ਇਹ ਹਨ ਦਿਲਵਾਲੇ ਅਰਬਪਤੀ ਪਤੀ-ਪਤਨੀ! ਇਸ ਦੇਸ਼ ਦੇ ਲੋਕਾਂ ਨੂੰ ਵੰਡ ਰਹੇ ਹਨ ₹53-53 ਹਜ਼ਾਰ; ਬਦਲ ਰਹੀ ਹੈ ਗਰੀਬਾਂ ਦੀ ਜ਼ਿੰਦਗੀ
ਅਫਰੀਕੀ ਦੇਸ਼ ਮਲਾਵੀ ਵਿੱਚ ਹਜ਼ਾਰਾਂ ਗਰੀਬ ਪਰਿਵਾਰਾਂ ਲਈ ਲਗਪਗ 550 ਡਾਲਰ (ਕਰੀਬ 53,112 ਰੁਪਏ) ਦੀ ਇੱਕਮੁਸ਼ਤ ਆਰਥਿਕ ਸਹਾਇਤਾ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸਾਬਤ ਹੋ ਰਹੀ ਹੈ। ਇਸ ਪਹਿਲਕਦਮੀ ਦੇ ਪਿੱਛੇ Canva ਦੇ ਕੋ-ਫਾਊਂਡਰ ਅਤੇ ਅਰਬਪਤੀ ਜੋੜੇ ਮੇਲਾਨੀ ਪਰਕਿਨਸ ਅਤੇ ਕਲਿਫ਼ ਓਬਰੈਕਟ ਹਨ, ਜਿਨ੍ਹਾਂ ਨੇ ਇਸ ਪ੍ਰੋਜੈਕਟ ਲਈ ਕੁੱਲ 150 ਮਿਲੀਅਨ ਡਾਲਰ ਖਰਚ ਕਰਨ ਦਾ ਸੰਕਲਪ ਲਿਆ ਹੈ। ਇਸ ਨੂੰ ਘੱਟ ਆਮਦਨ ਵਾਲੇ ਕਿਸੇ ਦੇਸ਼ ’ਚ ਚਲਾਇਆ ਜਾ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਬਿਨਾਂ ਸ਼ਰਤ (Unconditional) ਕੈਸ਼ ਟਰਾਂਸਫਰ ਪ੍ਰੋਗਰਾਮ ਮੰਨਿਆ ਜਾ ਰਿਹਾ ਹੈ।
Publish Date: Sun, 26 Jul 2026 11:18 AM (IST)
Updated Date: Sun, 26 Jul 2026 11:21 AM (IST)
ਨਵੀਂ ਦਿੱਲੀ। ਅਫਰੀਕੀ ਦੇਸ਼ ਮਲਾਵੀ ਵਿੱਚ ਹਜ਼ਾਰਾਂ ਗਰੀਬ ਪਰਿਵਾਰਾਂ ਲਈ ਲਗਪਗ 550 ਡਾਲਰ (ਕਰੀਬ 53,112 ਰੁਪਏ) ਦੀ ਇੱਕਮੁਸ਼ਤ ਆਰਥਿਕ ਸਹਾਇਤਾ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸਾਬਤ ਹੋ ਰਹੀ ਹੈ। ਇਸ ਪਹਿਲਕਦਮੀ ਦੇ ਪਿੱਛੇ Canva ਦੇ ਕੋ-ਫਾਊਂਡਰ ਅਤੇ ਅਰਬਪਤੀ ਜੋੜੇ ਮੇਲਾਨੀ ਪਰਕਿਨਸ ਅਤੇ ਕਲਿਫ਼ ਓਬਰੈਕਟ ਹਨ, ਜਿਨ੍ਹਾਂ ਨੇ ਇਸ ਪ੍ਰੋਜੈਕਟ ਲਈ ਕੁੱਲ 150 ਮਿਲੀਅਨ ਡਾਲਰ ਖਰਚ ਕਰਨ ਦਾ ਸੰਕਲਪ ਲਿਆ ਹੈ। ਇਸ ਨੂੰ ਘੱਟ ਆਮਦਨ ਵਾਲੇ ਕਿਸੇ ਦੇਸ਼ ’ਚ ਚਲਾਇਆ ਜਾ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਬਿਨਾਂ ਸ਼ਰਤ (Unconditional) ਕੈਸ਼ ਟਰਾਂਸਫਰ ਪ੍ਰੋਗਰਾਮ ਮੰਨਿਆ ਜਾ ਰਿਹਾ ਹੈ।
ਪੈਸੇ ਕਿਵੇਂ ਭੇਜੇ ਜਾ ਰਹੇ ਹਨ?
