ਸ਼ੇਅਰ ਬਾਜ਼ਾਰ ’ਚ ਗਲਤ ਟਿਪਸ ਦੇਣ ਵਾਲੇ ‘ਫਿਨਫਲੂਐਂਸਰਜ਼’ ਦੀ ਹੁਣ ਖੈਰ ਨਹੀਂ, SEBI ਲੈ ਰਿਹਾ ਸਖ਼ਤ ਐਕਸ਼ਨ
SEBI ਬਿਨਾਂ ਲਾਇਸੈਂਸ ਦੇ ਸ਼ੇਅਰ ਬਾਜ਼ਾਰ ਨਾਲ ਜੁੜੀਆਂ ਗਲਤ ਟਿਪਸ ਦੇਣ ਵਾਲੇ ‘ਫਿਨਫਲੂਐਂਸਰਜ਼’ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਿਹਾ ਹੈ। ਨਿਯਾਮਕ ਹਰ ਮਹੀਨੇ ਹਜ਼ਾਰਾਂ ਗੁੰਮਰਾਹ ਕਰਨ ਵਾਲੀਆਂ ਪੋਸਟਾਂ ਹਟਾ ਰਿਹਾ ਹੈ ਤੇ ਨਿਵੇਸ਼ਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ‘ਪ੍ਰੋਜੈਕਟ ਜਾਗਰੂਕ’ ਲਾਂਚ ਕੀਤਾ ਗਿਆ ਹੈ।
Publish Date: Tue, 06 Oct 2026 01:44 PM (IST)
Updated Date: Tue, 06 Oct 2026 01:46 PM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ। ਕੀ ਤੁਸੀਂ ਵੀ YouTube, Instagram ਜਾਂ Telegram 'ਤੇ ਸ਼ੇਅਰ ਬਾਜ਼ਾਰ ਨਾਲ ਜੁੜੀਆਂ ਟਿਪਸ ਦੇਖ ਕੇ ਪੈਸਾ ਨਿਵੇਸ਼ ਕਰਦੇ ਹੋ? ਜੇ ਹਾਂ, ਤਾਂ ਹੁਣ ਸਾਵਧਾਨ ਹੋ ਜਾਓ! ਮਾਰਕੀਟ ਰੈਗੂਲੇਟਰ SEBI ਹੁਣ ਉਨ੍ਹਾਂ ਲੋਕਾਂ 'ਤੇ ਪੈਨੀ ਨਜ਼ਰ ਰੱਖ ਰਿਹਾ ਹੈ, ਜਿਨ੍ਹਾਂ ਨੂੰ ‘ਫਿਨਫਲੂਐਂਸਰਜ਼’ (Financial Influencers) ਕਿਹਾ ਜਾਂਦਾ ਹੈ ਤੇ ਜੋ ਬਿਨਾਂ ਕਿਸੇ ਲਾਇਸੈਂਸ ਦੇ ਗਲਤ ਸਲਾਹ ਦੇ ਕੇ ਆਮ ਨਿਵੇਸ਼ਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।
SEBI ਦੇ ਚੇਅਰਮੈਨ ਤੁਹਿਨ ਕਾਂਤਾ ਪਾਂਡੇਯ ਨੇ ਦੱਸਿਆ ਕਿ ਰੈਗੂਲੇਟਰ ਹਰ ਮਹੀਨੇ ਸੋਸ਼ਲ ਮੀਡੀਆ ਤੋਂ ਲਗਭਗ 6,000 ਤੋਂ 7,000 ਅਜਿਹੀਆਂ ਗੁੰਮਰਾਹ ਕਰਨ ਵਾਲੀਆਂ ਪੋਸਟਾਂ ਹਟਾ ਰਿਹਾ ਹੈ।
