38 ਦੌੜਾਂ ਦਾ ਚੱਕਰਵਿਊ : ਫਾਲੋਆਨ ਦੇ ਕੇ ਮੈਚ ਜਿੱਤਣਾ ਚਾਹੇਗਾ ਭਾਰਤ, ਸ੍ਰੀਲੰਕਾ ਸਾਹਮਣੇ ਡਰਾਅ ਕਰਵਾਉਣ ਦੀ ਚੁਣੌਤੀ
38 ਦੌੜਾਂ ਦਾ ਚੱਕਰਵਿਊ ਇਹ ਨਿਰਧਾਰਿਤ ਕਰੇਗਾ ਕਿ ਭਾਰਤੀ ਟੀਮ ਆਸਾਨੀ ਨਾਲ ਇਹ ਮੈਚ ਜਿੱਤ ਕੇ ਸੀਰੀਜ਼ 2-0 ਨਾਲ ਆਪਣੇ ਨਾਮ ਕਰੇਗੀ ਜਾਂ ਸ੍ਰੀਲੰਕਾਈ ਟੀਮ ਉਸਦੀ ਰਾਹ ’ਚ ਰੁਕਾਵਟ ਪੈਦਾ ਕਰੇਗੀ।
Publish Date: Wed, 26 Aug 2026 10:58 AM (IST)
Updated Date: Wed, 26 Aug 2026 11:07 AM (IST)
ਅਭਿਸ਼ੇਕ ਤ੍ਰਿਪਾਠੀ, ਜਾਗਰਣ, ਕੋਲੰਬੋ : 38 ਦੌੜਾਂ ਦਾ ਚੱਕਰਵਿਊ ਇਹ ਨਿਰਧਾਰਿਤ ਕਰੇਗਾ ਕਿ ਭਾਰਤੀ ਟੀਮ ਆਸਾਨੀ ਨਾਲ ਇਹ ਮੈਚ ਜਿੱਤ ਕੇ ਸੀਰੀਜ਼ 2-0 ਨਾਲ ਆਪਣੇ ਨਾਮ ਕਰੇਗੀ ਜਾਂ ਸ੍ਰੀਲੰਕਾਈ ਟੀਮ ਉਸਦੀ ਰਾਹ ’ਚ ਰੁਕਾਵਟ ਪੈਦਾ ਕਰੇਗੀ। ਵਿਦੇਸ਼ ’ਚ ਟੈਸਟ ਜਿੱਤਣ ਲਈ ਤਰਸ ਰਹੀ ਭਾਰਤੀ ਟੀਮ ਨੇ ਜਦੋਂ ਸੋਮਵਾਰ ਨੂੰ ਸਿੰਘਲੀਜ਼ ਸਪੋਰਟਸ ਕਲੱਬ ’ਚ ਨੌਂ ਵਿਕਟਾਂ 'ਤੇ 503 ਦੌੜਾਂ 'ਤੇ ਪਹਿਲੀ ਪਾਰੀ ਐਲਾਨੀ ਤਾਂ ਉਸ ਨੂੰ ਲੱਗਾ ਸੀ ਕਿ ਉਹ ਆਸਾਨੀ ਨਾਲ ਇਹ ਟੈਸਟ ਜਿੱਤ ਲਵੇਗੀ। ਭਾਰਤੀ ਗੇਂਦਬਾਜ਼ਾਂ ਨੇ ਮੰਗਲਵਾਰ ਨੂੰ 173 ਦੌੜਾਂ 'ਤੇ ਸ੍ਰੀਲੰਕਾ ਦੀਆਂ ਸੱਤ ਵਿਕਟਾਂ ਲੈ ਕੇ ਇਸ ਕੰਮ ਨੂੰ ਆਸਾਨ ਵੀ ਬਣਾ ਦਿੱਤਾ ਸੀ ਪਰ ਮੀਂਹ ਕਾਰਨ ਜਦੋਂ ਤੀਜੇ ਦਿਨ ਦੀ ਖੇਡ ਖ਼ਤਮ ਹੋਈ ਤਾਂ ਮੇਜ਼ਬਾਨ ਟੀਮ ਆਠ ਵਿਕਟਾਂ ’ਤੇ 265 ਦੌੜਾਂ ਬਣਾਉਣ ’ਚ ਸਫਲ ਰਹੀ। ਗਾਲੇ ’ਚ ਇਕ ਸੈਂਕੜਾ ਤੇ ਇਕ ਅਰਧ ਸੈਂਕੜਾ ਬਣਾਉਣ ਵਾਲਾ ਸੋਨਲ ਦਿਨੁਸ਼ਾ 85 ਦੌੜਾਂ 'ਤੇ ਡਟਿਆ ਹੋਇਆ ਹੈ। ਉਸ ਨਾਲ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰਾ 50 ਗੇਂਦਾਂ ਦਾ ਸਾਹਮਣਾ ਕਰਨ ਦੇ ਬਾਅਦ 8 ਦੌੜਾਂ 'ਤੇ ਕ੍ਰੀਜ਼ ’ਤੇ ਹੈ।
