- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਟਰੱਸਟੀ ਬੋਰਡ ਨੇ ਹਾਲ ਹੀ ਵਿੱਚ ਹੋਈ ਮੀਟਿੰਗ ਦੌਰਾਨ ਕਰਮਚਾਰੀਆਂ ਦੇ ਪ੍ਰੋਵੀਡੈਂਟ ਫੰਡ (PF) ਖਾਤੇ ਵਿੱਚ ਜਮ੍ਹਾਂ ਰਕਮ ਨੂੰ ਲੈ ਕੇ ਤਿੰਨ ਵੱਡੇ ਫ਼ੈਸਲੇ ਕੀਤੇ ਹਨ। ਇਨ੍ਹਾਂ ਵਿੱਚ ਸੇਵਾਮੁਕਤੀ ਤੋਂ ਬਾਅਦ ਪੀਐੱਫ ਖਾਤੇ ਵਿੱਚ ਜਮ੍ਹਾਂ ਰਕਮ ਨੂੰ ਕਿਸ਼ਤਾਂ ਵਿੱਚ ਕਢਵਾਉਣ ਦਾ ਵਿਕਲਪ, ਨੌਕਰੀ ਛੱਡਣ ਤੋਂ ਬਾਅਦ ਪੀਐੱਫ ਖਾਤੇ ਦੇ ਅੰਤਿਮ ਨਿਪਟਾਰੇ ਦੀ ਮਿਆਦ ਘਟਾਉਣਾ ਅਤੇ ਪੀਐੱਫ ਖਾਤੇ ਵਿੱਚ ਕਰਮਚਾਰੀ ਦੇ ਹਿੱਸੇ ਦੀ ਘੱਟੋ-ਘੱਟ ਰਕਮ ਘਟਾਉਣਾ ਮੁੱਖ ਹਨ। ਜਾਣੋ ਇਨ੍ਹਾਂ ਤਿੰਨਾਂ ਫ਼ੈਸਲਿਆਂ ਦਾ ਕਰਮਚਾਰੀਆਂ ਦੇ ਪੀਐੱਫ ਖਾਤਿਆਂ ’ਤੇ ਕੀ ਅਸਰ ਪਵੇਗਾ।

ਨਵੀਂ ਦਿੱਲੀ - ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਟਰੱਸਟੀ ਬੋਰਡ ਨੇ ਹਾਲ ਹੀ ਵਿੱਚ ਹੋਈ ਮੀਟਿੰਗ ਦੌਰਾਨ ਕਰਮਚਾਰੀਆਂ ਦੇ ਪ੍ਰੋਵੀਡੈਂਟ ਫੰਡ (PF) ਖਾਤੇ ਵਿੱਚ ਜਮ੍ਹਾਂ ਰਕਮ ਨੂੰ ਲੈ ਕੇ ਤਿੰਨ ਵੱਡੇ ਫ਼ੈਸਲੇ ਕੀਤੇ ਹਨ। ਇਨ੍ਹਾਂ ਵਿੱਚ ਸੇਵਾਮੁਕਤੀ ਤੋਂ ਬਾਅਦ ਪੀਐੱਫ ਖਾਤੇ ਵਿੱਚ ਜਮ੍ਹਾਂ ਰਕਮ ਨੂੰ ਕਿਸ਼ਤਾਂ ਵਿੱਚ ਕਢਵਾਉਣ ਦਾ ਵਿਕਲਪ, ਨੌਕਰੀ ਛੱਡਣ ਤੋਂ ਬਾਅਦ ਪੀਐੱਫ ਖਾਤੇ ਦੇ ਅੰਤਿਮ ਨਿਪਟਾਰੇ ਦੀ ਮਿਆਦ ਘਟਾਉਣਾ ਅਤੇ ਪੀਐੱਫ ਖਾਤੇ ਵਿੱਚ ਕਰਮਚਾਰੀ ਦੇ ਹਿੱਸੇ ਦੀ ਘੱਟੋ-ਘੱਟ ਰਕਮ ਘਟਾਉਣਾ ਮੁੱਖ ਹਨ। ਜਾਣੋ ਇਨ੍ਹਾਂ ਤਿੰਨਾਂ ਫ਼ੈਸਲਿਆਂ ਦਾ ਕਰਮਚਾਰੀਆਂ ਦੇ ਪੀਐੱਫ ਖਾਤਿਆਂ ’ਤੇ ਕੀ ਅਸਰ ਪਵੇਗਾ।
