- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਸਰਕਾਰ ਵੱਲੋਂ ਸਟਾਕ ਸੀਮਾ ਘਟਾਉਣ, ਕੱਚੀ ਚੀਨੀ ਦੀ ਡਿਊਟੀ-ਫ੍ਰੀ ਦਰਾਮਦ ਦੀ ਇਜਾਜ਼ਤ ਦੇਣ ਤੇ ਵਿਕਰੀ ਕੋਟਾ ਪ੍ਰਣਾਲੀ ’ਚ ਬਦਲਾਅ ਵਰਗੇ ਕਦਮ ਚੁੱਕਣ ਦੇ ਬਾਵਜੂਦ ਘਰੇਲੂ ਬਾਜ਼ਾਰ ’ਚ ਚੀਨੀ ਦੀਆਂ ਕੀਮਤਾਂ ’ਚ ਤੇਜ਼ੀ ਜਾਰੀ ਹੈ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਚੀਨੀ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਪਰ ਇਸ ਦਾ ਘਰੇਲੂ ਬਾਜ਼ਾਰ ’ਚ ਕੋਈ ਖਾਸ ਅਸਰ ਦਿਖਾਈ ਨਹੀਂ ਦੇ ਰਿਹਾ। ਕੇਂਦਰ ਸਰਕਾਰ ਵੱਲੋਂ ਸਟਾਕ ਸੀਮਾ ਘਟਾਉਣ, ਕੱਚੀ ਚੀਨੀ ਦੀ ਡਿਊਟੀ-ਫ੍ਰੀ ਦਰਾਮਦ ਦੀ ਇਜਾਜ਼ਤ ਦੇਣ ਤੇ ਵਿਕਰੀ ਕੋਟਾ ਪ੍ਰਣਾਲੀ ’ਚ ਬਦਲਾਅ ਵਰਗੇ ਕਦਮ ਚੁੱਕਣ ਦੇ ਬਾਵਜੂਦ ਘਰੇਲੂ ਬਾਜ਼ਾਰ ’ਚ ਚੀਨੀ ਦੀਆਂ ਕੀਮਤਾਂ ’ਚ ਤੇਜ਼ੀ ਜਾਰੀ ਹੈ। ਬੁੱਧਵਾਰ ਨੂੰ ਮਿੱਲ ਪੱਧਰ (ਐਕਸ-ਮਿੱਲ) ਤੇ ਥੋਕ ਬਾਜ਼ਾਰ ’ਚ ਚੀਨੀ ਦੇ ਭਾਅ ਮਜ਼ਬੂਤ ਰਹੇ, ਜਦਕਿ ਕਈ ਮਿੱਲਾਂ ਨੇ ਕੀਮਤਾਂ ’ਚ ਹੋਰ ਵਾਧਾ ਕਰ ਦਿੱਤਾ।
ਯੂਪੀ ਦੀਆਂ ਮਿੱਲਾਂ ਨੇ ਭਾਅ ਘਟਾਉਣ ਤੋਂ ਕੀਤਾ ਇਨਕਾਰ
ਮੀਡੀਆ ਰਿਪੋਰਟਾਂ ਮੁਤਾਬਕ ਉਦਯੋਗ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਦੀਆਂ ਜ਼ਿਆਦਾਤਰ ਨਿੱਜੀ ਚੀਨੀ ਮਿੱਲਾਂ ਕੀਮਤਾਂ ਘਟਾਉਣ ਲਈ ਤਿਆਰ ਨਹੀਂ ਹਨ। ਇਸ ਦੇ ਚੱਲਦਿਆਂ ਮਹਾਰਾਸ਼ਟਰ ਤੇ ਗੁਜਰਾਤ ਦੀਆਂ ਕੁਝ ਮਿੱਲਾਂ ਨੇ ਵੀ ਭਾਅ ਵਧਾ ਦਿੱਤੇ ਹਨ ਤੇ ਦੋ ਹਫ਼ਤਿਆਂ ਬਾਅਦ ਪਹਿਲੀ ਵਾਰ ਚੀਨੀ ਦੀ ਕੀਮਤ ₹5,000 ਪ੍ਰਤੀ ਕੁਇੰਟਲ ਦੇ ਪੱਧਰ ਨੂੰ ਪਾਰ ਕਰ ਗਈ ਹੈ। ਹਫ਼ਤੇ ਦੀ ਸ਼ੁਰੂਆਤ ਤੋਂ ਹੁਣ ਤੱਕ ਚੀਨੀ ਦੀਆਂ ਕੀਮਤਾਂ ’ਚ 2 ਫੀਸਦੀ ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ। ਬੁੱਧਵਾਰ ਨੂੰ ਐਕਸ-ਮਿੱਲ ਚੀਨੀ ਦੀ ਕੀਮਤ ₹4,900 ਤੋਂ ₹5,100 ਪ੍ਰਤੀ ਕੁਇੰਟਲ ਦੇ ਵਿਚਕਾਰ ਰਹੀ। ਹਾਲਾਂਕਿ ਮਹਾਰਾਸ਼ਟਰ ਦੀਆਂ ਸਹਿਕਾਰੀ ਮਿੱਲਾਂ ਨੇ ਸਰਕਾਰ ਦੇ ਕਦਮਾਂ ਤੋਂ ਬਾਅਦ ਸ਼ੁਰੂਆਤੀ ਦੌਰ ’ਚ ਭਾਅ ਘਟਾਏ ਸਨ, ਪਰ ਹੁਣ ਉੱਥੇ ਦੀਆਂ ਮਿੱਲਾਂ ਨੇ ਵੀ ਕੀਮਤਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਤਿਉਹਾਰੀ ਮੰਗ ਤੇ ਘੱਟ ਸਟਾਕ ਕਾਰਨ ਵਧੀਆਂ ਕੀਮਤਾਂ
ਮੀਡੀਆ ਰਿਪੋਰਟ ਮੁਤਾਬਕ ਵਪਾਰੀਆਂ ਨੂੰ ਉਮੀਦ ਸੀ ਕਿ ਸਰਕਾਰ ਦੀ ਦਖਲਅੰਦਾਜ਼ੀ ਤੋਂ ਬਾਅਦ ਚੀਨੀ ਦੀਆਂ ਕੀਮਤਾਂ ਹੋਰ ਘਟਣਗੀਆਂ। ਇਸ ਲਈ ਉਨ੍ਹਾਂ ਨੇ ਵੱਡੇ ਪੱਧਰ 'ਤੇ ਖਰੀਦਦਾਰੀ ਨਹੀਂ ਕੀਤੀ। ਇਸ ਕਾਰਨ ਬਾਜ਼ਾਰ ’ਚ "ਹੈਂਡ-ਟੂ-ਮਾਊਥ" ਵਾਲੀ ਸਥਿਤੀ ਬਣ ਗਈ। ਇਸ ਦੇ ਨਾਲ ਹੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਗਣੇਸ਼ ਚਤੁਰਥੀ ਵਰਗੇ ਲਗਾਤਾਰ ਦੋ ਤਿਉਹਾਰਾਂ ਕਾਰਨ ਚੀਨੀ ਦੀ ਮੰਗ ’ਚ ਵਾਧਾ ਹੋਇਆ। ਵਪਾਰੀਆਂ ਕੋਲ ਸਟਾਕ ਘੱਟ ਹੋਣ ਤੇ ਤਿਉਹਾਰੀ ਮੰਗ ਵਧਣ ਦਾ ਫਾਇਦਾ ਚੁੱਕਦਿਆਂ ਮਿੱਲਾਂ ਨੇ ਇਸ ਹਫ਼ਤੇ ਕੀਮਤਾਂ ਵਧਾ ਦਿੱਤੀਆਂ। ਇਸ ਤੋਂ ਇਲਾਵਾ ਟਰੱਕਾਂ ਦੀ ਕਮੀ ਨੇ ਵੀ ਸਪਲਾਈ 'ਤੇ ਕਾਫ਼ੀ ਅਸਰ ਪਾਇਆ ਹੈ।
