ਦੇਸ਼ ਦਾ ਸਭ ਤੋਂ ਵੱਡਾ ਬੈਂਕ SBI ਲਿਆ ਰਿਹੈ ਨੌਕਰੀਆਂ ਹੀ ਨੌਕਰੀਆਂ, 12,000 ਮੁਲਾਜ਼ਮਾਂ ਨੂੰ ਮਿਲੇਗਾ ਰੁਜ਼ਗਾਰ; ਤਿਆਰੀ ਕਰ ਲਵੋ ਪੂਰੀ
ਇਸ ਤੋਂ ਇਲਾਵਾ ਬੈਂਕ ਦੀਆਂ 200 ਤੋਂ 250 ਨਵੀਆਂ ਸ਼ਾਖਾਵਾਂ (ਬ੍ਰਾਂਚਾਂ) ਖੋਲ੍ਹਣ ਦੀ ਵੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਸੇਵਾਮੁਕਤੀਆਂ ਅਤੇ ਉੱਭਰਦੀਆਂ ਲੋੜਾਂ ਦੇ ਆਧਾਰ 'ਤੇ ਇਹ ਗਿਣਤੀ ਕੁਝ ਘੱਟ ਜਾਂ ਵੱਧ ਹੋ ਸਕਦੀ ਹੈ ਪਰ ਉਮੀਦ ਹੈ ਕਿ ਵਿੱਤੀ ਸਾਲ ਦੇ ਅੰਤ ਤੱਕ ਕਰੀਬ 12,000 ਲੋਕਾਂ ਦੀ ਭਰਤੀ ਹੋ ਜਾਵੇਗੀ।
Publish Date: Sun, 06 Sep 2026 03:04 PM (IST)
Updated Date: Sun, 06 Sep 2026 03:57 PM (IST)
ਨਵੀਂ ਦਿੱਲੀ। ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ (SBI) ਚਾਲੂ ਵਿੱਤੀ ਸਾਲ ’ਚ ਕਰੀਬ 11,000 ਤੋਂ 12,000 ਮੁਲਾਜ਼ਮਾਂ ਦੀ ਭਰਤੀ ਕਰਨ ਅਤੇ ਆਪਣੇ ਸ਼ਾਖਾ ਨੈੱਟਵਰਕ ਦੇ ਵਿਸਥਾਰ ਦੀ ਯੋਜਨਾ ਬਣਾ ਰਿਹਾ ਹੈ। ਬੈਂਕ ਦੇ ਚੇਅਰਮੈਨ ਸੀ. ਐੱਸ. ਸ਼ੈੱਟੀ ਨੇ ਇਹ ਜਾਣਕਾਰੀ ਦਿੱਤੀ। ਸ਼ੈੱਟੀ ਨੇ ਪੀ.ਟੀ.ਆਈ.-ਭਾਸ਼ਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੈਂਕ ਚਾਲੂ ਵਿੱਤੀ ਸਾਲ ਵਿੱਚ ਕਲੈਰੀਕਲ (ਲਿਪਿਕ) ਅਤੇ ਅਧਿਕਾਰੀ ਪੱਧਰ 'ਤੇ ਕਰੀਬ 11,000 ਤੋਂ 12,000 ਨਿਯੁਕਤੀਆਂ ਕਰੇਗਾ।