ਸ੍ਰੀਲੰਕਾਈ ਟੀਮ ਪਹਿਲੀ ਪਾਰੀ ਦੇ ਆਧਾਰ 'ਤੇ 238 ਦੌੜਾਂ ਪਿੱਛੇ ਹੈ। ਇਥੇ ਦੀ ਬੇਵਕਤ ਆਉਣ ਵਾਲੇ ਮੀਂਹ ਨੂੰ ਦੇਖਦੇ ਹੋਏ ਭਾਰਤੀ ਟੀਮ ਚਾਹੁੰਦੀ ਹੈ ਕਿ ਉਹ ਮੇਜ਼ਬਾਨਾਂ ਨੂੰ ਅਗਲੇ 38 ਦੌੜਾਂ ਦੇ ਅੰਦਰ ਆਊਟ ਕਰੇ ਤਾਂ ਜੋ ਉਹ ਉਨ੍ਹਾਂ ਨੂੰ ਫਾਲੋਆਨ ਦੇ ਸਕੇ। ਇਸ ਨਾਲ ਭਾਰਤੀ ਟੀਮ ਨੂੰ ਸ੍ਰੀਲੰਕਾ ਦੀ ਦੂਜੀ ਪਾਰੀ ਨੂੰ ਆਊਟ ਕਰਨ ਲਈ ਵੱਧ ਸਮਾਂ ਮਿਲੇਗਾ। ਜੇ ਸ੍ਰੀਲੰਕਾਈ ਟੀਮ ਭਾਰਤੀ ਟੀਮ ਨੂੰ ਦੂਜੀ ਪਾਰੀ ’ਚ ਕੁਝ ਟੀਚਾ ਦੇ ਵੀ ਦਿੰਦੀ ਹੈ ਤਾਂ ਉਸ ਨੂੰ ਪ੍ਰਾਪਤ ਕਰਨਾ ਆਸਾਨ ਹੋਵੇਗਾ। ਸ੍ਰੀਲੰਕਾ ਦੀ ਟੀਮ ਚਾਹੁੰਦੀ ਹੈ ਕਿ ਉਹ ਕਿਸੇ ਤਰ੍ਹਾਂ ਫਾਲੋਆਨ ਨੂੰ ਟਾਲ ਦੇਵੇ, ਤਾਂ ਜੋ ਕਪਤਾਨ ਸ਼ੁਭਮਨ ਗਿੱਲ ਦੀ ਟੀਮ ਨੂੰ ਦੂਜੀ ਪਾਰੀ ’ਚ ਬੱਲੇਬਾਜ਼ੀ ਕਰਨ ਲਈ ਉਤਾਰਨਾ ਪਏ। ਭਾਰਤੀ ਟੀਮ ਫਿਰ ਘੱਟੋ-ਘੱਟ ਦੋ ਸੈਸ਼ਨਾਂ ਤੱਕ ਬੱਲੇਬਾਜ਼ੀ ਕਰ ਕੇ ਸ੍ਰੀਲੰਕਾ ਨੂੰ 350 ਦੌੜਾਂ ਤੋਂ ਵੱਧ ਦਾ ਟੀਚਾ ਦੇਣ ਦੀ ਕੋਸ਼ਿਸ਼ ਕਰੇਗੀ। ਜੇਕਰ ਮੀਂਹ ਕਾਰਨ ਬਚੇ ਹੋਏ ਕੁੱਲ ਛੇ ਸੈਸ਼ਨਾਂ ’ਚੋਂ ਇਕ-ਦੋ ਸੈਸ਼ਨਾਂ ਦੀ ਖੇਡ ਖ਼ਰਾਬ ਹੋ ਜਾਂਦੀ ਹੈ ਤਾਂ ਸ੍ਰੀਲੰਕਾ ਲਈ ਇਸ ਟੈਸਟ ਨੂੰ ਡਰਾਅ ਕਰਨ ਦੀ ਉਮੀਦ ਵਧੇਗੀ। ਇਹੀ ਕਾਰਨ ਹੈ ਕਿ ਦੋਹਾਂ ਟੀਮਾਂ 38 ਦੌੜਾਂ ਦੇ ਇਸ ਚੱਕਰਵਿਊ ਨੂੰ ਤੋੜਨਾ ਚਾਹੁਣਗੀਆਂ।