ਨੌਕਰੀ ਤੋਂ ਬਾਅਦ ਕਿਸ਼ਤਾਂ ਵਿੱਚ ਪੈਸੇ ਕਢਵਾਉਣ ਦੀ ਸਹੂਲਤ
ਪਹਿਲੇ ਫ਼ੈਸਲੇ ਤਹਿਤ ਬੋਰਡ ਨੇ ਗਾਹਕਾਂ ਜਾਂ ਖਾਤਾਧਾਰਕਾਂ ਨੂੰ ਸੇਵਾਮੁਕਤੀ ਤੋਂ ਬਾਅਦ ਪੀਐੱਫ ਖਾਤੇ ਵਿੱਚ ਜਮ੍ਹਾਂ ਪੈਸੇ ਇੱਕੋ ਵਾਰ ਕਢਵਾਉਣ ਦੀ ਬਜਾਏ ਕਿਸ਼ਤਾਂ ਵਿੱਚ ਕਢਵਾਉਣ ਦੀ ਸਹੂਲਤ ਦੇਣ ਦਾ ਫ਼ੈਸਲਾ ਕੀਤਾ ਹੈ।
ਇਸ ਤਹਿਤ ਕਰਮਚਾਰੀ ਤਨਖ਼ਾਹ ਵਾਂਗ ਹਰ ਮਹੀਨੇ, ਤਿੰਨ ਮਹੀਨਿਆਂ ਜਾਂ ਛੇ ਮਹੀਨਿਆਂ ਬਾਅਦ ਆਪਣੇ ਪੀਐੱਫ ਖਾਤੇ ਵਿੱਚੋਂ ਪੈਸੇ ਕਢਵਾ ਸਕਣਗੇ। ਇਸ ਨਾਲ ਸੇਵਾਮੁਕਤੀ ਤੋਂ ਬਾਅਦ ਮਿਲਣ ਵਾਲੀ ਇਕਮੁਸ਼ਤ ਰਕਮ ਨੂੰ ਨਿਵੇਸ਼ ਕਰਨ ਦੀ ਚਿੰਤਾ ਵੀ ਦੂਰ ਹੋ ਜਾਵੇਗੀ।
ਇਸ ਫ਼ੈਸਲੇ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪੈਸੇ ਕਢਵਾਉਣ ਤੋਂ ਬਾਅਦ ਵੀ ਪੀਐੱਫ ਖਾਤੇ ਵਿੱਚ ਸਾਲ ਦੇ ਅੰਤ ਤੱਕ ਬਚੀ ਹੋਈ ਰਕਮ ’ਤੇ ਤੈਅ ਦਰ ਨਾਲ ਵਿਆਜ ਮਿਲਦਾ ਰਹੇਗਾ।
ਕਿਸ਼ਤਾਂ ਵਿੱਚ ਪੈਸੇ ਕਢਵਾਉਣ ਦੀ ਸਹੂਲਤ ਵਿਕਲਪਿਕ ਹੈ। ਜੇਕਰ ਕਰਮਚਾਰੀ ਚਾਹੇ ਤਾਂ ਉਹ ਇੱਕੋ ਵਾਰ ਆਪਣੇ ਪੀਐੱਫ ਖਾਤੇ ਵਿੱਚ ਜਮ੍ਹਾਂ ਸਾਰੀ ਰਕਮ ਵੀ ਕਢਵਾ ਸਕਦਾ ਹੈ। ਇਸ ਤੋਂ ਇਲਾਵਾ, ਮੈਂਬਰਾਂ ਕੋਲ ਸਿਰਫ਼ ਵਿਆਜ ਦੀ ਰਕਮ ਕਢਵਾਉਣ ਦਾ ਵਿਕਲਪ ਵੀ ਹੋਵੇਗਾ। ਪੀਐੱਫ ਖਾਤਾਧਾਰਕ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਯੋਗ ਮੈਂਬਰਾਂ ਜਾਂ ਲਾਭਪਾਤਰੀਆਂ ਨੂੰ ਵੀ ਇਹ ਸਹੂਲਤ ਮਿਲੇਗੀ। ਇਹ ਸਹੂਲਤ ਕਰਮਚਾਰੀ ਪੈਨਸ਼ਨ ਯੋਜਨਾ (EPS) ਤੋਂ ਬਿਲਕੁਲ ਵੱਖਰੀ ਹੈ।
ਉਦਾਹਰਨ ਨਾਲ ਸਮਝੋ:
ਮੰਨ ਲਓ ਕਿ ਸੇਵਾਮੁਕਤੀ ਤੋਂ ਬਾਅਦ ਕਿਸੇ ਵਿਅਕਤੀ ਦੇ ਪੀਐੱਫ ਖਾਤੇ ਵਿੱਚ 50 ਲੱਖ ਰੁਪਏ ਜਮ੍ਹਾਂ ਹਨ। ਉਹ ਇੱਕ ਸਾਲ ਵਿੱਚ 5 ਲੱਖ ਰੁਪਏ ਕਢਵਾਉਣ ਦਾ ਵਿਕਲਪ ਚੁਣਦਾ ਹੈ। ਇਹ ਰਕਮ ਉਹ ਮਹੀਨਾਵਾਰ, ਤਿਮਾਹੀ ਜਾਂ ਛਿਮਾਹੀ ਆਧਾਰ ’ਤੇ ਕਢਵਾ ਸਕਦਾ ਹੈ।
ਅਜਿਹੇ ਵਿੱਚ ਅਗਲੇ ਸਾਲ ਦੇ ਅੰਤ ਤੱਕ ਉਸ ਦੇ ਖਾਤੇ ਵਿੱਚ 45 ਲੱਖ ਰੁਪਏ ਬਚਣਗੇ। ਜੇਕਰ ਵਿਆਜ ਦਰ ਸਾਲਾਨਾ 8 ਫ਼ੀਸਦੀ ਹੈ ਤਾਂ ਉਸ ਨੂੰ ਬਚੇ ਹੋਏ 45 ਲੱਖ ਰੁਪਏ ’ਤੇ 3.60 ਲੱਖ ਰੁਪਏ ਵਿਆਜ ਮਿਲੇਗਾ। ਇਸ ਤਰ੍ਹਾਂ ਦੂਜੇ ਸਾਲ ਵਿੱਚ ਕਰਮਚਾਰੀ ਦੇ ਖਾਤੇ ਵਿੱਚ ਕੁੱਲ 48.60 ਲੱਖ ਰੁਪਏ ਹੋਣਗੇ।
ਅੰਤਿਮ ਨਿਪਟਾਰੇ ਲਈ ਉਡੀਕ ਦੀ ਮਿਆਦ ਘਟਾਈ
ਦੂਜੇ ਫ਼ੈਸਲੇ ਤਹਿਤ ਈਪੀਐੱਫਓ ਦੇ ਟਰੱਸਟੀ ਬੋਰਡ ਨੇ ਕਿਸੇ ਕਰਮਚਾਰੀ ਵੱਲੋਂ ਨੌਕਰੀ ਛੱਡਣ ਤੋਂ ਬਾਅਦ ਪੀਐੱਫ ਖਾਤੇ ਦੇ ਅੰਤਿਮ ਨਿਪਟਾਰੇ ਲਈ ਉਡੀਕ ਦੀ ਮਿਆਦ 12 ਮਹੀਨਿਆਂ ਤੋਂ ਘਟਾ ਕੇ ਦੋ ਮਹੀਨੇ ਕਰ ਦਿੱਤੀ ਹੈ।
ਮੌਜੂਦਾ ਪ੍ਰਬੰਧ ਤਹਿਤ ਜੇਕਰ ਕੋਈ ਕਰਮਚਾਰੀ ਨੌਕਰੀ ਛੱਡਣ ਜਾਂ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ 12 ਮਹੀਨਿਆਂ ਤੱਕ ਮੁੜ ਕਿਸੇ ਰਸਮੀ ਰੁਜ਼ਗਾਰ ਨਾਲ ਨਹੀਂ ਜੁੜਦਾ ਸੀ ਤਾਂ ਉਸ ਨੂੰ ਆਪਣੇ ਪੀਐੱਫ ਖਾਤੇ ਵਿੱਚੋਂ ਪੂਰੀ ਰਕਮ ਕਢਵਾਉਣ ਦੀ ਇਜਾਜ਼ਤ ਸੀ।
ਇਸ ਵਿੱਚ ਕਰਮਚਾਰੀ ਦਾ ਯੋਗਦਾਨ, ਕੰਪਨੀ ਜਾਂ ਮਾਲਕ ਦਾ ਯੋਗਦਾਨ ਅਤੇ ਪੈਨਸ਼ਨ ਦਾ ਹਿੱਸਾ (ਜੇਕਰ ਕੋਈ ਹੋਵੇ) ਸ਼ਾਮਲ ਹੁੰਦਾ ਹੈ।