ਇਸ ਤੋਂ ਇਲਾਵਾ ਬੈਂਕ ਦੀਆਂ 200 ਤੋਂ 250 ਨਵੀਆਂ ਸ਼ਾਖਾਵਾਂ (ਬ੍ਰਾਂਚਾਂ) ਖੋਲ੍ਹਣ ਦੀ ਵੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਸੇਵਾਮੁਕਤੀਆਂ ਅਤੇ ਉੱਭਰਦੀਆਂ ਲੋੜਾਂ ਦੇ ਆਧਾਰ 'ਤੇ ਇਹ ਗਿਣਤੀ ਕੁਝ ਘੱਟ ਜਾਂ ਵੱਧ ਹੋ ਸਕਦੀ ਹੈ ਪਰ ਉਮੀਦ ਹੈ ਕਿ ਵਿੱਤੀ ਸਾਲ ਦੇ ਅੰਤ ਤੱਕ ਕਰੀਬ 12,000 ਲੋਕਾਂ ਦੀ ਭਰਤੀ ਹੋ ਜਾਵੇਗੀ।
ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਸਥਾਰ ਦੀ ਗੁੰਜਾਇਸ਼
ਸ਼ੇਟੀ ਨੇ ਕਿਹਾ ਕਿ ਬੈਂਕ ਨੇ ਪਿਛਲੇ ਸਾਲ ਮਹੱਤਵਪੂਰਨ ਭਰਤੀਆਂ ਕੀਤੀਆਂ, ਜਿਸ ਵਿੱਚ 1,500 ਮਾਹਰ ਸੂਚਨਾ ਤਕਨਾਲੋਜੀ (ਆਈ.ਟੀ.) ਕਾਰਜਕਾਰੀ ਸ਼ਾਮਲ ਸਨ। ਇਸ ਸਾਲ, ਆਈ.ਟੀ. ਖੇਤਰ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਭਰਤੀਆਂ ਦੀ ਕੋਈ ਲੋੜ ਨਹੀਂ ਹੈ। ਮਾਰਚ 2026 ਤੱਕ ਐਸ.ਬੀ.ਆਈ. ਦੇ ਮੁਲਾਜ਼ਮਾਂ ਦੀ ਗਿਣਤੀ 2.45 ਲੱਖ ਤੋਂ ਵੱਧ ਸੀ।
ਬੈਂਕ ਦੀ ਸਾਲਾਨਾ ਰਿਪੋਰਟ ਅਨੁਸਾਰ, ਵਿੱਤੀ ਸਾਲ 2025-26 ਵਿੱਚ ਐੱਸ.ਬੀ.ਆਈ. ਨੇ ਕੁੱਲ 25,633 ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਸੀ। ਸ਼ੈੱਟੀ ਨੇ ਕਿਹਾ ਕਿ ਵੱਡਾ ਸ਼ਾਖਾ ਨੈੱਟਵਰਕ ਹੋਣ ਦੇ ਬਾਵਜੂਦ ਦੇਸ਼ ਦੇ ਕਈ ਹਿੱਸਿਆਂ ਵਿੱਚ ਹੁਣ ਵੀ ਬੈਂਕ ਲਈ ਵਿਸਥਾਰ ਦੀ ਗੁੰਜਾਇਸ਼ ਹੈ।
ਨਵੀਆਂ ਕਾਲੋਨੀਆਂ ਹੋ ਰਹੀਆਂ ਹਨ ਵਿਕਸਿਤ