‘ਪੰਪ ਐਂਡ ਡੰਪ’ 'ਤੇ ਕੱਸਿਆ ਜਾ ਰਿਹਾ ਸ਼ਿਕੰਜਾ SEBI ਚੇਅਰਮੈਨ ਕਾਂਤਾ ਪਾਂਡੇਯ ਨੇ ਇੱਕ ਪ੍ਰੋਗਰਾਮ ’ਚ ਕਈ ਮਹੱਤਵਪੂਰਨ ਮੁੱਦਿਆਂ 'ਤੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਖਾਸ ਪ੍ਰੋਗਰਾਮ ‘ਪ੍ਰੋਜੈਕਟ ਜਾਗਰੂਕ’ (Project Jagrook) ਨੂੰ ਲਾਂਚ ਕੀਤਾ।
ਪਾਂਡੇਯ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮਕਸਦ ਨਿਵੇਸ਼ਕਾਂ ਨੂੰ ਜਾਗਰੂਕ ਕਰਨਾ ਹੈ, ਤਾਂ ਜੋ ਉਹ ਧੋਖਾਧੜੀ ਤੋਂ ਬਚ ਸਕਣ। ਉਨ੍ਹਾਂ ਨੇ ਦੱਸਿਆ ਕਿ ਕਈ ਇੰਫਲੂਐਂਸਰਜ਼ ਪ੍ਰਮੋਟਰਾਂ ਨਾਲ ਮਿਲ ਕੇ ‘ਪੰਪ ਐਂਡ ਡੰਪ’ (Pump & Dump—ਕਿਸੇ ਸ਼ੇਅਰ ਦੀ ਕੀਮਤ ਜਾਣਬੁੱਝ ਕੇ ਵਧਾਉਣਾ ਤੇ ਫਿਰ ਉਸਨੂੰ ਵੇਚ ਕੇ ਨਿਕਲ ਜਾਣਾ) ਵਰਗੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। SEBI ਲਗਾਤਾਰ ਅਜਿਹੇ ਲੋਕਾਂ 'ਤੇ ਸਖ਼ਤ ਨਜ਼ਰ ਰੱਖ ਰਿਹਾ ਹੈ।
ਬਿਨਾਂ ਲਾਇਸੈਂਸ ਸਲਾਹ ਦੇਣਾ ਖਤਰਨਾਕ SEBI ਚੀਫ਼ ਨੇ ਸਪੱਸ਼ਟ ਕਿਹਾ ਕਿ ਅਸਲ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਇਹ ਫਿਨਫਲੂਐਂਸਰਜ਼ ਆਪਣੀਆਂ ਹੱਦਾਂ ਪਾਰ
ਕਰ ਜਾਂਦੇ ਹਨ। ਜੇਕਰ ਕੋਈ ਵਿਅਕਤੀ ਬਿਨਾਂ ਲਾਇਸੈਂਸ ਜਾਂ ਰੈਗੂਲੇਟਰੀ ਰਜਿਸਟ੍ਰੇਸ਼ਨ ਦੇ ਕਿਸੇ ਖਾਸ ਸ਼ੇਅਰ ਨੂੰ ਖਰੀਦਣ ਜਾਂ ਨਿਵੇਸ਼ ਦੀ ਕੋਈ ਖਾਸ ਰਣਨੀਤੀ ਅਪਣਾਉਣ ਦੀ ਪੱਕੀ ਸਲਾਹ ਦਿੰਦਾ ਹੈ, ਤਾਂ ਇਹ ਬਹੁਤ ਗੈਰ-ਜ਼ਿੰਮੇਵਾਰਾਨਾ ਰਵੱਈਆ ਹੈ। ਇਸ ਨਾਲ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
