ਦੀਵਾਲੀ ਤੋਂ ਪਹਿਲਾਂ ਗੰਨੇ ਦੀ ਪਿੜਾਈ ਨੂੰ ਲੈ ਕੇ ਵਧੀ ਚਿੰਤਾ, ਮਿੱਲਾਂ ਦਾ ਕੰਮ ਠੱਪ; ਹਰ ਏਕੜ ’ਤੇ 20 ਹਜ਼ਾਰ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ, ਕਿਉਂ ਨਾਰਾਜ਼ ਹਨ ਕਿਸਾਨ?
ਮਹਾਰਾਸ਼ਟਰ ਤੇ ਕਰਨਾਟਕ ’ਚ ਗੰਨਾ ਕਿਸਾਨ ਸਮੇਂ ਤੋਂ ਪਹਿਲਾਂ ਪਿੜਾਈ ਦਾ ਵਿਰੋਧ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਪ੍ਰਤੀ ਏਕੜ 20,000 ਰੁਪਏ ਤੱਕ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
Publish Date: Fri, 16 Oct 2026 02:19 PM (IST)
Updated Date: Fri, 16 Oct 2026 02:22 PM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ। ਖੰਡ ਦੀਆਂ ਵਧਦੀਆਂ ਕੀਮਤਾਂ ਤੇ ਸਪਲਾਈ ਦੀ ਉਪਲਬਧਤਾ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਸਰਕਾਰ ਨੇ ਮਿੱਲਾਂ ਨੂੰ ਸਮੇਂ ਤੋਂ ਪਹਿਲਾਂ ਗੰਨੇ ਦੀ ਪਿੜਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਸਾਲ ਸਮੇਂ ਤੋਂ ਪਹਿਲਾਂ ਗੰਨੇ ਦੀ ਪਿੜਾਈ ਦੀਆਂ ਤਿਆਰੀਆਂ ਮੁਕੰਮਲ ਹਨ, ਪਰ ਗੰਨਾ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਹੈ।
ਕਿਸਾਨਾਂ ਦੇ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਮਹਾਰਾਸ਼ਟਰ ਦੀਆਂ 55 ਖੰਡ ਮਿੱਲਾਂ ’ਚੋਂ ਸਿਰਫ਼ 15 ’ਚ ਹੀ 2026-27 ਦੇ ਪਿੜਾਈ ਸੀਜ਼ਨ ਦੌਰਾਨ ਕੰਮ ਸ਼ੁਰੂ ਹੋਇਆ ਹੈ, ਜਦਕਿ ਕਰਨਾਟਕ ’ਚ ਹੁਣ ਤੱਕ ਪਿੜਾਈ ਸ਼ੁਰੂ ਨਹੀਂ ਹੋਈ ਹੈ। ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕਿਸਾਨਾਂ ਦੀਆਂ ਸ਼ਿਕਾਇਤਾਂ ’ਤੇ ਵਿਚਾਰ ਕਰਨ ਲਈ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ।
ਮਹਾਰਾਸ਼ਟਰ ਤੇ ਕਰਨਾਟਕ ਦੀਆਂ ਮਿੱਲਾਂ ’ਚ ਪਿੜਾਈ ਕਰਨਾ ਹੋਇਆ ਮੁਸ਼ਕਲ
ਮਹਾਰਾਸ਼ਟਰ ’ਚ 40 ਮਿੱਲਾਂ ਨੇ ਅਕਤੂਬਰ ’ਚ ਸ਼ੁਰੂ ਹੋਣ ਵਾਲੇ ਪਿੜਾਈ ਸੀਜ਼ਨ ਤੋਂ ਪਹਿਲਾਂ ਰਵਾਇਤੀ ਪੂਜਾ ਕਰ ਲਈ ਹੈ, ਪਰ ਕਿਸਾਨਾਂ ਦੇ ਅੰਦੋਲਨ ਕਾਰਨ ਉੱਥੇ ਪੂਰੀ ਤਰ੍ਹਾਂ ਕੰਮਕਾਜ ਸ਼ੁਰੂ ਨਹੀਂ ਹੋ ਸਕਿਆ ਹੈ। ਸੂਤਰਾਂ ਅਨੁਸਾਰ, ਸੂਬੇ ’ਚ 8 ਅਕਤੂਬਰ ਤੋਂ 15 ਮਿੱਲਾਂ ਨੇ ਪਿੜਾਈ ਸ਼ੁਰੂ ਕੀਤੀ ਹੈ। ਇਸ ਦੇ ਉਲਟ, ਕਰਨਾਟਕ ’ਚ ਵਿਰੋਧ ਪ੍ਰਦਰਸ਼ਨਾਂ ਕਾਰਨ ਫਿਲਹਾਲ ਕਿਸੇ ਵੀ ਖੰਡ ਮਿੱਲ ’ਚ ਗੰਨੇ ਦੀ ਪਿੜਾਈ ਸ਼ੁਰੂ ਨਹੀਂ ਹੋ ਰਹੀ ਹੈ। ਹਾਲਾਂਕਿ, ਸੂਬੇ ਦੀਆਂ 28 ਮਿੱਲਾਂ ’ਚੋਂ 8 ਮਿੱਲਾਂ ਵਿਸ਼ੇਸ਼ ਸੀਜ਼ਨ ਦੌਰਾਨ ਉਗਾਏ ਗਏ ਗੰਨੇ ਦੀ ਪਿੜਾਈ ਕਰ ਰਹੀਆਂ ਹਨ।
ਕਿਸਾਨ ਕਿਉਂ ਹਨ ਨਾਰਾਜ਼?
