ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸਰਕਾਰ ਦਾ ਵੱਡਾ ਕਦਮ, ਸਪਲਾਈ ਰਹੇਗੀ ਬਰਕਰਾਰ; ਬਾਜ਼ਾਰ ’ਚ ਕੀਮਤਾਂ ਹੋਈਆਂ ਘੱਟ
ਰੱਖੜੀ ਤੋਂ ਪਹਿਲਾਂ ਹੀ ਮਿੱਲਾਂ ਵਿੱਚ ਖੰਡ ਦੀਆਂ ਕੀਮਤਾਂ ਵਿੱਚ 20% ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ, ਹੁਣ ਖ਼ੁਦਰਾ ਕੀਮਤਾਂ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ। ਬੀਤੇ ਸੋਮਵਾਰ ਨੂੰ ISMA ਨੇ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮਿੱਲਾਂ ਵਿੱਚ ਭਾਅ ਘਟਣ ਦੀ ਗੱਲ ਕਹੀ ਸੀ।
Publish Date: Sun, 30 Aug 2026 11:42 AM (IST)
Updated Date: Sun, 30 Aug 2026 11:46 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ। ਲਗਪਗ ਪਿਛਲੇ 15 ਦਿਨਾਂ ਤੋਂ ਲਗਾਤਾਰ ਦੇਸ਼ ਵਿੱਚ ਖੰਡ (ਚੀਨੀ) ਦੀਆਂ ਕੀਮਤਾਂ ਸੁਰਖੀਆਂ ਵਿੱਚ ਰਹੀਆਂ ਹਨ। ਜੂਨ ਤੋਂ ਬਾਅਦ ਖੰਡ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਉਛਾਲ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਖੰਡ ਦੀ ਸਪਲਾਈ ਨੂੰ ਲੈ ਕੇ ਵੀ ਕਈ ਅਟਕਲਾਂ ਲਗਾਈਆਂ ਜਾਂਦੀਆਂ ਰਹੀਆਂ ਹਨ।
ਹੁਣ ਰੱਖੜੀ ਤੋਂ ਬਾਅਦ ਸਵਾਲ ਇਹ ਹੈ ਕਿ ਖੰਡ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ ਜਾਂ ਨਹੀਂ। ਨਾਲ ਹੀ ਆਉਣ ਵਾਲੇ ਤਿਉਹਾਰਾਂ ਵਿੱਚ ਖੰਡ ਦੀ ਸਪਲਾਈ ਬਣੀ ਰਹੇਗੀ ਜਾਂ ਨਹੀਂ? ਇਨ੍ਹਾਂ ਸਵਾਲਾਂ ਦੇ ਨਾਲ ਸਰਕਾਰ ਵੱਲੋਂ ਖੰਡ ਮਿੱਲਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ ਹੈ। ਜਿਸ ਤੋਂ ਬਾਅਦ ਪੰਦਰਵਾੜੇਵਾਰ ਕੋਟਾ ਪ੍ਰਣਾਲੀ ਲਾਗੂ ਕੀਤੀ ਗਈ ਹੈ।
ਕਦੋਂ ਘੱਟ ਹੋਣਗੇ ਖੰਡ ਦੇ ਭਾਅ?