ਇਹ ਪ੍ਰੋਗਰਾਮ Canva Foundation ਅਤੇ NGO GiveDirectly ਦੀ ਭਾਈਵਾਲੀ ਨਾਲ ਆਪਰੇਟ ਕੀਤਾ ਜਾ ਰਿਹਾ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸਅਤ ਇਹ ਹੈ ਕਿ ਲਾਭਪਾਤਰੀਆਂ ਨੂੰ ਸਿੱਧੇ ਉਨ੍ਹਾਂ ਦੇ ਮੋਬਾਈਲ ਫੋਨਾਂ 'ਤੇ ਪੈਸੇ ਭੇਜੇ ਜਾਂਦੇ ਹਨ ਅਤੇ ਉਨ੍ਹਾਂ 'ਤੇ ਕੋਈ ਸ਼ਰਤ ਲਾਗੂ ਨਹੀਂ ਹੁੰਦੀ।
ਪਰਿਵਾਰ ਆਪਣੀ ਲੋੜ ਮੁਤਾਬਕ ਇਹ ਤੈਅ ਕਰਦੇ ਹਨ ਕਿ ਪੈਸੇ ਦੀ ਵਰਤੋਂ ਭੋਜਨ, ਖੇਤੀ, ਸਿੱਖਿਆ, ਸਿਹਤ ਜਾਂ ਛੋਟਾ ਕਾਰੋਬਾਰ ਸ਼ੁਰੂ ਕਰਨ ਵਿੱਚ ਕਰਨੀ ਹੈ। ਮੇਲਾਨੀ ਪਰਕਿਨਸ ਅਤੇ ਕਲਿਫ਼ ਓਬਰੈਕਟ ਦਾ ਮੰਨਣਾ ਹੈ ਕਿ ਲੋਕਾਂ 'ਤੇ ਭਰੋਸਾ ਕਰਕੇ ਉਨ੍ਹਾਂ ਨੂੰ ਸਿੱਧੀ ਨਕਦ ਸਹਾਇਤਾ ਦੇਣਾ ਰਵਾਇਤੀ ਰਾਹਤ ਯੋਜਨਾਵਾਂ ਦੇ ਮੁਕਾਬਲੇ ਵਧੇਰੇ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ।
ਕਮਾਈ ਦਾ 30 ਫੀਸਦੀ ਹਿੱਸਾ ਸਮਾਜਿਕ ਕਾਰਜਾਂ 'ਤੇ ਖਰਚ
Canva ਫਾਊਂਡਰਾਂ ਦੇ ਅਨੁਸਾਰ, ਕੰਪਨੀ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਦਾ ਟੀਚਾ ਸਿਰਫ਼ ਇੱਕ ਸਫਲ ਗਲੋਬਲ ਕੰਪਨੀ ਬਣਾਉਣਾ ਨਹੀਂ ਸੀ, ਸਗੋਂ ਸਮਾਜ ਲਈ ਵੱਡਾ ਯੋਗਦਾਨ ਪਾਉਣਾ ਵੀ ਸੀ। ਇਸੇ ਸੋਚ ਤਹਿਤ Canva ਦੀ ਕੁੱਲ ਵੈਲਿਊ ਦਾ 30% ਤੋਂ ਵੱਧ ਹਿੱਸਾ ਸਮਾਜਿਕ ਕਾਰਜਾਂ ਲਈ ਸਮਰਪਿਤ ਕੀਤਾ ਗਿਆ ਹੈ।
ਕੰਪਨੀ ਦਾ ਦਾਅਵਾ ਹੈ ਕਿ ਉਹ ਹੁਣ ਤੱਕ ਵਿਦਿਆਰਥੀਆਂ, ਅਧਿਆਪਕਾਂ ਅਤੇ ਦੁਨੀਆ ਭਰ ਦੇ 10 ਲੱਖ ਤੋਂ ਵੱਧ ਗੈਰ-ਲਾਭਕਾਰੀ ਸੰਗਠਨਾਂ ਨੂੰ ਆਪਣੇ ਉਤਪਾਦਾਂ ਦੇ ਰੂਪ ਵਿੱਚ ਕਰੀਬ 2.5 ਬਿਲੀਅਨ ਡਾਲਰ ਦਾ ਸਹਿਯੋਗ ਦੇ ਚੁੱਕੀ ਹੈ। ਮਲਾਵੀ ਦੀ ਇਹ ਯੋਜਨਾ ਵੀ ਉਸੇ ਲੌਂਗ ਟਰਮ ਸੋਸ਼ਲ ਆਉਟਲੁੱਕ ਦਾ ਹਿੱਸਾ ਹੈ।
5 ਸਾਲ ਪਹਿਲਾਂ ਹੋਈ ਸੀ ਸ਼ੁਰੂਆਤ
