UPI ਬਨਾਮ ਕ੍ਰੈਡਿਟ-ਡੈਬਿਟ ਕਾਰਡ, MDR ਦੀ ਤਰੀਕ ਵਧਣ ਤੋਂ ਬਾਅਦ ਤਿਉਹਾਰਾਂ ਦੀ ਖਰੀਦਦਾਰੀ ਲਈ ਕਿਹੜਾ ਪੇਮੈਂਟ ਵਿਕਲਪ ਹੈ ਸਭ ਤੋਂ ਵਧੀਆ?
ਸਭ ਤੋਂ ਵਧੀਆ ਪੇਮੈਂਟ ਤਰੀਕਾ: UPI ’ਤੇ MDR ਲਾਗੂ ਕਰਨ ਦੀ ਆਖ਼ਰੀ ਤਰੀਕ 1 ਜਨਵਰੀ 2027 ਤੱਕ ਵਧਾ ਦਿੱਤੀ ਗਈ ਹੈ, ਜਿਸ ਨਾਲ ਵਪਾਰੀਆਂ ਨੂੰ ਰਾਹਤ ਮਿਲੀ ਹੈ। ਇਹ ਲੇਖ ਤਿਉਹਾਰਾਂ ਦੀ ਖਰੀਦਦਾਰੀ ਲਈ UPI, ਡੈਬਿਟ ਤੇ ਕ੍ਰੈਡਿਟ ਕਾਰਡ ਦੀ ਤੁਲਨਾ ਕਰਦਾ ਹੈ। ਇਸ ’ਚ ਦੱਸਿਆ ਗਿਆ ਹੈ ਕਿ UPI ਹਾਲੇ ਵੀ ਸਭ ਤੋਂ ਕਿਫ਼ਾਇਤੀ ਵਿਕਲਪ ਹੈ ਤੇ ਕਿਹੜੇ ਲੈਣ-ਦੇਣ ’ਤੇ ਕੋਈ ਚਾਰਜ ਨਹੀਂ ਲੱਗੇਗਾ।
Publish Date: Tue, 13 Oct 2026 02:26 PM (IST)
Updated Date: Tue, 13 Oct 2026 02:32 PM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ। UPI ’ਤੇ ਲੱਗਣ ਵਾਲੇ MDR (ਮਰਚੈਂਟ ਡਿਸਕਾਊਂਟ ਰੇਟ) ਦੀ ਤਰੀਕ 15 ਅਕਤੂਬਰ ਤੋਂ ਵਧਾ ਕੇ 1 ਜਨਵਰੀ 2027 ਕਰ ਦਿੱਤੀ ਗਈ ਹੈ। ਇਸ ਨਾਲ ਵਪਾਰੀਆਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ। ਅਜਿਹੇ ’ਚ ਲੋਕਾਂ ਦੇ ਮਨ ’ਚ ਸਵਾਲ ਉੱਠ ਰਿਹਾ ਹੈ ਕਿ ਇਸ ਤਿਉਹਾਰੀ ਸੀਜ਼ਨ ’ਚ ਖਰੀਦਦਾਰੀ ਦੀ ਪੇਮੈਂਟ ਕਿਸ ਤਰੀਕੇ ਨਾਲ ਕੀਤੀ ਜਾਵੇ, ਤਾਂ ਜੋ ਪੈਸੇ ਦੀ ਬੱਚਤ ਵੀ ਹੋਵੇ ਤੇ ਵੱਖਰੇ ਤੌਰ ’ਤੇ ਕੋਈ ਚਾਰਜ ਵੀ ਨਾ ਦੇਣਾ ਪਵੇ। ਆਓ ਸਮਝਦੇ ਹਾਂ ਕਿ UPI, ਨਕਦੀ ਤੇ ਕ੍ਰੈਡਿਟ ਕਾਰਡ ’ਚੋਂ ਖਰੀਦਦਾਰੀ ਲਈ ਤੁਹਾਡੇ ਵਾਸਤੇ ਕਿਹੜਾ ਵਿਕਲਪ ਸਭ ਤੋਂ ਵਧੀਆ ਹੈ।
UPI ਬਨਾਮ ਡੈਬਿਟ/ਕ੍ਰੈਡਿਟ ਕਾਰਡ
ਜਦੋਂ UPI ’ਤੇ MDR ਲੱਗਣ ਦੀ ਖ਼ਬਰ ਸਾਹਮਣੇ ਆਈ ਸੀ, ਤਾਂ ਲੋਕਾਂ ਨੇ ਇਸ ਦਾ ਕਾਫ਼ੀ ਵਿਰੋਧ ਕੀਤਾ ਸੀ। ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਹੁਣ ਉਨ੍ਹਾਂ ਨੂੰ ਡੈਬਿਟ ਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਚਾਹੀਦੀ ਹੈ। ਪਰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਇਸ ਮੁੱਦੇ ’ਤੇ ਸਪੱਸ਼ਟ ਕੀਤਾ ਹੈ ਕਿ 0.4% MDR ਦੇ ਬਾਵਜੂਦ UPI, ਡੈਬਿਟ ਜਾਂ ਕ੍ਰੈਡਿਟ ਕਾਰਡ ਦੇ ਮੁਕਾਬਲੇ ਕਾਫ਼ੀ ਸਸਤਾ ਹੈ। ਮਤਲਬ ਕਿ ਜੇਕਰ ਤੁਸੀਂ UPI ਦੀ ਥਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਉਸ ’ਤੇ ਲੱਗਣ ਵਾਲੇ ਚਾਰਜ MDR ਤੋਂ ਵੱਧ ਹੋ ਸਕਦੇ ਹਨ।
ਵੱਖ-ਵੱਖ ਪੇਮੈਂਟ ਤਰੀਕਿਆਂ ’ਤੇ ਕਿੰਨਾ ਲੱਗੇਗਾ ਚਾਰਜ?
