ਜੇਕੇਸੀਏ 'ਚ 500 ਕਰੋੜ ਦੇ ਗਬਨ ਦਾ ਮਾਮਲਾ : ਏਸੀਬੀ ਨੇ ਜੰਮੂ ਅਦਾਲਤ 'ਚ ਸਟੇਟਸ ਰਿਪੋਰਟ ਕੀਤੀ ਦਾਖ਼ਲ
ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਨੇ ਜੰਮੂ ਤੇ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇਕੇਸੀਏ) ’ਚ ਕਥਿਤ ਵਿੱਤੀ ਗਬਨ ਤੇ ਬੇਨਿਯਮੀਆਂ ਨਾਲ ਸਬੰਧਤ 500 ਕਰੋੜ ਰੁਪਏ ਦੇ ਮਾਮਲੇ ’ਚ ਸਪੈਸ਼ਲ ਮੋਬਾਈਲ ਮੈਜਿਸਟ੍ਰੇਟ ਵਿਦਯੁਤ, ਜੰਮੂ ਦੀ ਅਦਾਲਤ ’ਚ ਸਟੇਟਸ ਰਿਪੋਰਟ ਦਾਇਰ ਕੀਤੀ ਹੈ।
Publish Date: Sun, 06 Sep 2026 12:10 PM (IST)
Updated Date: Sun, 06 Sep 2026 12:13 PM (IST)
ਜਾਗਰਣ ਸੰਵਾਦਦਾਤਾ, ਜੰਮੂ : ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਨੇ ਜੰਮੂ ਤੇ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇਕੇਸੀਏ) ’ਚ ਕਥਿਤ ਵਿੱਤੀ ਗਬਨ ਤੇ ਬੇਨਿਯਮੀਆਂ ਨਾਲ ਸਬੰਧਤ 500 ਕਰੋੜ ਰੁਪਏ ਦੇ ਮਾਮਲੇ ’ਚ ਸਪੈਸ਼ਲ ਮੋਬਾਈਲ ਮੈਜਿਸਟ੍ਰੇਟ ਵਿਦਯੁਤ, ਜੰਮੂ ਦੀ ਅਦਾਲਤ ’ਚ ਸਟੇਟਸ ਰਿਪੋਰਟ ਦਾਇਰ ਕੀਤੀ ਹੈ। ਏਸੀਬੀ ਵੱਲੋਂ ਦਾਇਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਕ੍ਰਿਕਟ ਸੰਘ ਦੇ ਫੰਡਾਂ ਦੀ ਕਥਿਤ ਦੁਰਵਰਤੋਂ ਤੇ ਅਪਰਾਧਿਕ ਦੁਰਵਿਹਾਰ ਨਾਲ ਸਬੰਧਤ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ’ਚ ਮੁੱਢਲੀ ਜਾਂਚ ਸ਼ੁਰੂ ਕੀਤੀ ਗਈ ਸੀ।
ਸ਼ਿਕਾਇਤ ’ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਜਾਂਚ ਤੇ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਰਿਪੋਰਟ ਅਨੁਸਾਰ, 10 ਫਰਵਰੀ 2026 ਨੂੰ ਏਸੀਬੀ ਹੈੱਡਕੁਆਰਟਰ ਨੇ ਪੁਲਿਸ ਸਟੇਸ਼ਨ ਸੈਂਟਰਲ ਨੂੰ ਸ਼ਿਕਾਇਤ ’ਚ ਲਾਏ ਗਏ ਦੋਸ਼ਾਂ ਦੀ ਪੁਸ਼ਟੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ 12 ਫਰਵਰੀ ਨੂੰ ਜਾਂਚ ਦੀ ਜ਼ਿੰਮੇਵਾਰੀ ਇੰਸਪੈਕਟਰ ਦਵਿੰਦਰ ਸਿੰਘ ਨੂੰ ਸੌਂਪੀ ਗਈ। ਜਾਂਚ ਅਧਿਕਾਰੀ ਨੇ ਸ਼ਿਕਾਇਤਕਰਤਾ ਤੇ ਸੇਵਾਮੁਕਤ ਡੀਐੱਸਪੀ ਸੁਦਰਸ਼ਨ ਮਹਿਤਾ, ਜੋ ਪਹਿਲਾਂ ਜੇਕੇਸੀਏ ਨਾਲ ਜੁੜੇ ਹੋਏ ਸਨ, ਤੋਂ ਵੀ ਪੁੱਛਗਿੱਛ ਕੀਤੀ ਤੇ ਜੇਕੇਸੀਏ ਦੇ ਕੰਮਕਾਜ ਤੇ ਵੱਖ-ਵੱਖ ਅਧਿਕਾਰੀਆਂ ਦੀ ਭੂਮਿਕਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਜਾਂਚ ਅਧਿਕਾਰੀ ਨੇ ਜੰਮੂ ਦੇ ਜੀਜੀਐੱਮ ਸਾਇੰਸ ਕਾਲਜ ਦੇ ਹੋਸਟਲ ਗਰਾਊਂਡ ’ਚ ਸਥਿਤ ਜੇਕੇਸੀਏ ਦਫ਼ਤਰ ਦਾ ਦੌਰਾ ਕੀਤਾ ਤੇ ਸਬੰਧਤ ਰਿਕਾਰਡ ਬਾਰੇ ਜਾਣਕਾਰੀ ਇਕੱਤਰ ਕੀਤੀ।