ਮਹਾਰਾਸ਼ਟਰ ਦੀਆਂ ਮਿੱਲਾਂ ਨੇ ਵੀ ਵਧਾਏ ਭਾਅ
ਆਮ ਤੌਰ 'ਤੇ ਮਹਾਰਾਸ਼ਟਰ ਦੀ ਚੀਨੀ ਉੱਤਰ ਪ੍ਰਦੇਸ਼ ਦੇ ਮੁਕਾਬਲੇ ਲਗਭਗ ₹200 ਪ੍ਰਤੀ ਕੁਇੰਟਲ ਸਸਤੀ ਹੁੰਦੀ ਹੈ, ਪਰ ਪਿਛਲੇ ਹਫ਼ਤੇ ਦੋਵਾਂ ਰਾਜਾਂ ਦੀਆਂ ਕੀਮਤਾਂ ’ਚ ₹600 ਤੋਂ ਵੱਧ ਦਾ ਅੰਤਰ ਸੀ। ਉੱਤਰ ਪ੍ਰਦੇਸ਼ ਦੀਆਂ ਮਿੱਲਾਂ ਵੱਲੋਂ ਕੀਮਤਾਂ ਉੱਚੀਆਂ ਰੱਖੇ ਜਾਣ ਤੋਂ ਬਾਅਦ ਮਹਾਰਾਸ਼ਟਰ ਦੀਆਂ ਮਿੱਲਾਂ ਨੇ ਵੀ ਆਪਣੇ ਆਫਰ ਰੇਟ ਵਧਾ ਦਿੱਤੇ। ਉਦਯੋਗ ਨਾਲ ਜੁੜੇ ਸੂਤਰਾਂ ਮੁਤਾਬਕ 8 ਸਤੰਬਰ ਨੂੰ ਮਹਾਰਾਸ਼ਟਰ ਦੀਆਂ ਮਿੱਲਾਂ ਨੇ ਪਹਿਲੇ ਹਫ਼ਤੇ ਦਾ ਵਿਕਰੀ ਕੋਟਾ ਪੂਰਾ ਕਰਨ ਤੋਂ ਬਾਅਦ ਕੀਮਤਾਂ ’ਚ ₹600-700 ਪ੍ਰਤੀ ਕੁਇੰਟਲ ਤੱਕ ਦਾ ਵਾਧਾ ਕਰ ਦਿੱਤਾ।
ਸਰਕਾਰ ਨੇ ਕੀਤੇ ਕਈ ਦਖਲ
ਖੁਦਰਾ ਬਾਜ਼ਾਰ ’ਚ ਚੀਨੀ ਦੀ ਕੀਮਤ ₹70 ਪ੍ਰਤੀ ਕਿਲੋ ਤੋਂ ਉੱਪਰ ਜਾਣ ਤੋਂ ਬਾਅਦ ਖੁਰਾਕ ਮੰਤਰਾਲੇ ਨੇ ਮਹੀਨਾਵਾਰ ਵਿਕਰੀ ਕੋਟਾ ਪ੍ਰਣਾਲੀ ’ਚ ਬਦਲਾਅ ਕਰਕੇ ਇਸ ਨੂੰ ਪੰਦਰਵਾੜੇ ਦੇ ਆਧਾਰ 'ਤੇ ਕਰ ਦਿੱਤਾ। ਨਵੇਂ ਨਿਯਮਾਂ ਤਹਿਤ ਮਿੱਲਾਂ ਨੂੰ ਦਿੱਤੇ ਗਏ ਕੋਟੇ ਦਾ 40 ਫੀਸਦੀ ਹਿੱਸਾ ਪਹਿਲੇ ਹਫ਼ਤੇ ਤੇ ਬਾਕੀ ਹਿੱਸਾ ਦੂਜੇ ਹਫ਼ਤੇ ’ਚ ਵੇਚਣਾ ਹੋਵੇਗਾ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ 20 ਅਗਸਤ ਨੂੰ 31 ਅਕਤੂਬਰ ਤੱਕ ਕੱਚੀ ਚੀਨੀ ਦੀ ਡਿਊਟੀ-ਫ੍ਰੀ ਦਰਾਮਦ ਦੀ ਇਜਾਜ਼ਤ ਦਿੱਤੀ ਸੀ। ਇਸ ਦੇ ਨਾਲ ਹੀ ਨਿਰਯਾਤ ਲਈ ਨਿਰਧਾਰਤ ਚੀਨੀ ਨੂੰ ਘਰੇਲੂ ਬਾਜ਼ਾਰ ’ਚ ਵੇਚਣ ਦੀ ਵੀ ਇਜਾਜ਼ਤ ਦਿੱਤੀ ਗਈ ਹੈ।