ਨਵੇਂ ਫ਼ੈਸਲੇ ਤੋਂ ਬਾਅਦ ਨੌਕਰੀ ਛੱਡਣ ਜਾਂ ਨੌਕਰੀ ਤੋਂ ਕੱਢੇ ਜਾਣ ਦੇ ਦੋ ਮਹੀਨਿਆਂ ਬਾਅਦ ਹੀ ਕਿਸੇ ਵਿਅਕਤੀ ਨੂੰ ਇਹ ਸਹੂਲਤ ਮਿਲ ਸਕੇਗੀ। ਉਹ ਆਪਣੇ ਪੀਐੱਫ ਖਾਤੇ ਦਾ ਅੰਤਿਮ ਨਿਪਟਾਰਾ ਕਰਵਾ ਕੇ ਪੂਰੀ ਰਕਮ ਕਢਵਾ ਸਕੇਗਾ।
ਇੱਥੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਪੀਐੱਫ ਖਾਤੇ ਦਾ ਅੰਤਿਮ ਨਿਪਟਾਰਾ ਹੋ ਜਾਣ ਤੋਂ ਬਾਅਦ ਜੇਕਰ ਕਰਮਚਾਰੀ ਮੁੜ ਨੌਕਰੀ ਸ਼ੁਰੂ ਕਰਦਾ ਹੈ ਤਾਂ ਨਵੇਂ ਪੀਐੱਫ ਖਾਤੇ ਵਿੱਚ ਪੁਰਾਣੇ ਖਾਤੇ ਦਾ ਕੋਈ ਵੀ ਲਾਭ ਟਰਾਂਸਫਰ ਜਾਂ ਸ਼ਾਮਲ ਨਹੀਂ ਕੀਤਾ ਜਾ ਸਕੇਗਾ।
ਖਾਤੇ ਵਿੱਚ ਘੱਟੋ-ਘੱਟ ਰਕਮ ਰੱਖਣ ਦੀ ਲਾਜ਼ਮੀ ਸ਼ਰਤ
ਈਪੀਐੱਫਓ ਆਪਣੇ ਮੈਂਬਰਾਂ ਨੂੰ ਵੱਖ-ਵੱਖ ਕਾਰਨਾਂ ਜਿਵੇਂ ਬਿਮਾਰੀ ਦੇ ਇਲਾਜ, ਮਕਾਨ ਬਣਾਉਣ, ਬੱਚਿਆਂ ਦੀ ਪੜ੍ਹਾਈ, ਖ਼ੁਦ ਜਾਂ ਬੱਚਿਆਂ ਦੇ ਵਿਆਹ ਆਦਿ ਲਈ ਪੀਐੱਫ ਖਾਤੇ ਵਿੱਚੋਂ ਅੰਸ਼ਕ ਨਿਕਾਸੀ ਦੀ ਸਹੂਲਤ ਦਿੰਦਾ ਹੈ।
ਇਹ ਨਿਕਾਸੀ ਸਿਰਫ਼ ਕਰਮਚਾਰੀ ਦੇ ਯੋਗਦਾਨ ਵਾਲੇ ਹਿੱਸੇ ਵਿੱਚੋਂ ਕੀਤੀ ਜਾਂਦੀ ਹੈ। ਇਸ ਸਹੂਲਤ ਤਹਿਤ ਮੈਂਬਰ ਈਪੀਐੱਫਓ ਦੇ ਨਿਯਮਾਂ ਅਨੁਸਾਰ ਪੈਸੇ ਕਢਵਾ ਸਕਦੇ ਹਨ।
ਹੁਣ ਤੱਕ ਕਰਮਚਾਰੀਆਂ ਲਈ ਆਪਣੇ ਪੀਐੱਫ ਖਾਤੇ ਵਿੱਚ ਘੱਟੋ-ਘੱਟ 25 ਫ਼ੀਸਦੀ ਰਕਮ ਬਚਾ ਕੇ ਰੱਖਣੀ ਲਾਜ਼ਮੀ ਸੀ। ਹੁਣ ਇਸ ਨੂੰ ਘਟਾ ਕੇ 10 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸ ਨੂੰ ਲੌਕ-ਇਨ ਰਕਮ ਵੀ ਕਿਹਾ ਜਾਂਦਾ ਹੈ।