ਨਵੀਆਂ ਕਾਲੋਨੀਆਂ ਦੇ ਵਿਕਸਿਤ ਹੋਣ ਦੇ ਨਾਲ-ਨਾਲ ਵਪਾਰਕ ਤੌਰ 'ਤੇ ਸਰਗਰਮ ਜ਼ਿਲ੍ਹਿਆਂ ਵਿੱਚ ਵੀ ਬੈਂਕ ਆਪਣੀ ਮੌਜੂਦਗੀ ਵਧਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬੈਂਕ ਕੁਝ ਸ਼ਾਖਾਵਾਂ ਦਾ ਪੁਨਰਗਠਨ (ਰੈਸ਼ਨਲਾਈਜ਼ੇਸ਼ਨ) ਵੀ ਕਰ ਰਿਹਾ ਹੈ ਅਤੇ ਇਸ ਦੇ ਬਾਵਜੂਦ ਸ਼ਾਖਾਵਾਂ ਦੀ ਗਿਣਤੀ ਵਿੱਚ ਹਰ ਸਾਲ ਕਰੀਬ 200 ਤੋਂ 250 ਦਾ ਵਾਧਾ ਹੋਣ ਦੀ ਉਮੀਦ ਹੈ।
NSE IPO ਵਿੱਚ ਵਿਕੇਗੀ ਹਿੱਸੇਦਾਰੀ
ਨੈਸ਼ਨਲ ਸਟਾਕ ਐਕਸਚੇਂਜ (NSE) ਵਿੱਚ ਹਿੱਸੇਦਾਰੀ ਦੇ ਪ੍ਰਸਤਾਵਿਤ ਵਿਨਿਵੇਸ਼ (ਡਿਸਇਨਵੈਸਟਮੈਂਟ) ਬਾਰੇ ਸ਼ੈੱਟੀ ਨੇ ਦੱਸਿਆ ਕਿ ਐੱਸ.ਬੀ.ਆਈ. ਅਤੇ ਉਸ ਦੀ ਸਹਾਇਕ ਕੰਪਨੀ ਐੱਸ.ਬੀ.ਆਈ. ਕੈਪੀਟਲ ਮਾਰਕੀਟਸ ਮਿਲ ਕੇ ਨੈਸ਼ਨਲ ਸਟਾਕ ਐਕਸਚੇਂਜ ਵਿੱਚ ਆਪਣੀ ਕਰੀਬ ਇੱਕ ਪ੍ਰਤੀਸ਼ਤ ਹਿੱਸੇਦਾਰੀ ਵੇਚਣ ਦੀ ਯੋਜਨਾ ਬਣਾ ਰਹੇ ਹਨ।
ਇਸ ਵਿੱਚ ਐੱਸ.ਬੀ.ਆਈ. 0.65 ਪ੍ਰਤੀਸ਼ਤ ਅਤੇ ਐੱਸ.ਬੀ.ਆਈ. ਕੈਪੀਟਲ ਮਾਰਕੀਟਸ 0.35 ਪ੍ਰਤੀਸ਼ਤ ਹਿੱਸੇਦਾਰੀ ਵੇਚ ਸਕਦੀ ਹੈ। ਹਾਲਾਂਕਿ, ਹੋਰ ਸ਼ੇਅਰਧਾਰਕਾਂ ਦੇ ਵੀ ਹਿੱਸੇਦਾਰੀ ਵੇਚਣ ਦੀ ਸਥਿਤੀ ਵਿੱਚ ਐੱਸ.ਬੀ.ਆਈ. ਗਰੁੱਪ ਦਾ ਵਿਨਿਵੇਸ਼ ਇੱਕ ਪ੍ਰਤੀਸ਼ਤ ਤੋਂ ਘੱਟ ਰਹਿ ਸਕਦਾ ਹੈ।
ਦੇਸ਼ ਦਾ ਸਭ ਤੋਂ ਵੱਡਾ IPO
ਮੌਜੂਦਾ ਸਮੇਂ ’ਚ ਐੱਸ.ਬੀ.ਆਈ. ਕੋਲ ਐੱਨ.ਐੱਸ.ਈ. ਵਿੱਚ 3.23 ਪ੍ਰਤੀਸ਼ਤ ਅਤੇ ਐੱਸ.ਬੀ.ਆਈ. ਕੈਪੀਟਲ ਮਾਰਕੀਟਸ ਕੋਲ 4.33 ਪ੍ਰਤੀਸ਼ਤ ਹਿੱਸੇਦਾਰੀ ਹੈ। ਐੱਨ.ਐੱਸ.ਈ. ਨੂੰ ਪਿਛਲੇ ਹਫ਼ਤੇ 30,000 ਕਰੋੜ ਰੁਪਏ ਦੇ ਪ੍ਰਸਤਾਵਿਤ ਆਰੰਭਿਕ ਜਨਤਕ ਨਿਰਗਮ (IPO) ਲਈ ਰੈਗੂਲੇਟਰੀ ਮੰਜ਼ੂਰੀ ਮਿਲ ਗਈ ਹੈ।
