲੁਰੂ ਵਿਚ ਸੈਂਟਰ ਆਫ ਐਕਸੀਲੈਂਸ (ਸੀਓਈ) ਵਿਚ ਅਭਿਆਸ ਕਰਦੇ ਦੇਖਿਆ ਸੀ। ਉਸਨੇ ਭਾਰਤੀ ਟੀਮ ਦੇ ਨੈਟਸ ਵਿਚ ਵੀ ਬਹੁਤ ਮਿਹਨਤ ਕੀਤੀ ਹੈ। ਉਸਨੂੰ ਨਤੀਜੇ ਵੀ ਮਿਲ ਰਹੇ ਹਨ।