ਰੱਖੜੀ ਤੋਂ ਪਹਿਲਾਂ ਹੀ ਮਿੱਲਾਂ ਵਿੱਚ ਖੰਡ ਦੀਆਂ ਕੀਮਤਾਂ ਵਿੱਚ 20% ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ, ਹੁਣ ਖ਼ੁਦਰਾ ਕੀਮਤਾਂ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ। ਬੀਤੇ ਸੋਮਵਾਰ ਨੂੰ ISMA ਨੇ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮਿੱਲਾਂ ਵਿੱਚ ਭਾਅ ਘਟਣ ਦੀ ਗੱਲ ਕਹੀ ਸੀ।
ISMA ਦੇ ਡੀ.ਜੀ. ਦੀਪਕ ਬੱਲਾਨੀ ਨੇ ਅਨੁਮਾਨ ਲਗਾਇਆ ਸੀ ਕਿ ਖੰਡ ਦੀਆਂ ਪ੍ਰਚੂਨ ਕੀਮਤਾਂ ਵਿੱਚ ਵੀ ਕਮੀ ਆਉਣ ਲੱਗੇਗੀ। ਉਨ੍ਹਾਂ ਨੇ ਇਸ ਲਈ ਅਗਲੇ 1 ਹਫ਼ਤੇ ਦੀ ਗੱਲ ਕਹੀ ਸੀ। PIB ਦੇ ਮੁਤਾਬਕ ਖੰਡ ਦੀਆਂ ਪ੍ਰਚੂਨ ਕੀਮਤਾਂ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ ਹੈ। ਦੋ ਦਿਨ ਪਹਿਲਾਂ ਖੰਡ ਦੀਆਂ ਪ੍ਰਚੂਨ ਕੀਮਤਾਂ ਵਿੱਚ ਔਸਤਨ 73 ਪੈਸੇ ਦੀ ਕਮੀ ਆਈ ਸੀ ਜਿਸ ਤੋਂ ਬਾਅਦ ਭਾਅ ₹64.33 ਪ੍ਰਤੀ ਕਿਲੋਗ੍ਰਾਮ ਹੋ ਗਿਆ ਸੀ।
ਆਉਣ ਵਾਲੇ ਤਿਉਹਾਰਾਂ ਵਿੱਚ ਕਿਹੋ ਜਿਹੀ ਰਹੇਗੀ ਸਪਲਾਈ?
ਦੇਸ਼ ਭਰ ਦੀਆਂ ਖੰਡ ਮਿੱਲਾਂ ਵਿੱਚ ਖੰਡ ਦੇ ਭੰਡਾਰ ਦੀ ਫਿਜ਼ੀਕਲ ਵੈਰੀਫਿਕੇਸ਼ਨ ਲਈ ਚਲਾਏ ਗਏ ਮੁਹਿੰਮ ਨਾਲ ਲੋੜੀਂਦੀ ਉਪਲਬਧਤਾ ਦੀ ਸਥਿਤੀ ਦੀ ਫਿਰ ਤੋਂ ਪੁਸ਼ਟੀ ਹੋਈ ਹੈ। ਕਈ ਮਾਮਲਿਆਂ ਵਿੱਚ ਖੰਡ ਮਿੱਲਾਂ ਕੋਲ ਉਨ੍ਹਾਂ ਵੱਲੋਂ ਸਰਕਾਰ ਨੂੰ ਦਿਖਾਏ ਗਏ ਮਹੀਨੇ ਦੇ ਵੇਰਵੇ ਵਿੱਚ ਐਲਾਨੀ ਮਾਤਰਾ ਨਾਲੋਂ ਵੱਧ ਭੰਡਾਰ ਪਾਇਆ ਗਿਆ। ਇਸ ਵੈਰੀਫਿਕੇਸ਼ਨ ਮੁਹਿੰਮ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਦੇਸ਼ ਵਿੱਚ ਖੰਡ ਦੀ ਕੋਈ ਕਮੀ ਨਹੀਂ ਹੈ ਅਤੇ ਇਸ ਲਈ ਘਬਰਾ ਕੇ ਖ਼ਰੀਦਦਾਰੀ ਕਰਨ ਜਾਂ ਲੋੜ ਤੋਂ ਵੱਧ ਸਟੋਰ ਕਰਨ ਦਾ ਕੋਈ ਮਤਲਬ ਨਹੀਂ ਹੈ।