ਇਸ ਪ੍ਰੋਜੈਕਟ ਦੀ ਸ਼ੁਰੂਆਤ ਸਾਲ 2021 ਵਿੱਚ 10 ਮਿਲੀਅਨ ਡਾਲਰ ਦੇ ਪਾਇਲਟ ਪ੍ਰੋਜੈਕਟ ਵਜੋਂ ਹੋਈ ਸੀ, ਜਿਸ ਦਾ ਉਦੇਸ਼ ਇਹ ਜਾਂਚਣਾ ਸੀ ਕਿ ਬਿਨਾਂ ਕਿਸੇ ਸ਼ਰਤ ਦੇ ਨਕਦ ਸਹਾਇਤਾ ਨਾਲ ਅਤਿਅੰਤ ਗ਼ਰੀਬੀ ਘੱਟ ਹੋ ਸਕਦੀ ਹੈ ਜਾਂ ਨਹੀਂ। ਸ਼ੁਰੂਆਤੀ ਨਤੀਜੇ ਸਕਾਰਾਤਮਕ ਮਿਲਣ 'ਤੇ 2021 ਤੋਂ 2023 ਦੇ ਵਿਚਕਾਰ ਫੰਡਿੰਗ ਵਧਾ ਕੇ 50 ਮਿਲੀਅਨ ਡਾਲਰ ਕਰ ਦਿੱਤੀ ਗਈ।
ਇਸ ਤੋਂ ਬਾਅਦ ਅਕਤੂਬਰ 2025 ਵਿੱਚ ਜੋੜੇ ਨੇ ਵਾਧੂ 100 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ, ਜਿਸ ਨਾਲ ਕੁੱਲ ਵਚਨਬੱਧਤਾ 150 ਮਿਲੀਅਨ ਡਾਲਰ ਤੱਕ ਪਹੁੰਚ ਗਈ। ਇਹ GiveDirectly ਦੇ ਇਤਿਹਾਸ ਦਾ ਸਭ ਤੋਂ ਵੱਡਾ ਦਾਨ ਹੈ। ਹੁਣ ਤੱਕ 52.5 ਮਿਲੀਅਨ ਡਾਲਰ ਤੋਂ ਵੱਧ ਰਾਸ਼ੀ ਲਾਭਪਾਤਰੀਆਂ ਤੱਕ ਪਹੁੰਚ ਚੁੱਕੀ ਹੈ, ਜਦੋਂ ਕਿ ਬਾਕੀ ਰਕਮ ਅਗਲੇ ਚਾਰ ਸਾਲਾਂ ਵਿੱਚ ਵੰਡੀ ਜਾਵੇਗੀ।
1.39 ਲੱਖ ਤੋਂ ਵੱਧ ਲੋਕਾਂ ਨੂੰ ਮਿਲਿਆ ਫਾਇਦਾ
ਹੁਣ ਤੱਕ ਇਸ ਪ੍ਰੋਗਰਾਮ ਤੋਂ 1.39 ਲੱਖ ਤੋਂ ਵੱਧ ਲੋਕ ਲਾਭਵਾਨ ਹੋ ਚੁੱਕੇ ਹਨ। ਖੋਂਗੋਨੀ ਸਬ-ਡਿਸਟ੍ਰਿਕਟ ਵਿੱਚ, ਜਿੱਥੇ ਹਰ ਬਾਲਗ ਨੂੰ ਨਕਦ ਸਹਾਇਤਾ ਮਿਲੀ, ਉੱਥੇ ਸਿਰਫ਼ ਤਿੰਨ ਮਹੀਨਿਆਂ ਵਿੱਚ 90% ਲੋਕ ਅਤਿਅੰਤ ਗ਼ਰੀਬੀ ਦੀ ਸੀਮਾ ਤੋਂ ਉੱਪਰ ਆ ਗਏ। GiveDirectly ਮੁਤਾਬਕ, ਇਸ ਦੌਰਾਨ ਬਾਲ ਮੌਤ ਦਰ ਵਿੱਚ 48%, ਬਿਮਾਰੀਆਂ ਵਿੱਚ 27% ਦੀ ਕਮੀ ਦਰਜ ਕੀਤੀ ਗਈ, ਜਦੋਂ ਕਿ ਸਕੂਲਾਂ ਵਿੱਚ ਦਾਖ਼ਲਾ (Enrolment) 23% ਵਧਿਆ।
ਰਿਸਰਚਰਾਂ ਦਾ ਕਹਿਣਾ ਹੈ ਕਿ ਜਦੋਂ ਪਰਿਵਾਰਾਂ ਨੂੰ ਆਪਣੀ ਲੋੜ ਦੇ ਹਿਸਾਬ ਨਾਲ ਖਰਚ ਕਰਨ ਦੀ ਆਜ਼ਾਦੀ ਮਿਲਦੀ ਹੈ, ਤਾਂ ਜੀਵਨ ਪੱਧਰ ਵਿੱਚ ਕਈ ਮੋਰਚਿਆਂ 'ਤੇ ਤੇਜ਼ੀ ਨਾਲ ਸੁਧਾਰ ਦੇਖਣ ਨੂੰ ਮਿਲਦਾ ਹੈ।
ਕਿਵੇਂ ਮਿਲਿਆ ਲੋਕਾਂ ਨੂੰ ਫਾਇਦਾ?
ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਕੈਸ਼ ਸਹਾਇਤਾ ਦਾ ਫਾਇਦਾ ਸਿਰਫ਼ ਲਾਭਪਾਤਰੀਆਂ ਤੱਕ ਸੀਮਤ ਨਹੀਂ ਰਿਹਾ। ਹਰ 1,000 ਡਾਲਰ ਦੇ ਟਰਾਂਸਫਰ ਨਾਲ ਸਥਾਨਕ ਅਰਥਵਿਵਸਥਾ ਵਿੱਚ ਕਰੀਬ 2,400 ਡਾਲਰ ਦੀ ਆਰਥਿਕ ਗਤੀਵਿਧੀ ਪੈਦਾ ਹੋਈ, ਕਿਉਂਕਿ ਲੋਕਾਂ ਨੇ ਸਥਾਨਕ ਦੁਕਾਨਾਂ ਤੋਂ ਖਰੀਦਦਾਰੀ ਕੀਤੀ, ਖੇਤੀ ਵਿੱਚ ਨਿਵੇਸ਼ ਕੀਤਾ ਅਤੇ ਛੋਟੇ ਕਾਰੋਬਾਰ ਸ਼ੁਰੂ ਕੀਤੇ। ਮੇਲਾਨੀ ਪਰਕਿਨਸ ਅਤੇ ਕਲਿਫ਼ ਓਬਰੈਕਟ ਨੇ 2021 ਵਿੱਚ The Giving Pledge 'ਤੇ ਦਸਤਖ਼ਤ ਕਰਕੇ ਆਪਣੀ ਜ਼ਿਆਦਾਤਰ ਜਾਇਦਾਦ ਦਾਨ ਕਰਨ ਦਾ ਸੰਕਲਪ ਲਿਆ ਸੀ।
ਦੋਵਾਂ ਕੋਲ Canva ਵਿੱਚ ਕਰੀਬ 18-18% ਹਿੱਸੇਦਾਰੀ ਹੈ, ਜਿਸ ਦੀ ਅਨੁਮਾਨਿਤ ਕੀਮਤ 7.6 ਬਿਲੀਅਨ ਡਾਲਰ ਪ੍ਰਤੀ ਵਿਅਕਤੀ ਹੈ, ਅਤੇ ਉਨ੍ਹਾਂ ਨੇ ਆਪਣੀ 80% ਤੋਂ ਵੱਧ ਨਿੱਜੀ ਜਾਇਦਾਦ ਦਾਨ ਕਰਨ ਦਾ ਵਾਧਾ ਕੀਤਾ ਹੈ।
ਉੱਥੇ ਹੀ ਕੋ-ਫਾਊਂਡਰ ਕੈਮਰੂਨ ਐਡਮਜ਼, ਜਿਨ੍ਹਾਂ ਦੀ ਕਰੀਬ 9% ਹਿੱਸੇਦਾਰੀ ਲਗਪਗ 3.8 ਬਿਲੀਅਨ ਡਾਲਰ ਦੀ ਮੰਨੀ ਜਾਂਦੀ ਹੈ, ਉਨ੍ਹਾਂ ਨੇ ਵੀ ਆਪਣੀ ਜ਼ਿਆਦਾਤਰ ਜਾਇਦਾਦ ਦਾਨ ਕਰਨ ਦੀ ਪ੍ਰਤੀਬੱਧਤਾ ਜਤਾਈ ਹੈ। ਹਾਲ ਹੀ ਵਿੱਚ Canva Foundation ਨੇ Global Goals Platform ਵੀ ਲਾਂਚ ਕੀਤਾ ਹੈ, ਜਿਸ ਰਾਹੀਂ ਦੁਨੀਆ ਭਰ ਦੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਉਹ ਆਪਣੇ ਭਾਈਚਾਰੇ, ਦੇਸ਼ ਅਤੇ ਦੁਨੀਆ ਵਿੱਚ ਕਿਹੜੇ ਬਦਲਾਅ ਦੇਖਣਾ ਚਾਹੁੰਦੇ ਹਨ, ਤਾਂ ਜੋ ਭਵਿੱਖ ਦੀਆਂ ਪਰਉਪਕਾਰੀ ਯੋਜਨਾਵਾਂ ਉਨ੍ਹਾਂ ਹੀ ਤਰਜੀਹਾਂ ਦੇ ਆਧਾਰ 'ਤੇ ਤਿਆਰ ਕੀਤੀਆਂ ਜਾ ਸਕਣ।