ਇਹ ਆਈ.ਪੀ.ਓ. ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈ.ਪੀ.ਓ. ਬਣ ਸਕਦਾ ਹੈ। ਇਸ ਤੋਂ ਪਹਿਲਾਂ 2024 ਵਿੱਚ ਹੁੰਡਈ ਮੋਟਰ ਇੰਡੀਆ ਦਾ 27,858.75 ਕਰੋੜ ਰੁਪਏ ਦਾ ਆਈ.ਪੀ.ਓ. ਸਭ ਤੋਂ ਵੱਡਾ ਸੀ। ਇਸ ਤੋਂ ਇਲਾਵਾ ਭਾਰਤੀ ਜੀਵਨ ਬੀਮਾ ਨਿਗਮ (LIC) ਨੇ 2022 ਵਿੱਚ 20,557.23 ਕਰੋੜ ਰੁਪਏ, ਪੇਟੀਐੱਮ ਨੇ 2021 ਵਿੱਚ 18,300 ਕਰੋੜ ਰੁਪਏ, ਟਾਟਾ ਕੈਪੀਟਲ ਨੇ 2025 ਵਿੱਚ 15,511.87 ਕਰੋੜ ਰੁਪਏ ਅਤੇ ਕੋਲ ਇੰਡੀਆ ਨੇ 2010 ਵਿੱਚ 15,200 ਕਰੋੜ ਰੁਪਏ ਦਾ ਆਈ.ਪੀ.ਓ. ਪੇਸ਼ ਕੀਤਾ ਸੀ।
ਸਬਸਿਡਰੀ ਕੰਪਨੀਆਂ ਵਿੱਚ ਹਿੱਸੇਦਾਰੀ ਵੇਚਣ ਦੀ ਯੋਜਨਾ ਨਹੀਂ
ਸ਼ੈੱਟੀ ਨੇ ਸਪੱਸ਼ਟ ਕੀਤਾ ਕਿ ਨੇੜਲੇ ਭਵਿੱਖ ਵਿੱਚ ਬੈਂਕ ਦੀਆਂ ਹੋਰ ਸਹਾਇਕ ਕੰਪਨੀਆਂ ਵਿੱਚ ਹਿੱਸੇਦਾਰੀ ਦੇ ਮੌਦਰੀਕਰਨ (ਮੋਨੇਟਾਈਜ਼ੇਸ਼ਨ) ਦੀ ਕੋਈ ਯੋਜਨਾ ਨਹੀਂ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਐੱਸ.ਬੀ.ਆਈ. ਅਤੇ ਉਸ ਦੇ ਵਿਦੇਸ਼ੀ ਭਾਈਵਾਲ ਅਮੁੰਡੀ ਨੇ ਐੱਸ.ਬੀ.ਆਈ. ਮਿਊਚਲ ਫੰਡ ਵਿੱਚ ਕਰੀਬ 10 ਪ੍ਰਤੀਸ਼ਤ ਹਿੱਸੇਦਾਰੀ ਦਾ ਵਿਨਿਵੇਸ਼ ਕੀਤਾ ਸੀ।
ਕਰੀਬ 11,675 ਕਰੋੜ ਰੁਪਏ ਦੇ ਇਸ ਨਿਰਗਮ ਨੂੰ 41.66 ਗੁਣਾ ਸਬਸਕ੍ਰਿਪਸ਼ਨ ਮਿਲਿਆ ਸੀ। ਸੂਚੀਬੱਧ (ਲਿਸਟ) ਹੋਣ ਤੋਂ ਬਾਅਦ ਐੱਸ.ਬੀ.ਆਈ. ਮਿਊਚਲ ਫੰਡ ਵਿੱਚ ਐੱਸ.ਬੀ.ਆਈ. ਦੀ ਹਿੱਸੇਦਾਰੀ 61.86 ਪ੍ਰਤੀਸ਼ਤ ਤੋਂ ਘੱਟ ਕੇ 55.56 ਪ੍ਰਤੀਸ਼ਤ ਰਹਿ ਗਈ ਹੈ। ਉੱਥੇ ਹੀ ਅਮੁੰਡੀ ਦੀ ਹਿੱਸੇਦਾਰੀ 3.7 ਪ੍ਰਤੀਸ਼ਤ ਘੱਟ ਕੇ 32.63 ਪ੍ਰਤੀਸ਼ਤ 'ਤੇ ਆ ਗਈ ਹੈ।