SEBI ਚੀਫ਼ ਨੇ ਕਿਹਾ ਕਿ ਇਹ ਗਲਤ ਹੈ ਤੇ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਰੈਗੂਲੇਟਰ ਕੋਲ ਹੈ।
ਕਿਨ੍ਹਾਂ 'ਤੇ ਹੋ ਰਹੀ ਹੈ ਕਾਰਵਾਈ? - ਪਾਂਡੇਯ ਮੁਤਾਬਕ, ਮੁੱਖ ਤੌਰ 'ਤੇ ਤਿੰਨ ਤਰ੍ਹਾਂ ਦੇ ਫਿਨਫਲੂਐਂਸਰਜ਼ ਹੁੰਦੇ ਹਨ:
- ਜੋ SEBI ਨਾਲ ਰਜਿਸਟਰਡ ਹਨ ਤੇ ਨਿਯਮਾਂ ਦੇ ਦਾਇਰੇ ’ਚ ਕੰਮ ਕਰਦੇ ਹਨ।
- ਜੋ ਰਜਿਸਟਰਡ ਨਹੀਂ ਹਨ, ਪਰ ਸਿਰਫ਼ ਆਪਣੀ ਰਾਏ ਜਾਂ ਜਾਣਕਾਰੀ ਸਾਂਝੀ ਕਰਦੇ ਹਨ।
- ਉਹ ਲੋਕ ਜੋ ਨਿਯਮਾਂ ਦੀ ਉਲੰਘਣਾ ਕਰਦੇ ਹਨ ਤੇ ਬਿਨਾਂ ਲਾਇਸੈਂਸ ਦੇ ਪੱਕੀਆਂ ਟਿਪਸ ਦਿੰਦੇ ਹਨ।
ਅਜਿਹੇ ’ਚ ਤੀਜੀ ਸ਼੍ਰੇਣੀ ਦੇ ਲੋਕਾਂ ਖ਼ਿਲਾਫ਼ SEBI ਕਾਰਵਾਈ ਕਰ ਰਿਹਾ ਹੈ। ਕਾਰਵਾਈ ਤਹਿਤ ਸਿਰਫ਼ ਉਨ੍ਹਾਂ ਦਾ ਕੰਟੈਂਟ ਡਿਲੀਟ ਨਹੀਂ ਕੀਤਾ ਜਾ ਰਿਹਾ, ਸਗੋਂ ਸਬੂਤਾਂ ਦੇ ਆਧਾਰ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਮਾਇਆ ਗਿਆ ਮੁਨਾਫ਼ਾ ਵੀ ਜ਼ਬਤ ਕੀਤਾ ਜਾ ਰਿਹਾ ਹੈ। ਕਈ ਮਾਮਲਿਆਂ ’ਚ SEBI ਅਜਿਹੇ ਲੋਕਾਂ ਨੂੰ ਸ਼ੇਅਰ ਬਾਜ਼ਾਰ ਤੋਂ ਬੈਨ ਵੀ ਕਰ ਰਿਹਾ ਹੈ।
ਨਵੇਂ ਤੇ ਨੌਜਵਾਨ ਨਿਵੇਸ਼ਕਾਂ ਨੂੰ ਗੁਰਮੰਤਰ ਦਿੰਦੇ ਹੋਏ SEBI ਚੇਅਰਮੈਨ ਨੇ ਕਿਹਾ ਕਿ ਜੇਕਰ ਤੁਸੀਂ ਨਿਵੇਸ਼ ਨਾਲ ਜੁੜੇ ਕਾਂਸੈਪਟ ਨੂੰ ਸਮਝ ਲੈਂਦੇ ਹੋ ਤਾਂ ਨਿਵੇਸ਼ ਕਰਨਾ ਕਾਫ਼ੀ ਆਸਾਨ ਹੋ ਸਕਦਾ ਹੈ।
ਪਰ ਬਿਨਾਂ ਕੁਝ ਸਮਝੇ-ਬੂਝੇ ਕਿਸੇ ਵੀ ਸ਼ੇਅਰ ’ਚ ਅੱਖਾਂ ਬੰਦ ਕਰਕੇ ਪੈਸਾ ਲਗਾਉਣਾ ਬਿਲਕੁਲ ਗਲਤ ਤਰੀਕਾ ਹੈ। ਉਨ੍ਹਾਂ ਦਾ ਸੰਦੇਸ਼ ਸਪੱਸ਼ਟ ਹੈ—ਪਹਿਲਾਂ ਸਿੱਖੋ, ਫਿਰ ਨਿਵੇਸ਼ ਕਰੋ।