ਸ਼ੁਰੂਆਤ ਰਹੀ ਚੰਗੀ ਸ੍ਰੀਲੰਕਾਈ ਟੀਮ ਨੇ ਦੋ ਵਿਕਟਾਂ 'ਤੇ 8 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਭਾਰਤੀ ਗੇਂਦਬਾਜ਼ਾਂ ਖਾਸ ਕਰਕੇ ਪ੍ਰਸਿੱਧ ਕ੍ਰਿਸ਼ਨਾ ਤੇ ਮਾਨਵ ਸੁਥਾਰ ਨੇ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕੀਤਾ। ਸ੍ਰੀਲੰਕਾ ਦੇ ਪੰਜ ਖਿਡਾਰੀ ਹੀ 50 ਤੋਂ ਵੱਧ ਗੇਂਦਾਂ ਖੇਡ ਸਕੇ, ਜਿਸ ’ਚ ਦੋ ਗੇਂਦਬਾਜ਼ ਵੀ ਸ਼ਾਮਲ ਹਨ। 35 ਦੌੜਾਂ ਦੇ ਕੁੱਲ ਯੋਗ 'ਤੇ ਹੀ ਕ੍ਰਿਸ਼ਨਾ ਨੇ ਕਾਮਿਲ ਮਿਸਾਰਾ ਨੂੰ ਆਪਣੇ ਤੇਜ਼ ਬਾਊਂਸਰ 'ਤੇ ਵਿਕਟਕੀਪਰ ਧਰੁਵ ਜੁਰੈਲ ਦੇ ਹੱਥਾਂ ਕੈਚ ਆਊਟ ਕਰਵਾਇਆ। ਕਾਮਿੰਦੂ ਮੈਂਡਿਸ (54) ਤੇ ਸੂਰਿਆਬੰਦਾਰਾ (80) ਨੇ ਚੌਥੀ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਕਰਕੇ ਹਾਲਾਤ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਮੈਂਡਿਸ, ਕ੍ਰਿਸ਼ਨਾ ਦੀ ਗੇਂਦ 'ਤੇ ਖ਼ਰਾਬ ਸ਼ਾਟ ਖੇਡ ਕੇ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਧਨੰਜਯ ਡਿਸਿਲਵਾ, ਸੂਰਿਆਬੰਦਾਰਾ ਤੇ ਨਿਰੋਸ਼ਨ ਡਿਕਵੇਲਾ ਵੀ ਚੱਲਦੇ ਬਣੇ। ਕੁਲਦੀਪ ਯਾਦਵ ਦੀ ਜਗ੍ਹਾ ਆਖਰੀ ਗਿਆਰਾਂ ’ਚ ਸ਼ਾਮਲ ਕੀਤੇ ਗਏ 33 ਸਾਲ ਦੇ ਆਫ ਸਪਿਨਰ ਸਾਰਾਂਸ਼ ਜੈਨ ਨੂੰ ਕੁਝ ਬਾਊਂਸ ’ਤੇ ਟਰਨ ਮਿਲਿਆ ਪਰ ਇਹ ਵਿਕਟ ਲੈਣ ਲਈ ਨਾਕਾਫੀ ਸੀ। ਉਸ ਦੀਆਂ ਗੇਂਦਾਂ ’ਚ ਉਹ ਦਮ ਨਹੀਂ ਸੀ, ਜੋ ਅੰਤਰਰਾਸ਼ਟਰੀ ਕ੍ਰਿਕਟ ਲਈ ਚਾਹੀਦਾ ਹੁੰਦਾ ਹੈ। ਪ੍ਰਸਿੱਧ ਤੇ ਸੁਥਾਰ ਨੇ ਤਿੰਨ-ਤਿੰਨ ਵਿਕਟਾਂ ਲਈਆਂ।