ਪੇਮੈਂਟ ਦਾ ਤਰੀਕਾ | ਅੰਦਾਜ਼ਨ ਮਰਚੈਂਟ ਚਾਰਜ |
UPI | 0.4% (ਵੱਧ ਤੋਂ ਵੱਧ ₹300 ਤੱਕ) |
ਡੈਬਿਟ ਕਾਰਡ | 0.90% ਤੱਕ |
ਕ੍ਰੈਡਿਟ ਕਾਰਡ | ਔਸਤਨ ਲਗਭਗ 2% |
NPCI ਮੁਤਾਬਕ, ₹10,000 ਦੇ ਮਰਚੈਂਟ ਪੇਮੈਂਟ ’ਤੇ ਕ੍ਰੈਡਿਟ ਕਾਰਡ ਦੇ ਮੁਕਾਬਲੇ UPI ਦਾ MDR ਚਾਰਜ 80% ਤੱਕ ਸਸਤਾ ਪੈ ਸਕਦਾ ਹੈ। ₹10,000 ਦੀ ਪੇਮੈਂਟ ’ਤੇ ਵੱਖ-ਵੱਖ ਚਾਰਜਾਂ ਦਾ ਹਿਸਾਬ ਇਸ ਤਰ੍ਹਾਂ ਹੈ:
- ਕ੍ਰੈਡਿਟ ਕਾਰਡ (2%): ਲਗਭਗ ₹200 ਚਾਰਜ
- ਡੈਬਿਟ ਕਾਰਡ (0.9%): ਲਗਭਗ ₹90 ਚਾਰਜ
- UPI (0.4%): ਸਿਰਫ਼ ₹40 ਚਾਰਜ
ਕਿਹੜੇ ਲੈਣ-ਦੇਣ ’ਤੇ ਨਹੀਂ ਲੱਗੇਗਾ ਕੋਈ ਚਾਰਜ?
ਦੇਖਿਆ ਜਾਵੇ ਤਾਂ ਆਮ ਲੋਕਾਂ ਦੇ ਰੋਜ਼ਾਨਾ ਦੇ ਲੈਣ-ਦੇਣ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ₹2,000 ਤੱਕ ਦੇ ਸਾਰੇ P2M (ਵਿਅਕਤੀ ਤੋਂ ਵਪਾਰੀ ਨੂੰ ਕੀਤੀ ਜਾਣ ਵਾਲੀ ਪੇਮੈਂਟ) ਲੈਣ-ਦੇਣ ਪੂਰੀ ਤਰ੍ਹਾਂ ਮੁਫ਼ਤ ਰਹਿਣਗੇ।
ਇਸ ਤੋਂ ਇਲਾਵਾ, ਜੇਕਰ ਕੋਈ ਛੋਟਾ ਵਪਾਰੀ ਹੈ, ਜਿਵੇਂ ਰੇਹੜੀ ਲਗਾਉਣ ਵਾਲਾ ਜਾਂ ਚਾਹ ਦੀ ਦੁਕਾਨ ਚਲਾਉਣ ਵਾਲਾ, ਤਾਂ ਉਸ ਨੂੰ ਵੀ UPI ਰਾਹੀਂ ₹1 ਲੱਖ ਤੱਕ ਦੀ ਮਹੀਨਾਵਾਰ ਪ੍ਰਾਪਤੀ ’ਤੇ ਕੋਈ ਚਾਰਜ ਨਹੀਂ ਦੇਣਾ ਪਵੇਗਾ।
ਮਤਲਬ, ਜੇਕਰ ਕਿਸੇ ਛੋਟੇ ਵਪਾਰੀ ਨੂੰ ਇੱਕ ਮਹੀਨੇ ’ਚ UPI ਰਾਹੀਂ ₹1 ਲੱਖ ਜਾਂ ਇਸ ਤੋਂ ਘੱਟ ਰਕਮ ਮਿਲਦੀ ਹੈ, ਤਾਂ ਉਸ ’ਤੇ ਕੋਈ ਚਾਰਜ ਨਹੀਂ ਲੱਗੇਗਾ। ਇਹ ਨਿਯਮ ਉਸ ਸਮੇਂ ਵੀ ਲਾਗੂ ਰਹੇਗਾ, ਜਦੋਂ ਕਿਸੇ ਲੈਣ-ਦੇਣ ਦੀ ਰਕਮ ₹2,000 ਤੋਂ ਵੱਧ ਹੋਵੇ।