ਕੁਝ ਮਾਮਲਿਆਂ ਵਿੱਚ ਖੰਡ ਮਿੱਲਾਂ ਵੱਲੋਂ ਘੱਟ ਵਿਕਰੀ ਦੀ ਪ੍ਰਕਿਰਿਆ ਅਪਣਾਈ ਜਾ ਰਹੀ ਸੀ, ਉਨ੍ਹਾਂ ਨੂੰ ਮਾਸਿਕ ਕੋਟੇ ਤਹਿਤ ਜਿੰਨੀ ਮਾਤਰਾ ਵੇਚਣ ਲਈ ਅਲਾਟ ਕੀਤੀ ਗਈ ਸੀ, ਉਸ ਤੋਂ ਘੱਟ ਮਾਤਰਾ ਵਿੱਚ ਖੰਡ ਵੇਚੀ ਜਾ ਰਹੀ ਸੀ। ਲੋੜੀਂਦੀ ਫਿਜ਼ੀਕਲ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬਾਜ਼ਾਰ ਵਿੱਚ ਖੰਡ ਦੀ ਸਪਲਾਈ ਨੂੰ ਬੇਲੋੜਾ ਘੱਟ ਕਰਦੀਆਂ ਹਨ।
ਸਤੰਬਰ ਵਿੱਚ ਵਿਕਰੀ ਲਈ ਕੋਟਾ ਜਾਰੀ
ਸਰਕਾਰ ਨੇ ਇਹ ਵੀ ਦੇਖਿਆ ਹੈ ਕਿ ਕੁਝ ਮਾਮਲਿਆਂ ਵਿੱਚ ਮਹੀਨੇ ਦੀ ਸ਼ੁਰੂਆਤ ਵਿੱਚ ਮਿੱਲਾਂ ਵੱਲੋਂ ਵੇਚੀ ਗਈ ਖੰਡ ਦੀ ਸਪਲਾਈ ਜਾਂ ਚੁੱਕਾਈ ਖ਼ਰੀਦਦਾਰਾਂ ਵੱਲੋਂ ਮਹੀਨੇ ਦੇ ਅੰਤ ਵਿੱਚ ਕੀਤੀ ਜਾ ਰਹੀ ਸੀ। ਇਸ ਪ੍ਰਕਿਰਿਆ ਨਾਲ ਬਾਜ਼ਾਰ ਵਿੱਚ ਬਣਾਵਟੀ ਕਮੀ ਦੀ ਸਥਿਤੀ ਪੈਦਾ ਹੋ ਰਹੀ ਸੀ।
ਇਨ੍ਹਾਂ ਸਮੱਸਿਆਵਾਂ ਦੇ ਹੱਲ ਅਤੇ ਖੰਡ ਨੂੰ ਸਮੇਂ ਸਿਰ ਬਾਜ਼ਾਰ ਤੱਕ ਪਹੁੰਚਾਉਣ ਲਈ ਸਰਕਾਰ ਨੇ ਸਤੰਬਰ ਤੋਂ ਪੰਦਰਵਾੜੇਵਾਰ ਖੰਡ ਅਲਾਟਮੈਂਟ ਪ੍ਰਣਾਲੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। 15 ਦਿਨਾਂ ਦੇ ਕੋਟੇ ਤਹਿਤ ਮਿੱਲਾਂ ਨੂੰ ਅਲਾਟ ਕੀਤੀ ਗਈ ਮਾਤਰਾ ਵਿੱਚੋਂ ਘੱਟੋ-ਘੱਟ 40 ਪ੍ਰਤੀਸ਼ਤ ਖੰਡ ਪਹਿਲੇ ਹਫ਼ਤੇ ਵਿੱਚ ਅਤੇ ਬਾਕੀ ਮਾਤਰਾ ਅਗਲੇ ਹਫ਼ਤੇ ਵਿੱਚ ਵੇਚਣੀ ਹੋਵੇਗੀ। ਇਸ ਫ਼ੈਸਲੇ ਨਾਲ ਸਰਕਾਰ ਨੂੰ ਰੀਅਲ ਟਾਈਮ ਵਿੱਚ ਨਿਗਰਾਨੀ ਕਰਨ ਅਤੇ ਲੋੜ ਪੈਣ 'ਤੇ ਵਾਧੂ ਕੋਟਾ ਜਾਰੀ ਕਰਨ ਵਿੱਚ ਸਹਾਇਤਾ ਮਿਲੇਗੀ।