ਹੇਠਲੇ ਕ੍ਰਮ ਦੀਆਂ ਵਿਕਟਾਂ ਲੈਣ ’ਚ ਹੋਈ ਦਿੱਕਤ ਸ੍ਰੀਲੰਕਾ ਨੇ 173 ਦੌੜਾਂ 'ਤੇ ਸੱਤ ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਸੀਰੀਜ਼ ’ਚ ਹਰ ਪਾਰੀ ’ਚ 50 ਤੋਂ ਵੱਧ ਦਾ ਸਕੋਰ ਬਣਾਉਣ ਵਾਲੇ ਸੋਨਲ ਦਿਨੁਸ਼ਾ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਕੇਸਾਰਾ ਨੁਵਾਂਥਾ (18) ਤੇ ਲਾਹਿਰੂ ਕੁਮਾਰਾ (8) ਦੇ ਨਾਲ ਮਿਲ ਕੇ ਭਾਰਤੀ ਗੇਂਦਬਾਜ਼ਾਂ ਦੀ ਚਾਲ 'ਤੇ ਬ੍ਰੇਕ ਲਗਾ ਦਿੱਤੀ। ਇਸ ਛੋਟੇ ਕੱਦ ਦੇ ਖੱਬੇ ਹੱਥ ਦੇ ਖਿਡਾਰੀ ਨੇ ਜ਼ਬਰਦਸਤ ਜੋਸ਼ ਨਾਲ ਤਕਨੀਕੀ ਸਮਝ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਪ੍ਰਸਿੱਧ, ਸੁਥਾਰ, ਰਵਿੰਦਰ ਜਡੇਜਾ ਤੇ ਸਾਰਾਂਸ਼ ਜੈਨ ਨੇ ਉਨ੍ਹਾਂ ਦਾ ਟੈਸਟ ਲੈਣ ਦੀ ਕੋਸ਼ਿਸ਼ ਕੀਤੀ, ਪਰ 25 ਸਾਲ ਦਾ ਇਹ ਸ੍ਰੀਲੰਕਾਈ ਬੱਲੇਬਾਜ਼ ਮੁਸ਼ਕਲ ਹਾਲਾਤ ’ਚ 201 ਮਿੰਟ ਤੱਕ ਬੱਲੇਬਾਜ਼ੀ ਕਰਨ ਦੇ ਬਾਵਜੂਦ ਵੀ ਲੜਾਈ ਦੇ ਮੈਦਾਨ 'ਤੇ ਡਟਿਆ ਰਿਹਾ। ਉਸ ਨੇ ਨੁਵਾਂਥਾ ਦੇ ਨਾਲ ਅੱਠਵੀਂ ਵਿਕਟ ਲਈ 57 ਤੇ ਕਮਾਰਾ ਨਾਲ ਨੌਵੀਂ ਵਿਕਟ ਲਈ 35 ਦੌੜਾਂ ਜੋੜੀਆਂ। ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਸਾਹਮਣੇ ਭਾਰਤੀ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਹਮੇਸ਼ਾ ਨਿਰਾਸ਼ਾਜਨਕ ਰਹਿੰਦਾ ਹੈ ਤੇ ਇਸ ਵਾਰੀ ਵੀ ਅਜਿਹਾ ਹੀ ਹੋਇਆ। ਭਾਰਤੀ ਗੇਂਦਬਾਜ਼ ਆਖਰੀ 22.5 ਓਵਰਾਂ ’ਚ ਸਿਰਫ ਇਕ ਵਿਕਟ ਲੈ ਸਕੇ। ਮੁਹੰਮਦ ਸਿਰਾਜ ਨੇ ਇਕ ਵਿਕਟ ਜ਼ਰੂਰ ਲਈ ਪਰ ਅਜਿਹਾ ਲੱਗ ਰਿਹਾ ਸੀ ਕਿ ਉਹ ਪੂਰੀ ਮਿਹਨਤ ਨਾਲ ਗੇਂਦਬਾਜ਼ੀ ਨਹੀਂ ਕਰ ਰਿਹਾ ਸੀ। ਦੂਜੇ ਪਾਸੇ, ਬੱਲੇਬਾਜ਼ੀ ਦੌਰਾਨ ਮੋਢੇ 'ਤੇ ਗੇਂਦ ਲੱਗਣ ਕਾਰਨ ਵਿਕਟਕੀਪਰ ਰਿਸ਼ਭ ਪੰਤ ਪੂਰਾ ਦਿਨ ਮੈਦਾਨ 'ਤੇ ਨਹੀਂ ਉਤਰਿਆ। ਉਹ ਡਗਆਊਟ ’ਚ ਹੀ ਬੈਠਾ ਰਿਹਾ।