ਮਹਾਰਾਸ਼ਟਰ ਤੇ ਕਰਨਾਟਕ ਦੇਸ਼ ਦੇ ਕ੍ਰਮਵਾਰ ਦੂਜੇ ਤੇ ਤੀਜੇ ਸਭ ਤੋਂ ਵੱਡੇ ਖੰਡ ਉਤਪਾਦਕ ਸੂਬੇ ਹਨ। ਦੋਵਾਂ ਸੂਬਿਆਂ ਦੇ ਕਿਸਾਨ ਗੰਨੇ ਦਾ ਵੱਧ ਸਮਰਥਨ ਮੁੱਲ ਦੇਣ ਤੇ ਖੰਡ ਦੀ ਘੱਟੋ-ਘੱਟ ਵਿਕਰੀ ਕੀਮਤ (MSP) ਵਧਾ ਕੇ ਲਗਭਗ 60 ਰੁਪਏ ਪ੍ਰਤੀ ਕਿਲੋਗ੍ਰਾਮ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਐਥੇਨੌਲ ਦੀਆਂ ਕੀਮਤਾਂ ਵਧਾਉਣ ਦੀ ਵੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ, ਕਈ ਖੰਡ ਮਿੱਲਾਂ ਵੱਲੋਂ ਸਮੇਂ ਤੋਂ ਪਹਿਲਾਂ, ਯਾਨੀ ਅਕਤੂਬਰ ਦੀ ਸ਼ੁਰੂਆਤ ’ਚ ਹੀ ਪਿੜਾਈ ਸੀਜ਼ਨ ਸ਼ੁਰੂ ਕਰਨ ਕਾਰਨ ਕਿਸਾਨ ਨਾਰਾਜ਼ ਹਨ। ਕਿਸਾਨਾਂ ਦਾ ਤਰਕ ਹੈ ਕਿ ਜਲਦੀ ਪਿੜਾਈ ਕਰਨ ਨਾਲ ਗੰਨੇ ਵਿੱਚੋਂ ਖੰਡ ਦੀ ਪ੍ਰਾਪਤੀ ਘੱਟ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸਿੱਧਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ।
ਕਿਸਾਨਾਂ ਵੱਲੋਂ ਰਾਸ਼ਟਰੀ ਰਾਜਮਾਰਗਾਂ ਨੂੰ ਜਾਮ ਕਰਨ ਦੀ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਸ਼ਟਰੀ ਰਾਜਧਾਨੀ ’ਚ ਕਿਸਾਨ ਸੰਗਠਨਾਂ ਦੇ ਪ੍ਰਮੁੱਖ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਕਿਸਾਨਾਂ ਦੀਆਂ ਚਿੰਤਾਵਾਂ ’ਤੇ ਵਿਚਾਰ ਕਰਨ ਲਈ ਨੀਤੀ ਆਯੋਗ ਦੇ ਸਾਬਕਾ ਮੈਂਬਰ ਰਮੇਸ਼ ਚੰਦ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਲਿਆ ਗਿਆ।
ਕਿਸਾਨਾਂ ਨੂੰ ਕਿੰਨਾ ਨੁਕਸਾਨ ਹੋਵੇਗਾ?
ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਕਿਸਾਨ ਆਗੂ ਨੇ ਸਵਾਲ ਉਠਾਇਆ ਕਿ ਸਿਰਫ਼ ਤਿਉਹਾਰਾਂ ਦੇ ਸੀਜ਼ਨ ’ਚ ਖੰਡ ਦੀ ਉਪਲਬਧਤਾ ਵਧਾਉਣ ਲਈ ਕਿਸਾਨਾਂ ਤੇ ਖੰਡ ਮਿੱਲਾਂ ਨੂੰ ਨੁਕਸਾਨ ਕਿਉਂ ਝੱਲਣਾ ਚਾਹੀਦਾ ਹੈ? ਕਿਸਾਨ ਆਗੂਆਂ ਮੁਤਾਬਕ, ਸਮੇਂ ਤੋਂ ਪਹਿਲਾਂ ਕੱਚੇ ਗੰਨੇ ਦੀ ਪਿੜਾਈ ਕਰਨ ਨਾਲ ਪ੍ਰਤੀ ਏਕੜ ਲਗਭਗ ਛੇ ਟਨ ਤੱਕ ਉਤਪਾਦਨ ਘੱਟ ਹੋ ਸਕਦਾ ਹੈ। ਇਸ ਕਾਰਨ ਕਿਸਾਨਾਂ ਨੂੰ ਪ੍ਰਤੀ ਏਕੜ ਕਰੀਬ 20,000 ਰੁਪਏ ਦਾ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਨਵੰਬਰ ਤੋਂ ਬਾਅਦ ਗੰਨੇ ’ਚ ਸੁਕਰੋਜ਼ ਦੀ ਮਾਤਰਾ ਆਮ ਤੌਰ ’ਤੇ ਵਧਣ ਲੱਗਦੀ ਹੈ। ਇਸ ਲਈ ਸਮੇਂ ਤੋਂ ਪਹਿਲਾਂ ਪਿੜਾਈ ਕਰਨ ਨਾਲ ਖੰਡ ਦੀ ਪ੍ਰਾਪਤੀ ਵੀ ਘੱਟ ਹੋ ਸਕਦੀ ਹੈ। ਕਿਸਾਨ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸੀਜ਼ਨ ’ਚ ਖੰਡ ਦੀ ਘੱਟ ਪ੍ਰਾਪਤੀ ਦਾ ਅਸਰ ਅਗਲੇ ਸਾਲ ਕਿਸਾਨਾਂ ਨੂੰ ਮਿਲਣ ਵਾਲੇ ਗੰਨੇ ਦੇ ਭੁਗਤਾਨ ’ਤੇ ਵੀ ਪੈ ਸਕਦਾ ਹੈ।