ਉਦਾਹਰਨ ਨਾਲ ਸਮਝੋ: ਜੇਕਰ ਕਿਸੇ ਕਰਮਚਾਰੀ ਦੇ ਪੀਐੱਫ ਖਾਤੇ ਵਿੱਚ ਉਸ ਦੇ ਆਪਣੇ ਯੋਗਦਾਨ ਵਾਲੇ ਹਿੱਸੇ ਵਿੱਚ ਇੱਕ ਲੱਖ ਰੁਪਏ ਜਮ੍ਹਾਂ ਹਨ ਤਾਂ ਉਹ ਹੁਣ 90 ਹਜ਼ਾਰ ਰੁਪਏ ਤੱਕ ਕਢਵਾ ਸਕਦਾ ਹੈ। ਪਹਿਲਾਂ ਸਿਰਫ਼ 75 ਹਜ਼ਾਰ ਰੁਪਏ ਤੱਕ ਕਢਵਾਉਣ ਦੀ ਇਜਾਜ਼ਤ ਸੀ।
ਬੋਰਡ ਦੇ ਹੋਰ ਅਹਿਮ ਫ਼ੈਸਲੇ
EDLI ਛੋਟ ਦੇ ਮਾਮਲਿਆਂ ਵਿੱਚ ਰਾਹਤ: ਬੋਰਡ ਨੇ EDLI ਯੋਜਨਾ, 2026 ਵਿੱਚ ਸੋਧਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਯੋਗ ਸੰਸਥਾਵਾਂ ਨੂੰ ਆਪਣੀਆਂ ਖ਼ਤਮ ਹੋ ਚੁੱਕੀਆਂ ਛੋਟਾਂ ਦਾ ਨਵੀਨੀਕਰਨ ਕਰਵਾਉਣ ਲਈ ਛੇ ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਤਸਦੀਕ ਕੀਤੇ ਜਾ ਸਕਣ ਵਾਲੇ ਤਬਦੀਲੀ ਦੇ ਸਮੇਂ ਲਈ ਉਨ੍ਹਾਂ ਨੂੰ ਯੋਗਦਾਨ, ਵਿਆਜ ਅਤੇ ਜੁਰਮਾਨੇ ਤੋਂ ਵੀ ਰਾਹਤ ਦਿੱਤੀ ਜਾਵੇਗੀ।
ਅਲਟਰਨੇਟਿਵ ਇਨਵੈਸਟਮੈਂਟ ਫੰਡਾਂ ਵਿੱਚ ਨਿਵੇਸ਼: ਬੋਰਡ ਨੇ ਸਿਧਾਂਤਕ ਤੌਰ ’ਤੇ ਮਨਜ਼ੂਰੀ ਦਿੱਤੀ ਹੈ ਕਿ ਮੌਜੂਦਾ ਕੁੱਲ ਨਿਵੇਸ਼ ਸੀਮਾ ਦੇ ਅੰਦਰ ਯੋਗ ਅਲਟਰਨੇਟਿਵ ਇਨਵੈਸਟਮੈਂਟ ਫੰਡਾਂ (AIF) ਵਿੱਚ ਨਵੇਂ ਨਿਵੇਸ਼ ਦਾ 3 ਫ਼ੀਸਦੀ ਤੱਕ ਹਿੱਸਾ ਲਗਾਇਆ ਜਾ ਸਕਦਾ ਹੈ। ਸ਼ੁਰੂਆਤ ਵਿੱਚ ਇਹ ਨਿਵੇਸ਼ ਸਰਕਾਰੀ ਸੰਸਥਾਵਾਂ ਰਾਹੀਂ ਕੀਤਾ ਜਾਵੇਗਾ। ਇਸ ਫ਼ੈਸਲੇ ਦਾ ਉਦੇਸ਼ ਈਪੀਐੱਫਓ ਦੇ ਨਿਵੇਸ਼ ਪੋਰਟਫੋਲੀਓ ਵਿੱਚ ਵਿਭਿੰਨਤਾ ਲਿਆਉਣਾ ਹੈ।
ਨੋਟ: ਇਹ ਸਾਰੇ ਬਦਲਾਅ ਅੰਤਿਮ ਨੋਟੀਫਿਕੇਸ਼ਨ ’ਤੇ ਨਿਰਭਰ ਹਨ ਅਤੇ ਇਨ੍ਹਾਂ ਵਿੱਚ ਤਬਦੀਲੀ ਵੀ ਹੋ ਸਕਦੀ ਹੈ। ਇਨ੍ਹਾਂ ਦੇ ਦੋ ਮਹੀਨਿਆਂ ਵਿੱਚ ਲਾਗੂ ਹੋਣ ਦੀ ਸੰਭਾਵਨਾ ਹੈ।